- ਬਹੁਤੇ ਰੋਣਗੇ ਦਿਲਾਂ ਦੇ ਜਾਨੀ, ਮਾਪੇ ਤੈਨੂੰ ਘੱਟ ਰੋਣਗੇ
ਸਿਹਤ ਸੇਵਾਵਾਂ ਪੱਖੋਂ ਵਿਹੂਣੀ ਜੈਤੋ ਮੰਡੀ ਵਿੱਚ ਕਿਸੇ ਵੇਲੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਪੂਰੀ ਟੀਮ ਤੋਂ ਇਲਾਵਾ ਸ਼ਹਿਰ ਵਿੱਚ ਪ੍ਰਾਈਵੇਟ ਡਾਕਟਰਾਂ ਅਤੇ ਪ੍ਰਾਈਵੇਟ ਹਸਪਤਾਲਾਂ ਦੀ ਭਰਮਾਰ ਹੁੰਦੀ ਸੀ। ਪਰ ਸਮਾਂ ਬੀਤਣ ਦੇ ਨਾਲ ਕੁੱਝ ਡਾਕਟਰ ਮੰਡੀ ਨੂੰ ਛੱਡ ਕੇ ਵੱਡੇ ਸ਼ਹਿਰਾਂ ਵਿੱਚ ਕਾਰੋਬਾਰ ਸ਼ਿਫਟ ਕਰ ਗਏ ਅਤੇ ਕੁੱਝ ਅਕਾਲ ਚਲਾਣਾ ਕਰ ਗਏ। ਨਵੇਂ ਕਿਸੇ ਡਾਕਟਰ ਨੇ ਇਸ ਛੋਟੀ ਜਿਹੀ ਮੰਡੀ ਵਿੱਚ ਕਿਸਮਤ ਅਜਮਾਉਣ ਦੀ ਦਲੇਰੀ ਨਹੀਂ ਦਿਖਾਈ। ਸਰਕਾਰਾਂ ਦੀਆਂ ਨਿੱਜੀਕਰਨ ਅਤੇ ਲੋਕ ਵਿਰੋਧੀ ਨੀਤੀਆਂ ਦੇ ਚੱਲਦਿਆਂ ਸਿਵਲ ਹਸਪਤਾਲ ਵਿੱਚ ਵੀ ਡਾਕਟਰਾਂ ਦੀਆਂ ਅਸਾਮੀਆਂ ਘਟਾ ਦਿੱਤੀਆਂ ਗਈਆਂ।ਪਿਛਲੇ ਕੁੱਝ ਸਮੇਂ ਤੋਂ ਤਾਂ ਜੈਤੋ ਦਾ ਸਿਵਲ ਹਸਪਤਾਲ ਮਹਿਜ ਇੱਕ ਰੈਫਰ ਕੇਂਦਰ ਬਣ ਕੇ ਰਹਿ ਗਿਆ ਹੈ।
ਅਜਿਹੀਆਂ ਪ੍ਰਸਥਿਤੀਆਂ ਵਿੱਚ ਜੈਤੋ ਦੇ ਲੋਕਾਂ ਦੀ ਸਿਹਤ ਸੰਭਾਲ ਦਾ ਜਿੰਮਾ ਮੈਡੀਕਲ ਸਟੋਰਾਂ ਦੇ ਆਸਰੇ ਚੱਲਦਾ ਹੈ। ਗਰੀਬ ਅਤੇ ਮੱਧਵਰਗੀ ਪਰਿਵਾਰਾਂ ਲਈ ਇਹ ਮੈਡੀਕਲ ਸਟੋਰਾਂ ਵਾਲੇ ਕਿਸੇ ਫਰਿਸ਼ਤਿਆਂ ਤੋਂ ਘੱਟ ਨਹੀਂ। ਇਹਨਾਂ ਵਿੱਚੋਂ ਹੀ ਇੱਕ ਸਨ ਜਸਵੀਰ ਸਿੰਘ ਭੋਲਾ। ਜਸਵੀਰ ਸਿੰਘ ਬਿਸ਼ਨੰਦੀ ਬਜਾਰ ਜੈਤੋ ਵਿਖੇ ਭੋਲਾ ਮੈਡੀਕਲ ਸਟੋਰ ਨਾਮ ਦੀ ਦਵਾਈਆਂ ਦੀ ਦੁਕਾਨ ਚਲਾਉਂਦੇ ਸਨ ਅਤੇ ਪੇਸ਼ੇ ਵਜੋਂ ਫਾਰਮਾਸਿਸਟ ਸਨ। ਪੇਂਡੂ ਬਹੁ-ਗਿਣਤੀ ਵਿੱਚ ਪ੍ਰਚਲਿਤ ਸਤਿਕਾਰ ਦੇਣ ਦੀ ਭਾਵਨਾ ਤਹਿਤ ਲੋਕ ਉਸਨੂੂੰ ਡਾਕਟਰ ਭੋਲਾ ਕਹਿ ਕੇ ਹੀ ਸੰਬੋਧਨ ਕਰਦੇ ਸਨ।ਬੀਤੇ ਕੁੱਝ ਦਿਨ ਪਹਿਲਾਂ ਸੰਸਾਰ ਪੱਧਰ ਉੱਪਰ ਫੈਲੇ ਕੋਰੋਨਾ ਮਹਾਂਮਾਰੀ ਦੇ ਦੈਂਤ ਦੁਆਰਾ ਕਰੋੜਾਂ ਹੋਰ ਲੋਕਾਂ ਦੀ ਤਰ੍ਹਾਂ ਡਾ. ਭੋਲੇ ਨੂੰ ਵੀ ਆਪਣੇ ਕਲਾਵੇ ਵਿੱਚ ਲੈ ਲਿਆ ਅਤੇ ਸਰੀਰਕ ਪੱਖ ਤੋਂ ਨੌਂ ਬਰ ਨੌਂ ਭੋਲਾ ਡਾਕਟਰ ਇਸ ਅੱਗੇ ਆਤਮ ਸਮਰਪਣ ਕਰ ਗਿਆ ਅਤੇ ਹਾਰ ਗਿਆ।
ਜੇਕਰ ਪਰਿਵਾਰਿਕ ਪਿਛੋਕੜ ਦੀ ਗੱਲ ਕਰੀਏ ਤਾਂ ਜਸਵੀਰ ਸਿੰਘ ਵਿਰਕ ਉਰਫ ਭੋਲਾ ਡਾਕਟਰ ਦਾ ਜਨਮ ਫਰੀਦਕੋਟ-ਬਠਿੰਡੇ ਜ਼ਿਲ੍ਹੇ ਦੀ ਹੱਦ ਉੱਪਰ ਵਸੇ ਪਿੰਡ ਬਰਕੰਦੀ ਦੇ ਸਰਦਾਰ ਮਹਿੰਦਰ ਸਿੰਘ ਅਤੇ ਸਰਦਾਰਨੀ ਗੁਰਦੇਵ ਕੌਰ ਦੀ ਕੁੱਖੋਂ ਹੋਇਆ ਸੀ।ਚਾਰ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਅਤੇ ਲਾਡਲੇ ਭੋਲਾ ਨੇ ਪ੍ਰਾਇਮਰੀ ਦੀ ਪੜ੍ਹਾਈ ਪਿੰਡ ਦੇ ਸਕੂਲ ਵਿੱਚੋਂ, ਹਾਈ ਸਕੂਲ ਨੇੜਲੇ ਪਿੰਡ ਬਿਸ਼ਨੰਦੀ ਅਤੇ ਬਾਰ੍ਹਵੀਂ ਕਰਨ ਉਪਰੰਤ ਫਾਰਮੇਸੀ ਦਾ ਡਿਪਲੋਮਾ ਕੀਤਾ। ਅੱਜ ਤੋਂ ਤਿੰਨ ਚਾਰ ਦਹਾਕੇ ਪਹਿਲਾਂ ਲਾਡਲੇ, ਛੋਟੇ ਅਤੇ ਸੋਹਣੇ ਜਵਾਕ ਦਾ ਨਾਮ ਅਕਸਰ ਹੀ ਘਰਦਿਆਂ ਦੁਆਰਾ ਭੋਲਾ ਰੱਖ ਦਿੱਤਾ ਜਾਂਦਾ ਸੀ। ਸ਼ਾਇਦ ਜਸਵੀਰ ਸਿੰਘ ਦਾ ਨਾਮ ਵੀ ਭੋਲਾ ਇਸੇ ਤਰ੍ਹਾਂ ਪਿਆ ਹੋਊ।
ਮੱਧਵਰਗੀ ਕਿਸਾਨ ਨਾਲ ਸੰਬੰਧਿਤ ਮੁੰਡੇ ਨੇ ਜੈਤੋ ਦੇ ਉਸ ਵੇਲੇ ਦੇ ਪ੍ਰਸਿੱਧ ਟੰਡਨ ਨਰਸਿੰਗ ਹੋਮ ਵਿਖੇ ਨੌਕਰੀ ਕੀਤੀ ਅਤੇ ਡਾਕਟਰ ਟੰਡਨ ਕੋਲੋਂ ਕਾਫੀ ਤਜਰਬਾ ਹਾਸਲ ਕੀਤਾ।ਟੰਡਨ ਨਰਸਿੰਗ ਹੋਮ ਵਿਖੇ ਕੰਮ ਕਰਦਿਆਂ ਆਪਣੀ ਕਾਬਲੀਅਤ ਅਤੇ ਲਿਆਕਤ ਦੇ ਸਦਕਾ ਆਸ ਪਾਸ ਦੇ ਪਿੰਡਾਂ ਵਿੱਚ ਭੋਲਾ-ਭੋਲਾ ਹੋਣ ਲੱਗ ਪਈ ਸੀ।ਸੰਨ 1994 ਵਿੱਚ ਉਦੋਂ ਭੋਲੇ ਡਾਕਟਰ ਦੀ ਗੁੱਡੀ ਚੜ੍ਹਨੀ ਸ਼ੁਰੂ ਹੋ ਗਈ ਜਦੋਂ ਉਸਨੇ ਬਿਸ਼ਨੰਦੀ ਬਜਾਰ ਵਿੱਚ ਆਪਣੀ ਦਵਾਈਆਂ ਦੁਕਾਨ ਖੋਲ੍ਹ ਲਈ।ਪੇਂਡੂ ਪਿਛੋਕੜ ਦਾ ਹੋਣ ਕਰਕੇ ਅਤੇ ਮਿਲਾਪੜੇ ਸੁਭਾਅ ਦਾ ਹੋਣ ਕਰਕੇ ਭੋਲਾ ਜਲਦ ਹੀ ਨੇੜਲੇ 20-25 ਪਿੰਡਾਂ ਵਿੱਚ ਹਰਮਨ ਪਿਆਰਾ ਹੋ ਗਿਆ।ਇੱਥੇ ਇਹ ਕਹਿਣਾ ਵੀ ਅੱਥਕਥਨ ਨਹੀਂ ਹੋਵੇਗਾ ਕਿ ਜਸਵੀਰ ਸਿੰਘ ਭੋਲਾ ਕੋਲ ਕਹਿੰਦੇ ਕਹਾਉਂਦੇ ਡਾਕਟਰਾਂ ਤੋਂ ਜਿਆਦਾ ਲੋਕ ਦਵਾਈਆਂ ਲੈਣ ਆਉਂਦੇ ਸਨ।
ਭੋਲਾ ਦੀ ਸਭ ਤੋਂ ਵੱਡੀ ਖਾਸੀਅਤ ਅਤੇ ਉਹਨਾਂ ਦੇ ਲੋਕਪ੍ਰਿਅ ਦਾ ਹੋਣ ਦਾ ਕਾਰਨ ਇਹ ਸੀ ਕਿ ਡਾਕਟਰ ਭੋਲਾ ਨੂੰ ਕੋਈ ਵੀ ਮੈਡੀਕਲ ਐਮਰਜੈਂਸੀ ਦੀ ਸਥਿਤੀ ਵਿੱਚ ਰਾਤ ਨੂੰ ਉਠਾ ਸਕਦਾ ਸੀ ਅਤੇ ਉਹ ਆਪਣੀ ਸਮਝ ਮੁਤਾਬਿਕ ਮਰੀਜ ਨੂੰ ਮੁੱਢਲੀ ਸਹਾਇਤਾ ਦੇ ਕੇ ਲੋੜ ਅਨੁਸਾਰ ਅਗਲੇਰੀ ਸਲਾਹ ਦਿੰਦੇ ਸਨ।ਜੈਤੋ ਮੰਡੀ ਅਤੇ ਨੇੜਲੇ ਪਿੰਡਾਂ ਲਈ ਇਹ ਉਹ ਫਰਿਸ਼ਤਾ ਸੀ ਜਿਸਨੂੰ ਰਾਤ ਬਰਾਤੇ ਕੋਈ ਵੀ ਉਸਦੇ ਬੂਹੇ ਉੱਪਰ ਦਸਤਕ ਦੇ ਕੇ ਉਠਾ ਸਕਦਾ ਸੀ, ਦਵਾਈ ਲੈ ਸਕਦਾ ਸੀ।