ਸਮੁੱਚੀ ਸਿੱਖਿਆ ਪ੍ਰਣਾਲੀ ਦੇ ਮੰਚ ਦਾ ਕੇਂਦਰੀ ਪਾਤਰ ਅਧਿਆਪਕ ਤੇ ਕੇਂਦਰੀ ਬਿੰਦੂ ਵਿਦਿਆਰਥੀ ਹੀ ਬਣਦਾ ਹੈ। ਸਿੱਖਿਆ ਪ੍ਰਣਾਲੀ ਦੇ ਬਾਕੀ ਸਭ ਅੰਗ ਸਹਾਇਕ ਸਮੱਗਰੀ ਦਾ ਰੋਲ ਹੀ ਨਿਭਾਉਂਦੇ ਹਨ। ਸਿੱਖਿਆ ਕਿਹੋ ਜਿਹੀ ਦੇਣੀ ਹੈ, ਕਿਵੇਂ ਦੇਣੀ ਹੈ, ਇਸ ਦਾ ਸਾਧਨ ਅਧਿਆਪਕ ਹੀ ਬਣਦਾ ਹੈ। ਹੋਰਨਾਂ ਵਰਗਾਂ ਦੇ ਮੁਕਾਬਲਤਨ ਅਧਿਆਪਕ ਦਾ ਹੱਥ ਸਮਾਜ ਦੀ ਇੱਕ ਅਜਿਹੀ ਕੱਲ੍ਹ 'ਤੇ ਹੈ (ਬੱਚਿਆਂ ਦੀ ਪੀੜ੍ਹੀ ਦਰ ਪੀੜ੍ਹੀ) ਜਿਸ ਰਾਹੀਂ ਉਹ ਸਮੁੱਚੀ ਕੌਮ ਦੀ ਤਬਦੀਲੀ ਦਾ ਸਾਧਨ ਬਣ ਸਕਦਾ ਹੈ। ਪ੍ਰੰਤੂ ਤਾਂ ਹੀ ਜੇ ਉਹ ਖੁਦ ਇਸ ਪੱਖੋਂ ਸੁਚੇਤ ਹੈ। ਇਸੇ ਕਾਰਨ ਅਧਿਆਪਕ ਨੂੰ 'ਕੌਮ ਦੇ ਨਿਰਮਾਤਾ' ਦਾ ਖਿਤਾਬ ਮਿਲਿਆ ਹੋਇਆ ਹੈ ਅਤੇ ਬੱਚਿਆਂ ਨੂੰ 'ਭਵਿੱਖ ਦੇ ਉਸਰੱਈਏ' ਦਾ। ਪ੍ਰੰਤੂ ਸਿੱਖਿਆ ਪ੍ਰਣਾਲੀ ਸਾਡੀ ਆਰਥਿਕ-ਸਮਾਜਕ ਪ੍ਰਣਾਲੀ ਦੀ ਹੀ ਉਸਾਰ ਬਿੰਬ (ਸੁਪਰ ਸਟਰੱਕਚਰ) ਹੋਣ ਕਾਰਨ, ਸਮੇਂ ਦੇ ਆਰਥਿਕ-ਸਮਾਜਿਕ ਪ੍ਰਬੰਧ 'ਤੇ ਕਾਬਜ਼ ਜਮਾਤਾਂ ਦੇ ਹਿੱਤਾਂ ਦੀ ਹੀ ਪੂਰਤੀ ਦਾ ਸਾਧਨ ਹੀ ਬਣਦੀ ਰਹੀ ਹੈ। ਮੌਜੂਦਾ ਲੁਟੇਰੇ ਆਰਥਿਕ-ਸਮਾਜਿਕ ਪ੍ਰਬੰਧ ਅੰਦਰ ਵੀ ਕਾਬਜ਼ ਹਾਕਮ ਜਮਾਤਾਂ ਦੀ ਇੱਛਾ ਇਹੋ ਹੀ ਰਹੀ ਹੈ ਕਿ ਉਹ ਅਧਿਆਪਕ ਨੂੰ ਅਜਿਹੀ ਕੁਠਾਲੀ ਵਿਚ ਢਾਲੇ ਕਿ ਉਹ ਉਹਨਾਂ ਦੇ ਹਿੱਤ ਦੀ ਪੂਰਤੀ ਦਾ ਸਾਧਨ ਬਣ ਸਕੇ ਅਤੇ ਇਹਨਾਂ ਹਿੱਤਾਂ ਦੇ ਅਨੁਸਾਰੀ ਹੀ ਉਹਨਾਂ ਵੱਲੋਂ ਤਿਆਰ ਕੀਤੇ ਪਾਠ- ਕ੍ਰਮਾਂ ਨੂੰ ਤੇ ਉਹਨਾਂ ਅੰਦਰ ਸਮੋਏ ਵਿਸ਼ੇ ਦੇ ਤੱਤ ਨੂੰ ਖੁਦ ਪ੍ਰਵਾਨ ਕਰਕੇ ਬੱਚਿਆਂ/ਵਿਦਿਆਰਥੀਆਂ ਨੂੰ ਵੀ ਉਸੇ ਰੂਪ ਵਿਚ ਹੀ ਪੇਸ਼ ਕਰੇ। ਉਹਨਾਂ ਵੱਲੋਂ ਨਿਰਧਾਰਤ ਕੀਤੀ ਪ੍ਰੀਖਿਆ ਪ੍ਰਣਾਲੀ ਤੇ ਮੁੱਲਅੰਕਣ ਵਿਧੀ ਨੂੰ ਹੀ ਲਾਗੂ ਕਰਕੇ। ਪਾਠਕ੍ਰਮ ਕਿਹੋ ਜਿਹਾ ਹੋਵੇ, ਵਿਸ਼ੇ ਦਾ ਤੱਤ ਕੀ ਹੋਵੇ, ਅਧਿਆਪਨ ਵਿਧੀ ਕੀ ਹੋਵੇ, ਪ੍ਰੀਖਿਆ ਪ੍ਰਣਾਲੀ ਕਿਹੋ ਜਿਹੀ ਹੋਵੇ, ਮੁਲਅੰਕਣ ਦਾ ਮਾਪਦੰਡ ਕੀ ਹੋਵੇ, ਇਸ ਸਾਰੀ ਪ੍ਰਕਿਰਿਆ ਵਿਚ ਅਧਿਆਪਕ ਦੀ ਸ਼ਮੂਲੀਅਤ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਸਮਾਜ ਅੰਦਰ ਅਧਿਆਪਕ ਦੀ ਬੇਹੱਦ ਮਹੱਤਵਪੂਰਨ ਭੂਮਿਕਾ ਦੀ ਤੁਲਨਾ ਵਿਚ ਉਸਦੀ ਆਰਥਿਕ ਅਤੇ ਸਮਾਜਿਕ ਹੈਸੀਅਤ ਨੀਵੀਂ ਰੱਖੀ ਜਾਂਦੀ ਹੈ। ਅਜਿਹੀ ਸਥਿਤੀ ਵਿਚ ਫਿੱਟ ਅਧਿਆਪਕ ਇੱਕ ਕਾਰਖਨੇ ਦੇ ਮਜ਼ਦੂਰ ਵਾਂਗ ਆਪਣੇ ਕਿਰਤ-ਸ਼ਕਤੀ ਵੇਚਕੇ, ਇੱਕ ਜਿਣਸ (ਕਮਾਡਿਟੀ) ਪੈਦਾ ਕਰਨ ਵਾਲਾ ਸੰਦ ਬਣ ਕੇ ਰਹਿ ਜਾਂਦਾ ਹੈ। ਭਾਵ ਆਪਣੇ ਕਿੱਤੇ ਦਾ ਖੁਦ ਮਾਲਕ ਨਹੀਂ ਰਹਿੰਦਾ। ਸਿੱਟੇ ਵਜੋਂ ਆਪਣੇ ਕਿੱਤੇ ਨਾਲੋਂ ਵਿਯੋਗਿਆ ਜਾਂਦਾ ਹੈ ਅਤੇ ਆਪਣੇ ਕਿੱਤੇ ਵਿਚ ਰੂਹ ਨਾਲ ਕੰਮ ਕਰਨ ਦੀ ਰੁਚੀ ਗੁਆ ਬੈਠਦਾ ਹੈ। ਅਜਿਹੀ ਸਥਿਤੀ ਅੰਦਰ, ਨਾ ਉਸਦਾ ਆਪਣਾ ਆਜ਼ਾਦ ਵਿਕਾਸ ਸੰਭਵ ਹੈ ਤੇ ਨਾ ਹੀ ਉਹ ਸਿੱਖਿਆ ਦੇ ਮੂਲ ਉਦੇਸ਼ਾਂ ਦੀ ਪੂਰਤੀ ਦਾ ਸਾਧਨ ਬਣ ਸਕਦਾ ਹੈ, ਜਿਹਨਾਂ ਉਦੇਸ਼ਾਂ ਦੇ ਲੁਟੇਰੇ ਹਾਕਮਾਂ ਲਈ ਆਪਣੇ ਹੀ ਅਰਥ ਹਨ।
ਸਿੱਖਿਆ ਦੇ ਮੂਲ ਉਦੇਸ਼
ਸਿੱਖਿਆ ਦੇ ਮੂਲ ਉਦੇਸ਼ ਕੀ ਹਨ, ਜਿਹਨਾਂ ਦੀ ਪੂਰਤੀ ਦਾ ਸਾਧਨ ਸਹੀ ਅਰਥਾਂ ਵਿਚ ਅਧਿਆਪਕ ਨੇ ਹੀ ਬਣਨਾ ਹੁੰਦਾ ਹੈ। ਅਜੋਕੀ ਸਿੱਖਿਆ ਦਾ ਮੂਲ ਉਦੇਸ਼ ਬੱਚੇ/ਵਿਦਿਆਰਥੀ ਦਾ ਸਰਬਪੱਖੀ, ਬੌਧਿਕ, ਮਾਨਸਿਕ, ਸਰੀਰਕ, ਭਾਵਨਾਤਮਕ ਵਿਕਾਸ ਕਰਨਾ, ਉਸ ਨੂੰ ਆਪਣੇ ਚੌਗਿਰਦੇ ਪ੍ਰਤੀ ਜਾਗਰੂਕ ਕਰਨਾ, ਉਸ ਅੰਦਰ ਨੈਤਿਕ ਅਤੇ ਸਦਾਚਾਰਕ ਕਦਰਾਂ ਕੀਮਤਾਂ ਦੀ ਜਾਗ ਲਾਉਣੀ, ਉਸ ਨੂੰ ਸਮਾਜਿਕ ਭਲਾਈ ਪ੍ਰਤੀ ਚੇਤਨ ਕਰਨਾ, ਧਾਰਮਿਕ ਅੰਧਵਿਸ਼ਵਾਸ਼ੀ, ਜਾਤਪ੍ਰਸਤੀ, ਫਿਰਕਾਪ੍ਰਸਤੀ, ਇਲਾਕਾਪ੍ਰਸਤੀ ਆਦਿ ਤੋਂ ਉਪਰ ਉੱਠ ਕੇ ਉਸਦਾ ਦ੍ਰਿਸ਼ਟੀਕੋਣ ਕੌਮੀ, ਧਰਮ ਨਿਰਪੱਖ, ਵਿਗਿਆਨਕ ਅਤੇ ਤਰਕਸ਼ੀਲ ਬਣਾਉਣਾ ਅਤੇ ਉਸਨੂੰ ਇੱਕ ਅਜਿਹੇ ਸੁਚੇਤ ਨਾਗਰਿਕ ਦੇ ਰੂਪ ਵਿਚ ਵਿਕਸਤ ਕਰਨਾ ਕਿ ਉਹ ਸਮਾਜ ਦੀ ਲੋਕ-ਪੱਖੀ ਤਬਦੀਲੀ ਵਿਚ ਆਪਣਾ ਬਣਦਾ ਰੋਲ ਨਿਭਾਉਣ ਦੇ ਸਮਰੱਥ ਹੋ ਸਕੇ। ਜੇ ਅਧਿਆਪਕ ਇਹਨਾਂ ਉਦੇਸ਼ਾਂ ਦੀ ਪੂਰਤੀ ਦਾ ਸਾਧਨ ਬਣ ਰਿਹਾ ਹੈ ਤਾਂ ਉਹ 'ਕੌਮ ਦੇ ਭਵਿੱਖ' ਦੀ ਉਸਾਰੀ ਕਰ ਰਿਹਾ ਹੋਵੇਗਾ ਅਤੇ ਆਪਣੀ ਚੇਤਨ ਸਮਾਜਿਕ ਭੂਮਿਕਾ ਨਿਭਾ ਰਿਹਾ ਹੋਵੇਗਾ।
ਚੇਤਨ ਸਮਾਜਿਕ ਭੂਮਿਕਾ ਦੀ ਦਿਸ਼ਾ
ਕਿਉਂਕਿ ਲੁਟੇਰੀਆਂ ਹਾਕਮ ਜਮਾਤਾਂ ਲਈ 'ਕੌਮ ਦੇ ਨਿਰਮਾਣ' ਤੇ 'ਕੌਮ ਦੇ ਭਵਿੱਖ' ਦੇ ਆਪਣੇ ਹੀ ਅਰਥ ਹੁੰਦੇ ਹਨ¸ ਉਹਨਾਂ ਦੇ ਲੁਟੇਰੇ ਨਿਜ਼ਾਮ ਦੇ ਸ਼ਾਨਦਾਰ ਭਵਿੱਖ ਦੀ ਗਰੰਟੀ। ਇਸ ਲਈ ਜੇ ਅਧਿਆਪਕ ਉਹਨਾਂ ਵੱਲੋਂ ਫੈਲਾਏ ਜਾਲ ਅੰਦਰ ਫਸ ਕੇ, ਉਹਨਾਂ ਦੇ ਉਦੇਸ਼ਾਂ (ਅਰਥਾਂ) ਅਨੁਸਾਰੀ ਹੀ ਆਪਣੇ ਆਪ ਨੂੰ ਢਾਲ ਕੇ ਉਹਨਾਂ ਵੱਲੋਂ ਨਿਰਧਾਰਤ/ਮਿਥੀ ਹੱਦ ਅੰਦਰ ਹੀ ਰਹਿੰਦਾ ਹੈ ਤੇ ਆਪਣੀ ਨਿਗੂਣੀ ਹੈਸੀਅਤ 'ਤੇ ਹੀ ਸੰਤੁਸ਼ਟ ਰਹਿੰਦਾ ਹੈ, ਆਪਣੀ ਆਰਥਿਕ-ਸਮਾਜਿਕ ਹੈਸੀਅਤ ਨੂੰ ਬਦਲਣ ਲਈ ਆਪਣੇ ਕਿੱਤੇ ਦਾ ਮਾਲਕ ਆਪ ਬਣਨ ਦੀ ਦਿਸ਼ਾ ਵੱਲ ਕਦਮ ਨਹੀਂ ਪੁੱਟਦਾ, ਮੌਜੂਦਾ ਸਿੱਖਿਆ ਪ੍ਰਣਾਲੀ ਦੇ ਲੋਕ ਵਿਰੋਧੀ ਅੰਸ਼ਾਂ ਨੂੰ ਨਹੀਂ ਬੁੱਝਦਾ ਤੇ ਫੜਦਾ, ਇਹਨਾਂ ਨੂੰ ਨੰਗਾ ਕਰਕੇ ਲੋਕ-ਪੱਖੀ ਅੰਸ਼ਾਂ ਲਈ ਆਵਾਜ਼ ਬੁਲੰਦ ਨਹੀਂ ਕਰਦਾ, ਸਿੱਖਿਆ ਪ੍ਰਣਾਲੀ ਨਾਲ ਜੁੜੇ ਭ੍ਰਿਸ਼ਟ ਅਮਲਾਂ ਵਿਰੁੱਧ ਖੜ•ਾ ਨਹੀਂ ਹੁੰਦਾ ਅਤੇ ਉਹ ਸਿੱਖਿਆ ਦੇ ਉਕਤ ਮੂਲ ਉਦੇਸ਼ਾਂ ਦੀ ਪੂਰਤੀ ਦਾ ਸਾਧਨ ਨਹੀਂ ਬਣ ਰਿਹਾ ਤਾਂ ਉਹ ਇਸ ਲੁਟੇਰੇ ਆਰਥਿਕ-ਸਮਾਜਿਕ ਪ੍ਰਬੰਧ ਦੀ ਸਥਾਪਤੀ ਨੂੰ ਬਦਲਣ ਦੀ ਦਿਸ਼ਾ ਵੱਲ ਕਦਮ ਪੁੱਟਣ ਦੀ ਬਜਾਇ ਨਾ ਸਿਰਫ ਖੁਦ ਹੀ ਇਸ ਪ੍ਰਬੰਧ ਦੇ ਇੱਕ ਪੁਰਜੇ ਦੇ ਤੌਰ 'ਤੇ ਕੰਮ ਕਰ ਰਿਹਾ ਹੋਵੇਗਾ, ਸਗੋਂ ਆਪਣੇ ਵਰਗੇ ਹੋਰ ਮਸ਼ੀਨੀ ਪੁਰਜ਼ਿਆਂ ਦੀ ਉਸਾਰੀ ਕਰਨ ਵਿਚ ਹੀ ਸਹਾਈ ਹੋ ਰਿਹਾ ਹੋਵੇਗਾ। ਜਿਸ ਦਾ ਭਾਵ ਉਹ ਆਪਣੀ ਚੇਤਨ ਸਮਾਜਿਕ ਭੂਮਿਕਾ ਨਿਭਾਉਣ ਦੀ ਆਪਣੀ ਜੁੰਮੇਵਾਰੀ ਅਤੇ ਫਰਜ਼ਾਂ ਨੂੰ ਤਿਲਾਂਜਲੀ ਦੇ ਰਿਹਾ ਹੋਵੇਗਾ। ਅਜਿਹੀ ਸਥਿਤੀ ਅਧਿਆਪਕ ਨੂੰ ਹੋਰ ਵੀ ਨਾਂਹ-ਪੱਖੀ ਦਿਸ਼ਾ ਵੱਲ ਧੱਕਣ ਦਾ ਰੋਲ ਨਿਭਾਉਂਦੀ ਹੈ। ਉਹ ਖੁਦ ਸਿੱਖਿਆ ਨੂੰ ਉਹਦੇ ਸਮਾਜਿਕ ਭਲਾਈ ਦੇ ਪਹਿਲੂ ਨਾਲੋਂ ਤੋੜ ਕੇ ਇੱਕ ਵਪਾਰਕ ਨੁਕਤਾਨਜ਼ਰ ਤੋਂ ਹੀ ਦੇਖਣ ਲੱਗ ਪੈਂਦਾ ਹੈ। ਉਹ ਵੀ ਲੁਟੇਰੇ ਸਮਾਜ ਦੀਆਂ ਹਾਕਮ ਸ਼੍ਰੇਣੀਆਂ ਨੂੰ ਰਾਸ ਬੈਠਦੀਆਂ ਪ੍ਰਚੱਲਤ ਭਾਰੂ ਨਾਂਹ ਪੱਖੀ ਕਦਮਾਂ ਕੀਮਤਾਂ ਦਾ ਸ਼ਿਕਾਰ ਹੋ ਜਾਂਦਾ ਹੈ। ਆਪਣੀ ਗਿਆਨ ਭੰਡਾਰ ਵਿਚ ਵਾਧਾ ਨਾ ਕਰਨਾ, ਵਿਦਿਆਰਥੀਆਂ ਨੂੰ ਗਿਆਨਵਾਨ ਅਤੇ ਬੁੱਧੀਮਾਨ ਬਣਾਉਣ ਦੀ ਬਜਾਇ ਸਿਰਫ ਸੂਚਨਾਵਾਂ ਦੇ ਭੰਡਾਰ ਵੰਡਣਾ, ਉਸਦੀ ਬੁੱਧੀ ਦੇ ਵਿਕਾਸ ਦੀ ਥਾਂ ਯਾਦ ਸ਼ਕਤੀ ਤੇਜ਼ ਕਰਨ 'ਤੇ ਜ਼ੋਰ ਦੇਣਾ ਤੇ ਕੇਵਲ ਪ੍ਰੀਖਿਆ ਵਿਚੋਂ ਪਾਸ ਕਰਾਉਣ ਤੱਕ ਦਾ ਹੀ ਉਦੇਸ਼ ਰੱਖਣਾ। ਉਸ ਅੰਦਰ ਸਿੱਖਣ ਤਾਂਘ ਤੇ ਰੁਚੀ ਪੈਦਾ ਕਰਨ ਦੀ ਬਜਾਇ ਰਟਣ ਮੰਤਰ ਕਰਾਉਣਾ। ਸਕੂਲਾਂ ਵਿਚ ਸਿਰੜ, ਲਗਨ, ਮਿਹਨਤ, ਤਨਦੇਹੀ ਨਾਲ ਪੜ੍ਹਾਉਣ ਦੀ ਬਜਾਇ, ਵਿਦਿਆਰਥੀ ਨੂੰ ਮਹਿੰਗੀਆਂ ਟਿਊਸ਼ਨਾਂ ਲਈ ਉਕਸਾਉਣਾ, ਪ੍ਰੀਖਿਆ ਵਿਚੋਂ ਪਾਸ ਕਰਾਉਣ ਲਈ ਨਕਲ ਜਾਂ ਹੋਰ ਭ੍ਰਿਸ਼ਟ ਢੰਗ ਅਪਣਾਉਣਾ ਅਤੇ ਅੰਤ ਪੜ੍ਹਾਉਣ ਦੇ ਅਮਲ ਵਿਚ ਰੁਚੀ ਖੋ ਬੈਠਣਾ ਅਤੇ ਪੜ੍ਹਾਉਣ ਨੂੰ/ਅਧਿਆਪਨ ਨੂੰ ਕਿਸੇ ਹੋਰ ਕਮਾਈ ਦੇ ਮੁੱਖ ਧੰਦੇ ਦਾ ਇੱਕ ਸਹਾਈ ਧੰਦਾ ਹੀ ਸਮਝ ਕੇ ਚੱਲਣਾ¸ ਅਧਿਆਪਕ ਦੇ ਇਸੇ ਨਾਂਹ-ਪੱਖੀ ਦਿਸ਼ਾ ਵੱਲ ਵਧਦੇ ਕਦਮ ਹੀ ਹਨ।
ਅਧਿਆਪਕ ਲਹਿਰ ਦੀ ਮਹੱਤਵਪੂਰਨ ਭੂਮਿਕਾ
