ਜਿਵੇਂ ਕੋਈ ਵੀ ਇਮਾਰਤ ਥੰਮ੍ਹਾਂ ਬਗੈਰ ਖੜ੍ਹੀ ਨਹੀਂ ਹੁੰਦੀ, ਉਸੇ ਤਰ੍ਹਾਂ ਗੋਡਿਆਂ ਬਗੈਰ ਮਨੁੱਖ ਖੜ੍ਹਾ ਨਹੀਂ ਹੋ ਸਕਦਾ। ਗੋਡੇ ਮਨੁੱਖੀ ਇਮਾਰਤ ਦਾ ਥੰਮ੍ਹ ਹਨ। ਜੇਕਰ ਕਿਸੇ ਇਨਸਾਨ ਦੇ ਗੋਡੇ ਮਜ਼ਬੂਤ ਹਨ ਤਾਂ ਉਹ ਤਕੜੀਆਂ ਇਮਾਰਤਾਂ ਵਾਂਗ ਸਿੱਧਾ ਖੜ੍ਹਾ ਰਹਿੰਦਾ ਹੈ ਪਰ ਜਿਨ੍ਹਾਂ ਲੋਕਾਂ ਦੇ ਗੋਡੇ ਉਮਰੋਂ ਪਹਿਲਾਂ ਰਹਿ ਜਾਂਦੇ ਨੇ, ਉਹ ਕੱਚੇ ਢਾਰਿਆਂ ਵਾਂਗ ਲਿਫ਼ ਜਾਂਦੇ ਹਨ। ਇਕੱਲੇ ਪੰਜਾਬ ਜਾਂ ਭਾਰਤ ਵਿਚ ਹੀ ਨਹੀਂ, ਬਲਕਿ ਵਿਸ਼ਵ ਦੇ 70-80 ਪ੍ਰਤੀਸ਼ਤ ਅਜਿਹੇ ਮਰਦ ਔਰਤਾਂ ਹਨ, ਜੋ ਬੁਢਾਪੇ ਤੱਕ ਪਹੁੰਚਦੇ-ਪਹੁੰਚਦੇ ਗੋਡਿਆਂ ਦੇ ਦਰਦਾਂ ਤੋਂ ਪ੍ਰਭਾਵਿਤ ਹੋ ਕੇ ਹੀ ਰਹਿੰਦੇ ਹਨ। ਜੇਕਰ ਥੋੜ੍ਹਾ ਜਿਹਾ ਧਿਆਨ ਦਿੱਤਾ ਜਾਵੇ ਤਾਂ ਇਨ੍ਹਾਂ ਦਰਦਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਬੁਢਾਪਾ ਹੀ ਨਹੀਂ, ਸਗੋਂ ਜ਼ਿੰਦਗੀ ਦੇ ਕਿਸੇ ਵੀ ਮੋੜ 'ਤੇ ਗੋਡਿਆਂ ਦਾ ਦਰਦ ਇਨਸਾਨ ਨੂੰ ਉਠਣੋਂ ਬੈਠਣੋਂ ਆਕੀ ਕਰ ਸਕਦਾ ਹੈ।
ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਗੋਡਿਆਂ ਤੋਂ ਬਹੁਤ ਜ਼ਿਆਦਾ ਕੰਮ ਲੈਂਦੇ ਹਾਂ। ਗੋਡਿਆਂ ਦੇ ਜੋੜ ਵਿਚਕਾਰ ਇਕ ਝਿੱਲੀ ਹੁੰਦੀ ਹੈ, ਉਸ ਵਿਚ ਹੁੰਦਾ ਹੈ ਫਲੂਇਡ, ਜਿਸਨੂੰ ਸਾਈਨੋਵੀਅਲ ਫਲੂਇਡ ਦਾ ਨਾਂਅ ਦਿੱਤਾ ਜਾਂਦਾ ਹੈ। ਜਿਸਨੂੰ ਸਾਡੇ ਲੋਕ 'ਗਰੀਸ' ਕਹਿੰਦੇ ਹਨ। ਬਹੁਤਾ ਕੰਮ ਕਰਨ ਨਾਲ ਜਿਵੇਂ ਕਿ ਮਜ਼ਦੂਰ, ਬਹੁਤ ਭਾਰ ਚੁੱਕਣ ਵਾਲੇ, ਪਿੰਡਾਂ ਵਿਚ ਗੋਹਾ ਕੂੜਾ ਕਰਨ ਵਾਲੀਆਂ ਔਰਤਾਂ, ਭੰਗੜਾ-ਗਿੱਧਾ ਪਾਉਣ ਵਾਲੇ, ਉੱਚ-ਇਮਾਰਤਾਂ 'ਤੇ ਰਹਿਣ ਵਾਲੇ ਲੋਕ, ਦਫ਼ਤਰਾਂ ਦੀਆਂ ਪੌੜੀਆਂ 'ਤੇ ਗੇੜੇ ਲਾਉਣ ਵਾਲੇ, ਲੋੜੋਂ ਵੱਧ ਤੁਰਨ ਜਾਂ ਐਕਸਰਸਾਈਜ਼ ਕਰਨ ਵਾਲੇ ਜਾਂ ਬਹੁਤ ਚਿਰ ਖੜ੍ਹ ਕੇ ਕੰਮ ਕਰਨ ਵਾਲੇ ਲੋਕ ਜਿਵੇਂ ਪੁਲਿਸ ਵਾਲੇ, ਪਹਿਰੇਦਾਰ, ਮਸ਼ੀਨ ਨਾਲ ਕੰਮ ਕਰਨ ਵਾਲੇ (ਜਿਵੇਂ ਕਿ ਕੈਨੇਡਾ ਵਰਗੇ ਦੇਸ਼ਾਂ ਵਿਚ ਇਕੋ ਥਾਂ 'ਤੇ ਖੜ੍ਹ ਕੇ ਕੰਮ ਕਰਨ ਵਾਲੇ) ਜਾਂ ਕਿਸੇ ਸੱਟ ਲੱਗਣ ਕਾਰਨ ਇਹ ਝਿੱਲੀ ਪਾਟ ਜਾਂਦੀ ਹੈ। ਝਿੱਲੀ ਦੇ ਪਾਟਣ ਕਾਰਨ ਇਹ ਗਰੀਸ ਰੂਪੀ ਫਲੂਇਡ ਲੀਕ ਹੋ ਜਾਂਦਾ ਹੈ ਅਤੇ ਗੋਡੇ ਖੜਕਣ ਲੱਗ ਜਾਂਦੇ ਹਨ।
ਅਜਿਹੀਆਂ ਹਾਲਤਾਂ ਵਿਚ ਆਦਮੀ ਚੱਲ-ਫਿਰ ਤਾਂ ਸਕਦਾ ਹੈ ਪਰ ਬੈਠਣ-ਉਠਣ ਵਿਚ ਬਹੁਤ ਤਕਲੀਫ਼ ਆਉਂਦੀ ਹੈ। ਹੋਰ ਤਾਂ ਹੋਰ, ਸਾਡੇ ਲੋਕ ਇਲਾਜ ਵੱਸ ਕਈ ਵਾਰ ਅਜਿਹੇ ਸਿਆਣਿਆਂ ਦੇ ਹੱਥ ਚੜ੍ਹ ਜਾਂਦੇ ਹਨ ਕਿ ਉਹ ਅੰਦਰੋਂ ਖੁਸ਼ਕ ਹੋਏ ਗੋਡਿਆਂ 'ਤੇ ਸਿੰਗੀਆਂ ਲਾ-ਲਾ ਕੇ ਬਚਿਆ-ਖੁਚਿਆ ਫਲੂਇਡ ਵੀ ਕੱਢ ਦਿੰਦੇ ਹਨ। ਇਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਇਸ ਫਲੂਇਡ ਦਾ ਰੰਗ ਹਲਕਾ ਪੀਲੇ ਰੰਗ ਦਾ ਹੁੰਦਾ ਹੈ। ਇਹ ਸਿੰਗੀਆਂ ਲਾਉਣ ਵਾਲੇ, ਭੋਲ਼ੇ-ਭਾਲ਼ੇ ਲੋਕਾਂ ਨੂੰ ਸਰਿੰਜ ਭਰ ਕੇ ਦਿਖਾਉਂਦੇ ਹਨ ਕਿ ਆਹ ਤੇਰਾ ਗੰਦਾ ਰੇਸ਼ਾ ਕੱਢ ਦਿੱਤਾ। ਜਿਹੜੇ ਲੋਕਾਂ ਨੇ ਸਿੰਗੀਆਂ ਲਵਾ ਵੀ ਲਈਆਂ, ਉਹ ਅਜੇ ਤੱਕ ਰਾਸ ਨਹੀਂ ਆਏ।