ਜਿੱਥੇ ਨੇੜਲੇ ਪਿੰਡਾਂ ਦੇ ਵੱਡੇ ਵੱਡੇ ਸਰਦਾਰ ਅਤੇ ਮੰਡੀ ਦੇ ਤਕੜੇ ਸੇਠ ਭੋਲੇ ਡਾਕਟਰ ਕੋਲ ਦਵਾਈਆਂ ਲੈਣ ਆਉਂਦੇ ਸਨ ਉੱਥੇ ਪਿੰਡਾਂ ਵਾਲੇ ਜੱਟ ਜਿਮੀਦਾਰ, ਗਰੀਬ ਮਜਦੂਰ ਵੀ ਭੋਲੇ ਡਾਕਟਰ ਦੇ ਮੁਰੀਦ ਸਨ।
ਕਹਿਣ ਦਾ ਭਾਵ ਭੋਲਾ ਉਹ ਇਨਸਾਨ ਸੀ ਜੋ ਹਰ ਇੱਕ ਦੀ ਪਹੁੰਚ ਵਿੱਚ ਸੀ।ਹੋਰ ਤਾਂ ਹੋਰ ਬਹੁਤ ਵਾਰ ਅਜਿਹਾ ਵੀ ਹੁੰਦਾ ਸੀ ਕਿ ਮਰੀਜ ਅਤੇ ਉਸਦੇ ਵਾਰਿਸ ਡਾਕਟਰ ਭੋਲੇ ਕੋਲ ਰਾਤ ਨੂੰ ਦਵਾਈ ਲੈਣ ਆਉਂਦੇ ਸਨ, ਪਰ ਗੰਭੀਰ ਬਿਮਾਰੀ ਦੇ ਚਲਦਿਆਂ ਜਦੋਂ ਉਸਨੂੰ ਉਹਨਾਂ ਨੂੰ ਕਿਸੇ ਵੱਡੇ ਹਸਪਤਾਲ ਲਈ ਭੇਜਣਾ ਪੈਂਦਾ ਸੀ ਤਾਂ ਉਹ ਉਹਨਾਂ ਲੋਕਾਂ ਨੂੰ ਮਦਦ ਲਈ ਪੱਲਿਓਂ ਪੈਸੇ ਵੀ ਦੇ ਦਿੰਦਾ ਸੀ ਅਤੇ ਕਈ ਵਾਰ ਲੋੜਵੰਦਾਂ ਨੂੰ ਆਪਣੀ ਕਾਰ ਉੱਪਰ ਵੀ ਹਸਪਤਾਲ ਪਹੁੰਚਾ ਕੇ ਆਉਂਦਾ ਸੀ।ਸ਼ਾਇਦ ਉਸਦੇ ਅਜਿਹੇ ਗੁਣਾਂ ਕਰਕੇ ਹੀ ਉਸਦੀ ਅਣਆਈ ਮੌਤ ਉੱਪਰ ਪੂਰੇ ਇਲਾਕੇ ਵਿੱਚ ਸੋਗ ਛਾਇਆ ਹੋਇਆ ਹੈ।ਆਪਣੇ ਪੇਸ਼ੇ ਤੋਂ ਇਲਾਵਾ ਸਮਾਜਿਕ ਸਰੋਕਾਰਾਂ ਅਤੇ ਰਾਜਨੀਤੀ ਵਿੱਚ ਵੀ ਭੋਲਾ ਡਾਕਟਰ ਰੁਚੀ ਰੱਖਦਾ ਸੀ ਅਤੇ ਉਸਨੇ ਇਲਾਕੇ ਵਿੱਚ ਆਪਣਾ ਪੂਰਾ ਰਸੂਖ ਬਣਾਇਆ ਹੋਇਆ ਸੀ।