ਇਥੇ ਆ ਕੇ ਅਧਿਆਪਕ ਲਹਿਰ ਤੇ ਉਸਦੀ ਅਗਵਾਈ ਕਰਨ ਵਾਲੀ ਅਧਿਆਪਕ ਜਥੇਬੰਦੀ ਦੀ ਮਹੱਤਵਪੂਰਨ ਭੂਮਿਕਾ ਨਿਰਧਾਰਤ ਹੁੰਦੀ ਹੈ। ਅਧਿਆਪਕ ਲਹਿਰ/ਅਧਿਆਪਕ ਜਥੇਬੰਦੀ ਨੇ ਜਿਥੇ ਅਧਿਆਪਕ ਵਰਗ ਦੀ ਨਿਗੂਣੀ ਆਰਥਿਕ ਹੈਸੀਅਤ ਨੂੰ ਬਿਹਤਰ ਬਣਾਉਣ ਲਈ ਤੇ ਉਸਦੀਆਂ ਸੇਵਾ ਹਾਲਤਾਂ ਵਿਚ ਸੁਧਾਰ ਲਿਆਉਣ ਲਈ ਆਰਥਿਕ ਅਤੇ ਜਮਹੂਰੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰਨਾ ਹੁੰਦਾ ਹੈ, ਉਥੇ ਅਧਿਆਪਕ ਲਹਿਰ ਦਾ ਪ੍ਰਮੁੱਖ ਤੇ ਬੇਹੱਦ ਅਹਿਮ ਤੇ ਮਹੱਤਵਪੂਰਨ ਕਾਰਜ ਅਧਿਆਪਕ ਦੀ ਉਕਤ ਚੇਤਨ ਸਮਾਜਿਕ ਭੂਮਿਕਾ ਪ੍ਰਤੀ ਉਸ ਨੂੰ ਜਾਗਰੂਕ ਕਰਨਾ ਬਣਦਾ ਹੈ। ਇਸ ਮਹੱਤਵਪੂਰਨ ਕਾਰਜ ਤੋਂ ਅਵੇਸਲੀ ਅਧਿਆਪਕ ਲਹਿਰ/ ਅਧਿਆਪਕ ਜਥੇਬੰਦੀ ਨਿਰੋਲ ਆਰਥਿਕਵਾਦ ਦੀ ਘੁੰਮਣਘੇਰੀ ਵਿਚ ਫਸੀ ਜਿਥੇ ਆਪਣਾ ਬਣਦਾ ਇਤਿਹਾਸਕ ਰੋਲ ਅਦਾ ਨਹੀਂ ਕਰ ਰਹੀ ਹੋਵੇਗੀ ਤੇ ਲੁਟੇਰੇ ਪ੍ਰਬੰਧ ਦੀ ਸਥਾਪਤੀ ਦੇ ਇੱਕ ਅੰਗ ਵਜੋਂ ਹੀ ਵਿਚਰ ਰਹੀ ਹੋਵੇਗੀ, ਉਥੇ ਮੋੜਵੇਂ ਰੂਪ ਵਿਚ ਆਰਥਿਕ ਮੁੱਦਿਆਂ/ਮੰਗਾਂ ਲਈ ਲੜਾਈ ਦੇਣ ਪੱਖੋਂ ਖੁਦ ਵੀ ਨਿਤਾਣੀ ਤੇ ਕਮਜ਼ੋਰ ਹੁੰਦੀ ਜਾਵੇਗੀ। ਕਿਉਂਕਿ ਆਪਣੀ ਸਮਾਜਿਕ ਭੂਮਿਕਾ ਪ੍ਰਤੀ ਚੇਤਨ ਅਧਿਆਪਕ ਹੀ ਇਸ ਲੜਾਈ ਵਿਚ ਸਿਰੜ ਤੇ ਦ੍ਰਿੜਤਾ ਨਾਲ ਭਰਪੂਰ ਯੋਗਦਾਨ ਪਾ ਸਕਦਾ ਹੈ। ਨਕਲ ਅਤੇ ਹੋਰ ਭ੍ਰਿਸ਼ਟ ਅਮਲਾਂ/ਕਾਰਵਾਈਆਂ ਨਾਲ ਲਿਬੜਿਆ ਅਤੇ ਆਪਣੇ ਕਿੱਤੇ ਨਾਲੋਂ ਮਾਨਸਿਕ ਤੌਰ 'ਤੇ ਵਿਯੋਗਿਆ ਅਧਿਆਪਕ ਜਿਥੇ ਆਪਣੀ ਸਾਮਜਿਕ ਹੈਸੀਅਤ ਨੀਵੀਂ ਕਰ ਰਿਹਾ ਹੋਵੇਗਾ, ਆਪਣਾ ਬਿੰਬ ਵਿਗਾੜ ਰਿਹਾ ਹੋਵੇਗਾ, ਲੋਕਾਂ ਤੇ ਵਿਦਿਆਰਥੀਆਂ ਨਾਲੋਂ ਨਿੱਖੜ ਰਿਹਾ ਹੋਵੇਗਾ, ਬੌਣੀ ਸ਼ਖਸ਼ੀਅਤ ਵਾਲੀ ਵਿਦਿਆਰਥੀਆਂ ਦੀ ਪੀੜ•ੀ ਦੀ ਉਸਾਰੀ ਕਰ ਰਿਹਾ ਹੋਵੇਗਾ ਤੇ ਸਿੱਖਿਆ ਵਿਭਾਗ ਅੰਦਰ ਤੇ ਆਪਣੇ ਆਲੇ ਦੁਆਲੇ ਫੈਲੇ ਭ੍ਰਿਸ਼ਟਚਾਰ ਤੇ ਧੱਕੇ-ਧੋੜੇ ਦੇ ਖਿਲਾਫ ਉੱਚੀ ਸੁਰ ਚੁੱਕਣ ਦਾ ਆਪਣਾ ਨੈਤਿਕ ਅਧਿਕਾਰ ਗੁਆ ਬੈਠੇਗਾ, ਉਥੇ ਆਰਥਿਕ ਮੰਗਾਂ ਲਈ ਚੱਲਦੇ ਰੋਜ਼-ਮਰਾ ਦੇ ਸੰਘਰਸ਼ ਅੰਦਰ ਵੀ ਉਹ ਆਪਣੀ ਵਰਤਮਾਨ ਆਰਥਿਕ ਹੈਸੀਅਤ ਨੂੰ ਆਪਣੀ ਹੱਥ ਪੱਲੇ ਦੀ ਖਰੀਦ ਸ਼ਕਤੀ ਨੂੰ ਹੀ ਇੱਕ ਗਨੀਮਤ ਸਮਝ ਕੇ ਵਿਹਾਰ ਕਰੇਗਾ। ਆਪਣੇ ਹੋਰ ਬਣਦੇ ਵਾਜਬ ਹੱਕਾਂ ਦੀ ਪ੍ਰਾਪਤੀ ਲਈ ਚੱਲਦੇ ਸੰਘਰਸ਼ ਨੂੰ, ਇੱਕ ਅੱਧੇ ਦਿਨ ਦੀ ਤਨਖਾਹ ਕੱਟੇ ਜਾਣ ਵਰਗੀ ਜਾਂ ਮਾਮੂਲੀ ਸਜ਼ਾ ਦੇ ਡਰੋਂ ਹੀ, ਅਧਵਾਟੇ ਛੱਡਣ ਦੀ ਸਥਿਤੀ ਅੰਦਰ ਜਾ ਡਿਗੇਗਾ ਜਦ ਕਿ ਮੌਜੂਦਾ ਸਰਕਾਰਾਂ, ਸਰਕਾਰੀ ਸਿੱਖਿਆ-ਤੰਤਰ ਨੂੰ ਨਿੱਜੀਕਰਨ ਦੇ ਤੇਜ਼ ਕੁਹਾੜੇ ਨਾਲ ਤਬਾਹ ਕਰਨ 'ਤੇ ਤੁਲੀਆਂ ਹੋਈਆਂ ਹਨ, ਅਧਿਆਪਕ ਦੀ ਰੋਟੀ ਰੁਜ਼ਗਾਰ ਵੀ ਖਤਰੇ ਹੇਠ ਹੈ ਤਾਂ ਅਧਿਆਪਕ ਲਹਿਰ ਪ੍ਰਾਪਤੀਆਂ ਦੀ ਮੰਜ਼ਲ ਤੱਕ ਭਾਰੀ ਕੁਰਬਾਨੀ ਤਾਰ ਕੇ ਹੀ ਪੁੱਜ ਸਕਦੀ ਹੈ।
ਪ੍ਰੰਤੂ ਅਧਿਆਪਕ ਨੂੰ ਉਕਤ ਚੇਤਨ ਸਮਾਜਿਕ ਭੂਮਿਕਾ ਪ੍ਰਤੀ ਜਾਗਰੂਕ ਕਰਨ ਦਾ ਕਾਰਜ ਇੱਕਮੁੱਠ, ਸੰਘਰਸ਼ਸ਼ੀਲ ਅਤੇ ਆਰਥਿਕ ਘੁੰਮਣਘੇਰੀ ਵਿਚੋਂ ਨਿਕਲੀ ਸਮਾਜਿਕ ਤਬਦੀਲੀ ਨੂੰ ਪ੍ਰਣਾਈ ਹੋਈ ਅਧਿਆਪਕਾ ਲਹਿਰ/ਅਧਿਆਪਕ ਜਥੇਬੰਦੀ ਹੀ ਨਿਭਾ ਸਕਦੀ ਹੈ। ਇਸ ਪੱਖੋਂ ਦੇਖਿਆਂ, ਕਾਫੀ ਲੰਬੇ ਅਰਸੇ ਤੋਂ ਸਾਡੀ ਪੰਜਾਬ ਦੀ ਅਧਿਆਪਕ ਲਹਿਰ ਕਮਜ਼ੋਰ ਤੇ ਊਣੀ ਨਿਬੜਦੀ ਰਹੀ ਹੈ। ਸਮਾਜਿਕ ਤਬਦੀਲੀ ਦੀ ਦਿਸ਼ਾ ਵੱਲ ਪੁੱਟੇ ਇੱਕ ਕਦਮ ਵਜੋਂ, ਅਧਿਆਪਕ ਨੂੰ ਉਸਦੀ ਚੇਤਨ ਸਮਾਜਿਕ ਭੂਮਿਕਾ ਤੋਂ ਜਾਗਰੂਕ ਕਰਨਾ ਤਾਂ ਇੱਕ ਪਾਸੇ ਰਿਹਾ, ਨਿਰੋਲ ਆਰਥਿਕ ਮੰਗਾਂ ਦੀ ਪ੍ਰਾਪਤੀ ਲਈ ਵੀ ਕੋਈ ਦ੍ਰਿੜ ਸੰਘਰਸ਼ ਨਹੀਂ ਚੱਲ ਸਕਿਆ। ਇਹ ਸਥਿਤੀ ਸਾਂਝੀ ਜਥੇਬੰਦੀ ਗੌ.ਟੀ.ਯੂ. ਪੰਜਾਬ ਵੇਲੇ ਵੀ ਸੀ ਪ੍ਰੰਤੂ ਹੁਣ ਗੌ.ਟੀ.