ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀਆਂ ਹੋਰ ਖਾਸੀਅਤਾਂ ਤੋਂ ਇਲਾਵਾ ਉਨ੍ਹਾਂ ਦੀ ਅਹਿਮੀਅਤ ਇਹ ਸੀ ਕਿ ਉਹ ਅਕਾਲੀ ਦਲ ਦੇ ਜਥੇਦਾਰੀ ਖਾਸੇ ਦੀ ਆਖ਼ਰੀ ਨਿਸ਼ਾਨੀ ਸੀ। ਜੇ ਉਨ੍ਹਾਂ ਦੇ ਅੜਬ ਸੁਭਾਅ ਦੀ ਗੱਲ ਕਰੀਏ ਤਾਂ ਉਸ ਵਰਗਾ ਉਹੀ ਸੀ ਤੇ ਉਹ ਹੋਰ ਕਿਸੇ ਵਰਗਾ ਨਹੀਂ ਸੀ। ਜਦੋਂ ਗੁੱਸੇ ਹੋਣਾ ਤਾਂ, ਵੱਡੀ ਤੋਂ ਵੱਡੀ ਹਸਤੀ ਨੂੰ ਵੀ ਗਾਲ਼ ਨਾਲ ਮੁਖ਼ਾਤਿਬ ਹੋਣਾ ਉਨ੍ਹਾਂ ਵਾਸਤੇ ਆਮ ਗੱਲ ਸੀ। ਗਾਲ਼ਾਂ ਅਤੇ ਅੜਬਾਈ ਨੂੰ ਉਨ੍ਹਾਂ ਦਾ ਔਗੁਣ ਮੰਨਿਆ ਗਿਆ ਸੀ ਪਰ ਇਹ ਔਗੁਣ 1988 ਵਿੱਚ ਉਦੋਂ ਗੁਣ ਬਣਕੇ ਪ੍ਰਗਟ ਹੋਇਆ ਜਦੋਂ ਖਾੜਕੂਆਂ ਤੋਂ ਡਰਦਾ ਕੋਈ ਅਕਾਲੀ ਦਲ ਦੀ ਪ੍ਰਧਾਨਗੀ ਸਾਂਭਣ ਨੂੰ ਤਿਆਰ ਨਹੀਂ ਸੀ। ਸੁਰਜੀਤ ਸਿੰਘ ਬਰਨਾਲਾ ਵੱਲੋਂ ਨਵੰਬਰ 1987 ਵਿੱਚ ਚੋਟੀ ਦੀ ਅਕਾਲੀ ਲੀਡਰਸ਼ਿਪ ਅੰਦਰ ਕੀਤੀ ਹੋਈ, ਉਦੋਂ ਤੱਕ ਅਜੇ ਜੇਲ੍ਹਾਂ ਅੰਦਰ ਹੀ ਸੀ। ਬਾਹਰ ਖਾੜਕੂਆਂ ਦਾ ਬੋਲ ਬਾਲਾ ਸੀ, ਨਰਮ ਸੁਭਾਅ ਵਾਲੇ ਗੁਣੀ ਅਕਾਲੀ ਲੀਡਰ ਘਰੋਂ ਬਾਹਰ ਨਿਕਲਣੋਂ ਵੀ ਡਰਦੇ ਸੀ। ਸਮੁੱਚਾ ਅਕਾਲੀ ਦਲ ਲੀਡਰ-ਲੈਸ (ਆਗੂ-ਵਿਹੁਣਾ) ਹੋਇਆ ਪਿਆ ਸੀ, ਨਿਰਾਸ਼ਾ ਦਾ ਆਲਮ ਸੀ, ਅਜਿਹੇ ਮਾਹੌਲ ਵਿੱਚ ਸਾਰੀ ਪਾਰਟੀ ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਏਕੀ ਤਲਵੰਡੀ ਵਿੱਚ ਗੁੰਮਨਾਮੀ ਦੀ ਜ਼ਿੰਦਗੀ ਕੱਟ ਰਹੇ ਇਸ ਗਾਲ਼ਾਂ ਵਾਲੇ ਅੱਖੜ ਜਥੇਦਾਰ ਤੋਂ ਬਿਨ੍ਹਾਂ ਸਾਰਾ ਪੰਜਾਬ ਟੋਲ਼ ਕੇ ਹੋਰ ਅਜਿਹਾ ਬੰਦਾ ਨਹੀਂ ਥਿਆਇਆ ਜੋ ਪਾਰਟੀ ਦੇ ਮੂਹਰੇ ਲੱਗ ਸਕੇ। ਜੱਥੇਦਾਰ ਜੀ ਨੂੰ ਪਾਰਟੀ ਦੀ ਪ੍ਰਧਾਨਗੀ ਖ਼ਾਤਰ ਮਨਾਉਣ ਗਏ ਵਫ਼ਦ ਨੂੰ ਤਲਵੰਡੀ ਸਾਹਿਬ ਨੇ ਇਹ ਨਿਹੋਰਾ ਮਾਰਿਆ ਕਿ 'ਹਾਂ ! ਮੈਨੂੰ ਤਾਂ ਤੁਸੀਂ ਅੱਖੜ ਤੇ ਗਾਲ਼ਾਂ ਵਾਲਾ ਕਹਿ ਕੇ ਘਰੇ ਬਹਾ ਛੱਡਿਆ ਸੀ, ਹੁਣ ਕਹੋ ਮਿੱਠ ਬੋਲੜਿਆ ਨੂੰ ਕਿ ਉਹ ਪਤੰਦਰਾਂ ਦਾ ਸਾਹਮਣਾ ਕਰਨ।' ਵਫ਼ਦ ਵੱਲੋਂ ਕੀਤੀਆਂ ਬਹੁਤ ਬੇਨਤੀਆਂ ਤੋਂ ਬਾਅਦ ਜਥੇਦਾਰ ਜੀ ਨੇ ਉਨ੍ਹਾਂ ਦੀ ਆਪਣੇ ਅੱਖੜ ਸੁਭਾਅ ਨਾਲ 'ਸੇਵਾ' ਤੋਂ ਬਾਅਦ ਉਨ੍ਹਾਂ ਨੂੰ ਪ੍ਰਧਾਨਗੀ ਸਾਂਭਣ ਦੀ ਹਾਮੀ ਭਰੀ। ਅਕਾਲੀ ਦਲ ਉਨ੍ਹਾਂ ਨੂੰ ਘਰੋਂ ਲਿਜਾ ਕੇ ਚੰਡੀਗੜ੍ਹ ਸੈਕਟਰ 5 ਦੀ 30 ਨੰਬਰ ਕੋਠੀ ਵਿਚਲੇ ਸ਼੍ਰੋਮਣੀ ਕਮੇਟੀ ਦੇ ਸਬ ਆਫਿਸ ਦੇ ਖੁੱਲ੍ਹੇ ਵਿਹੜੇ ਵਿੱਚ ਕੀਤੇ ਇਜਲਾਸ ਵਿੱਚ ਉਨ੍ਹਾਂ ਨੂੰ ਸਰਬ ਸੰਮਤੀ ਨਾਲ ਅਕਾਲੀ ਦਲ ਦਾ ਪ੍ਰਧਾਨ ਚੁਣਿਆ। ਇਸੇ ਪ੍ਰਧਾਨਗੀ ਹੇਠ ਅਕਾਲੀ ਦਲ ਨੇ ਨਵੰਬਰ 1989 ਵਿੱਚ ਲੋਕ ਸਭਾ ਦੀਆਂ ਉਹ ਚੋਣਾਂ ਲੜੀਆਂ ਜੋ ਕਿ ਮੁਕੰਮਲ ਤੌਰ 'ਤੇ ਖਾੜਕੂ ਵਾਦ ਦੇ ਪ੍ਰਛਾਵੇਂ ਹੇਠ ਹੋਈਆਂ। ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਭਾਵੇਂ ਮਾਨ ਦਲ ਦੇ ਉਮੀਦਵਾਰ ਹੱਥੋਂ ਬੁਰੀ ਤਰ੍ਹਾਂ ਹਾਰ ਗਿਆ ਪਰ ਅਕਾਲੀ ਦਲ ਨੂੰ ਭੈਅ ਦੇ ਮਾਹੌਲ ਵਿੱਚ ਹੋਈਆਂ ਇਹ ਚੋਣਾਂ ਲੜਾ ਦੇਣਾ ਹੀ ਜੱਥੇਦਾਰ ਤਲਵੰਡੀ ਦੀ ਵੱਡੀ ਪ੍ਰਾਪਤੀ ਸੀ। ਖਾੜਕੂ ਵਾਦ ਦੀ ਝੱਲੀ ਨਾਰਾਜ਼ਗੀ ਦੀ ਕੀਮਤ ਵੀ ਜੱਥੇਦਾਰ ਤਲਵੰਡੀ ਨੇ ਆਪਣੀ ਜਾਨ 'ਤੇ ਖੇਡ ਕੇ ਦਿੱਤੀ। ਜਗਰਾਵਾਂ ਕੋਲ ਜੱਥੇਦਾਰ ਤਲਵੰਡੀ ਦੀ ਕਾਰ 'ਤੇ ਖਾੜਕੂਆਂ ਨੇ ਜ਼ਬਰਦਸਤ ਫਾਈਰਿੰਗ ਕੀਤੀ ਜਿਸ ਵਿੱਚ ਤਲਵੰਡੀ ਸਾਹਿਬ ਬੁਰੀ ਤਰ੍ਹਾਂ ਜਖ਼ਮੀ ਹੋਏ ਤੇ ਉਨ੍ਹਾਂ ਦਾ ਇੱਕ ਗੂੜ੍ਹਾ ਮਿੱਤਰ ਮੈਂਬਰ ਸ਼੍ਰੋਮਣੀ ਕਮੇਟੀ ਹਰਜਿੰਦਰ ਸਿੰਘ ਮਾਰਿਆ ਗਿਆ। ਇਸ ਹਮਲੇ ਦਾ ਅਹਿਸਾਸ ਸਭ ਨੂੰ ਅਤੇ ਖ਼ੁਦ ਜੱਥੇਦਾਰ ਤਲਵੰਡੀ ਨੂੰ ਉਦੋਂ ਤੋਂ ਹੀ ਸੀ ਜਦੋਂ ਤੋਂ ਉਨ੍ਹਾਂ ਨੇ ਅਕਾਲੀ ਦਲ ਦੀ ਪ੍ਰਧਾਨਗੀ ਸਾਂਭੀ ਸੀ। ਇਹ ਉਹ ਸਮਾਂ ਸੀ ਕਿ ਜੇ ਕੋਈ ਅਕਾਲੀ ਦੀ ਪ੍ਰਧਾਨਗੀ ਨਾ ਸਾਂਭਦਾ ਤਾਂ ਰਵਾਇਤੀ ਅਕਾਲੀ ਦਲ ਨੂੰ ਆਪਣਾ ਵਜੂਦ ਬਚਾਉਣਾ ਔਖਾ ਸੀ। ਜੱਥੇਦਾਰ ਤਲਵੰਡੀ ਨੇ ਪਾਰਟੀ 'ਤੇ ਆਏ ਇਸ ਕਾਲ਼ ਨੂੰ ਆਪਣੇ ਪਿੰਡੇ 'ਤੇ ਝੱਲ ਕੇ ਪਿਛਾਂਹ ਵੀ ਧੱਕਿਆ ਅਤੇ ਆਪਣੇ 'ਤੇ 'ਅੱਖੜ ਸੁਭਾਅ' ਵਾਲੇ ਦੂਸ਼ਣ ਲਾਉਣ ਵਾਲਿਆਂ ਨੂੰ ਇਹ ਸਾਬਿਤ ਕਰ ਦਿਖਾਇਆ ਕਿ ਉਨ੍ਹਾਂ ਦੇ ਅੱਖੜ ਸੁਭਾਅ ਦੀ ਬਦੌਲਤ ਹੀ ਅਕਾਲੀ ਦਲ ਵਜੂਦ ਬਚਿਆ ਹੈ। ਸੋ ਉਨ੍ਹਾਂ ਨੇ ਗੋਲ਼ੀਆਂ ਖਾ ਕੇ ਵਿਰੋਧੀਆਂ ਨੂੰ ਆਪਣੇ ਸੁਭਾਅ ਦੀ ਸਿਫ਼ਤ ਕਰਨ ਲਈ ਮਜ਼ਬੂਰ ਕੀਤਾ।
1977 ਤੋਂ 1980 ਤੱਕ ਅਕਾਲੀ ਦਲ ਦੀ ਪ੍ਰਧਾਨਗੀ ਦਾ ਵਕਤ
ਜੁਲਾਈ 1977 ਤੋਂ ਲੈ ਕੇ ਜੁਲਾਈ 1980 ਤੱਕ ਦੇ ਤਿੰਨ ਵਰ੍ਹੇ ਜੱਥੇਦਾਰ ਤਲਵੰਡੀ ਦੀ ਸਿਆਸੀ ਜ਼ਿੰਦਗੀ ਦਾ ਸਭ ਤੋਂ ਸਰਗਰਮ ਸਮਾਂ ਰਿਹਾ ਹੈ। ਉਨ੍ਹੀਂ ਦਿਨੀਂ ਜੱਥੇਦਾਰ ਮੋਹਣ ਸਿੰਘ ਤੁੜ ਅਕਾਲੀ ਦਲ ਦੇ ਪ੍ਰਧਾਨ ਸਨ। ਵਿਧਾਨ ਸਭਾ ਚੋਣਾਂ ਦੌਰਾਨ ਧਰਮਕੋਟ ਹਲਕੇ ਦੀ ਟਿਕਟ ਅਲਾਟ ਕਰਨ ਵਿੱਚ ਪਾਰਟੀ ਦੇ ਦਫ਼ਤਰ ਸਕੱਤਰ ਗਿਆਨੀ ਅਜਮੇਰ ਸਿੰਘ ਨੇ ਕੋਈ ਖੁਨਾਮੀ ਕਰ ਦਿੱਤੀ ਸੀ। ਪਾਰਟੀ ਪ੍ਰਧਾਨ ਜੱਥੇਦਾਰ ਤੁੜ ਨੇ ਉਹਨੂੰ ਅਹੁਦੇ ਤੋਂ ਮੁਅਤਲ ਕਰ ਦਿੱਤਾ ਪਰ ਪਾਰਟੀ ਦੀ ਵਰਕਿੰਗ ਕਮੇਟੀ ਨੇ ਉਹਨੂੰ ਬਹਾਲ ਕਰ ਦਿੱਤਾ। ਜੱਥੇਦਾਰ ਤੁੜ ਨੇ ਇਹ ਐਲਾਨ ਕਰਦਿਆਂ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਕਿ ਵਰਕਿੰਗ ਕਮੇਟੀ ਨੂੰ ਉਨ੍ਹਾਂ ਦੀ ਪ੍ਰਧਾਨਗੀ ਵਿੱਚ ਭਰੋਸਾ ਨਹੀਂ ਰਿਹਾ। ਇਸ ਕਰਕੇ ਮੈਨੂੰ ਪ੍ਰਧਾਨਗੀ ਕਰਨ ਦਾ ਕੋਈ ਹੱਕ ਨਹੀਂ ਹੈ। ਉਦੋਂ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਹੁੰਦੇ ਸੀਗੇ। ਸੋ ਪ੍ਰਧਾਨਗੀ ਦਾ ਅਹੁਦਾ ਖਾਲੀ ਹੋਣਾ ਐਲਾਨ ਕਰਕੇ ਜੱਥੇਦਾਰ ਤਲਵੰਡੀ ਨੇ ਬਤੌਰ ਐਕਟਿੰਗ ਪ੍ਰਧਾਨ ਪਾਰਟੀ ਦੀ ਕਮਾਨ ਸੰਭਾਲ ਲਈ। ਇਸ ਐਕਟਿੰਗ ਪ੍ਰਧਾਨਗੀ ਦੌਰਾਨ ਹੀ ਅਕਾਲੀ ਦਲ ਦੀ ਨਵੀਂ ਭਰਤੀ ਹੋਈ। ਪਹਿਲਾ ਸਰਕਲ ਪੱਧਰ 'ਤੇ ਅਹੁਦੇਦਾਰਾਂ ਦੀਆਂ ਚੋਣਾਂ ਹੋਈਆਂ, ਫਿਰ ਜ਼ਿਲ੍ਹਾ ਪੱਧਰ 'ਤੇ ਤੇ ਇਸੇ ਤਰ੍ਹਾਂ ਕੇਂਦਰੀ ਪੱਧਰ 