ਜਥੇਦਾਰ ਮੋਹਨ ਸਿੰਘ ਨਾਗੋਕੇ ਗੁਰਮੁਖ ਸਿੱਖ, ਦੇਸ਼ ਭਗਤ, ਦੂਰ ਅੰਦੇਸ਼ੀ ਅਕਾਲੀ ਲਹਿਰ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਪ੍ਰਧਾਨ, ਐਮ.ਐਲ.ਏ. ਵਜੋਂ ਆਪਣੀਆਂ ਨਿੱਗਰ ਸੇਵਾਵਾਂ ਦੇਣ ਵਾਲੇ ਸੂਝਵਾਨ ਰਾਜਨੀਤਕ ਵਜੋਂ ਜਾਣੇ ਜਾਂਦੇ ਹਨ। ਜਥੇਦਾਰ ਮੋਹਨ ਸਿੰਘ ਨਾਗੋਕੇ ਦਾ ਜਨਮ ਸੰਨ 1898 'ਚ ਨਗਰ ਨਾਗੋਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਇੱਕ ਚੰਗੇ ਜ਼ਿੰਮੀਦਾਰ ਪਰਿਵਾਰ ਵਿੱਚ ਸ੍ਰ. ਟਹਿਲ ਸਿੰਘ ਤੇ ਮਾਤਾ ਗੰਗਾ ਦੇਵੀ ਦੇ ਘਰ ਹੋਇਆ। ਆਪ ਦੇ ਪਿਤਾ ਆਪਣੇ ਨਗਰ ਤੇ ਇਲਾਕੇ ਵਿਚ ਚੰਗੇ ਮਾਣ ਸਤਿਕਾਰ ਰੱਖਣ ਵਾਲੇ ਸਨ। ਜਥੇਦਾਰ ਨਾਗੋਕੇ ਦੀ ਪ੍ਰਾਇਮਰੀ ਤੱਕ ਮੁੱਢਲੀ ਵਿੱਦਿਆ ਖਡੂਰ ਸਾਹਿਬ ਦੇ ਸਕੂਲ ਵਿਚ ਪ੍ਰਾਪਤ ਕੀਤੀ। ਉਸ ਵਕਤ ਇਲਾਕੇ ਵਿਚ ਕੋਈ ਹਾਈ ਸਕੂਲ ਨਹੀਂ ਸੀ। ਇਸ ਲਈ ਪਿਤਾ ਨੇ ਆਪ ਨੂੰ ਗੁਰੂ ਤੇਗ ਬਹਾਦਰ ਹਾਈ ਸਕੂਲ ਬਾਬੇ ਬਕਾਲੇ ਵਿਚ ਪੜ੍ਹਨ ਲਈ ਭੇਜਿਆ। ਉੱਥੇ ਆਪ ਨੇ 1915 ਵਿਚ ਅੱਠਵੀਂ ਜਮਾਤ ਪਾਸ ਕੀਤੀ ਅਤੇ ਉਸਤੋਂ ਬਾਅਦ 1918 ਵਿਚ ਕਾਲਜੀਏਟ ਹਾਈ ਸਕੂਲ ਅੰਮ੍ਰਿਤਸਰ ਤੋਂ ਦਸਵੀਂ ਜਮਾਤ ਪਾਸ ਕੀਤੀ। ਆਪ ਸ੍ਰ. ਪ੍ਰਤਾਪ ਸਿੰਘ ਕੈਰੋਂ ਦੇ ਸਹਿਪਾਠੀ ਸਨ। ਦਸਵੀਂ ਪਾਸ ਕਰਨ ਦੇ ਬਾਅਦ ਜੂਨ 1918 ਵਿਚ ਆਪ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫ਼ਤਰ ਕਲਰਕ ਲੱਗ ਗਏ। ਆਪ ਦੇ ਸਰਕਾਰੀ ਨੌਕਰੀ ਲੱਗਣ ਦੇ ਕੁਝ ਦਿਨ ਬਾਅਦ ਜਲਿਆਂ ਵਾਲੇ ਬਾਗ ਦਾ ਸਾਕਾ ਹੋਇਆ। ਦੇਸ਼ ਵਿਚ ਆਜ਼ਾਦੀ ਦੀ ਲਹਿਰ ਤੇ ਪੰਜਾਬ ਵਿਚ ਗੁਰਦੁਆਰਾ ਸੁਧਾਰ ਲਹਿਰ ਚੱਲ ਪਈ। ਜਥੇਦਾਰ ਊਧਮ ਸਿੰਘ ਨਾਗੋਕੇ ਉਸ ਲਹਿਰ ਦੇ ਪ੍ਰਭਾਵਸ਼ਾਲੀ ਪ੍ਰਚਾਰਕ ਸਨ। ਉਨ੍ਹਾਂ ਨੇ ਖਡੂਰ ਸਾਹਿਬ ਤੇ ਪਿੰਡ ਨਾਗੋਕੇ ਵਿਚ ਦੀਵਾਨ ਕੀਤੇ।
ਜਥੇਦਾਰ ਊਧਮ ਸਿੰਘ ਨਾਗੋਕੇ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਸਰਕਾਰੀ ਨੌਕਰੀ ਵਿਚ ਹੁੰਦਿਆਂ ਹੀ ਮੋਹਨ ਸਿੰਘ ਨਾਗੋਕੇ ਅਕਾਲੀ ਗਰੁੱਪ ਨਾਲ ਜਾ ਮਿਲੇ। ਆਪ ਨੇ ਕਿਰਪਾਨ ਤੇ ਕਾਲੀ ਦਸਤਾਰ ਧਾਰਨ ਕਰ ਲਈ। ਨਾਗੋਕੇ ਦਿਲੋਂ ਅਕਾਲੀ ਲਹਿਰ ਨਾਲ ਪ੍ਰੇਮ ਰੱਖਦੇ ਸਨ। ਇਸ ਲਈ 1924 ਵਿਚ ਸਰਕਾਰੀ ਨੌਕਰੀ ਛੱਡ ਕੇ ਜੈਤੋਂ ਦੇ ਪਹਿਲੇ ਸ਼ਹੀਦੀ ਜਥੇ ਵਿੱਚ ਸ਼ਾਮਲ ਹੋ ਗਏ।
9 ਫਰਵਰੀ 1921 ਨੂੰ ਪਹਿਲਾ ਸ਼ਹੀਦੀ ਜਥਾ ਅੰਮ੍ਰਿਤਸਰੋਂ ਚੱਲਿਆ। 21 ਫਰਵਰੀ 1924 ਨੂੰ ਜੈਤੋ ਪੁੱਜਾ। ਜਦ ਇਹ ਜੱਥਾ ਗੁਰਦੁਆਰਾ ਟਿਬੀ ਸਾਹਿਬ ਦੇ ਦਰਸ਼ਨ ਕਰਨ ਲਈ ਅੱਗੇ ਵਧਿਆ, ਨਾਭੇ ਦੇ ਅੰਗਰੇਜ਼ ਹਾਕਮਾਂ ਜਾਨਸਨ ਤੇ ਉਗਲਵੀ ਦੇ ਹੁਕਮ ਨਾਲ ਜਥੇ ਉਪਰ ਮਸ਼ੀਨ ਗੰਨਾਂ ਰਾਹੀਂ ਗੋਲੀਆਂ ਦੀ ਵਾਛੜ ਕੀਤੀ ਗਈ। ਜਥੇ ਦੇ ਕਈ ਸਿੰਘ ਸ਼ਹੀਦ ਹੋ ਗਏ। ਮਸ਼ੀਨ ਗੰਨ ਦੀ ਇਕ ਗੋਲੀ ਆਪ ਦੇ ਸੱਜੇ ਪੱਟ ਵਿਚ ਲਗੀ। ਆਪ ਦੇ ਨਾਲ ਜ਼ਿਲ੍ਹਾ ਲੁਧਿਆਣਾ ਦਾ ਇਕ ਸਿੰਘ ਸੀ। ਉਸ ਦੇ ਪੇਟ ਵਿੱਚ ਗੋਲੀ ਵਜੀ। ਉਹ ਉੱਥੇ ਡਿੱਗ ਪਿਆ ਤੇ ਸ਼ਹੀਦ ਹੋ ਗਿਆ।
ਜਥੇਦਾਰ ਮੋਹਨ ਸਿੰਘ ਗੋਲੀ ਲੱਗਣ ਨਾਲ ਜ਼ਖਮੀ ਹੋ ਕੇ ਡਿੱਗ ਪਏ। ਪੱਟ ਵਿਚ ਗੋਲੀ ਲੱਗਣ ਕਰਕੇ ਤੁਰਨਾ ਮੁਸ਼ਕਿਲ ਸੀ। ਇਸ ਲਈ ਆਪ ਦੇ ਸਾਥੀ ਬਾਬਾ ਧਰਮ ਸਿੰਘ ਨਾਗੋਕੇ, ਭਾਈ ਨਰਾਇਣ ਸਿੰਘ ਬਾਣੀਆਂ ਅਤੇ ਜ: ਹਰਨਾਮ ਸਿੰਘ ਫੇਰੂਮਾਨ ਨੇ ਜ਼ਖਮੀ ਹੋਣ ਦੀ ਹਾਲਤ ਵਿਚ ਆਪ ਨੂੰ ਚੁੱਕ ਲਿਆ ਤੇ ਅੰਮ੍ਰਿਤਸਰ ਲਿਆਂਦਾ। ਇੱਥੇ ਡਾਕਟਰ ਸੋਹਣ ਸਿੰਘ ਨੇ ਅਪ੍ਰੇਸ਼ਨ ਕਰਕੇ ਆਪ ਦੇ ਪੱਟ ਵਿਚੋਂ ਗੋਲੀ ਕੱਢ ਦਿੱਤੀ।
ਕੁਝ ਦਿਨਾਂ ਬਾਅਦ ਠੀਕ ਹੋਣ ਉਪਰੰਤ ਬਾਬਾ ਧਰਮ ਸਿੰਘ, ਹਰਨਾਮ ਸਿੰਘ ਫੇਰੂਮਾਨ ਨਾਲ ਆਪ ਫਿਰ ਜੈਤੋ ਗਏ। 18 ਅਪ੍ਰੈਲ 1924 ਨੂੰ ਚੌਥੇ ਸ਼ਹੀਦੀ ਜਥੇ ਦੀ ਗ੍ਰਿਫਤਾਰੀ ਸਮੇਂ ਆਪ ਗ੍ਰਿਫਤਾਰ ਹੋ ਗਏ ਅਤੇ ਬਾਵਲ ਕਾਂਟੀ ਵਿੱਚ ਰੱਖੇ ਗਏ ਅਤੇ ਲਗਪਗ ਸਵਾ ਸਾਲ ਆਪ ਜੇਲ੍ਹ ਵਿਚ ਰਹੇ ਅਤੇ 27 ਜੁਲਾਈ 1925 ਨੂੰ ਰਿਹਾਅ ਕੀਤੇ ਗਏ।
ਪਹਿਲੇ ਸ਼ਹੀਦੀ ਜਥੇ ਨਾਲ ਗੋਲੀ ਖਾ ਕੇ ਤੇ ਸਵਾ ਸਾਲ ਜੇਲ੍ਹ ਵਿਚ ਰਹਿਕੇ ਜਥੇਦਾਰ ਮੋਹਨ ਸਿੰਘ ਨੇ ਜੋ ਸੇਵਾ ਤੇ ਕੁਰਬਾਨੀ ਕੀਤੀ, ਉਸਦੇ ਕਾਰਨ 1926 ਵਿਚ ਆਪ ਨੂੰ ਸ਼੍ਰੋਮਣੀ ਕਮੇਟੀ ਵਿਚ ਨੌਕਰੀ ਦੇ ਦਿੱਤੀ ਗਈ। ਪਹਿਲਾ ਆਪ ਕਲਰਕ ਭਰਤੀ ਹੋਏ ਫਿਰ ਆਪਣੀ ਯੋਗਤਾ, ਸਿਆਣਪ ਤੇ ਚੰਗੇ ਕੰਮ ਕਰਕੇ ਸੁਪਰੀਡੈਂਟ ਬਣਾਏ ਗਏ।
12 ਮਾਰਚ 1930 ਨੂੰ ਮਹਾਤਮਾ ਗਾਂਧੀ ਤੇ ਕਾਂਗਰਸ ਨੇ ਦੂਜੀ ਵੇਰ ਸਿਵਲ ਨਾ ਫੁਰਮਾਨੀ ਤੇ ਵਿਦੇਸ਼ੀ ਚੀਜ਼ਾਂ ਦਾ ਬਾਈਕਾਟ ਕੀਤਾ। ਉਸ ਵਿਚ ਅਕਾਲੀ ਵੀ ਸ਼ਾਮਲ ਸਨ। ਜਥੇਦਾਰ ਮੋਹਨ ਸਿੰਘ ਨੇ ਸ਼੍ਰੋਮਣੀ ਕਮੇਟੀ ਦੀ ਨੌਕਰੀ ਛੱਡ ਕੇ ਕਾਂਗਰਸ ਸਤਿਆਗ੍ਰਹ ਵਿਚ ਸ਼ਾਮਲ ਹੋਏ। ਆਪ ਮੁਸਲਿਮ ਕਲਾਥ ਹਾਊਸ ਲਾਹੌਰ ਤੇ ਵਿਦੇਸ਼ੀ ਵਿਰੁੱਧ ਪਿਕਟਿੰਗ ਕਰਦੇ ਹੋਏ ਗ੍ਰਿਫਤਾਰ ਕੀਤੇ ਗਏ। ਤਿੰਨ ਮਹੀਨੇ ਕੈਦ ਦੀ ਸਜ਼ਾ ਹੋਈ। ਇਹ ਕੈਦ ਆਪ ਨੇ ਅਟਕ ਅਤੇ ਬੋਰਸਟਲ ਜੇਲ੍ਹ ਲਾਹੌਰ ਵਿਚ ਕੱਟੀ।
ਆਪ ਦੀਆਂ ਕੌਮ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ 1931 ਵਿਚ ਆਪ ਨੂੰ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮੀਤ ਜਥੇਦਾਰ ਲਾਇਆ। 1935 ਵਿਚ ਆਪ ਨੂੰ ਜਨਰਲ ਕਮੇਟੀ ਨੇ ਸਰਬ ਸੰਮਤੀ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਚੁਣ ਦਿੱਤਾ। 17 ਸਾਲ ਆਪ ਨੇ ਇਸ ਪਦਵੀ 'ਤੇ ਸ਼ਾਨਦਾਰ ਸੇਵਾ ਕੀਤੀ।
ਸੰਨ 1931 ਵਿਚ ਆਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਤ ਜਥੇਦਾਰ ਦੀ ਸੇਵਾ ਨਿਭਾਉਂਦਆਂ, ਪੁਨਛ ਤੇ ਕਸ਼ਮੀਰ ਦੇ ਇਲਾਕੇ ਵਿਚ ਫਿਰਕੂ ਮੁਸਲਮਾਨਾਂ ਨੇ ਸੰਤ ਸੁੰਦਰ ਸਿੰਘ ਅਲੀਬੇਗ ਦਾ ਗੁਰਦੁਆਰਾ ਸਾੜਿਆ। ਮੀਰ ਪੁਰ ਦੇ ਇਲਾਕੇ ਵਿਚ ਕਈ ਪਿੰਡਾਂ ਦੇ ਹਿੰਦੂ ਸਿੱਖਾਂ ਨੂੰ ਲੁਟਿਆ ਮਾਰਿਆ ਗਿਆ। ਉਸ ਵਕਤ ਸ਼੍ਰੋਮਣੀ ਕਮੇਟੀ ਵੱਲੋਂ ਪੀੜਤਾਂ ਦੀ ਸਹਾਇਤਾਂ ਲਈ ਆਪ ਨੂੰ ਗਿਆਨੀ ਕਰਤਾਰ ਸਿੰਘ ਨਾਲ ਉਥੇ ਭੇਜਿਆ ਗਿਆ।
ਅੰਮ੍ਰਿਤਸਰ ਦੇ ਮਿਸ਼ਰੀ ਬਜ਼ਾਰ ਦੇ ਲਾਗੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਲਕੀਅਤ ਬਾਗ ਅਕਾਲੀਆਂ ਸੀ ਜਿਸਦੀ ਹਾਲਤ ਬਹੁਤੀ ਚੰਗੀ ਨਹੀਂ ਸੀ। ਰਿਹਾਇਸ਼ੀ ਇਲਾਕੇ ਲਾਗੇ ਹੋਣ ਕੇ ਕਰਕੇ ਲੋਕ ਉਥੇ ਕੂੜਾ ਕਰਕਟ ਸੁੱਟਦੇ ਸਨ। ਆਪ ਜੀ ਦੀ ਦੂਰ ਅੰਦੇਸ਼ੀ ਸੋਚ ਸਦਕਾ ਆਪ ਨੇ ਅਕਾਲੀਆਂ ਵਿਚ ਮਾਰਕੀਟ ਬਣਾਉਣ ਦੀ ਤਜਵੀਜ ਰੱਖੀ। ਸ਼੍ਰੋਮਣੀ ਕਮੇਟੀ ਨੇ ਇਹ ਤਜਵੀਜ ਪਾਸ ਕਰ ਦਿੱਤੀ। 30 ਦਸੰਬਰ 1932 'ਚ ਬਾਗ ਅਕਾਲੀਆਂ ਵਿਚ ਅਕਾਲੀ ਮਾਰਕੀਟ ਦੀ ਨੀਂਹ ਰੱਖੀ ਗਈ। ਇਸ ਵਿਚ 64 ਦੁਕਾਨਾਂ ਤੇ ਉਨ੍ਹਾਂ ਉਪਰ ਰਿਹਾਇਸ਼ੀ ਕਮਰੇ ਬਣਵਾਏ ਗਏ। ਇਸ ਤਰ੍ਹਾਂ ਕੂੜਾ ਕਰਕਟ ਹੂਜਕੇ ਮਾਰਕੀਟ ਵਿਚਕਾਰ ਸੁੰਦਰ ਬਗੀਚਾ ਲਾਇਆ। ਕੁਝ ਸੇਵਾਦਾਰਾਂ ਲਈ ਕੁਆਰਟਰ ਵੀ ਬਣਵਾਏ। ਆਟਾ ਮੰਡੀ ਦੇ ਲਾਗੇ ਹੋਣ ਕਰਕੇ ਅਕਾਲੀ ਮਾਰਕੀਟ ਦੀ ਮਹਾਨਤਾ ਬਹੁਤ ਵੱਧ ਗਈ। ਅਕਾਲੀ ਮਾਰਕੀਟ ਬਣਨ ਨਾਲ ਇਥੋਂ ਦੀ ਰੌਕਣ ਹੋਰ ਵੱਧ ਗਈ। ਅੰਮ੍ਰਿਤਸਰ ਦੀ ਇਹ ਮਾਰਕੀਟ ਲੋਹੇ ਦੇ ਕਾਰੋਬਾਰ ਦਾ ਕੇਂਦਰ ਬਣ ਗਈ। ਜਥੇਦਾਰ ਮੋਹਨ ਸਿੰਘ ਨਾਗੋਕੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਲੇ ਦੁਆਲੇ ਦੀਆਂ ਪ੍ਰਾਈਵੇਟ ਦੁਕਾਨਾਂ ਲੈ ਕੇ ਕੁਝ ਆਪਣੀਆਂ ਨਾਲ ਮਿਲਾਕੇ 1838 ਵਿਚ ਸ਼ਹੀਦ ਮਾਰਕੀਟ ਬਣਵਾਈ।
ਜਥੇਦਾਰ ਜੀ ਨੇ ਸ਼੍ਰੋਮਣੀ ਕਮੇਟੀ ਦੀ ਰਹਿਦ ਮਰਯਾਦਾ ਦਾ ਖਰੜਾ ਤਿਆਰ ਕਰਨ ਤੇ ਪਾਸ ਕਰਵਾਉਣ ਵਿਚ ਅਹਿਮ ਯੋਗਦਾਨ ਹੈ। ਗਿਆਨੀ ਪ੍ਰਤਾਪ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਮੋਹਨ ਸਿੰਘ ਨਾਗੋਕੇ ਉਹ ਖਰੜਾ ਲੈ ਕੇ ਭਾਈ ਕਾਹਨ ਸਿੰਘ ਨਾਭਾ ਤੇ ਭਾਈ ਅਰਜਨ ਸਿੰਘ ਬਾਗੜੀਆਂ ਪਾਸ ਸ਼ਿਮਲੇ ਗਏ। ਭਾਈ ਕਾਹਨ ਸਿੰਘ ਸ਼ਿਮਲੇ ਵਿਚ ਸ੍ਰ. ਮੁਕੰਦ ਸਿੰਘ ਦੀ ਕੋਠੀ ਠਹਿਰੇ ਸਨੇ। ਉਸ ਖਰੜੇ ਪਰ ਦੋਵਾਂ ਦੀ ਰਾਇ ਪ੍ਰਾਪਤ ਕੀਤੀ ਗਈ। ਉਸ ਤੋਂ ਬਾਅਦ 1934 ਵਿਚ ਸ਼੍ਰੋਮਣੀ ਕਮੇਟੀ ਨੇ ਪਾਸ ਕਰ ਦਿੱਤਾ।
ਜਥੇਦਾਰ ਹੋਰਾਂ ਦੀ ਸੇਵਾ ਭਾਵਨਾ ਜਿਥੇ ਕੌਮ ਪ੍ਰਤੀ ਸ਼ਾਨਦਾਰ ਤੇ ਬੇਮਿਸਾਲ ਸੇਵਾਵਾਂ ਦਿੱਤੀਆਂ ਉਥੇ ਸੰਨ 1944 ਵਿਚ ਜਥੇਦਾਰ ਮੋਹਨ ਸਿੰਘ ਨਾਗੋਕੇ ਨੂੰ ਸਰਬ ਸਮੰਤੀ ਨਾਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ। 1948 ਤੱਕ ਆਪ ਜਥੇਦਾਰ ਅਕਾਲ ਤਖ਼ਤ ਸਾਹਿਬ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਮਿਲਵੀਂ ਸੇਵਾ ਕੀਤੀ। ਇਸ ਸਮੇਂ ਵਿਚ ਉਨ੍ਹਾਂ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖੰਡਾ ਅਨੰਦਪੁਰ ਸਾਹਿਬ ਤੋਂ ਲਿਆ ਕੇ ਅੰਮ੍ਰਿਤ ਪ੍ਰਚਾਰ ਦੀ ਲਹਿਰ ਚਲਾਈ। 1944 ਵਿਚ ਹੀ ਮਾਸਟਰ ਤਾਰਾ ਸਿੰਘ ਦੀ ਪ੍ਰੇਰਨਾ ਨਾਲ ਮਹਾਰਾਜਾ ਜਗਜੀਤ ਸਿੰਘ ਕਪੂਰਥਲਾ ਨੇ ਆਪਣੇ ਪੋਤਰੇ ਨੂੰ ਅੰਮ੍ਰਿਤ ਛਕਾਉਣ ਦੀ ਇੱਛਾ ਪ੍ਰਗਟ ਕੀਤੀ। ਜਥੇਦਾਰ ਮੋਹਨ ਸਿੰਘ ਨਾਗੋਕੇ ਜਥਾ ਲੈ ਕੇ ਕਪੂਰਥਲੇ ਗਏ। ਉਸ ਸਮਾਗਮ ਵਿਚ ਮਾਸਟਰ ਤਾਰਾ ਸਿੰਘ, ਜਥੇਦਾਰ ਊਧਮ ਸਿੰਘ ਨਾਗੋਕੇ, ਭਾਈ ਬੁੱਧ ਸਿੰਘ ਪ੍ਰਚਾਰਕ, ਗਿਆਨੀ ਪ੍ਰਤਾਪ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਪ੍ਰੋ. ਗੰਗਾ ਸਿੰਘ ਉਸ ਸਮਾਗਮ ਵਿਚ ਸ਼ਾਮਲ ਸਨ। ਮਹਾਰਾਜਾ ਦੇ ਪੋਤਰੇ ਨੂੰ ਅੰਮ੍ਰਿਤ ਛਕਾਇਆ ਗਿਆ।
ਇਸੇ ਦੌਰਾਨ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਨੂੰ ਖੁੱਲਾ ਕਰਨ ਤੇ ਨਵੇਂ ਬੁੰਗੇ ਬਨਾਉਣ ਬਾਰੇ ਵਿਚਾਰਾਂ ਕੀਤੀਆਂ ਗਈਆਂ। ਪਹਿਲੇ 1923 ਵਿਚ ਕਾਰ ਸੇਵਾ ਸਮੇਂ ਸੰਤ ਬਾਬਾ ਮਹਿਤਾਬ ਸਿੰਘ ਦੀ ਪ੍ਰਗਾਨਗੀ ਸਮੇਂ ਕੀਤੀ ਗਈ ਪਰ ਉਸਨੂੰ ਮੂਰਤੀ ਮਾਨ ਜਥੇਦਾਰ ਮੋਹਨ ਸਿੰਘ ਨਾਗੋਕੇ ਦੇ ਸਮੇਂ ਵਿਚ ਕੀਤਾ ਗਿਆ। ਸੰਨ 1944 ਵਿਚ ਜਦ ਆਪ ਜਥੇਦਾਰ ਤੇ ਪ੍ਰਧਾਨ ਸਨ ਤੇ ਪਰਕਰਮਾ ਖੁੱਲ੍ਹੀ ਕਰਨ ਤੇ ਨਵੇਂ ਬੁੰਗੇ ਤਿਆਰ ਕਰਨ ਦੀ ਸੇਵਾ ਸੰਤ ਗੁਰਮੁਖ ਸਿੰਘ ਤੇ ਸਾਧੂ ਸਿੰਘ ਜੀ ਨੇ ਸ਼ੁਰੂ ਕੀਤੀ। ਇਸ ਵਿਚ ਕੁਝ ਸੇਵਾ ਸੰਤ ਭੂਰੀ ਵਾਲਿਆਂ ਨੇ ਵੀ ਕੀਤੀ।
