ਸਾਨੂੰ 21ਵੀਂ ਸਦੀ ਵਿਚ ਪ੍ਰਵੇਸ਼ ਹੋਇਆਂ ਇੱਕੀਵਾਂ ਵਰ੍ਹਾ ਜਾ ਰਿਹਾ ਹੈ, ਜਦ ਢੇਰ ਸਾਰੀਆਂ ਪੁਰਾਤਨ ਕਦਰਾਂ-ਕੀਮਤਾਂ ਤੇ ਧਾਰਨਾਵਾਂ ਬਦਲ ਚੁੱਕੀਆਂ ਹਨ ਤੇ ਤੇਜ਼ੀ ਨਾਲ ਬਦਲ ਰਹੀਆਂ ਹਨ। ਆਰਥਿਕ-ਸਮਾਜਿਕ ਢਾਂਚਾ ਵੀ ਪਹਿਲਾਂ ਵਾਲਾ ਸਰਲ ਨਹੀਂ ਰਿਹਾ, ਬੜਾ ਗੁੰਝਲਦਾਰ ਹੋ ਗਿਆ ਹੈ। ਉਪਭੋਗੀ ਸਭਿਆਚਾਰ ਪਸਰ ਰਿਹਾ ਹੈ। ਸਬਰ, ਸੰਤੋਖ ਤੇ ਸੰਜਮ ਦੀ ਥਾਂ ਕਾਹਲੀ, ਤੇਜ਼ੀ ਤੇ ਅਸੰਤੁਸ਼ਟੀ ਹੈ। ਪੀੜ੍ਹੀ-ਪਾੜੇ (7eneration 7ap) ਦਾ ਜਾਦੂ ਸਿਰ ਚੜ੍ਹ ਬੋਲ ਰਿਹਾ ਹੈ। ਅਧਿਆਪਕ ਤੇ ਮਾਪੇ ਚਿੰਤਤ ਹਨ, ਇਸ ਪੀੜ੍ਹੀ-ਪਾੜੇ ਤੋਂ। ਉਹਨਾਂ ਨੂੰ ਲੱਗਦਾ ਹੈ ਕਿ ਵਿਦਿਆਰਥੀਆਂ ਦੇ ਮਨਾਂ ਵਿਚ ਅਧਿਆਪਕਾਂ ਪ੍ਰਤੀ ਪਹਿਲਾਂ ਵਾਲਾ ਸਤਿਕਾਰ ਨਹੀਂ ਰਿਹਾ, ਬੱਚੇ ਮਾਪਿਆਂ ਤੋਂ ਬੇਵਾਹਰਾ ਹੋ ਰਹੇ ਹਨ। ਬੱਚਿਆਂ ਤੇ ਮਾਪਿਆਂ ਵਿਚਲਾ ਸੰਵਾਦ ਘਟ ਰਿਹਾ ਹੈ, ਅਧਿਆਪਕ-ਵਿਦਿਆਰਥੀ ਰਿਸ਼ਤਿਆਂ ਵਿਚ ਤਰੇੜਾਂ ਪੈਦਾ ਹੋ ਰਹੀਆਂ ਹਨ। ਮਾਪਿਆਂ ਤੇ ਬੱਚਿਆਂ ਵਿਚਕਾਰ ਤਣਾਅ ਵਧ ਰਿਹਾ ਹੈ। ਇਹ ਪੀੜ੍ਹੀ-ਪਾੜੇ ਦਾ ਸ਼ਬਦ 20ਵੀਂ ਸਦੀ ਦੇ ਪਿਛਲੇ ਦਹਾਕਿਆਂ ਵਿਚ ਹੀ ਮੰਚ 'ਤੇ ਆਇਆ ਹੈ ਤੇ ਲੋਕਾਂ ਦੀ ਜ਼ਿੰਦਗੀ ਵਿਚ ਪ੍ਰਵੇਸ਼ ਕਰ ਗਿਆ ਹੈ ਅਤੇ ਹੁਣ 21ਵੀਂ ਸਦੀ ਵਿਚ ਇਹ ਪੀੜ੍ਹੀ-ਪਾੜਾ ਹੋਰ ਤੇਜ਼ੀ ਨਾਲ ਵਧ ਰਿਹਾ ਹੈ। ਨਵਾਂ ਕੀ ਵਾਪਰਿਆ?
ਕਿਉਂਕਿ ਪੁਰਾਣੇ ਸਮਿਆਂ ਵਿਚ ਲੰਬਾ ਸਮਾਂ ਖੜ੍ਹੋਤ ਬਣੀ ਰਹਿੰਦੀ ਸੀ। ਸੈਂਕੜੇ ਹਜ਼ਾਰਾਂ ਸਾਲਾਂ ਤੱਕ ਉਹੋ ਗਿਆਨ ਚੱਲਦਾ ਜਾਂਦਾ ਸੀ। ਕੋਈ ਤਬਦੀਲੀ ਨਹੀਂ ਸੀ ਹੁੰਦੀ। ਪਿਤਾ ਪੁਰਖੀ ਗਿਆਨ ਤੇ ਪਿਤਾ ਪੁਰਖੀ ਧੰਦੇ ਚੱਲਦੇ ਆਉਂਦੇ ਸਨ। ਬੱਚੇ ਜੁਆਨੀ ਤੋਂ ਪਹਿਲਾਂ ਹੀ ਪਿਤਾ ਪੁਰਖੀ ਧੰਦਿਆਂ ਵਿਚ ਹੱਥ ਵਟਾਉਣ ਲੱਗ ਜਾਂਦੇ ਸਨ। ਗਿਆਨ ਦਾ ਸੰਬੰਧ ਵਧੇਰੇ ਉਮਰ ਤੇ ਤਜਰਬੇ ਨਾਲ ਸੀ। ਪਿਤਾ ਬੱਚੇ ਨਾਲੋਂ ਤਜਰਬੇ ਕਾਰਨ ਵਧੇਰੇ ਗਿਆਨ ਰੱਖਦਾ ਸੀ, ਅਧਿਆਪਕ ਨੂੰ ਵਿਦਿਆਰਥੀ ਦੇ ਮੁਕਾਬਲੇ ਵਿਚ ਵਧੇਰੇ ਜਾਣਕਾਰੀ ਸੀ। ਗਿਆਨ ਦਾ ਪਾੜਾ ਵਧੇਰੇ ਸੀ। ਗਿਆਨ ਦੇ ਇਸ ਪਾੜੇ ਕਾਰਨ ਬੱਚਿਆਂ ਦੇ ਮਨ ਅੰਦਰ ਮਾਪਿਆਂ ਪ੍ਰਤੀ ਅਤੇ ਵਿਦਿਆਰਥੀਆਂ ਦੇ ਮਨ ਅੰਦਰ ਅਧਿਆਪਕਾਂ ਪ੍ਰਤੀ ਸਤਿਕਾਰ ਤੇ ਆਦਰ ਮਾਣ ਸੁਭਾਵਿਕ ਬਣਿਆ ਹੋਇਆ ਸੀ। ਪਹਿਲੀ ਪੀੜ੍ਹੀ ਦੀ ਕੜੀ ਦੂਜੀ ਪੀੜ੍ਹੀ ਨਾਲੋਂ ਟੁੱਟਦੀ ਹੀ ਨਹੀਂ ਸੀ। ਇਸ ਲਈ ਪੀੜ੍ਹੀ-ਪਾੜਾ ਨਹੀਂ ਸੀ ਪੈਂਦਾ ਹੁੰਦਾ। ਪ੍ਰੰਤੂ ਅੱਜ ਸਥਿਤੀ ਵੱਖਰੀ ਹੈ। ਪਹਿਲਾਂ ਵਾਲੀ ਨਹੀਂ ਰਹੀ। ਗਿਆਨ ਦਾ ਘੇਰਾ ਵਸੀਹ ਪੈਮਾਨੇ 'ਤੇ ਫੈਲ ਰਿਹਾ ਹੈ। ਆਏ ਦਿਨ ਗਿਆਨ ਦਾ ਨਵਾਂ ਵਿਸਫੋਟ ਹੋ ਰਿਹਾ ਹੈ। ਪਿਛਲੇ 2000 ਸਾਲਾਂ ਦਾ ਗਿਆਨ 200 ਸਾਲਾਂ ਵਿਚ ਹੀ ਪਸਰ ਗਿਆ, 200 ਸਾਲਾਂ ਦਾ 20 ਸਾਲਾਂ ਵਿਚ ਤੇ ਹੁਣ 20 ਸਾਲਾਂ ਵਾਲਾ 2 ਸਾਲਾਂ ਵਿਚ ਪਸਰ ਰਿਹਾ ਹੈ ਤੇ ਗਿਆਨ ਦਾ ਇਹ ਵਿਸਫੋਟ ਹੋਰ ਵੀ ਤੇਜ਼ੀ ਨਾਲ ਹੋ ਰਿਹਾ ਹੈ। ਪਹਿਲਾਂ ਗਿਆਨ ਦਾ ਘੇਰਾ ਸੀਮਤ ਸੀ ਹੁਣ ਗਿਆਨ ਦੀ ਕੋਈ ਸੀਮਾ ਹੀ ਨਹੀਂ ਰਹੀ। ਹਰ ਵੀਹ ਸਾਲਾਂ ਬਾਅਦ ਜਦ ਨਵੀਂ ਪੀੜ੍ਹੀ ਆਉਂਦੀ ਹੈ ਤਾਂ ਗਿਆਨ ਦਾ ਨਵਾਂ ਵਿਸਫੋਟ ਹੋ ਚੁੱਕਿਆ ਹੁੰਦਾ ਹੈ। ਇਸੇ ਵਿਸਫੋਟ ਕਾਰਨ ਹੀ ਵਿਗਿਆਨ ਦੇ ਖੇਤਰ ਵਿਚ ਅੱਜ ਕੱਲ੍ਹ ਵਿਗਿਆਨੀ ਵੱਡੀਆਂ ਵੱਡੀਆਂ ਕਿਤਾਬਾਂ ਨਹੀਂ ਲਿਖਦੇ ਸਗੋਂ ਆਪਣੀਆਂ ਖੋਜਾਂ ਦੇ ਪੇਪਰ ਲਿਖਦੇ ਹਨ ਤੇ ਪੱਤ੍ਰਿਕਾਵਾਂ ਵਿਚ ਛਪਵਾਉਂਦੇ ਹਨ, ਕਿਉਂਕਿ ਵੱਡੀ ਕਿਤਾਬ ਲਿਖਦੇ ਲਿਖਦੇ ਗਿਆਨ ਦਾ ਹੋਰ ਵਿਸਫੋਟ ਹੋ ਚੁੱਕਿਆ ਹੁੰਦਾ ਹੈ। ਗਿਆਨ ਦੇ ਇਸ ਪਸਾਰੇ ਤੇ ਵਿਸਫੋਟ ਨਾਲ ਇਹ ਸੰਭਵ ਹੈ ਸਗੋਂ ਹਕੀਕਤ ਹੀ ਹੈ ਕਿ ਅਜੋਕੇ ਬੱਚੇ ਆਪਣੇ ਮਾਪਿਆਂ ਨਾਲੋਂ ਅਤੇ ਵਿਦਿਆਰਥੀ ਆਪਣੇ ਅਧਿਆਪਕਾਂ ਨਾਲੋਂ ਵਧੇਰੇ ਜਾਣਕਾਰੀ ਤੇ ਗਿਆਨ ਹਾਸਲ ਕਰ ਸਕਦੇ ਹਨ ਕਿਉਂਕਿ ਵੀਹ ਸਾਲ ਪਹਿਲਾਂ ਦਾ ਪੜ੍ਹਿਆ ਅਧਿਆਪਕ ਆਪਣੇ ਵਿਦਿਆਰਥੀ ਨਾਲੋਂ ਪਛੜ ਸਕਦਾ/ਜਾਂਦਾ ਹੈ। ਕਿਉਂਕਿ ਜੋ ਕੁੱਝ ਨਵਾਂ ਵਾਪਰ ਰਿਹਾ ਹੈ, ਜੋ ਨਵਾਂ ਵਿਸਫੋਟ ਹੋ ਰਿਹਾ ਹੈ, ਉਸ ਬਾਰੇ ਪੁਰਾਣੇ ਮਾਪੇ ਤੇ ਪੁਰਾਣੇ ਅਧਿਆਪਕ ਅਣਜਾਣ ਹਨ, ਇੰਟਰਨੈੱਟ ਹੈ, ਮੀਡੀਆ ਹੈ। ਜਿਉਂ ਜਿਉਂ ਗਿਆਨ ਦਾ ਤੇਜ਼ੀ ਨਾਲ ਪਸਾਰਾ ਹੋ ਰਿਹਾ ਹੈ, ਅੱਜ ਦੇ ਬੱਚਿਆਂ/ ਵਿਦਿਆਰਥੀਆਂ ਦੇ ਪੜ੍ਹਨ ਲਈ ਲਾਇਬਰੇਰੀਆਂ ਹਨ, ਅਧੁਨਿਕ ਕੰਪਿਊਟਰ ਹਨ, ਬੱਚਿਆਂ/ ਵਿਦਿਆਰਥੀਆਂ ਦੀ ਸੰਵੇਦਨ-ਪ੍ਰਤੀਕਿਰਿਆ ਵੀ ਉਵੇਂ ਹੀ ਤਿੱਖੀ ਹੋ ਰਹੀ ਹੈ। ਜਿੰਨੀ ਤੇਜ਼ੀ ਨਾਲ ਉਹ ਅਧੁਨਿਕ ਤਕਨੀਕ ਗ੍ਰਹਿਣ ਕਰ ਸਕਦੇ ਹਨ, ਉਹਨਾਂ ਦੇ ਮਾਪੇ ਤੇ ਅਧਿਆਪਕ ਨਹੀਂ ਕਰ ਸਕਦੇ। ਪਹਿਲਾਂ ਬੱਚਿਆਂ/ਵਿਦਿਆਰਥੀਆਂ ਲਈ ਮਾਪਿਆਂ/ਅਧਿਆਪਕਾਂ ਤੋਂ ਵਧੇਰੇ ਜਾਣਕਾਰੀ ਰੱਖਣਾ ਅਸੰਭਵ ਸੀ ਪ੍ਰੰਤੂ ਹੁਣ ਵਡੇਰਿਆਂ ਲਈ ਨਵੀਂ ਪੀੜ੍ਹੀ ਦੇ ਪੈਰ ਨਾਲ ਪੈਰ ਮਿਲਾ ਕੇ ਚੱਲਣਾ ਅਸੰਭਵ ਜਾਪ ਰਿਹਾ ਹੈ। ਪਹਿਲਾਂ ਜੋ ਬੱਚੇ ਨੂੰ/ਵਿਦਿਆਰਥੀ ਨੂੰ ਯਕੀਨ ਸੀ ਕਿ ਮਾਂ- ਬਾਪ/ਅਧਿਆਪਕ ਉਸ ਨਾਲੋਂ ਵਧੇਰੇ ਜਾਣਕਾਰੀ ਰੱਖਦੇ ਹਨ, ਵਧੇਰੇ ਗਿਆਨ ਰੱਖਦੇ ਹਨ, ਹੁਣ ਇਹ ਯਕੀਨ ਨਹੀਂ ਰਿਹਾ, ਟੁੱਟ ਗਿਆ ਹੈ ਤੇ ਇਹੋ ਪੀੜ੍ਹੀ-ਪਾੜਾ ਹੈ ਜੋ ਵਧ ਰਿਹਾ ਹੈ।
ਇਸ ਪੀੜ੍ਹੀ-ਪਾੜੇ ਨੇ ਅਧਿਆਪਕ ਤੇ ਵਿਦਿਆਰਥੀ ਰਿਸ਼ਤਿਆਂ ਵਿਚ ਵੀ ਵੱਡੀ ਤਬਦੀਲੀ ਲਿਆਂਦੀ ਹੈ। ਅੱਜ ਇੱਕ ਪਾਸੇ ਅਧਿਆਪਨ ਵੀ ਹੋਰ ਪੇਸ਼ਿਆਂ ਵਾਂਗ ਇੱਕ ਪੇਸ਼ਾ ਬਣ ਚੁੱਕਿਆ ਹੈ, ਰੋਟੀ-ਰੋਜ਼ੀ ਦਾ ਸਾਧਨ ਬਣ ਚੁੱਕਿਆ ਹੈ ਤੇ ਦੂਜੇ ਪਾਸੇ ਗਿਆਨ ਪੱਖੋਂ/ਜਾਣਕਾਰੀ ਪੱਖੋਂ ਅਧਿਆਪਕ ਵਿਦਿਆਰਥੀ ਰਿਸ਼ਤੇ ਦਾ ਫਾਸਲਾ ਬਹੁਤ ਘਟ ਗਿਆ ਹੈ। ਗਿਆਨ ਦਾ ਘੇਰਾ ਸੀਮਤ ਹੋਣ ਕਾਰਨ ਪਹਿਲਾਂ ਅਧਿਆਪਕ ਨਿਸ਼ਚਿੰਤ ਸੀ, ਉਸ ਨੂੰ ਭਰੋਸਾ ਸੀ ਕਿ ਉਹ ਜੋ ਕਹਿ ਰਿਹਾ ਹੈ, ਵਿਦਿਆਰਥੀਆਂ ਨੂੰ ਸਿਖਾ ਰਿਹਾ ਹੈ, ਅੱਜ ਵੀ ਸਹੀ ਹੈ ਤੇ ਕੱਲ੍ਹ ਨੂੰ ਵੀ ਸਹੀ ਹੋਵੇਗਾ, ਕੁੱਝ ਵੀ ਬਦਲਣ ਵਾਲਾ ਨਹੀਂ ਹੈ। ਪ੍ਰੰਤੂ ਅੱਜ ਸਥਿਤੀ ਇਹ ਨਹੀਂ ਰਹੀ। ਅਧਿਆਪਕ ਜੋ ਅੱਜ ਸਿਖਾ ਰਿਹਾ ਹੈ, ਜ਼ਰੂਰੀ ਨਹੀਂ ਕੱਲ੍ਹ ਨੂੰ ਉਹ ਸਹੀ ਰਹੇਗਾ ਜਾਂ ਨਹੀਂ ਬਦਲੇਗਾ। ਅੱਜ ਦਾ ਗਿਆਨ ਕੱਲ੍ਹ ਨੂੰ ਵੇਲਾ ਵਿਹਾਅ ਚੁੱਕਾ ਹੋ ਸਕਦਾ ਹੈ, ਅੱਜ ਦੀਆਂ ਸਹੀ ਧਾਰਨਾਵਾਂ ਤੇ ਮਨੌਤਾਂ ਕੱਲ੍ਹ ਨੂੰ ਗਲਤ ਸਾਬਤ ਹੋ ਸਕਦੀਆਂ ਹਨ। ਗਿਆਨ ਦੇ ਫਾਸਲੇ ਕਾਰਨ ਅਧਿਆਪਕ ਲੱਗਭੱਗ ਚੋਟੀ 'ਤੇ ਸੀ ਤੇ ਵਿਦਿਆਰਥੀ ਧਰਾਤਲ 'ਤੇ ਸੀ। ਇਸ ਕਾਰਨ ਅਧਿਆਪਕ ਦਾ ਆਦਰ ਮਾਣ ਤੇ ਸਤਿਕਾਰ ਸੁਭਾਵਿਕ ਹੀ ਸੀ। ਗਿਆਨ ਦੇ ਫਾਸਲੇ ਕਾਰਨ ਅਧਿਆਪਕ ਆਦਰ ਤੇ ਮਾਣ-ਸਤਿਕਾਰ ਦੀ ਇੱਛਾ ਵੀ ਰੱਖਦਾ ਸੀ ਤੇ ਮੰਗ ਵੀ ਕਰਦਾ ਸੀ, ਵਿਦਿਆਰਥੀ ਤੋਂ। ਪ੍ਰੰਤੂ ਜਦ ਇਹ ਫਾਸਲਾ ਬਹੁਤ ਘੱਟ ਹੋਵੇ ਜਿਵੇਂ ਕਿ ਮੌਜੂਦਾ ਸਥਿਤੀ ਹੈ ਤਾਂ ਪਹਿਲਾਂ ਵਾਲਾ ਆਦਰ ਮਾਣ ਤੇ ਸਤਿਕਾਰ ਸੰਭਵ ਨਹੀਂ ਹੈ। ਗਿਆਨ ਦਾ ਸੰਬੰਧ ਜਿੰਨਾ ਪਹਿਲਾਂ ਉਮਰ ਤੇ ਤਜਰਬੇ ਨਾਲ ਸੀ, ਉਹ ਹੁਣ ਉਨਾਂ ਨਹੀਂ ਰਿਹਾ, ਕਿਉਂਕਿ ਬੱਚਾ/ਵਿਦਿਆਰਥੀ ਗਿਆਨ ਦੇ ਨਵੇਂ ਵਿਸਫੋਟ ਵਿਚ ਦੀ ਲੰਘ ਰਿਹਾ ਹੈ, ਜਦ ਕਿ ਮਾਂ-ਬਾਪ/ਅਧਿਆਪਕ ਦਾ ਗਿਆਨ ਪੁਰਾਣਾ ਹੈ, ਰੁਕਿਆ ਹੋਇਆ ਹੈ। ਮਾਂ-ਬਾਪ/ਅਧਿਆਪਕ ਅਤੀਤ ਦੀ ਪ੍ਰਤੀਨਿਧਤਾ ਕਰਦੇ ਹਨ ਬੱਚਾ/ਵਿਦਿਆਰਥੀ ਭਵਿੱਖ ਦੀ। ਇਸ ਪੱਖੋਂ ਮਾਂ-ਬਾਪ ਤੇ ਬੱਚਿਆਂ ਦੇ ਰਿਸ਼ਤੇ ਅੰਦਰ ਵਿਰੋਧ ਖੜ੍ਹੇ ਹੋਣੇ ਅਤੇ ਅਧਿਆਪਕ ਵਿਦਿਆਰਥੀ ਰਿਸ਼ਤੇ ਅੰਦਰ ਤਣਾਅ ਪੈਦਾ ਹੋਣਾ ਸੁਭਾਵਿਕ ਹੈ, ਜੋ ਅੱਜ ਅਸੀਂ ਦੇਖ ਸੁਣ ਰਹੇ ਹਾਂ (ਭਾਵੇਂ ਇਸ ਅੰਦਰ ਹੋਰ ਵੀ ਕਈ ਆਰਥਿਕ-ਸਮਾਜਿਕ ਕਾਰਨ ਭੂਮਿਕਾ ਨਿਭਾਉਂਦੇ ਹੋ ਸਕਦੇ ਹਨ।)
ਅਜੋਕੇ ਅਧਿਆਪਕ ਦੀ ਭੂਮਿਕਾ ਕੀ ਹੋਵੇ?
ਸਾਡੀ ਸਾਰੀ ਪੁਰਾਣੀ ਸਿੱਖਿਆ ਪ੍ਰਣਾਲੀ ਅਧਿਆਪਕ ਕੇਂਦਰ 'ਤੇ ਸੀ ਤੇ ਵਿਦਿਆਰਥੀ ਹਾਸ਼ੀਏ 'ਤੇ ਖੜ੍ਹਾ ਸੀ। ਅਧਿਆਪਕ ਦਾ ਸੁਭਾਅ ਅੱਖੜ ਸੀ, ਵਤੀਰਾ ਦਬਾਊ ਸੀ, ਨਿਮਰਤਾ ਦੀ ਘਾਟ ਸੀ। ਨਿਮਰਤਾ ਦੀ ਆਸ ਵਿਦਿਆਰਥੀ ਤੋਂ ਹੀ ਰੱਖੀ ਜਾਂਦੀ ਸੀ। ਵਿਦਿਆਰਥੀ ਦੇ ਮੂੰਹੋਂ 'ਹਾਂ' ਸੁਣਨ ਦਾ ਹੀ ਆਦੀ ਸੀ ਅਧਿਆਪਕ। ਵਿਦਿਆਰਥੀ ਵੱਲੋਂ ਕੀਤੀ 'ਨਾਂਹ' ਜਾਂ ਕੀਤਾ 'ਕਿੰਤੂ' ਗੁਸਤਾਖੀ ਸਮਝੀ ਜਾਂਦੀ ਸੀ। ਪ੍ਰੰਤੂ ਹੁਣ ਬਦਲੀ ਹੋਈ ਸਥਿਤੀ ਨਾਲ ਤੇ ਗਿਆਨ ਵਸੀਹ ਪਸਾਰੇ ਨਾਲ ਸਿੱਖਿਆ ਪ੍ਰਣਾਲੀ ਪੂਰੀ ਤਰ੍ਹਾਂ ਬਦਲਣੀ ਹੋਵੇਗੀ। ਨਵੀਂ ਸਿੱਖਿਆ ਪ੍ਰਣਾਲੀ ਅੰਦਰ ਵਿਦਿਆਰਥੀ ਕੇਂਦਰ 'ਤੇ ਹੋਵੇਗਾ, ਅਧਿਆਪਕ ਹਾਸ਼ੀਏ 'ਤੇ ਖੜ੍ਹਾ ਹੋਵੇਗਾ। ਅਧਿਆਪਕ ਨੂੰ ਆਪਣੀ ਪਹਿਲਾਂ ਵਾਲੀ ਚਾਲ-ਢਾਲ ਬਦਲਣੀ ਹੋਵੇਗੀ। ਅਧਿਆਪਕ ਨੂੰ ਖੁਦ ਨਿਮਰ ਤੇ ਨਿਰਮਾਣ ਹੋਣਾ ਪਵੇਗਾ। ਪਹਿਲਾਂ ਵਾਂਗ ਆਦਰ ਮਾਣ ਤੇ ਸਤਿਕਾਰ ਦੀ ਇੱਛਾ ਤਿਆਗ ਕੇ ਸਗੋ ਵਿਦਿਆਰਥੀ ਦਾ ਪੂਰਨ ਆਦਰ ਮਾਨ ਤੇ ਸਤਿਕਾਰ ਕਰਨਾ ਹੋਵੇਗਾ। ਵਿਦਿਆਰਥੀ ਨਾਲ ਮੋਹ-ਪਿਆਰ ਤੇ ਦੋਸਤੀ ਦਾ ਰਿਸ਼ਤਾ ਗੰਢਣਾ ਹੋਵੇਗਾ। ਹਰ ਵਿਦਿਆਰਥੀ ਦੇ ਇੱਕ ਲਾਇਕ ਇਨਸਾਨ ਬਣ ਸਕਣ ਦੀ ਯੋਗਤਾ 'ਤੇ ਭਰੋਸਾ ਕਰਨਾ ਹੋਵੇਗਾ। ਗਿਆਨ ਦੇ ਫਾਸਲੇ ਕਾਰਨ ਥੋਪੇ ਗਏ ਆਦਰ ਮਾਣ ਦੀ ਜਗ੍ਹਾ ਮੋਹ-ਪਿਆਰ ਵਿਚੋਂ ਉਪਜੇ ਆਦਰ ਦਾ ਦਰਜ਼ਾ ਉੱਚਾ ਹੋਵੇਗਾ। ਅਜੋਕੇ ਅਧਿਆਪਕ ਨੂੰ ਵਿਦਿਆਰਥੀ ਅੰਦਰ (ਅੰਨ੍ਹਾ) ਵਿਸ਼ਵਾਸ਼/ਸ਼ਰਧਾ ਪੈਦਾ ਕਰਨ ਦੀ ਥਾਂ ਵਿਚਾਰ ਤੇ ਆਤਮ-ਵਿਸ਼ਵਾਸ਼ ਪੈਦਾ ਕਰਨਾ ਹੋਵੇਗਾ। ਅਜਿਹਾ ਵਿਦਿਆਰਥੀ ਪੈਦਾ ਕਰਨਾ ਹੋਵੇਗਾ, ਜਿਹੜਾ ਸ਼ਰਧਾ ਦਾ ਬੱਝਿਆ ਸਿਰਫ 'ਹਾਂ' ਕਹਿਣ ਦੀ ਬਜਾਏ ਆਪਣੇ ਆਤਮ ਵਿਸ਼ਵਾਸ਼ ਦੇ ਸਿਰ 'ਤੇ ਆਪਣੇ ਸੱਚ ਤੇ ਅਕੀਦੇ ਖਾਤਰ 'ਬਾਗੀ' ਹੋਣ ਦਾ ਜੇਰਾ ਵੀ ਕਰ ਸਕਦਾ ਹੋਵੇ। ਗਲੀ-ਸੜੀ ਸਥਾਪਤੀ ਨਾਲ ਬੱਝਣ ਦੀ ਥਾਂ ਅੱਗੇਵਧੂ ਤਬਦੀਲੀ ਲਿਆਉਣ ਲਈ ਉਤਸੁਕ ਹੋਵੇ। ਅਜੋਕੇ ਅਧਿਆਪਕ ਨੂੰ ਵਿਦਿਆਰਥੀ ਅੰਦਰਲੇ ਸਵੈਮਾਨ ਦਾ ਕੇਵਲ ਸਤਿਕਾਰ ਹੀ ਨਹੀਂ ਕਰਨਾ ਹੋਵੇਗਾ ਸਗੋਂ ਉਸ ਅੰਦਰ ਗੌਰਵ ਤੇ ਸਵੈਮਾਨ ਦੀ ਭਾਵਨਾ ਜਗਾਉਣੀ ਹੋਵੇਗੀ। ਉਸ ਦੇਸਵੈਮਾਨ ਨੂੰ ਕਿਸੇ ਵੀ ਸੂਰਤ ਵਿਚ ਠੇਸ ਲੱਗਣ ਤੋਂ ਬਚਾਉਣਾ ਹੋਵੇਗਾ, ਕਿਉਂਕਿ ਬੱਚੇ/ ਵਿਦਿਆਰਥੀ ਦੇ ਜੀਵਨ ਵਿਚ ਉਸਦੇ ਸਵੈਮਾਨ ਨੂੰ ਲੱਗੀ ਠੇਸ ਤੋਂ ਮੰਦਭਾਗੀ ਹੋਰ ਕੋਈ ਘਟਨਾ ਨਹੀਂ ਹੋ ਸਕਦੀ। ਅਜੋਕੇ ਅਧਿਆਪਕ ਨੂੰ ਪਹਿਲਾਂ ਵਾਂਗ ਵਿਦਿਆਰਥੀ ਨੂੰ ਆਪ ਹਾਸਲ ਕੀਤੇ ਗਿਆਨ ਦੀ ਜਾਣਕਾਰੀ ਦੇਣ ਤੱਕ ਹੀ ਸੀਮਤ ਨਾ ਰੱਖ ਕੇ, ਉਸ ਨੂੰ ਗਿਆਨਵਾਨ ਬਣਾਉਣ ਦੀ ਦਿਸ਼ਾ ਵੱਲ ਤੋਰਨਾ ਹੋਵੇਗਾ। ਪ੍ਰਸ਼ਨਾਂ ਦੇ ਘੜੇ-ਘੜਾਏ ਉੱਤਰ ਸਿਖਾਉਣ ਦੀ ਥਾਂ ਸਗੋਂ ਨਵੇਂ ਪ੍ਰਸ਼ਨ ਵਿਦਿਆਰਥੀਆਂ ਦੇ ਮਨਾਂ ਅੰਦਰ ਉਤੇਜਿਤ ਕਰਨੇ ਹੋਣਗੇ, ਜਿਹਨਾਂ ਨੂੰ ਲੈ ਕੇ ਉਹ ਆਪਣੇ ਜੀਵਨ ਦੇ ਵਿਸ਼ਾਲ ਸਾਗਰ ਵਿਚ ਗੋਤੇ ਲਾ ਕੇ, ਉਹਨਾਂ ਦੇ ਉੱਤਰ ਖੋਜਣ ਦੀ ਰਾਹ 'ਤੇ ਤੁਰ ਸਕੇ। ਵਿਦਿਆਰਥੀ ਦੀ ਯਾਦ-ਸ਼ਕਤੀ ਤੇਜ਼ ਕਰਨ ਦੀ ਥਾਂ ਉਸਦੀ ਬੁੱਧੀ ਦਾ ਵਿਕਾਸ ਕਰਨਾ ਹੋਵੇਗਾ ਕਿਉਂਕਿ ਯਾਦ ਸ਼ਕਤੀ ਦਾ ਸੰਬੰਧ ਅਤੀਤ ਨਾਲ ਹੈ, ਪਰ ਬੁੱਧੀ ਦਾ ਸੰਬੰਧ ਭਵਿੱਖ ਨਾਲ ਹੈ। ਤੇ ਵਿਦਿਆਰਥੀ ਨੂੰ ਸਿਰਫ ਅਤੀਤ ਦਾ ਗਿਆਨ ਦੇਣ ਦੀ ਥਾਂ ਭਵਿੱਖ ਦੇ ਯੋਗ ਨਾਗਰਿਕ ਬਣਾਉਣ ਲਈ ਤਿਆਰ ਕਰਨਾ ਹੋਵੇਗਾ। ਉਸ ਨੂੰ ਗਿਆਤ ਤੋਂ ਅਗਿਆਤ ਦਿਸਹੱਦੇ ਫਰੋਲਣ ਲਈ ਠੇਲ੍ਹਣਾ ਹੋਵੇਗਾ। ਜੋ ਕੁਝ ਅਧਿਆਪਕ ਦੇ ਅੰਦਰ ਹੈ ਤੇ ਜੋ ਕੁੱਝ ਉਹ ਜਾਣਦਾ ਹੈ, ਸਿਰਫ ਉਸਦੀ ਜਾਣਕਾਰੀ ਹੀ ਵਿਦਿਆਰਥੀ ਅੰਦਰ ਭਰਨ ਦੀ ਥਾਂ ਵਿਦਿਆਰਥੀ ਦੇ ਅੰਦਰਲੀ ਲੁਪਤ ਸ਼ਕਤੀ, ਪ੍ਰਤਿਭਾ ਤੇ ਸੁੱਤੀ ਕਲਾ ਨੂੰ ਜਗਾਉਣਾ ਹੋਵੇਗਾ, ਤਾਂ ਕਿ ਉਸ ਅੰਦਰ ਲੁਪਤ ਸ਼ਕਤੀ, ਕਲਾ, ਪ੍ਰਤਿਭਾ ਦਾ ਸਿਹਤਮੰਦ ਪੁੰਗਰਣ ਹੋ ਸਕੇ। ਵਿਦਿਆਰਥੀ ਨੂੰ ਸੋਚਣ ਕਿਵੇਂ ਲਾਉਣਾ ਹੈ, ਇਸ ਧਰਾਤਲ ਤੋਂ ਖੜ੍ਹਕੇ ਅਜੋਕੇ ਅਧਿਆਪਕ ਨੂੰ ਦੇਖਣਾ ਹੋਵੇਗਾ। ਸਿਰਫ ਕਿਤਾਬਾਂ/ਸਲੇਬਸਾਂ ਵਿਚ ਲਿਖੇ ਨੂੰ ਸਿਖਾਉਣ ਦੀ ਥਾਂ ਵਿਦਿਆਰਥੀ ਅੰਦਰ ਸਿੱਖਣ ਦੀ ਤਾਂਘ ਪੈਦਾ ਕਰਨੀ ਹੋਵੇਗੀ। ਉਸ ਦੇ ਧੁਰ ਅੰਦਰਲੇ ਜਜ਼ਬਿਆਂ/ਵਲਵਲਿਆਂ ਨੂੰ ਟੁੰਬਣ ਵਾਲੀ ਧੁਨ ਪੈਦਾ ਕਰਨੀ ਹੋਵੇਗੀ। ਸਿਰਫ ਆਲੇ- ਦੁਆਲੇ ਦੇ ਸੰਸਾਰ ਦੀ ਜਾਣਕਾਰੀ ਦੇਣ ਦੀ ਥਾਂ ਉਸਦਾ ਸੰਸਾਰ ਦ੍ਰਿਸ਼ਟੀਕੋਣ ਵਿਗਿਆਨਕ ਤੇ ਤਰਕਸ਼ੀਲ ਬਣਾਉਣ ਦੇ ਜ਼ਾਵੀਏ ਤੋਂ ਪੜ੍ਹਾਉਣਾ ਹੋਵੇਗਾ। ਪ੍ਰੰਤੂ ਉਕਤ ਸਾਰੇ ਕਾਰਜ ਨਿਭਾਉਣ ਲਈ ਅਜੋਕੇ ਅਧਿਆਪਕ ਨੂੰ ਖੁਦ ਜੀਵਨ ਭਰ ਇੱਕ ਚੰਗੇ ਸਿੱਖਿਆਰਥੀ ਵਾਂਗ ਸਿੱਖਿਅਤ ਹੁੰਦੇ ਰਹਿਣਾ ਹੋਵੇਗਾ, ਕਿਉਂਕਿ ਬੱਚਿਆਂ ਨੂੰ/ਵਿਦਿਆਰਥੀਆਂ ਨੂੰ ਚਾਨਣ ਦੀ ਇੱਕ ਛਿੱਟ ਦੇਣ ਲਈ ਅਧਿਆਪਕ ਲਈ ਆਪਣੇ ਅੰਦਰ ਚਾਨਣ ਦਾ ਪੂਰਾ ਸਮੁੰਦਰ ਜਜ਼ਬ ਕਰਨਾ ਜ਼ਰੂਰੀ ਹੈ।
ਅਤੇ ਜੇ ਅਜੋਕੇ ਅਧਿਆਪਕ ਨੇ ਆਪਣੀ ਚਾਲ-ਢਾਲ ਨਾ ਬਦਲੀ ਤਾਂ ਅਧਿਆਪਕ ਵਿਦਿਆਰਥੀ ਰਿਸ਼ਤੇ ਦੀ ਖਾਈ ਹੋਰ ਚੌੜੀ ਹੁੰਦੀ ਜਾਵੇਗੀ ਤੇ ਤਣਾਓ ਹੋਰ ਵਧੇਗਾ ਤੇ ਪੀੜ੍ਹੀ- ਪਾੜੇ ਦਾ ਭੂਤ ਹੋਰ ਸਤਾਏਗਾ। ਜਿਹੜੇ ਅਧਿਆਪਕ ਅੱਜ ਵੀ ਉਕਤ ਦ੍ਰਿਸ਼ਟੀਕੋਣ ਅਪਣਾ ਕੇ ਵਿਦਿਆਰਥੀਆਂ ਨਾਲ ਵਿਚਰਦੇ ਹਨ, ਪੜ੍ਹਾਉਂਦੇ ਹਨ, ਉਹਨਾਂ ਲਈ ਅੱਜ ਵੀ ਇਹ ਕੋਈ ਸੁਆਲ ਨਹੀਂ ਹੈ ਤੇ ਚਿੰਤਾ ਨਹੀਂ ਹੈ ਕਿ ਵਿਦਿਆਰਥੀ ਉਹਨਾਂ ਦਾ ਸਤਿਕਾਰ ਨਹੀਂ ਕਰਦੇ। ਵਿਦਿਆਰਥੀ ਉਹਨਾਂ ਦਾ ਪੂਰਾ ਸਤਿਕਾਰ ਕਰਦੇ ਹਨ। ਲੋੜ ਅਜੋਕੇ ਅਧਿਆਪਕਾਂ ਨੂੰ ਅਜੋਕੀ ਸਥਿਤੀ ਵਿਚ ਆਪਣਾ ਦ੍ਰਿਸ਼ਟੀਕੋਣ ਬਦਲਣ ਦੀ ਹੈ।
-
ਯਸ਼ਪਾਲ, ਅਧਿਆਪਕ ਆਗੂ
yashpal.vargchetna@gmail.com
9814535005
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.