ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ।।
ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ।।
ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜ ਸ੍ਰਿਸਟਿ ਕਾ ਲੇਇ।।
ਨਾਨਕ ਗੁਰਮੁਖਿ ਬੁਝੀਐ ਜਾ ਆਪੇ ਨਦਰਿ ਕਰੇਇ।।
(ਸਲੋਕ ਮ. 3, ਅੰਗ 647)
ਖ਼ਾਲਸੇ ਦਾ ਰਾਜ ਅਵੱਸ਼ ਹੋਵੇਗਾ ਗੁਰੂ ਸਾਹਿਬਾ ਨੇ ਜੋ ਫੁਰਮਾਇਆ ਹੈ ਉਹ ਸਦਾ ਸੱਚ ਹੈ ਪਰ ਉਪਰੋਕਤ ਤੀਸਰੇ ਪਾਤਿਸਾਹ ਗੁਰੂ ਅਮਰਦਾਸ ਜੀ ਦਾ ਇਹ ਸਲੋਕ ਸਾਨੂੰ ਜੋ ਦੱਸਦਾ ਹੈ ਕੀ ਅਸੀਂ ਇਸ ਉੱਤੇ ਪੂਰੇ ਉੱਤਰਦੇ ਹਾਂ? ਤੀਸਰੇ ਪਾਤਿਸਾਹ ਜੀ ਨੇ ਆਪ ਊਭੀ ਸੇਵਾ ਕੀਤੀ ਹੈ। ਉਨ੍ਹਾਂ ਘਾਲਣਾ ਕਮਾਈ ਕਰਕੇ ਇਹ ਸਲੋਕ ਉਚਾਰਿਆ ਹੈ।
ਜਿਵੇਂ ਹਾਥੀ ਮਹਾਵਤ ਦੇ ਵੱਸ 'ਚ ਰਹਿੰਦਾ ਹੈ ਜਿਵੇਂ ਅਹਿਰਨ ਹਥੌੜੇ ਦੀਆਂ ਸੱਟਾਂ ਸਹਿੰਦੀ ਹੈ ਇਵੇਂ ਅਸੀਂ ਤਿਆਗੀ ਅਤੇ ਨਿਰਲੇਪ ਹੋ ਗਏ ਹਾਂ। ਗੁਰੂ ਸਾਹਿਬ ਤਾਂ ਸਾਰੀ ਸ੍ਰਿਸ਼ਟੀ ਦਾ ਭਾਵ ਸਾਰੀ ਦੁਨੀਆਂ ਦਾ ਰਾਜ ਸਾਡੀ ਝੋਲੀ ਵਿਚ ਪਾਉਣ ਲਈ ਤਿਆਰ ਬੈਠੇ ਹਨ।
ਸਾਡੇ ਵਿਚੋਂ ਅਜੇ ਜਾਤਾਂ-ਪਾਤਾਂ, ਗੋਤਾ ਦੇ, ਇਲਾਕੇ ਦੇ, ਆਪਣੇ ਪਰਾਏ ਦੇ ਝਗੜੇ ਨਹੀਂ ਮੁੱਕੇ। ਸਾਡੇ ਵਿਚ ਸੰਪਰਦਾਇਕ ਵੰਡ ਹੈ। ਅਜੇ ਵੀ ਅਸੀਂ ਦਲਿਤ ਸਮਾਜ ਨੂੰ ਵੱਖ ਰੱਖਿਆ ਹੈ। ਅਸੀਂ ਨਫ਼ਰਤ ਨਾਲ ਹੰਕਾਰ ਨਾਲ ਭਰੇ ਪਏ ਹਾਂ। ਜਾਤ ਦਾ ਅਮੀਰੀ ਦਾ ਹੰਕਾਰ ਸਾਡੇ ਧਰਮ ਅਸਥਾਨਾਂ ਤੇ ਆਮ ਨਜ਼ਰ ਆ ਜਾਂਦਾ ਹੈ। ਭਾਵੇਂ ਇਹ ਹੰਕਾਰ ਇਹ ਵੰਡ ਹਿੰਦੂਆਂ, ਮੁਸਲਮਾਨਾਂ, ਈਸਾਈਆਂ ਵਿਚ ਵੀ ਹੈ ਪਰ ਸਿੱਖੀ ਤਾਂ ਅਕਾਲ ਪੁਰਖ ਦੀ ਫ਼ੌਜ ਹੈ ਪਰ ਕੰਮ ਅਸੀਂ ਵੀ ਉਹੀ ਕਰ ਰਹੇ ਹਾਂ। ਫੇਰ ਇਸ ਨਵੇਂ ਧਰਮ ਦੀ ਕੀ ਲੋੜ ਸੀ ਜੋ ਕੰਮ ਉਹੀ ਸਮਾਜ ਨੂੰ ਤੋੜਨ ਵਾਲੇ ਕਰਨੇ ਸੀ।
ਅੱਜ ਦੀ ਸਥਿਤੀ ਐਸੀ ਹੈ ਕਿ ਇਹ ਮਾਹੌਲ ਦੁਨੀਆਂ ਦੀਆਂ ਵੱਡੀਆਂ ਜੰਗਾਂ ਨਾਲੋਂ ਵੀ ਮਾੜਾ ਹੈ ਜਿਹੜੀਆਂ ਕੁੱਝ ਕੁ ਸੰਸਥਾਵਾਂ ਜਾਂ ਗੁਰਦੁਆਰਿਆਂ ਨੇ ਗੁਰੂ ਸਾਹਿਬ ਜੀ ਦੇ ਹੁਕਮਾਂ 'ਤੇ ਚੱਲ ਕੇ ਨਿਮਾਣਿਆਂ ਗ਼ਰੀਬਾਂ ਦੀ ਸੇਵਾ ਕੀਤੀ ਹੈ ਉਹ ਵਿਅਕਤੀ ਕਿਹੜਾ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਗੁਰੂ ਹੁਕਮ ਨੂੰ ਹਰ ਸਮੇਂ ਸਿਰਮੱਥੇ ਰੱਖਿਆ ਹੈ। ਉਨ੍ਹਾਂ ਆਪਣਾ ਅਤੇ ਗੁਰੂ ਸਾਹਿਬ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਸਿੱਖੀ ਇਸ ਤਰ੍ਹਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ ਅਤੇ ਕਰਦੀ ਰਹੇਗੀ।
ਸਾਨੂੰ ਸਭ ਨੂੰ ਰਲ ਕੇ, ਸਭ ਸੰਪਰਦਾਵਾਂ, ਸਭ ਬੁੱਧੀਜੀਵੀਆਂ, ਸਭ ਪੰਜਾਬੀ ਵੀਰਾਂ ਨੂੰ, ਸਭ ਹਿੰਦੁਸਤਾਨੀਆਂ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਹੈ। ਪਹਿਲਾ ਕੰਮ ਇਹ ਕਰੋ ਕਿ ਇਸ ਦੇਸ਼ ਦਾ ਨਾਮ ਬਦਲ ਕੇ ਕੋਈ ਸਾਂਝਾ ਨਾਮ ਰੱਖੋ ਜੋ ਕਿਸੇ ਧਰਮ ਦੇ ਨਾ 'ਤੇ ਨਾ ਹੋਵੇ ਜਿਵੇਂ ਜਿਹੜੇ ਤਰੱਕੀ ਕਰ ਚੁੱਕੇ ਦੇਸ਼ ਹਨ ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ ਜਾਂ ਹੋਰ ਆਸਟ੍ਰੇਲੀਆ ਵਰਗੇ ਨਿਊਜ਼ੀਲੈਂਡ ਵਰਗੇ ਦੇਸ਼ ਹਨ। ਇੱਥੇ ਜ਼ਿਆਦਾ ਆਬਾਦੀ ਕ੍ਰਿਸਚਨ ਲੋਕਾਂ ਦੀ ਹੈ ਪਰ ਕਿਸੇ ਨੇ ਵੀ ਕਿਸੇ ਦੇਸ਼ ਦਾ ਨਾਮ ਈਸਾਲੈਂਡ ਜਾਂ ਕ੍ਰਾਈਸਟ ਲੈਂਡ ਨਹੀਂ ਰੱਖਿਆ। ਬਹੁਤ ਤਾਦਾਦ ਵਿਚ ਹਿੰਦੁਸਤਾਨੀ ਬਾਹਰ ਬੈਠੇ ਹਨ ਸਾਡੇ ਲੀਡਰ ਵੀ ਇੱਥੇ ਰਹਿ ਜਾਂਦੇ ਹਨ। ਕਈਆਂ ਕੋਲ ਇੱਥੋਂ ਦੀ ਸ਼ਹਿਰੀਅਤ ਵੀ ਹੈ ਪਰ ਅਸੀਂ ਆਪਣੇ ਗੁਰੂਆਂ ਦੀ ਡੂੰਘੀ ਸੋਚ ਨੂੰ ਅਪਣਾ ਨਹੀਂ ਰਹੇ।
ਇਸ ਦੇਸ਼ ਦਾ ਨਾਂ ਬਦਲ ਕੇ ਨਿਊਲੈਂਡ ਰੱਖਣਾ ਚਾਹੀਦਾ ਹੈ ਨਿਊਲੈਂਡ-ਇੱਥੇ ਸਭ ਨਵਾਂ ਹੀ ਹੋਵੇ। ਧਿਆਨ ਨਾਲ ਦੇਖੀਏ ਤਾਂ ਗੁਰੂ ਸਾਹਿਬਾਂ ਨੇ ਇੰਡੀਆ ਦਾ ਕੋਈ ਕੋਨਾ ਨਹੀਂ ਛੱਡਿਆ ਜਿੱਥੇ ਆਪਣੇ ਚਰਨ ਨਹੀਂ ਪਾਏ। ਸੋ ਇਸ ਵਿਚੋਂ ਇਕ ਟੁਕੜਾ ਲਵੋਗੇ ਤਾਂ ਕੀ ਹੋਵੇਗਾ ਉਹ ਹਾਲ ਮਾੜਾ ਹੋਵੇਗਾ। ਤੁਸੀਂ ਪਾਕਿਸਤਾਨ, ਬੰਗਲਾਦੇਸ਼, ਉਜ਼ਬੇਕਿਸਤਾਨ ਅਤੇ ਹੋਰ ਦੇਸ਼ਾਂ ਦਾ ਦੇਖ ਲਵੋ ਦਸਾਂ ਗੁਰੂਆਂ ਨੇ ਦਿਤੇ ਵੀ ਮੰਗਤਿਆ ਵਾਲੀ ਗੱਲ ਨਹੀਂ ਕੀਤੀ। ਸਾਨੂੰ ਸਾਰਾ ਦੇਸ਼ ਹੀ ਚਾਹੀਦਾ ਹੈ। ਜਿੱਥੇ ਗੁਰੂਆਂ ਨੇ ਆਪਣੀਆਂ ਯਾਦਾਂ ਛੱਡੀਆਂ ਹਨ ਅਸੀਂ ਕਿਉਂ ਇਕ ਟੁਕੜਾ ਲੈ ਕੇ ਫੇਰ ਵੱਡੇ ਦੇਸ਼ਾਂ ਦੇ ਥੱਲੇ ਲੱਗ ਕੇ ਮੰਗਤੇ ਬਣੇ ਰਹੀਏ। ਸਾਰਾ ਦੇਸ਼ ਹੀ ਸਾਡਾ ਹੋਵੇ। ਜਿਨ੍ਹਾਂ ਲੋਕਾਂ ਭਾਵ ਸਰਕਾਰਾਂ ਤੋਂ ਅਸੀਂ ਮੰਗਾਂ ਮੰਗਦੇ ਹਾਂ ਕੀ ਉਨ੍ਹਾਂ ਨੇ ਕਦੇ ਮੰਗਾਂ ਪੂਰੀਆਂ ਕੀਤੀਆਂ ਵੀ ਹਨ ਜੇ ਅਜੇ ਤੱਕ ਉਨ੍ਹਾਂ ਪੰਜਾਬ ਦੇ ਹਿਤਾਂ ਦੀ ਜਾਂ ਹੋਰ ਸੂਬਿਆਂ ਦੇ ਮੁਤਾਬਿਕ ਕੋਈ ਕੰਮ ਨਹੀਂ ਕੀਤਾ ਫਿਰ ਕਿਉਂ ਅਸੀਂ ਆਪਣੀ ਸ਼ਕਤੀ ਖੂਹ ਵਿਚ ਸੁੱਟ ਰਹੇ ਹਾਂ? ਜਿਨ੍ਹਾਂ ਸਰਕਾਰਾਂ ਨੇ ਇਸ ਨਾਜ਼ੁਕ ਸਮੇਂ ਵਿਚ ਨਾ ਕੋਈ ਧਰਮ ਦੇਖਿਆ ਨਾ ਕੁੱਝ ਹੋਰ ਸਿਰਫ਼ ਲੁੱਟਮਾਰ, ਮਹਿੰਗਾਈ ਵਧਾਉਣ 'ਤੇ ਜ਼ੋਰ ਦਿੱਤਾ ਹੋਇਆ ਹੈ। ਇਨ੍ਹਾਂ ਲੁਟੇਰਿਆਂ, ਪਖੰਡੀਆਂ, ਮਦਾਰੀਆਂ, ਖ਼ੁਦਗ਼ਰਜ਼ ਲੀਡਰਾਂ ਤੋਂ ਕੋਈ ਆਸ ਨਾ ਰੱਖੋ। ਸਭ ਨੂੰ ਰਲ ਕੇ ਬੈਠਣ ਦੀ ਲੋੜ ਹੈ ਜਦੋਂ ਏਕਤਾ ਹੋਵੇਗੀ ਤਾਂ ਬਲ ਫੇਰ ਆਪੇ ਹੀ ਆ ਜਾਵੇਗਾ।
ਆਪਣੇ-ਆਪਣੇ ਤੌਰ 'ਤੇ ਜਿੰਨਾ ਕੁ ਕੋਈ ਕਰ ਸਕਦਾ ਹੈ ਕਰ ਰਿਹਾ ਹੈ ਕਰਨਾ ਵੀ ਚਾਹੀਦਾ ਹੈ। ਸਾਨੂੰ ਸਭ ਤੋਂ ਵੱਡੀ ਲੋੜ ਹੈ ਅਸੀਂ ਸਾਰੇ ਭੇਦਭਾਵ ਮਿਟਾ ਕੇ ਆਪਣੇ ਦਿਲ 'ਚੋਂ ਸਾਂਝੀਵਾਲਤਾ ਨੂੰ ਅਪਣਾਈਏ, ਆਪਣੀ ਸਾਫ਼ ਨੀਯਤ ਨਾਲ ਮਿਲ ਕੇ ਗੁਰੂ ਸਾਹਿਬਾਂ ਵਾਂਗ ਆਪਣਾ ਮਨ ਵਿਸ਼ਾਲ ਬਣਾਈਏ। ਅੱਜ ਪੜ੍ਹੇ ਲਿਖੇ ਲੋਕਾਂ ਦੀ ਕਮੀ ਨਹੀਂ ਪਰ ਕਮੀ ਹੈ ਤਾਂ ਸਾਫ਼ ਨੀਯਤ, ਲੋਭ, ਈਰਖਾ, ਹਉਮੈ ਤੋਂ ਮੁਕਤ ਹੋਣ ਦੀ। ਫੇਰ ਉਹ ਪ੍ਰਮਾਤਮਾ ਜਿਵੇਂ ਸਭ ਨੂੰ ਪਾਣੀ, ਹਵਾ, ਧੁੱਪ, ਚੰਨ-ਚਾਨਣੀ ਹੋਰ ਅਨੇਕਾਂ ਅਮੁੱਲੇ ਪਦਾਰਥ ਸਾਨੂੰ ਮੁਫ਼ਤ ਦੇ ਰਿਹਾ ਹੈ ਅਸੀਂ ਐਵੇਂ ਹੋ ਜਾਈਏ, ਅਸੀਂ ਅਵੱਸ਼ ਉਹ ਖ਼ਾਲਸੇ ਦਾ ਰਾਜ ਦੁਨੀਆ ਉੱਤੇ ਦੇਖਾਂਗੇ। ਗੁਰੂ ਸਾਹਿਬਾਂ ਨੇ ਪਹਿਲੇ ਪਾਤਿਸਾਹ ਤੋਂ ਲੈ ਕੇ ਮੁਸਲਮਾਨਾਂ, ਹਿੰਦੂਆਂ ਅਤੇ ਹੋਰ ਸਭਨਾਂ ਨਾਲ ਦਸਵੇਂ ਪਾਤਿਸਾਹ ਤੱਕ ਸਾਂਝ ਰੱਖੀ ਕਿਤੇ ਵੀ ਬਾਣੀ ਵਿਚ ਕਿਸੇ ਧਰਮ ਨੂੰ ਮਾੜਾ ਨਹੀਂ ਕਿਹਾ। ਹਾਂ, ਭੇਖ, ਪਾਖੰਡ ਨੂੰ ਉਨ੍ਹਾਂ ਕਰੜੇ ਹੱਥੀਂ ਲਿਆ ਤੇ ਜੇ ਅਸੀਂ ਵੀ ਭੇਖੀ ਬਣਾਂਗੇ ਤਾਂ ਗੁਰੂ ਜੀ ਦੀ ਖ਼ੁਸ਼ੀ ਨਹੀਂ ਲੈ ਸਕਾਂਗੇ। ਅਖੀਰ ਵਿਚ ਗੁਰੂ ਸਾਹਿਬ ਦਸਵੇਂ ਪਾਤਿਸਾਹ ਨੇ ਇਕ ਬਹੁਤ ਸਿਆਣੇ ਨੀਤੀਵਾਨ ਵਾਂਗ ਬਹਾਦਰ ਸ਼ਾਹ ਜ਼ਫ਼ਰ ਨਾਲ ਸਮਝੌਤਾ ਕਰ ਕੇ ਉਸ ਨੂੰ ਜੰਗ ਜਿਤਾਈ। ਭਾਵੇਂ ਉਹ ਆਪਣੇ ਵਾਅਦੇ ਪੂਰੇ ਨਹੀਂ ਕਰ ਸਕਿਆ ਪਰ ਆਖ਼ਰੀ ਸਮੇਂ ਤੱਕ ਦਸਮ ਪਿਤਾ ਦੇ ਨਾਲ ਹੀ ਰਿਹਾ। ਅੱਜ ਸਭ ਬੁੱਧੀਜੀਵੀਆਂ, ਸਭ ਸਿੱਖ ਜਥੇਦਾਰਾਂ ਨੂੰ ਜਿੰਨੇ ਵੀ ਵਿਤਕਰੇ ਹਨ ਉਹ ਸਰਬਸੰਮਤੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਫ਼ਿਲਾਸਫ਼ੀ ਮੁਤਾਬਿਕ ਮੁਕਾ ਕੇ ਨਵੇਂ ਅਸੂਲ ਲਿਖਤੀ ਰੂਪ ਵਿਚ ਜਾਰੀ ਕਰਨੇ ਚਾਹੀਦੇ ਹਨ। ਕੱਲ੍ਹ ਦਾ ਸਮਾਂ ਪ੍ਰਮਾਤਮਾ ਹੀ ਜਾਣਦਾ ਹੈ ਪਰ ਵੱਡੀ ਜੰਗ ਲੱਗਣ ਦੇ ਆਸਾਰ ਬਹੁਤ ਹਨ ਸਭ ਨੂੰ ਇੱਕਮੁੱਠ ਹੋ ਕੇ ਇਕ ਦੂਸਰੇ ਦੀ ਧਿਰ ਬਣ ਕੇ ਰਹਿਣ ਦੀ ਲੋੜ ਹੈ।
ਮੈਂ ਅੰਤ ਵਿਚ ਇਹ ਕਹਾਂਗਾ ਕਿ ਸਾਹਿਤ ਅਤੇ ਸਮਾਜਿਕ ਖੇਤਰ ਵਿਚ ਨਰਪਾਲ ਸਿੰਘ ਸ਼ੇਰਗਿੱਲ ਇਕੱਲਾ ਹੀ ਧਰਤੀ ਵਾਂਗ ਸੂਰਜ ਦੇ ਦੁਆਲੇ ਘੁੰਮੀ ਜਾ ਰਿਹਾ ਹੈ ਅਤੇ ਪਿਛਲੀ ਅੱਧੀ ਸਦੀ ਤੋਂ ਪੂਰੇ ਗਲੋਬ ਉੱਤੇ ਸਿੱਖੀ ਅਤੇ ਪੰਜਾਬੀਅਤ ਦੇ ਮੁਹੱਬਤ ਭਰੇ ਪ੍ਰਭਾਵਸ਼ਾਲੀ ਨਿਸ਼ਾਨ ਬਣਾ ਰਿਹਾ ਹੈ। ਨਰਪਾਲ ਸਿੰਘ ਸ਼ੇਰਗਿੱਲ ਜਿੱਥੇ ਇਕ ਆਜ਼ਾਦਾਨਾ ਖ਼ਿਆਲ ਦਾ ਨਿਡਰ ਪੱਤਰਕਾਰ ਹੈ ਉੱਥੇ ਉਹ ਆਪਣੇ ਦੇਸ਼ ਦੀ ਨਿੱਘਰਦੀ ਹਾਲਤ ਪ੍ਰਤੀ ਵੀ ਜਾਗਦਾ ਹੈ, ਲਿਖਦਾ ਹੈ, ਬੋਲਦਾ ਹੈ ਅਤੇ ਉਸ ਨੂੰ ਵੱਡੇ-ਵੱਡੇ ਲੀਡਰ ਅਤੇ ਪੱਤਰਕਾਰ ਸਭ ਭਲੀਭਾਂਤ ਜਾਣਦੇ ਹਨ ਕਿ ਉਹ ਹੱਥੀਂ ਕਿਰਤ ਕਰਨ ਵਾਲਾ ਨਿਡਰ ਆਤਮ ਨਿਰਭਰ ਇਕ ਚੰਗਾ ਇਨਸਾਨ ਹੈ।
ਆਪਣੀ ਲਗਨ ਨਾਲ ਕੰਮ ਕਰਦੇ ਰਹਿਣਾ, ਦੇਸ਼-ਵਿਦੇਸ਼ਾਂ 'ਚ ਬੈਠੇ ਇੰਡੀਅਨ ਸਮੁੱਚੇ ਲੋਕਾਂ ਨੂੰ ਜਿਨ੍ਹਾਂ ਬਾਹਰਲੇ ਦੇਸ਼ਾਂ ਵਿਚ ਨਾਮ ਕਮਾਇਆ ਉਨ੍ਹਾਂ ਨੂੰ ਹਲਾਸ਼ੇਰੀ ਦੇਣਾ, ਉਨ੍ਹਾਂ ਨੂੰ ਆਪਣੇ ਖ਼ੂਬਸੂਰਤ ''ਇੰਡੀਅਨ ਅਬਰੋਡ'' ਸਾਲਾਨਾ ਮੈਗਜ਼ੀਨ ਵਿਚ ਤਸਵੀਰਾਂ ਸਮੇਤ ਛਾਪ ਕੇ ਆਪਣੇ ਦੇਸ਼ ਦਾ ਅਤੇ ਆਪਣਾ ਨਾਮ ਰੌਸ਼ਨ ਕਰਨਾ ਉਸ ਵਲੋਂ ਇਹ ਇਕ ਵਿਲੱਖਣ ਕਾਰਜ ਹੈ। ਦੁਨੀਆ ਭਰ 'ਚ ਵੱਸਦੇ ਭਾਰਤੀ ਲੋਕਾਂ ਅਤੇ ਗੁਰਦੁਆਰਿਆਂ ਦੇ ਐਡਰੈੱਸ, ਫ਼ੋਨ ਨੰਬਰ ਛਾਪ ਕੇ ਹੁਣ ਤੱਕ ਦਾ ਇਕ ਲਾਸਾਨੀ ਕੰਮ ਹੈ ਜੋ ਸ਼ੇਰਗਿੱਲ ਜੀ ਨੇ ਕੀਤਾ ਹੈ ਅਤੇ ਕਰੀ ਜਾ ਰਹੇ ਹਨ। ਵਾਹਿਗੁਰੂ ਇਨ੍ਹਾਂ ਨੂੰ ਹਰ ਤਰ੍ਹਾਂ ਨਾਲ ਬਖ਼ਸ਼ੀਸ਼ਾਂ ਕਰੇ।
ਸ਼ੇਰਗਿੱਲ, ਸਿੰਘ ਨਰਪਾਲ।
ਪੰਜਾਬੀ ਵਿਰਸੇ ਨੂੰ, ਰਿਹਾ ਸੰਭਾਲ।
ਤੋੜ ਕੇ ਵਾਧੂ, ਫ਼ਜ਼ੂਲ ਜੰਜਾਲ।
ਏਹ ਪੰਜਾਬੀਆਂ ਦਾ ਸੁੱਚਾ ਲਾਲ।
ਕਰੀ ਜਾਂਦਾ ਕਮਾਲ ਦਰ ਕਮਾਲ।
ਰੱਬ ਰਹੇ ਇਹਦੇ ਨਾਲ-ਨਾਲ।
ਰੱਬ ਉੱਚੇ ਰੱਖੇ ਇਹਦੇ ਖ਼ਿਆਲ।
ਚਲਦਾ ਰਹੇ ਸੱਚ ਦੀ ਚਾਲ।
ਚਲਦਾ ਰਹੇ ਸੱਚ ਦੀ ਚਾਲ.........।
-
ਡਾ. ਤਾਰਾ ਸਿੰਘ ਆਲਮ ,ਯੂ ਕੇ, ਲੇਖਕ, ਸਾਊਥਆਲ ਯੂ.ਕੇ.
shergill@journalist.com
+44 07448 961313
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.