ਜਥੇਦਾਰ ਮੋਹਨ ਸਿੰਘ ਨਾਗੋਕੇ ਗੁਰਦੁਆਰਾ ਪ੍ਰਬੰਧ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਸਨ। ਉਨ੍ਹਾਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਮਤੇ ਕੀ ਸਰਾਂ ਦੀ ਇਮਾਰਤ ਬਣਾਈ। ਖਡੂਰ ਸਾਹਿਬ ਵਿਚ ਗੁਰੂ ਅੰਗਦ ਦੇਵ ਹਾਈ ਸਕੂਲ ਕਾਇਮ ਕੀਤਾ ਗਿਆ। ਜਥੇਦਾਰ ਜੀ ਦੀ ਰਾਇ ਧਾਰਮਿਕ ਤੇ ਰਾਜਨੀਤਕ ਕੰਮਾਂ ਵਿਚ ਬੜੀ ਮਹਾਨਤਾ ਰਖਦੀ ਸੀ। 1946 ਵਿਚ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸਰਬ ਸਿੱਖ ਪਾਰਟੀ ਕਾਨਫਰੰਸ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਰਾਜਨੀਤਕ ਦਿਸ਼ਾ ਉਪਰ ਵਿਚਾਰ ਕਰਨ ਲਈ ਇਕੱਠ ਹੋਇਆ। ਉਸ ਨੂੰ ਆਪ ਨੇ ਸੰਬੋਧਨ ਕੀਤਾ। ਉਸ ਵਿਚ ਪੰਥਕ ਪ੍ਰਤੀਨਿਧ ਬੋਰਡ ਬਣਾਇਆ ਗਿਆ। ਜਿਸ ਦੇ ਪ੍ਰਧਾਨ ਕਰਨਲ ਨਿਰਜੰਨ ਸਿੰਘ ਗਿਲ ਨੂੰ ਬਣਾਇਆ ਗਿਆ।
ਸੰਨ 1947 ਦੀ ਵੰਡ ਸਮੇਂ ਅੰਮ੍ਰਿਤਸਰ ਵਿਚ ਦੰਗਾ ਫਸਾਦ ਦੌਰਾਨ ਅਕਾਲੀ ਮਾਰਕੀਟ ਦੇ ਨਾਲ ਸ਼ੇਖਾਂ ਦਾ ਮੁਹੱਲਾ ਸੀ। ਲੋਕਾਂ ਨੇ ਉਥੇ ਸਾੜ ਫੂਕ ਤੇ ਲੁਟ ਮਾਰ ਕੀਤੀ। ਜਥੇਦਾਰ ਜੀ ਉਦੋਂ ਅਕਾਲੀ ਮਾਰਕੀਟ ਵਿਚ ਰਹਿੰਦੇ ਸਨ। ਸ਼ੇਖਾਂ ਦੀਆਂ ਬੇਟੀਆਂ ਸ਼ਰਣਾਗਤ ਰੂਪ ਵਿਚ ਅਕਾਲੀ ਮਾਰਕੀਟ ਪੁੱਜੀਆ। ਜਥੇਦਾਰ ਨੇ ਉਨ੍ਹਾਂ ਦੀ ਰਖਿਆ, ਸੇਵਾ ਤੇ ਸੰਭਾਲ ਕੀਤੀ। ਜਥੇਦਾਰ ਮੋਹਨ ਸਿੰਘ ਨੇ ਸੰਨ 1942 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹਿੰਦੀਆਂ ਪੁਸਤਕਾਂ ਲਿਖਣੀਆਂ ਆਰੰਭ ਕੀਤੀਆਂ। ਆਜ਼ਾਦੀ ਦੇ ਬਾਅਦ 1947 ਵਿਚ ਜਥੇਦਾਰ ਜੀ ਨੂੰ ਪੰਜਾਬ ਸਰਕਾਰ ਨੇ ਪੱਛਮੀ ਪੰਜਾਬ ਵਿਚੋਂ ਆਏ ਰੀਫੀਊਜੀਆਂ ਦੇ 'ਮੁੜ ਵਸਾਊ ਬੋਰਡ' ਦਾ ਮੈਂਬਰ ਬਣਾਇਆ ਗਿਆ।