ਯੂ. ਦੀ ਫੁੱਟ ਤੋਂ ਬਾਅਦ ਲਹਿਰ ਦੇ ਵੱਖ ਵੱਖ ਫਾਂਕਾਂ ਵਿਚ ਵੰਡੇ ਜਾਣ ਦੀ ਹਾਲਤ ਵਿਚ, ਇਹ ਕਾਰਜ ਨਿਭਾਉਣਾ ਹੋਰ ਵੀ ਔਖੇਰਾ ਹੋ ਗਿਆ ਹੈ। ਵੱਖ ਵੱਖ ਵੰਨਗੀਆਂ ਦੀਆਂ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ (ਕਾਂਗਰਸ ਸਰਕਾਰ, ਸਾਂਝਾ ਫਰੰਟ ਸਰਕਾਰ, ਭਾਜਪਾ-ਗੱਠਜੋੜ ਸਰਕਾਰ, ਯੂ.ਪੀ.ਏ., ਅਕਾਲੀ-ਭਾਜਪਾ ਗੱਠਜੋੜ ਸਰਕਾਰ, ਕੈਪਟਨ ਸਰਕਾਰ ਆਦਿ) ਸੰਸਾਰ ਬੈਂਕ, ਮੁਦਰਾ ਕੋਸ਼ ਵਰਗੀਆਂ ਕੌਮਾਂਤਰੀ
ਸਾਮਰਾਜੀ ਵਿੱਤੀ ਸੰਸਥਾਵਾਂ ਦੇ ਦਬਾਅ ਤੇ ਦਿਸ਼ਾ ਨਿਰਦੇਸ਼ਨਾ ਤਹਿਤ ਲਾਗੂ ਕੀਤੀਆਂ ਜਾ ਰਹੀਆਂ ਮੌਜੂਦਾ ਆਰਥਿਕ ਅਤੇ ਸਨਅਤੀ ਨੀਤੀਆਂ ਦੇ ਸਿੱਟੇ ਵਜੋਂ ਬੱਝਵੀਂ ਤਨਖਾਹ ਵਾਲੇ ਮੁਲਾਜ਼ਮਾਂ ਉਪਰ ਹੋ ਰਹੇ ਤੇ ਹੋਣ ਵਾਲੇ ਤਿੱਖੇ ਹਮਲਿਆਂ ਦੇ ਸਨਮੁੱਖ ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਵੱਲੋਂ ਸਿੱਖਿਆ ਦੇ ਨਿੱਜੀਕਰਨ ਤੇ ਵਪਾਰੀਕਰਨ ਵੱਲ ਤੇਜ਼ੀ ਨਾਲ ਚੁੱਕੇ ਜਾ ਰਹੇ ਕਦਮਾਂ ਦੇ ਸਨਮੁਖ ਛੋਟੀਆਂ-ਮੋਟੀਆਂ ਵਿਭਾਗੀ ਮੰਗਾਂ (ਬਦਲੀਆਂ, ਤਰੱਕੀਆਂ ਆਦਿ ਨਾਲ ਸੰਬੰਧਤ) ਦੀ ਪ੍ਰਾਪਤੀ ਲਈ ਵੀ ਹਾਣ ਦਾ ਸੰਘਰਸ਼ ਕਰਨ ਦੀ ਸਮਰੱਥਾ ਘਟਦੀ ਜਾ ਰਹੀ ਹੈ, ਜਿਥੇ ਵਿਭਾਗ ਅੰਦਰ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਅਫਸਰਸ਼ਾਹੀ ਦੀ ਚੜ੍ਹ ਮੱਚੀ ਹੋਈ ਹੈ, ਸਿਆਸੀ ਦਖਲ ਹੱਦਾਂ ਬੰਨੇ ਟੱਪ ਗਿਆ ਹੈ, ਉਥੇ ਅਧਿਆਪਕ ਲਹਿਰ ਅੰਦਰ ਜਾਤ-ਪਾਤੀ, ਵਰਗਾਕਾਰੀ, ਧਾਰਮਿਕ ਆਧਾਰ 'ਤੇ ਜਥੇਬੰਦੀਆਂ ਖੜ•ੀਆਂ ਕਰਨ ਦੇ ਨਾਂਹ-ਪੱਖੀ ਰੁਝਾਨ ਜ਼ੋਰ ਫੜ ਰਹੇ ਹਨ, ਸਰਕਾਰ ਪੱਖੀ ਸੁਰ ਵਾਲੀਆਂ ਜਥੇਬੰਦੀਆਂ ਸਿਰ ਉੱਚਾ ਚੁੱਕ ਰਹੀਆਂ ਹਨ। ਅਜਿਹੀ ਸਥਿਤੀ ਅੰਦਰ ਸਮਾਂ ਜਿਥੇ ਅਧਿਆਪਕ ਲਹਿਰ ਦੀ ਵਰਤਮਾਨ ਖਿੰਡੀ-ਪੁੰਡੀ ਅਵਸਥਾ ਨੂੰ ਫੌਰੀ ਬਦਲ ਕੇ ਇੱਕਮੁੱਠ ਕਰਨ ਤੇ ਇੱਕੋ ਇੱਕ ਸਾਂਝੀ ਜਥੇਬੰਦੀ ਦੇ ਝੰਡੇ ਹੇਠ ਮੁੜ ਇਕੱਠਾ ਕਰਨ ਦੀ ਮੰਗ