ਹਰ ਰੋਜ ਮੀਲਾਂ ਬੱਧੀ ਦੌੜ ਲਾਉਣ ਵਾਲਾ ਅਤੇ ਹਰ ਐਤਵਾਰ 35-40 ਕਿਲੋਮੀਟਰ ਸਾਇਕਲਿੰਗ ਕਰਨ ਵਾਲਾ ਜਸਵੀਰ ਸਿੰਘ ਪੂਰਾ ਤੰਦਰੁਸਤ ਇਨਸਾਨ ਸੀ।ਪਰ ਇਹ ਕੋਰੋਨਾ ਦਾ ਦੈਂਤ ਉਸਨੂੰ ਕੁੱਝ ਦਿਨਾਂ ਵਿੱਚ ਹੀ ਨਿਗਲ ਗਿਆ ਜਾਂ ਬੱਸ ਜਾਣ ਦਾ ਬਹਾਨਾ ਬਣ ਗਿਆ।53 ਸਾਲ ਦਾ ਭੋਲਾ ਅਜੇ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਤੋਂ ਵੀ ਸੁਰਖਰੂ ਨਹੀਂ ਹੋਇਆ ਸੀ।ਉਸਦੀ ਧੀ ਕਨੇਡਾ ਦੇ ਵਿੰਨੀਪੈੱਗ ਸ਼ਹਿਰ ਪੜ੍ਹਾਈ ਖਤਮ ਕਰਨ ਉਪਰੰਤ ਕੰਮ ਕਰ ਰਹੀ ਹੈ ਅਤੇ ਛੋਟੇ ਲੜਕੇ ਹਰਮਨਪ੍ਰੀਤ ਨੇ ਅਜੇ ਬਾਰ੍ਹਵੀਂ ਪਾਸ ਕੀਤੀ ਹੈ।ਹੱਸਦਾ ਖੇਡਦਾ ਅਤੇ ਲੋਕਾਂ ਦੀ ਸੇਵਾ ਵਿੱਚ ਹਰਦਮ ਲੀਨ ਭੋਲਾ ਆਪਣੇ ਬੱਚਿਆਂ,ਪਤਨੀ, ਭਰਾਵਾਂ, ਰਿਸ਼ਤੇਦਾਰਾਂ ਅਤੇ ਯਾਰਾਂ ਦੋਸਤਾਂ ਨੂੰ ਰੋਂਦੇ ਛੱਡ ਗਿਆ। ਭੋਲੇ ਦੇ ਵੱਡੇ ਭਰਾਵਾਂ ਦਾ ਕਹਿਣਾ ਹੈ ਕਿ ਅਸੀਂ ਬੱਸ ਜਿਉਂ ਰਹੇ ਹਾਂ, ਵੈਸੇ ਸਾਡੇ ਜਿਉਣ ਦਾ ਕੋਈ ਹੱਜ ਨਹੀਂ, ਸਾਡੀ ਤਾਂ ਬੈਂਕ ਸੀ ਭੋਲਾ, ਭੋਲੇ ਕਰਕੇ ਸਾਡਾ ਨਾਮ ਸੀ, ਸਾਨੂੰ ਲੋਕ ਜਾਣਦੇ ਸੀ।ਸਾਡੀ ਤਾਂ ਬਾਂਹ ਟੁੱਟ ਗਈ।ਬਿਲਕੁਲ ਅਜਿਹੀਆਂ ਹੀ ਗੱਲਾਂ ਭੋਲੇ ਦੇ ਯਾਰ ਅਤੇ ਉਸਦੀ ਦੁਕਾਨ ਦੇ ਗ੍ਰਾਹਕ ਵੀ ਕਰ ਰਹੇ ਹਨ।ਉਸ ੳੱਪਰ ਪੰਜਾਬੀ ਜੁਬਾਨ ਦਾ ਇਹ ਗੀਤ ਬਹੁਤ ਢੁੱਕਦਾ ਹੈ “ਬਹੁਤੇ ਰੋਣਗੇ ਦਿਲਾਂ ਦੇ ਜਾਨੀ, ਮਾਪੇ ਤੈਨੂੰ ਘੱਟ ਰੋਣਗੇ।
-
ਮਨਿੰਦਰਜੀਤ ਸਿੱਧੂ, ਐੱਮ.ਐੱਸ.ਸੀ.(ਆਈ.ਟੀ), ਐੱਮ.ਏ ਜਾਰਨਲਿਸਮ
maninderjeet123@gmail.com
98721 93876
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.