1947 ਵਿਚ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਚੋਣ ਵਿਚ ਜਥੇਦਾਰ ਊਧਮ ਸਿੰਘ ਮਾਸਟਰ ਤਾਰਾ ਸਿੰਘ ਦੇ ਮੁਕਾਬਲੇ ਪਰ 105 ਵੋਟਾਂ ਜਿੱਤ ਗਏ। ਪਰ ਇਸ 'ਤੇ ਮਾਸਟਰ ਤਾਰਾ ਸਿੰਘ ਤੇ ਨਾਗੋਕੇ ਗਰੁੱਪ ਵਿਚਕਾਰ ਕਾਫੀ ਖਿੱਚੋਤਾਣ ਹੋ ਗਈ। ਜਥੇਦਾਰ ਮੋਹਨ ਸਿੰਘ ਨਾਗੋਕੇ ਪਾਰਟੀ ਦੇ ਥੰਮ ਸਮਝੇ ਜਾਂਦੇ ਸਨ। ਫਰਵਰੀ 1949 ਵਿਚ ਦਿੱਲੀ ਵਿਚ ਸ਼ਹੀਦੀ ਕਾਨਫਰੰਸ 'ਚ ਹਿੱਸਾ ਲੈਣ ਦੌਰਾਨ ਮਾਸਟਰ ਜੀ ਗ੍ਰਿਫਤਾਰ ਹੋਏ।
ਜਥੇਦਾਰ ਮੋਹਨ ਸਿੰਘ ਨਾਗੋਕੇ ਨੂੰ ਪਹਿਲੀ ਵਾਰ 1952 ਵਿਚ ਪੰਜਾਬ ਅਸੈਂਬਲੀ ਦੇ ਮੈਂਬਰ ਚੁਣੇ ਗਏ। ਇਸਦੇ ਨਾਲ ਸੰਨ 1958 ਵਿਚ ਸਬਾਰਡੀਨੇਟ ਸਰਵਿਸ ਕਮਿਸ਼ਨ ਦੇ ਮੈਂਬਰ ਨਿਯੁਕਤ ਹੋਏ। 1967 ਵਿਚ ਹਲਕਾ ਖਡੂਰ ਸਾਹਿਬ ਇਲਾਕੇ ਵਿਚੋਂ ਕਾਂਗਰਸ ਦੀ ਟਿਕਟ ਦੇ ਫਿਰ ਅਸੈਂਬਲੀ ਮੈਂਬਰ ਚੁਣੇ ਗਏ। ਜਥੇਦਾਰ ਮੋਹਨ ਸਿੰਘ ਨਾਗੋਕੇ ਤੋਂ ਬਾਅਦ ਆਪ ਦੀ ਸਪੁਤਰੀ ਬੀਬੀ ਜਸਵੰਤ ਕੌਰ ਨੂੰ ਸੰਨ 1972 'ਚ ਜਥੇਦਾਰ ਮੋਹਨ ਸਿੰਘ ਤੂੜ ਦੇ ਮੁਕਾਬਲੇ ਇਲੈਕਸ਼ਨ ਵਿਚ ਖੜ੍ਹਾ ਕੀਤਾ ਗਿਆ। ਪਰ ਬੀਬੀ ਜਸਵੰਤ ਕੌਰ ਇਸ ਮੁਕਾਬਲੇ ਵਿਚ ਜੇਤੂ ਰਹੀ।
ਜਥੇਦਾਰ ਮੋਹਨ ਸਿੰਘ ਨਾਗੋਕੇ 1967 ਵਿਚ ਦਿਮਾਗ ਦੀ ਨਾੜੀ ਫੱਟ ਜਾਣ ਕਾਰਨ ਆਪ ਕਈ ਦਿਨ ਬੇਹੋਸ਼ ਰਹੇ। ਆਪ 2 ਮਾਰਚ 1967 ਵਿਚ ਜੀਵਨ ਯਾਤਰਾ ਸੰਪੂਰਨ ਕਰਦੇ ਹੋਏ ਅਕਾਲ ਚਲਾਣਾ ਕਰ ਗਏ। ਆਪ ਜੀ ਦੀ ਯਾਦ 'ਚ ਪਿੰਡ ਨਾਗੋਕੇ ਵਿਚ ਆਪ ਜੀ ਦੀ ਯਾਦਗਾਰ ਬਣਾਈ ਗਈ ਹੈ।
-
ਮਨਪ੍ਰੀਤ ਸਿੰਘ ਜੱਸੀ, ਲੇਖਕ ਤੇ ਪੱਤਰਕਾਰ
manpreets.jassi@gmail.com
6280862514
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.