'ਤੇ ਡੈਲੀਗੇਟ ਚੁਣੇ ਗਏ। ਇਨ੍ਹਾਂ ਡੈਲੀਗੇਟਾਂ ਨੂੰ ਜਨਰਲ ਹਾਊਸ ਕਿਹਾ ਜਾਂਦਾ ਸੀ। ਜਨਰਲ ਹਾਊਸ ਨੇ ਪ੍ਰਧਾਨ ਹੋਰ ਅਹੁਦੇਦਾਰਾਂ ਅਤੇ ਵਰਕਿੰਗ ਕਮੇਟੀ ਦੀ ਚੋਣ ਕਰਨੀ ਹੁੰਦੀ ਸੀ। ਉਦੋਂ ਪ੍ਰਧਾਨਗੀ ਲਈ ਦੋ ਉਮੀਦਵਾਰਾਂ ਦਾ ਨਾਂ ਸਾਹਮਣੇ ਆਇਆ। ਇੱਕ ਜੱਥੇਦਾਰ ਤਲਵੰਡੀ ਦਾ ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਹਮਾਇਤ ਹਾਸਲ ਸੀ। ਦੂਜਾ ਜੱਥੇਦਾਰ ਮੋਹਣ ਸਿੰਘ ਤੁੜ ਦਾ ਨਾਂ ਸੀ ਜਿਨ੍ਹਾਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਮਾਇਤ ਹਾਸਲ ਸੀ। ਅੰਮ੍ਰਿਤਸਰ ਵਿਖੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਜਨਰਲ ਹਾਊਸ ਦਾ ਇਜ਼ਲਾਸ ਸੱਦਿਆ ਗਿਆ। ਵਿਰੋਧੀ ਧੜਾ ਇਸ ਇਜ਼ਲਾਸ ਤੋਂ ਪਹਿਲਾਂ ਹੀ ਕਿਨਾਰਾਕਸ਼ੀ ਕਰ ਗਿਆ ਸੀ। ਜੱਥੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਸਰਬਸੰਮਤੀ ਨਾਲ ਪਾਰਟੀ ਦਾ ਮੁਕੰਮਲ ਪ੍ਰਧਾਨ ਚੁਣਿਆ ਤਾਂ ਗਿਆ ਪਰ ਪਾਰਟੀ ਵਿੱਚ ਪੱਕੇ ਦੋ ਧੜੇ ਬਣ ਗਏ। ਜੱਥੇਦਾਰ ਤਲਵੰਡੀ ਆਪਣੀ ਸਿਆਸਤ ਪੰਥਕ ਵਿਚਾਰਧਾਰਾ ਦੇ ਮੁੱਦੇ 'ਤੇ ਚਲਾਉਂਦੇ ਸਨ ਜਦਕਿ ਸ. ਪ੍ਰਕਾਸ਼ ਸਿੰਘ ਬਾਦਲ ਕੋਲ ਮੁੱਖ ਮੰਤਰੀ ਦੇ ਅਹੁਦੇ ਦੀ ਤਾਕਤ ਹੋਣ ਕਰਕੇ ਲੀਡਰ ਉਨ੍ਹਾਂ ਨਾਲ ਜੁੜੇ ਹੋਏ ਸਨ।
ਵਰਕਿੰਗ ਕਮੇਟੀ ਦੀ ਤਾਕਤ ਵੀ ਉਸ ਮੌਕੇ ਹੀ ਸੀ
ਇਸੇ ਅਰਸੇ ਦੌਰਾਨ ਹੀ ਦੋ ਮੌਕੇ ਅਜਿਹੇ ਆਏ ਜਦੋਂ ਕਿ ਉਨ੍ਹਾਂ ਦਾ ਮੁੱਖ ਮੰਤਰੀ ਬਾਦਲ ਨਾਲ ਤਿੱਖਾ ਟਕਰਾਅ ਹੋਇਆ। ਇੱਕ ਮੌਕਾ ਸਿੱਖਿਆ ਮੰਤਰੀ ਸੁਖਜਿੰਦਰ ਸਿੰਘ ਨੂੰ ਵਜ਼ਾਰਤ ਵਿੱਚੋਂ ਬਰਖ਼ਾਸਤ ਕਰਨ ਵੇਲੇ ਆਇਆ ਜਦਕਿ ਦੂਜਾ ਮੌਕਾ ਨਿਰੰਕਾਰੀ ਵਿਵਾਦ ਨਾਲ ਨਿਬੜਣ ਲਈ ਪੰਜਾਬ ਸਰਕਾਰ ਦੀ ਨੀਤੀ ਸਬੰਧੀ ਸੀ। ਇਨ੍ਹਾਂ ਦੋਨਾਂ ਮੌਕਿਆਂ ਨੂੰ ਉਨ੍ਹਾਂ ਨੇ ਅਕਾਲੀ ਦਲ ਵਰਕਿੰਗ ਕਮੇਟੀ ਦੀ ਤਾਕਤ ਦਾ ਐਨ ਅਹਿਸਾਸ ਕਰਾਇਆ। ਇਹੀ ਸਮਾਂ ਸੀ ਜਿਸ ਵਿੱਚ ਇਹ ਵੀ ਅਹਿਸਾਸ ਕਰਾਇਆ ਗਿਆ ਕਿ ਪਾਰਟੀ ਮੁੱਖ ਮੰਤਰੀ ਤੋਂ ਸੁਪਰੀਮ ਹੈ। ਇਹ ਜਗਦੇਵ ਸਿੰਘ ਤਲਵੰਡੀ ਦੀ ਪ੍ਰਧਾਨਗੀ ਦਾ ਹੀ ਦੌਰ ਸੀ ਜਦੋਂ ਕਿ ਅਕਾਲੀ ਦਲ ਵਿੱਚ ਵਰਕਿੰਗ ਕਮੇਟੀ ਦੀ ਸਰਗਰਮੀ ਆਖ਼ਰੀ ਵੇਲੇ ਦੇਖੀ ਗਈ ਸੀ। ਉਸ ਤੋਂ ਬਾਅਦ ਅਕਾਲੀ ਦਲ ਵਿੱਚ ਨਾ ਤਾਂ ਵਰਕਿੰਗ ਕਮੇਟੀ ਕਦੇ ਦੇਖੀ ਗਈ ਅਤੇ ਜੇ ਕਿਤੇ ਬਣੇ ਵੀ ਉਸ ਦਾ ਵਜੂਦ ਬਰਾਏ ਨਾਮ ਤੋਂ ਵੱਧ ਹੋਰ ਕੁਝ ਨਹੀਂ ਸੀ। ਉਹਦੇ ਕੋਲ ਨਾ ਤਾਂ ਕੋਈ ਫ਼ੈਸਲਾਕੁਨ ਤਾਕਤ ਸੀ, ਇੱਥੋਂ ਤੱਕ ਕਿ ਉਹਦੀ ਮੀਟਿੰਗ ਵੀ ਇਕੱਲੀ ਦੀ ਕਦੇ ਨਹੀਂ ਹੋਈ। ਜੱਥੇਦਾਰ ਤਲਵੰਡੀ ਦੀ ਪ੍ਰਧਾਨਗੀ ਤੋਂ ਬਾਅਦ 1980 ਵਿੱਚ ਦੋ ਅਕਾਲੀ ਦਲ ਬਣ ਗਏ ਅਤੇ ਵੱਡੇ ਅਕਾਲੀ ਦਲ ਦੀ ਪ੍ਰਧਾਨਗੀ ਸੰਤ ਹਰਚੰਦ ਸਿੰਘ ਲੌਂਗੋਵਾਲ ਕੋਲ ਸੀ। 1982 ਵਿੱਚ ਧਰਮਯੁੱਧ ਮੋਰਚੇ ਦੌਰਾਨ ਵਰਕਿੰਗ ਕਮੇਟੀ ਭੰਗ ਕਰ ਦਿੱਤੀ ਗਈ। 1985 ਵਿੱਚ ਪਾਰਟੀ ਦੀ ਪ੍ਰਧਾਨਗੀ ਸੁਰਜੀਤ ਸਿੰਘ ਬਰਨਾਲਾ ਕੋਲ ਆਈ। ਉਨ੍ਹਾਂ ਨੇ ਵੀ ਆਪਣੇ ਦੌਰ ਵਿੱਚ ਵਰਕਿੰਗ ਕਮੇਟੀ ਕਾਇਮ ਨਹੀਂ ਕੀਤੀ। ਪਾਰਟੀ ਦੋਫਾੜ ਤੋਂ ਬਾਅਦ ਵੱਡੇ ਅਕਾਲੀ ਦਲ ਦੀ ਪ੍ਰਧਾਨਗੀ 1987 ਵਿੱਚ ਪ੍ਰਕਾਸ਼ ਸਿੰਘ ਬਾਦਲ ਕੋਲ ਆਈ। ਉਨ੍ਹਾਂ ਨੇ 1997 ਤੱਕ ਵਰਕਿੰਗ ਕਮੇਟੀ ਬਣਾਈ ਹੀ ਨਹੀਂ। ਜਦੋਂ ਬਣਾਈ ਤਾਂ 31 ਤੋਂ ਵਧਾ ਕੇ 51 ਮੈਂਬਰੀ ਕੀਤੀ, ਵਰਕਿੰਗ ਕਮੇਟੀ ਦੇ ਉੱਪਰ ਇੱਕ 7 ਬੰਦਿਆਂ ਦੀ ਪੁਲੀਟੀਕਲ ਅਫੇਅਰਸ ਕਮੇਟੀ ਬਣਾ ਕੇ ਇਸ ਨੂੰ ਵਰਕਿੰਗ ਕਮੇਟੀ ਤੋਂ ਸੁਪਰੀਮ ਕਰ ਦਿੱਤਾ। ਅੱਜ-ਕੱਲ੍ਹ ਇਹਤੋਂ ਵੀ ਅਗਾਂਹ ਇੱਕ ਕੋਰ ਕਮੇਟੀ ਬਣੀ ਹੈ ਜੋ ਪੁਲੀਟੀਕਲ ਅਫੇਅਰਸ ਕਮੇਟੀ ਤੋਂ ਵੀ ਉੱਤੋਂ ਦੀ ਹੈ। ਵਿਚਾਰੀ ਵਰਕਿੰਗ ਕਮੇਟੀ ਦੀ ਤਾਂ ਕਿਸੇ ਨੇ ਮੀਟਿੰਗ ਵੀ ਹੁੰਦੀ ਨਹੀਂ ਸੁਣੀ।
ਪਾਰਟੀ ਨੂੰ ਬਕਾਇਦਾ ਤੌਰ 'ਤੇ ਸੁਪਰੀਮ ਐਲਾਨ ਕਰਾਇਆ
