ਅੱਜ ਪਾਸ਼ ਦਾ 70-ਵਾਂ ਜਨਮ ਦਿਨ ਹੈ। ਉਸਨੂੰ ਚੇਤੇ ਕਰਦਿਆਂ ਉਨ੍ਹਾਂ ਦੇ ਪਾਠਕਾਂ ਨੇ ਉਸਦੀਆਂ ਕਵਿਤਾਵਾਂ ਤੇ ਹੋਰ ਰਚਨਾਵਾਂ ਦੀਆਂ ਵੰਨਗੀਆਂ ਆਦਿ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਹਨ ਤੇ ਉਸ ਨੂੰ ਹੁਭ ਕੇ ਯਾਦ ਕੀਤਾ ਜਾ ਰਿਹੈ।
ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਪਦਮ ਡਾ. ਸੁਰਜੀਤ ਪਾਤਰ ਤੇ ਸਕੱਤਰ ਜਨਰਲ ਡਾ ਲਖਵਿੰਦਰ ਜੌਹਲ ਨੇ ਆਖਿਆ ਹੈ ਕਿ ਪਾਸ਼ ਸਾਥੋਂ ਕਦੀ ਜੁਦਾ ਨਹੀਂ ਹੋਇਆ ਸਗੋਂ ਹਮੇਸ਼ਾ ਸਾਡੇ ਆਪ ਪਾਸ ਹੀ ਹੈ। ਡਾ ਪਾਤਰ ਨੇ ਆਖਿਆ ਹੈ ਕਿ ਪਾਸ਼ ਮੋਹਵੰਤਾ ਮਨੁੱਖ ਤੇ ਲੋਕ ਹਿਤੂ ਸ਼ਾਇਰ ਸੀ। ਪਾਸ਼ ਬਾਰੇ ਸਭ ਤੋਂ ਵਧ ਲਿਖਣ ਵਾਲੇ ਆਲੋਚਕ ਡਾ ਤੇਜਵੰਤ ਸਿੰਘ ਗਿੱਲ ਨੇ ਪਾਸ਼ ਦੀ ਰਚਨਾ- "ਮੇਰੇ ਫਿਕਰ ਦੀ ਬਾਂਹ ਫੜੀ ਰੱਖਣਾ"- ਨਾਲ ਉਸਨੂੰ ਯਾਦ ਕਰਦਿਆਂ ਵਿਸ਼ੇਸ਼ ਨਿਬੰਧ ਪਾਠਕਾਂ ਨੂੰ ਦਿੱਤਾ ਹੈ। ਉਸਨੂੰ ਹਮੇਸ਼ਾ ਯਾਦ ਰਖਣ ਵਾਲੇ ਉਸਦੇ ਸਮਕਾਲੀ ਅਮਰਜੀਤ ਚੰਦਨ ਨੇ ਵੀ ਪਾਸ਼ ਦੀ ਕਵਿਤਾ ਦੀਆਂ ਪਰਤਾਂ ਫੋਲੀਆਂ ਹਨ।
'ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ' ਉਸਦੀ ਨਜਮ ਹਮੇਸ਼ਾ ਜੀਂਦੀ ਜਾਗਦੀ ਹੈ। ' ਸ਼ਬਦ ਗਿਰਵੀ ਨਹੀਂ, ਸਮਾਂ ਗੱਲ ਆਪ ਕਰਦਾ ਹੈ,ਪਲ ਗੁੰਗੇ ਨਹੀਂ।' ਉਹਦੀ ਨਜਮ ਹਲੂੰਣਦੀ ਹੈ।
ਅਵਤਾਰ ਸਿੰਘ ਸੰਧੂ ਉਰਫ ਪਾਸ਼ 9 ਸਤੰਬਰ 1950 ਨੂੰ ਪੈਦਾ ਹੋਇਆ ਤੇ ਅੱਤਵਾਦੀਆਂ ਨੇ 23 ਮਾਰਚ 1988 ਨੂੰ ਸ਼ਹੀਦ ਕਰ ਦਿੱਤਾ। ਜੁਝਾਰੂ ਦੀ ਹਸਤੀ ਕਦੇ ਨਾ ਮੋਈ। ਉਹਦੇ ਯਾਰ ਪਿਆਰੇ ਸ਼ਮਸ਼ੇਰ ਸਿੰਘ ਸੰਧੂ ਨੇ ਉਹਦੇ ਖਤ ਸਾਂਭ ਕੇ ਛਪਵਾਏ। ਉਹਦੀਆਂ ਯਾਦਾਂ ਦੀ ਖੁਸ਼ਬੂ 'ਇਕ ਪਾਸ਼ ਇਹ ਵੀ' ਕਿਤਾਬ ਰਾਹੀਂ ਖਿੰਡਾਈ। ਪਾਸ਼ ਅਜ ਵੀ ਪੜਿਆ ਪੜਾਇਆ ਜਾਂਦੈ। ਅਣਗਿਣਤ ਵਿਦਿਆਰਥੀਆਂ ਨੇ ਉਹਦੀ ਕਾਵ ਕਲਾ ਬਾਰੇ ਖੋਜਾਂ ਕੀਤੀਆਂ ਤੇ ਕਰੀ ਜਾ ਰਹੇ ਹਨ। ਉਸਨੂੰ ਗਾਇਆ ਵੀ ਗਿਆ।
1970 ਵਿਚ ' ਲੋਹ ਕਥਾ' ਕਾਵਿ ਸੰਗ੍ਰਹਿ ਨਾਲ ਉਹ ਪਾਠਕਾਂ ਦੇ ਘਰ ਘਰ ਪੁੱਜਾ। ਉਹਦੀ ਕਵਿਤਾ ਝੰਜੋੜਾ ਦੇਂਦੀ-" ਮੈਂ ਪੂਰੇ ਜੋਰ ਨਾਲ ਸ਼ਬਦਾਂ ਨੂੰ ਸੁੱਟਣਾ ਚਾਹੁੰਦਾ ਹਾਂ ਆਦਮੀ ਵੱਲ।"
ਸੰਘਰਸ਼ ਭਰਿਆ ਜੀਵਨ ਸੀ। ਝੂਠੇ ਕੇਸ ਵਿਚ ਦੋ ਸਾਲ ਜੇਲ ਵੀ ਕੱਟੀ। ਪੁਲਿਸਾਂ ਦੇ ਛਾਪੇ ਪਿੱਛਾ ਕਰਦੇ ਰਹੇ। 'ਸਿਆੜਨਾਮੀਂ' ਪਰਚਾ ਵੀ ਕਢਿਆ। ਪਿੰਡ ਦੀ ਮਿੱਟੀ ਦਾ ਮੋਹ ਸਤਾਉਂਦਾ ਰਿਹਾ। ਪਿੰਡ ਦੀ ਮਿੱਟੀ ਵਿਚ ਹੀ ਸਮੋਇਆ।
ਅਜ ਪੰਜਾਬ ਕਲਾ ਪਰਿਸ਼ਦ ਪਾਸ਼ ਦੇ ਪਰਿਵਾਰ ਨੂੰ ਆਦਰ ਤੇ ਮਾਣ ਭੇਜਦੀ ਉਹਦੀ ਕਾਵਿ ਕਲਾ ਨੂੰ ਸਿਜਦਾ ਕਰਦੀ ਹੈ।
20-09-2020
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
+91 94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.