ਕਰਦਾ ਹੈ। ਸਰਕਾਰੀ ਸਕੂਲਾਂ ਨੂੰ ਨਿੱਜੀ ਹੱਥਾਂ ਵਿਚ ਸੌਂਪਣ ਦੇ ਸਰਕਾਰ ਦੇ ਫੈਸਲੇ ਵਿਰੁੱਧ ਨਿੱਜੀਕਰਨ ਵਿਰੋਧੀ ਚੱਲੀ ਲਹਿਰ ਅੰਦਰ ਆਪ ਮੁਹਾਰੇ ਸਾਂਝੀ ਅਧਿਆਪਕ ਲਹਿਰ ਦਾ ਉਸਰਨਾ ਉਂਝ ਇਸ ਪਾਸੇ ਵੱਲ ਇੱਕ ਸ਼ੁਭ ਸ਼ਗਨ ਹੈ) ਉਥੇ ਇਹਨਾਂ ਯਤਨਾਂ ਦੇ ਨਾਲ ਨਾਲ ਵਰਤਮਾਨ ਸਥਿਤੀ ਅੰਦਰ ਕੰਮ ਕਰ ਰਹੀ ਹਰ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀ/ਧਿਰ ਨੂੰ ਆਪਣੇ ਤੌਰ 'ਤੇ ਅਧਿਆਪਕ ਦੀ ਇਸ ਚੇਤਨ ਸਮਾਜਿਕ ਭੂਮਿਕਾ ਪ੍ਰਤੀ ਜਾਗਰੂਕ ਕਰਨ ਦੇ ਯਤਨ ਆਰੰਭਣੇ ਚਾਹੀਦੇ ਹਨ ਚਾਹੇ ਉਹਨਾਂ ਦਾ ਘੇਰਾ ਸੀਮਤ ਹੀ ਕਿਉਂ ਨਾ ਹੋਵੇ। ਘੱਟੋ ਘੱਟ ਆਪਣੇ ਆਗੂਆਂ, ਵਰਕਰਾਂ ਤੇ ਹਮਦਰਦਾਂ ਦੇ ਘੇਰੇ ਤੋਂ ਸ਼ੁਰੂ ਕਰਕੇ ਆਮ ਅਧਿਆਪਕਾਂ ਤੱਕ ਲਿਖਤਾਂ/ਸੈਮੀਨਾਰਾਂ/ ਗੋਸ਼ਟੀਂ/ਕਨਵੈਨਸ਼ਨਾਂ ਆਦਿ ਰਾਹੀਂ ਇਸ ਚੇਤਨਾ ਦਾ ਪਸਾਰ ਕਰਨਾ ਚਾਹੀਦਾ ਹੈ, ਕਿਉਂਕਿ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਦੀ ਪੱਧਰ ਤੋਂ ਵੀ ਹਾਲਤ ਇਸ ਪੱਖੋਂ ਤਸੱਲੀਬਖਸ਼ ਨਹੀਂ ਹੈ। ਆਰਥਿਕ ਮੰਗਾਂ ਦੇ ਨਾਲ ਨਾਲ ਮੌਜੂਦਾ ਸਿੱਖਿਆ ਪ੍ਰਣਾਲੀ ਤੇ ਅਧਿਆਪਕ ਵਿਦਿਆਰਥੀ ਵਿਰੋਧੀ ਅੰਸ਼ਾਂ ਨੂੰ ਬੁੱਝ ਕੇ ਉਸ ਨੂੰ ਛਾਂਗਣ ਤੇ ਉਸਦੇ ਬਦਲ ਵਜੋਂ ਲੋਕ ਪੱਖੀ ਸਿੱਖਿਆ ਪ੍ਰਣਾਲੀ ਦੇ ਅੰਸ਼ਾਂ ਨੂੰ ਲਾਗੂ ਕਰਨ ਦੇ ਮੁੱਦਿਆਂ ਨੂੰ ਵੀ ਆਪਣੇ ਘੋਲ ਮੁੱਦਿਆਂ ਵਜੋਂ ਉਭਾਰਨਾ ਚਾਹੀਦਾ ਹੈ। ਡੈਮੋਕਰੇਟਿਕ ਟੀਚਰਜ਼ ਫਰੰਟ ਵਰਗੀਆਂ ਜਥੇਬੰਦੀਆਂ ਦੇ ਤਾਂ ਸੰਵਿਧਾਨ ਅੰਦਰ ਵੀ, ਉਦੇਸ਼ਾਂ ਦੇ ਰੂਪ ਵਿਚ ਇਹ ਕਾਰਜ ਦਰਜ਼ ਕੀਤੇ ਹੋਏ ਹਨ, ਲੋੜ ਹੈ, ਇਹਨਾਂ 'ਤੇ ਸ਼ਿੱਦਤ ਨਾਲ ਪਹਿਰਾ ਦੇਣ ਦੀ।
-
ਯਸ਼ਪਾਲ, ਅਧਿਆਪਕ ਆਗੂ
yashpal.vargchetna@gmail.com
=91-9814535005
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.