12 ਅਕਤੂਬਰ 1978 ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਿੱਖਿਆ ਮੰਤਰੀ ਸੁਖਜਿੰਦਰ ਸਿੰਘ ਨੂੰ ਪਾਰਟੀ ਪ੍ਰਧਾਨ ਤੋਂ ਬਿਨ੍ਹ-ਪੁੱਛ ਵਜ਼ਾਰਤ ਵਿੱਚੋਂ ਬਰਖ਼ਾਸਤ ਕਰ ਦਿੱਤਾ। ਪ੍ਰਧਾਨ ਜੱਥੇਦਾਰ ਤਲਵੰਡੀ ਨੇ 14 ਅਕਤੂਬਰ ਨੂੰ ਅੰਮ੍ਰਿਤਸਰ ਤੇਜਾ ਸਿੰਘ ਸੰਮੁਦਰੀ ਹਾਲ ਵਿੱਚ ਵਰਕਿੰਗ ਕਮੇਟੀ ਦੀ ਮੀਟਿੰਗ ਸੱਦੀ। ਪੂਰੇ ਗਰਮਾ-ਗਰਮ ਮਾਹੌਲ ਵਿੱਚ ਇਹ ਮੀਟਿੰਗ ਸੱਤ ਘੰਟੇ ਚੱਲੀ। ਇਸ ਵਿੱਚ ਬਕਾਇਦਾ ਰੂਪ ਵਿੱਚ ਮਤਾ ਪਾਸ ਕੀਤਾ ਗਿਆ ਕਿ ਅਕਾਲੀ ਦਲ ਦੀ ਸਰਕਾਰ ਵੀ ਪਾਰਟੀ ਦੇ ਅਧੀਨ ਹੈ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਲੀ ਟਿਕਟ 'ਤੇ ਚੁਣੇ ਗਏ ਮੈਂਬਰ ਵੀ ਪਾਰਟੀ ਨੂੰ ਸੁਪਰੀਮ ਮੰਨਣਗੇ। ਇਹ ਇੱਕ ਅਹਿਮ ਸਿਧਾਂਤਕ ਨੁਕਤਾ ਸੀ ਜਿਸ ਨੂੰ ਤਲਵੰਡੀ ਸਾਹਿਬ ਪਾਰਟੀ ਦੇ ਪਲੇਟਫਾਰਮ 'ਤੇ ਬਕਾਇਦਾ ਰੂਪ ਵਿੱਚ ਉਭਾਰਨ ਵਿੱਚ ਕਾਮਯਾਬ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਲੋਕ ਪਾਰਟੀ ਦੀਆਂ ਨੀਤੀਆਂ ਮਗਰ ਲੱਗ ਕੇ ਉਹਦੀ ਸਰਕਾਰ ਬਣਾਉਂਦੇ ਨੇ। ਸੋ ਸਰਕਾਰਾਂ ਪਾਰਟੀਆਂ ਦੇ ਅਧੀਨ ਹੀ ਰਹਿਣੀਆਂ ਚਾਹੀਦੀਆਂ ਹਨ। ਇਸ ਸਿਧਾਂਤ ਦੇ ਵੀ ਤਲਵੰਡੀ ਸਾਹਿਬ ਦੇ ਦੌਰ ਦੌਰਾਨ ਹੀ ਆਖ਼ਰੀ ਵਾਰ ਦਰਸ਼ਨ ਹੋਏ। ਇਸ ਤੋਂ ਬਾਅਦ ਸਰਕਾਰਾਂ ਹੀ ਪਾਰਟੀ ਤੋਂ ਉੱਪਰ ਨਜ਼ਰ ਆਉਂਦੀਆਂ ਰਹੀਆਂ।
ਤਲਵੰਡੀ ਸਾਹਿਬ ਵੱਲੋਂ ਪਾਰਟੀ ਦੀ ਸੁਪਰੀਮੇਸੀ ਦਾ ਸਿਧਾਂਤ ਮੰਨਵਾਉਣ ਦੀ ਵਜ਼ਾ ਕਰਕੇ ਹੀ ਜਦੋਂ ਨਿਰੰਕਾਰੀ ਮਾਮਲੇ ਤੋਂ ਉਨ੍ਹਾਂ ਨੇ ਪਾਰਟੀ ਦੇ ਕੇਂਦਰੀ ਵਜ਼ੀਰਾ ਤੋਂ ਅਸਤੀਫ਼ੇ ਮੰਗੇ ਤਾਂ ਵਜ਼ੀਰਾਂ ਨੇ ਬਿਨ੍ਹਾਂ ਹੀਲ ਹੁਜਤ ਅਸਤੀਫ਼ੇ ਦੇ ਦਿੱਤੇ। ਜੱਥੇਦਾਰ ਤਲਵੰਡੀ ਦੀ ਸਿਆਸਤ ਵਿੱਚ ਪੰਥਕ ਜਜ਼ਬਾ ਹਮੇਸ਼ਾਂ ਭਾਰੂ ਰਿਹਾ। 