ਇੱਥੇ ਹੀ ਬੱਸ ਨਹੀਂ। ਕਹਿੰਦੇ-ਕਹਾਉਂਦੇ ਡਾਕਟਰ ਵੀ ਗੋਡਿਆਂ ਵਿਚ ਟੀਕੇ ਲਾ-ਲਾ ਜਾਂ ਸਰਿੰਜਾਂ ਭਰ-ਭਰ ਪਾਣੀ ਕੱਢ ਕੇ ਲੋਕਾਂ ਦੇ ਗੋਡਿਆਂ ਦਾ ਨਾਸ਼ ਮਾਰ ਰਹੇ ਹਨ। ਇਸਤੋਂ ਇਲਾਵਾ ਹੋਰ ਕਾਰਨ ਜਿਵੇਂ ਕਿ ਮੋਟਾਪਾ, ਭਾਰੇ ਸਰੀਰ ਵਾਲੇ ਲੋਕਾਂ ਦੇ ਗੋਡੇ ਬਹੁਤ ਛੇਤੀ ਲਿਫ਼ ਜਾਂਦੇ ਹਨ। ਇਸੇ ਕਰਕੇ ਉਹ ਚੱਲ-ਫਿਰ ਨਹੀਂ ਸਕਦੇ। ਕਸਰਤ ਦੀ ਘਾਟ ਕਾਰਨ ਉਨ੍ਹਾਂ ਦੇ ਗੋਡੇ ਜੁੜ ਜਾਂਦੇ ਹਨ, ਜੋ ਕਿ ਅੰਤ ਤੱਕ ਹਾਏ-ਬੂ ਕਰਦੇ ਮਰ ਜਾਂਦੇ ਹਨ।
ਅੱਜਕੱਲ੍ਹ ਗੋਡਿਆਂ ਦੇ ਦਰਦ ਦਾ ਇਕ ਮੁੱਖ ਕਾਰਨ ਜੋ ਪਾਇਆ ਜਾ ਰਿਹਾ ਹੈ, ਉਹ ਹੈ ਯੂਰਿਕ ਏਸਿਡ। ਜਦੋਂ ਸਾਡੇ ਸਰੀਰ ਅੰਦਰ ਯੂਰਿਕ ਏਸਿਡ ਦੀ ਮਾਤਰਾ ਵਧਦੀ ਜਾਂਦੀ ਹੈ ਤਾਂ ਇਹ ਜੋੜਾਂ ਵਿਚ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ। ਯੂਰਿਕ ਏਸਿਡ 'ਚੂਨੇ' ਵਾਂਗ ਜੋੜਾਂ ਨੂੰ ਜਾਮ ਕਰ ਦਿੰਦਾ ਹੈ। ਇਸਦਾ ਕਾਰਨ ਕਸਰਤ ਦੀ ਘਾਟ, ਬਹੁਤੀ ਮਾਤਰਾ ਵਿਚ ਸ਼ਰਾਬ ਦਾ ਸੇਵਨ, ਪ੍ਰੋਟੀਨ ਵਾਲੀਆਂ ਚੀਜ਼ਾਂ ਜਿਵੇਂ ਅੰਡਾ, ਮੱਖਣ, ਪਨੀਰ, ਦੁੱਧ ਤੋਂ ਬਣੀਆਂ ਚੀਜ਼ਾਂ ,ਪਾਲਕ, ਦਾਲਾਂ, ਆਦਿਕ ਦਾ ਵੱਧ ਸੇਵਨ ਕਰਨ ਨਾਲ ਯੂਰਿਕ ਏਸਿਡ ਸਾਡੇ ਸਰੀਰ ਵਿਚ ਵਧ ਜਾਂਦਾ ਹੈ। ਸਾਡੇ ਲੋਕਾਂ ਨੂੰ ਪਾਣੀ ਪੀਣ ਦੀ ਆਦਤ ਬਹੁਤ ਘੱਟ ਹੈ। ਖ਼ਾਸ ਕਰਕੇ ਸਰਦੀਆਂ ਵਿਚ ਤਾਂ ਅਸੀਂ ਪਾਣੀ ਨੂੰ ਦੇਖ ਕੇ ਹੀ ਡਰ ਜਾਂਦੇ ਹਾਂ। ਇਹੋ ਹੀ ਕਾਰਨ ਹੈ ਕਿ ਸਾਡੇ ਸਰੀਰ ਵਿਚ ਯੂਰਿਕ ਏਸਿਡ ਬਹੁਤ ਜ਼ਿਆਦਾ ਮਾਤਰਾ ਵਿਚ ਵਧਦਾ ਜਾਂਦਾ ਹੈ। ਯੂਰਿਕ ਏਸਿਡ ਇਕ ਵੇਸਟ ਪ੍ਰੋਡਕਟ ਹੈ ਜੋ ਕਿ ਪਿਸ਼ਾਬ ਰਾਹੀਂ ਬਾਹਰ ਨਿਕਲਦਾ ਹੈ। ਪਾਣੀ ਦੀ ਘਾਟ ਕਾਰਨ, ਇਹ ਗੁਰਦੇ ਵਿਚ ਪੱਥਰੀ ਦਾ ਕਾਰਨ ਵੀ ਬਣ ਸਕਦਾ ਹੈ। ਹੋਰ ਬਹੁਤ ਸਾਰੇ ਕਾਰਨ ਜਿਵੇਂ ਜੋੜਾਂ ਦੀ ਟੀ.