ਬੱਚਿਆਂ ਦੇ ਜੀਵਨ ਵਿਚ ਮਾਂ-ਬਾਪ ਇਕ ਤਰ੍ਹਾਂ ਨਾਲ ਪ੍ਰਮਾਤਮਾ ਦਾ ਰੂਪ ਹੁੰਦੇ ਹਨ ਕਿਉਂਕਿ ਇਹ ਹੀ ਇਸ ਦੇ ਜਨਮ ਦਾਤਾ ਹੁੰਦੇ ਹਨ। ਛੋਟੇ ਹੁੰਦਿਆਂ ਬੱਚਿਆਂ ਨੂੰ ਮਾਂ-ਬਾਪ ਵੱਲੋਂ ਰੱਜਵਾਂ ਪਿਆਰ ਅਤੇ ਹੋਰ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ। ਬੱਚੇ ਨੂੰ ਉਂਗਲ ਫੜ ਕੇ ਰੁੜ੍ਹਨਾ ਸਿਖਾਉਣ ਤੋਂ ਲੈ ਕੇ ਸਿੱਧੇ ਹੋ ਦੁਨੀਆ ਵਿਚ ਤੁਰਨਾ ਸਿਖਾਉਣਾ ਮਾਪਿਆਂ ਦੇ ਹਿੱਸੇ ਆਉਂਦਾ ਹੈ। ਬੱਚੇ ਨੂੰ ਪਾਲਣ-ਪੋਸ਼ਣ ਲਈ ਜਿੱਥੇ ਮਾਂ ਦੀ ਮਮਤਾ ਆਪਣਾ ਸਾਰਾ ਕੁਝ ਉਸ ਉੱਤੇ ਨਿਛਾਵਰ ਕਰ ਦੇਣ ਨੂੰ ਤਿਆਰ ਹੁੰਦੀ ਹੈ ਉੱਥੇ ਪਿਤਾ ਵੀ ਘਰ ਗ੍ਰਹਿਸਥੀ ਦੇ ਨਾਲ-ਨਾਲ ਬੱਚਿਆਂ ਨੂੰ ਪਿਆਰਨ ਅਤੇ ਦੁਲਾਰਨ ਵਿਚ ਪਿੱਛੇ ਨਹੀਂ ਰਹਿੰਦਾ। ਜਿੱਥੇ ਮਾਂ ਦੇ ਪਿਆਰ ਦਾ ਦੇਣ ਨਹੀਂ ਦਿੱਤਾ ਜਾ ਸਕਦਾ ਉੱਥੇ ਪਿਤਾ ਵੱਲੋਂ ਦਿਨ-ਰਾਤ ਸਿਖਾਈ ਜੀਵਨ ਜਾਚ ਦੇ ਬਰਾਬਰ ਦਾ ਕੋਈ ਹੋਰ ਨਹੀਂ ਹੋ ਸਕਦਾ ਬਸ਼ਰਤੇ ਕਿ ਪਿਤਾ ਵੀ ਇਕ ਆਦਰਸ਼ਵਾਦੀ ਅਤੇ ਆਪਣੇ ਆਪ ਵਿਚ ਇਕ ਆਦਰਸ਼ ਉਦਾਹਰਣ ਹੋਵੇ। ਮਨੋਵਿਗਿਆਨੀਆ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜਿਨ੍ਹਾਂ ਬੱਚਿਆਂ ਦੀ ਮਾਂ ਜਾਂ ਫਿਰ ਪਿਤਾ ਦੋਵਾਂ ਵਿਚੋਂ ਇਕ ਦਾ ਵੀ ਪਿਆਰ ਨਾ ਮਿਲਿਆ ਹੋਵੇ ਤਾਂ ਉਸ ਬੱਚੇ ਦੀ ਮਾਨਸਿਕਤਾ ਅਤੇ ਜੀਵਨ ਸ਼ੈਲੀ ਵਿਚ ਕਿਤੇ ਨਾ ਕਿਤੇ ਨਾ ਕੋਈ ਊਣਤਾਈ ਰਹਿ ਜਾਂਦੀ ਹੈ। ਗੁਰਬਾਣੀ ਵਿਚ ਪਿਤਾ ਦੇ ਦਰਜੇ ਨੂੰ ਮਾਂ ਦੇ ਦਰਜੇ ਤੋਂ ਉੱਪਰ ਮੰਨਿਆ ਗਿਆ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਫੁਰਮਾਨ ਹੈ:-
ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ£
ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ£ -103
ਅਤੇ
ਤੂ ਮੇਰਾ ਪਿਤਾ ਤੂ ਹੈ ਮੇਰਾ ਮਾਤਾ£
ਤੂ ਮੇਰੇ ਜੀਅ ਪ੍ਰਾਨ ਸੁਖਦਾਤਾ£ -1144
ਮਤਲਬ ਕਿ ਉਸ ਵਾਹਿਗੁਰੂ ਨੂੰ ਪਿਤਾ ਦੇ ਰੂਪ ਵਿਚ ਪਹਿਲਾਂ ਰੱਖਿਆ ਗਿਆ ਹੈ ਮਾਂ ਅਤੇ ਭਰਾ ਦੇ ਰਿਸ਼ਤੇ ਨੂੰ ਬਾਅਦ ਵਿਚ।
ਭਾਵੇਂ ਪਿਤਾ ਦੇ ਬੱਚਿਆਂ ਪ੍ਰਤੀ ਕੀਤੇ ਗਏ ਅਹਿਸਾਨਾਂ ਦਾ ਕੋਈ ਮੁੱਲ ਨਹੀਂ ਮੋੜਿਆ ਜਾ ਸਕਦਾ ਫਿਰ ਵੀ ਦੁਨੀਆ ਭਰ ਦੇ ਬੱਚਿਆਂ ਨੂੰ ਇਸ ਗੱਲ ਦਾ ਥੋੜ੍ਹਾ ਮਾਣ ਹੈ ਕਿ ਉਨ੍ਹਾਂ ਨੇ ਸਾਲ ਵਿਚ ਇਕ ਦਿਨ ਆਪਣੇ ਪਿਤਾ ਜੀ ਦੇ ਨਾਂਅ ਨਾਲ ਰਿਜ਼ਰਵ ਕਰਵਾ ਲਿਆ ਹੈ। ਇਹ ਵਿਚਾਰ ਵਾਸ਼ਿੰਗਟਨ ਵਿਚ 'ਸੋਨਾਰਾ ਸਮਾਟ ਡੌਡ' ਨਾਂਅ ਦੀ ਇਕ ਇਸਤਰੀ ਨੇ 'ਮਦਰ ਡੇ 1909' ਤੋਂ ਪ੍ਰਭਾਵਿਤ ਹੋ ਕੇ ਦਿੱਤਾ ਸੀ। ਇਸ ਇਸਤਰੀ ਨੂੰ ਇਸ ਦੇ ਪਿਤਾ ਦੇ ਗੁਜ਼ਰ ਜਾਣ ਤੋਂ ਬਾਅਦ ਇਸ ਦੇ ਪਿਤਾ ਨੇ ਹੀ ਪਾਲਿਆ-ਪੋਸਿਆ ਸੀ।
ਇਸ ਪਾਲਣ-ਪੋਸ਼ਣ ਲਈ ਇਸ ਦੇ ਪਿਤਾ ਨੇ ਜੋ ਦੁਖ ਹੰਢਾਇਆ, ਜੋ ਮਾਵਾਂ ਵਰਗੇ ਕੰਮ ਕੀਤੇ ਉਹ ਇਕ ਤਰ੍ਹਾਂ ਨਾਲ 'ਪਿਤਾ ਦਿਵਸ' ਦੀ ਨੀਂਹ ਰੱਖ ਗਏ। ਇਸ ਇਸਤਰੀ ਦੇ ਉੱਦਮ ਸਦਕਾ ਪਹਿਲਾ 'ਪਿਤਾ ਦਿਵਸ' 19 ਜੂਨ, 1910 ਨੂੰ 'ਸਪੋਕੇਨ' (ਵਾਸ਼ਿੰਗਟਨ) ਵਿਖੇ ਮਨਾਇਆ ਗਿਆ। 1926 ਵਿਚ ਬਾਕਾਇਦਾ ਨੈਸ਼ਨਲ ਫਾਦਰ ਡੇ ਕਮੇਟੀ ਹੋਂਦ ਵਿਚ ਆਈ। ਇਸ ਕਮੇਟੀ ਵੱਲੋਂ ਕੀਤੇ ਉਦਮਾਂ ਸਦਕਾ 1956 ਵਿਚ ਇਕ ਮਤਾ ਪਾਸ ਕੀਤਾ ਗਿਆ। ਇਸ ਦਰਮਿਆਨ ਕਈ ਉਤਰਾਅ ਚੜ੍ਹਾਅ ਆਏ ਅੰਤ 1972 ਵਿਚ ਅਮਰੀਕੀ ਰਾਸ਼ਟਰਪਤੀ 'ਰਿਚਰਡ ਨਿਕਸਨ' ਨੇ ਹਰ ਸਾਲ ਜੂਨ ਮਹੀਨੇ ਦੇ ਤੀਸਰੇ ਐਤਵਾਰ ਨੂੰ 'ਪਿਤਾ ਦਿਵਸ' ਮਨਾਉਣ ਦਾ ਫ਼ੈਸਲਾ ਕੀਤਾ। 1935 ਵਿਚ 'ਪਿਤਾ ਦਿਵਸ' ਦੀ ਸਿਲਵਰ ਸਾਲਗਿਰਾ' ਵੀ ਮਨਾਈ ਜਾ ਚੁੱਕੀ ਹੈ। ਅੱਜ ਦੇ ਦਿਨ ਵਿਦੇਸ਼ਾਂ ਵਿਚ ਹੁਣ ਸਾਡੇ ਦੇਸ਼ ਵਿਚ ਵੀ ਹੋਣਹਾਰ ਮਾਪਿਆਂ ਦੇ ਹੋਣਹਾਰ ਬੱਚੇ ਇਸ ਦਿਨ ਨੂੰ ਆਪਣੇ ਪਿਤਾ ਜੀ ਦੇ ਸਤਿਕਾਰ ਦੇ ਰੂਪ ਵਿਚ ਮਨਾਉਂਦੇ ਹਨ। ਉਨ੍ਹਾਂ ਲਈ ਮਹਿੰਗੇ ਤੋਂ ਮਹਿੰਗੇ ਗਿਫ਼ਟ ਖਰੀਦਦੇ ਹਨ ਅਤੇ ਇਕ ਥਾਂ ਇਕੱਠੇ ਹੋ ਕੇ ਖਸ਼ੀ-ਖੁਸ਼ੀ ਜਸ਼ਨ ਮਨਾਉਂਦੇ ਹਨ।
-
ਹਰਜਿੰਦਰ ਸਿੰਘ ਬਸਿਆਲਾ, ਲੇਖਕ ਤੇ ਪੱਤਰਕਾਰ
hsbasiala25@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.