4-5 ਨਵੰਬਰ 1978 ਨੂੰ ਦਿੱਲੀ ਬੋਟ ਕਲੱਬ ਵਿੱਚ ਕੀਤੇ ਜਾ ਰਹੇ ਨਿਰੰਕਾਰੀ ਸੰਮੇਲਨ ਮੌਕੇ ਉਨ੍ਹਾਂ ਨੇ 3 ਨਵੰਬਰ ਨੂੰ ਤਾਰਾਂ ਦੇ ਕੇ ਦਿੱਲੀ ਸਰਕਾਰ, ਪ੍ਰਧਾਨ ਮੰਤਰੀ ਅਤੇ ਜਨਤਾ ਪਾਰਟੀ ਦੇ ਪ੍ਰਧਾਨ ਚੰਦਰ ਸ਼ੇਖਰ ਨੂੰ ਚੇਤਾਵਨੀ ਦਿੱਤੀ ਕਿ ਨਿਰੰਕਾਰੀਆਂ ਦਾ ਸੰਮੇਲਨ ਖੁੱਲ੍ਹੇਆਮ ਦੀ ਬਜਾਏ ਨਿਰੰਕਾਰੀ ਕਲੋਨੀ ਵਿੱਚ ਹੀ ਹੋਵੇ। ਇਸ ਚੇਤਾਵਨੀ ਤੋਂ ਬੇਪ੍ਰਵਾਹ ਹੋਈ ਸਰਕਾਰ ਨੇ ਇਹ ਸਮਾਗਮ ਖੁੱਲ੍ਹੇਆਮ ਕਰਨ ਦੀ ਇਜਾਜ਼ਤ ਦਿੱਤੀ। ਸੰਮੇਲਨ ਦਾ ਵਿਰੋਧ ਕਰ ਰਹੇ ਸਿੱਖਾਂ ਤੇ ਪੁਲੀਸ ਨੇ ਗੋਲੀ ਚਲਾਈ। ਜਿਸ ਵਿੱਚ ਜੱਥੇਦਾਰ ਸੰਤੋਖ ਸਿੰਘ ਅਕਾਲੀ ਦਲ ਦਾ ਪ੍ਰਧਾਨ ਅਵਤਾਰ ਸਿੰਘ ਕੋਹਲੀ ਮਾਰਿਆ ਗਿਆ ਅਤੇ 31 ਬੰਦੇ ਜਖ਼ਮੀ ਹੋਈ। ਇਸ 'ਤੇ ਖ਼ਫਾ ਹੋਏ ਜੱਥੇਦਾਰ ਤਲਵੰਡੀ ਨੇ ਕੇਂਦਰ ਸਰਕਾਰ ਦੀ ਪੁਰੀ ਮੁਜ਼ੱਮਤ ਕੀਤੀ ਅਤੇ ਅਗਲੇ ਦਿਨ ਹੀ ਵਰਕਿੰਗ ਕਮੇਟੀ ਦੀ ਹੰਗਾਮੀ ਮੀਟਿੰਗ ਸੱਦੀ। ਡੇਰਾਬੱਸੀ ਨੇੜੇ ਮੁਬਾਰਕਪੁਰ ਦੇ ਪੀ.ਡਬਲਿਉ.ਡੀ. ਰੈਸਟ ਹਾਊਸ ਵਿੱਚ ਹੋਈ ਇਹ ਮੀਟਿੰਗ 4 ਘੰਟੇ ਚੱਲੀ। ਇਸ ਵਿੱਚ ਪਾਸ ਹੋਇਆ ਕਿ ਵਰਕਿੰਗ ਕਮੇਟੀ ਅਕਾਲੀ ਦਲ ਦੇ ਦੋ ਕੇਂਦਰੀ ਵਜ਼ੀਰਾ ਸੁਰਜੀਤ ਸਿੰਘ ਬਰਨਾਲਾ ਅਤੇ ਧੰਨਾ ਸਿੰਘ ਗੁਲਸ਼ਨ ਨੂੰ ਇਹ ਹਦਾਇਤ ਕਰਦੀ ਹੈ ਕਿ ਅਕਾਲੀ ਦਲ ਪ੍ਰਧਾਨ ਦੀਆਂ ਤਾਰਾਂ 'ਤੇ ਕੋਈ ਤਵੱਜੋ ਨਾ ਦੇਣ ਦੇ ਰੋਸ ਵਜੋਂ ਸਰਕਾਰ ਤੋਂ ਅਸਤੀਫ਼ੇ ਦੇ ਦੇਣ। ਤੇ ਇਸ ਹਦਾਇਤ ਦੀ ਤਾਮੀਲ ਕਰਦਿਆਂ ਵਜ਼ੀਰਾਂ ਨੇ ਅਗਲੇ ਦਿਨ ਹੀ ਅਸਤੀਫ਼ੇ ਦੇ ਦਿੱਤੇ। ਇਨ੍ਹਾਂ ਅਸਤੀਫ਼ਿਆਂ ਦੀ ਵਜ਼ਾ ਕਰਕੇ ਹੀ ਜਨਤਾ ਪਾਰਟੀ ਦੀ ਹਾਈਕਮਾਂਡ ਹਰਕਤ ਵਿੱਚ ਆਈ। ਅਕਾਲੀ ਦਲ ਦੀਆਂ ਨਿਰੰਕਾਰੀ ਮਾਮਲੇ 'ਤੇ ਅਕਾਲੀ ਦਲ ਦੀ ਮਨਸ਼ਾ ਮੁਤਾਬਕ ਸਰਕਾਰੀ ਨੀਤੀ 'ਚ ਬਦਲਾਅ ਲਿਆਉਣ ਦਾ ਭਰੋਸਾ ਦਿੱਤਾ ਗਿਆ। ਜਨਤਾ ਪਾਰਟੀ ਦੇ ਇਸ ਭਰੋਸੇ 'ਤੇ ਵਿਚਾਰ ਕਰਨ ਲਈ 16 ਨਵੰਬਰ ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ। ਜਗਰਾਓਂ ਨੇੜੇ ਅਖਾੜੇ ਦੇ ਕੈਨਾਲ ਰੈਸਟ ਹਾਊਸ ਵਿੱਚ ਹੋਈ ਇਹ ਮੀਟਿੰਗ 8 ਘੰਟੇ ਚੱਲੀ। ਇਸ ਵਿੱਚ ਅਸਤੀਫ਼ੇ ਵਾਪਸੀ ਦਾ ਤਾਂ ਫ਼ੈਸਲਾ ਹੋ ਗਿਆ ਪਰ ਪ੍ਰਧਾਨ ਮੰਤਰੀ ਤੋਂ ਸੱਪਸ਼ਟੀਕਰਨ ਮੰਗਣ ਦੀ ਵੀ ਸ਼ਰਤ ਰੱਖੀ ਗਈ। ਇਸ ਤੋਂ ਬਾਅਦ ਅਕਾਲੀ ਵਫ਼ਦ ਦੀ ਪ੍ਰਧਾਨ ਮੰਤਰੀ ਮੁਰਾਰਜੀ ਦੁਸਾਈ ਨਾਲ ਹੋਈ ਮੀਟਿੰਗ ਵਿੱਚ ਸਰਕਾਰੀ ਨੀਤੀ ਸਬੰਧੀ ਬਕਾਇਦਾ ਰੂਪ ਵਿੱਚ ਸੱਪਸ਼ਟੀਕਰਨ ਵੀ ਲਏ ਗਏ। ਇੱਥੇ ਇਹ ਗੱਲ ਵੀ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਵਰਕਿੰਗ ਕਮੇਟੀ ਦੀਆਂ ਮੀਟਿੰਗਾਂ ਬਹੁਤ ਲੰਮੀਆਂ ਚੱਲਦੀਆਂ ਹੁੰਦੀਆਂ ਸੀ। ਉਦੋਂ ਤਾਂ ਇਹ ਗੱਲ ਆਮ ਲਗਦੀ ਸੀ ਪਰ ਅੱਜ ਦੇ ਮਾਹੌਲ ਮੁਤਾਬਕ ਇਸ ਦੀ ਅਹਿਮੀਅਤ ਖਾਸ ਲੱਗਦੀ ਹੈ ਕਿਉਂਕਿ ਅੱਜ-ਕਲ੍ਹ ਪਾਰਟੀ ਪ੍ਰਧਾਨ ਨੂੰ ਸਾਰੇ ਅਖ਼ਤਿਆਰ ਦੇਣ ਦਾ ਮਤਾ ਪਾਸ ਕਰਨ ਤੋਂ ਬਾਅਦ ਮੀਟਿੰਗ ਕੁਝ ਹੀ ਮਿੰਟਾ ਵਿੱਚ ਖ਼ਤਮ ਹੋ ਜਾਂਦੀ ਹੈ।
ਜੱਥੇਦਾਰ ਤਲਵੰਡੀ ਦੇ ਇਨ੍ਹਾਂ ਤਿੰਨਾਂ ਸਾਲਾਂ ਵਾਲੇ ਪ੍ਰਧਾਨਗੀ ਦੌਰ ਵਿੱਚ ਨਿਰੰਕਾਰੀ ਮਾਮਲੇ 'ਤੇ ਪਾਰਟੀ ਪਾਲਸੀ ਨੂੰ ਅਹੁਦਿਆਂ ਦੀਆਂ ਲਾਲਸਾਵਾਂ ਨਾਲੋਂ ਪੰਥਕ ਹਿੱਤਾ ਨੂੰ ਉੱਪਰ ਰੱਖਾਉਣਾ ਅਤੇ ਸਰਕਾਰ ਦੇ ਮਾਮਲੇ ਵਿੱਚ ਪਾਰਟੀ ਦੀ ਸੁਪਰੀਮੇਸੀ ਲਾਗੂ ਕਰਾਉਣੀ ਦੋ ਅਹਿਮ ਪ੍ਰਾਪਤੀਆਂ ਨੇ। ਭਾਵੇਂ ਉਨ੍ਹਾਂ ਵਿੱਚ ਆਮ ਸਿਆਸੀ ਆਗੂਆਂ ਵਾਲੀਆਂ ਕਮਜ਼ੋਰੀਆਂ ਸਨ ਪਰ ਜੋ ਉਨ੍ਹਾਂ ਨੇ ਜ਼ਿੰਦਗੀ ਵਿੱਚ ਸਿਆਸੀ ਘਾਟਾ ਖਾਧਾ ਹੈ ਉਸ ਦਾ ਵੱਡਾ ਕਾਰਨ ਪੰਥਕ ਮਾਮਲਿਆਂ 'ਤੇ ਸਮਝੌਤਾ ਨਾ ਕਰਨਾ ਹੀ ਵੱਡਾ ਕਾਰਨ ਸਮਝਿਆ ਜਾਂਦਾ ਹੈ। ਉਹ ਆਖ਼ਰੀ ਦਮ ਤੱਕ ਪਾਰਟੀ ਵਿੱਚ ਭਗਵਾਂਕਰਨ ਪ੍ਰਤੀ ਆ ਰਹੀ ਨੇੜਤਾ ਦੇ ਖ਼ਿਲਾਫ਼ ਆਵਾਜ਼ ਉਠਾਉਂਦੇ ਰਹੇ
-
ਗੁਰਪ੍ਰੀਤ ਸਿੰਘ ਮੰਡਿਆਣੀ, ਲੇਖਕ ਤੇ ਖੋਜੀ ਪੱਤਰਕਾਰ
gurpreetmandiani@gmail.com
+91- 8872664000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.