ਬੀ., ਗਠੀਆ, ਕੈਲਸ਼ੀਅਮ ਦੀ ਘਾਟ, ਢੂਹੀ 'ਚੋਂ ਉਠਿਆ ਹੋਇਆ ਰੀਂਘਣ ਦਾ (Sciatica) ਦਰਦ ਵੀ ਗੋਡਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਪੁੜੇ ਦਾ ਦਰਦ, ਕਿਸੇ ਨਾੜ ਜਾਂ ਪੱਠੇ ਦੀ ਖਿੱਚ ਕਾਰਨ ਜਾਂ ਗੋਡਿਆਂ ਪਰਨੇ ਡਿੱਗਣ ਕਰਕੇ ਵੀ ਗੋਡਿਆਂ ਵਿਚ ਦਰਦ ਹੋ ਸਕਦਾ ਹੈ।
ਗੋਡਿਆਂ ਦੇ ਦਰਦ ਤੋਂ ਨਿਜ਼ਾਤ ਦਿਵਾਉਣ ਵਾਲੀਆਂ ਬਹੁਤ ਸਾਰੀਆਂ ਦਰਦ ਰੋਕੂ ਗੋਲੀਆਂ, ਟੀਕੇ ਬਾਜ਼ਾਰ ਵਿਚ ਬਹੁਤ ਸਸਤੇ ਰੇਟਾਂ 'ਤੇ ਮਿਲਦੇ ਹਨ। ਜਿਨ੍ਹਾਂ ਵਿਚ ਇਕ ਹਰੇ ਪੰਨੇ ਵਾਲੀ ਗੋਲੀ ਜੋ ਕਿ ਪੰਜ ਰੁਪਏ ਦਾ ਪੱਤਾ ਬੱਸਾਂ ਵਿਚ ਆਮ ਮਿਲ ਜਾਂਦਾ ਹੈ। ਜਿਥੇ ਇਹ ਗੋਲੀਆਂ, ਟੀਕੇ, ਕੈਪਸੂਲ ਇਕ ਨਸ਼ੇ ਦਾ ਕੰਮ ਕਰਦੇ ਹਨ, ਉਥੇ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਬਹੁਤ ਸਾਰੇ ਗੋਡਿਆਂ ਦੇ ਦਰਦਾਂ ਦੇ ਮਰੀਜ਼ ਇਨ੍ਹਾਂ ਦਵਾਈਆਂ ਕਰਕੇ ਗੁਰਦੇ ਫੇਲ੍ਹ ਹੋ ਕੇ ਮਰ ਜਾਂਦੇ ਹਨ। ਥਾਂ-ਥਾਂ 'ਤੇ ਗੋਡਿਆਂ ਦੇ ਦਰਦਾਂ ਨੂੰ ਠੀਕ ਕਰਨ ਵਾਲੇ 'ਵੈਦ' ਸਟੀਰਾਇਡ ਰਗੜ-ਰਗੜ ਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ।
ਅੰਤ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਦਰਦਾਂ ਤੋਂ ਛੁਟਕਾਰਾ ਪਾਉਣ ਲਈ ਜ਼ਿੰਦਗੀ ਦੇ ਤੌਰ ਤਰੀਕਿਆਂ ਨੂੰ ਬਦਲਣਾ ਪਵੇਗਾ। ਉੱਚੇ-ਨੀਵੇਂ ਜਾਂ ਪੌੜੀਆਂ ਚੜ੍ਹਨ ਤੋਂ, ਪੈਰਾਂ ਭਾਰ ਬੈਠਣ ਤੋਂ ਗੁਰੇਜ਼ ਕਰਨਾ, ਸਭ ਤੋਂ ਵੱਡਾ ਪ੍ਰਹੇਜ਼ ਹੈ। ਭਾਰੇ ਲੋਕ ਮੋਟਾਪਾ ਘਟਾਉਣ, ਪਾਣੀ ਵੱਧ ਤੋਂ ਵੱਧ ਪੀਤਾ ਜਾਵੇ ਕਿਉਂਕਿ ਪਾਣੀ ਪੀਣ ਨਾਲ ਫਲੂਇਡ ਦੀ ਮਾਤਰਾ ਵਿਚ ਵਾਧਾ ਹੁੰਦਾ ਹੈ। ਜਦੋਂ ਤੁਹਾਡੇ ਗੋਡੇ ਦੁਖਣ ਲੱਗ ਜਾਣ ਤਾਂ ਇਹ ਮੰਨੋ ਕਿ ਬੁਢਾਪਾ ਤੁਹਾਡੀਆਂ ਜ਼ਿੰਦਗੀ ਦੀਆਂ ਬਰੂਹਾਂ 'ਤੇ ਆਣ ਖਲੋਤਾ ਹੈ। ਕਈ ਨੌਜਵਾਨਾਂ ਦੇ ਗੋਡੇ ਦੁਖਦੇ ਹਨ, ਉਨ੍ਹਾਂ ਨੂੰ ਕਸਰਤ ਕਰਨੀ ਪਵੇਗੀ। ਖੁਰਾਕ ਲੋੜੀਂਦੀ ਮਾਤਰਾ ਵਿਚ ਹੀ ਲਵੋ ਨਾ ਕਿ ਖਾ-ਖਾ ਕੇ ਪੇਟ ਵਧਾਈ ਚੱਲੋ। ਗੋਡਿਆਂ ਦੇ ਦਰਦਾਂ ਵਿਚ ਸਵੇਰ ਦੀ ਸੈਰ ਸਿਰਫ਼ ਉਨ੍ਹਾਂ ਲਈ ਸਹਾਈ ਹੁੰਦੀ ਹੈ, ਜਿਨ੍ਹਾਂ ਦੇ ਗੋਡੇ ਜਾਮ ਹੋ ਜਾਂਦੇ ਹਨ, ਜਿਵੇਂ ਕਿ ਬੈਠਕ ਦਾ ਕੰਮ ਕਰਨ ਵਾਲੇ ਪਰ ਜਿਨ੍ਹਾਂ ਲੋਕਾਂ ਦੇ ਗੋਡੇ ਘਸ ਗਏ ਹੋਣ, ਉਨ੍ਹਾਂ ਲਈ ਸੈਰ ਦਾ ਕੋਈ ਲਾਭ ਨਹੀਂ, ਸਗੋਂ ਜ਼ਿਆਦਾ ਤੁਰਨ ਨਾਲ ਗੋਡੇ ਦੀਆਂ ਹੱਡੀਆਂ ਆਪਸ ਵਿਚ ਖਹਿ-ਖਹਿ ਘਸ ਜਾਂਦੀਆਂ ਹਨ। ਕਈ ਵਾਰ ਇਸ ਤਰ੍ਹਾਂ ਦੇ ਮਰੀਜ਼ ਵੀ ਆਉਂਦੇ ਹਨ, ਜੋ ਜ਼ਿਆਦਾ ਸੈਰ ਜਾਂ ਕਸਰਤ ਕਰਦੇ ਸਨ, ਉਨ੍ਹਾਂ ਦੇ ਗੋਡੇ ਘਸ ਗਏ, ਮਤਲਬ ਕਿ ਸੈਰ ਜਾਂ ਕਸਰਤ ਵੀ ਲੋੜ ਅਨੁਸਾਰ ਹੀ ਕੀਤੀ ਜਾਵੇ। ਕਿਤੇ ਇਹ ਨਾ ਹੋਵੇ ਕਿ ਤੁਹਾਡੀ ਸੈਰ ਹੀ ਤੁਹਾਡੇ ਗੋਡਿਆਂ ਨੂੰ ਲੈ ਬੈਠੇ।
-
ਡਾ. ਅਮਨਦੀਪ ਸਿੰਘ ਟੱਲੇਵਾਲੀਆ, ਹੋਮਿਓਪੈਥਿਕ ਡਾਕਟਰ, ਬਰਨਾਲਾ
tallewalia@gmail.com
+91-98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.