ਸੋਹਣਾ ਕੌਣ ਨਹੀਂ ਲੱਗਣਾ ਚਾਹੁੰਦਾ। ਸੋਹਣੇ ਬਣਨ ਲਈ ਲੋਕ ਸੌ-ਸੌ ਪਾਪੜ ਵੇਲਦੇ ਹਨ। ਇਸ ਲੜੀ ਵਿਚ ਕੇਵਲ ਔਰਤਾਂ ਹੀ ਨਹੀਂ, ਸਗੋਂ ਮਰਦ ਵੀ ਪਿੱਛੇ ਨਹੀਂ। ਥਾਂ-ਥਾਂ ਖੁੱਲ੍ਹ ਰਹੇ ਜਿੰਮ ਅਤੇ ਬਿਊਟੀ ਪਾਰਲਰ ਇਸ ਦੀ ਜਿਉਂਦੀ ਜਾਗਦੀ ਮਿਸਾਲ ਹਨ। ਵੱਡੇ ਸ਼ਹਿਰਾਂ ਵਿਚ ਆਦਮੀਆਂ ਲਈ ਬਿਊਟੀ ਸੈਂਟਰ ਖੁੱਲ੍ਹ ਰਹੇ ਹਨ। ਇਹ ਫੈਸ਼ਨ ਦਾ ਦੌਰ ਹੈ। ਹਰ ਕੋਈ ਇਕ-ਦੂਜੇ ਤੋਂ ਵਧ ਕੇ ਦਿਸਣਾ ਚਾਹੁੰਦਾ ਹੈ। ਆਪਣੀ ਉਮਰ ਲੁਕਾਉਣ ਦਾ ਸ਼ੌਕ ਵੀ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਜੇਕਰ ਕਿਸੇ ਤੋਂ ਉਸ ਦੀ ਉਮਰ ਬਾਰੇ ਪੁੱਛਿਆ ਜਾਵੇ ਤਾਂ ਸੱਚ ਬੋਲ ਕੇ ਕੋਈ ਘੱਟ ਹੀ ਰਾਜ਼ੀ ਹੈ। ਇਸ ਫੈਸ਼ਨ-ਪ੍ਰਸਤੀ ਦੇ ਦੌਰ ਵਿਚ ਕੁੜੀਆਂ ਵਿਚ ਪਤਲੇ ਰਹਿਣ ਦਾ ਝੱਲਾਪਣ ਇਸ ਹੱਦ ਤੱਕ ਵੱਧਦਾ ਜਾ ਰਿਹਾ ਹੈ ਕਿ ਉਹ ਪਤਲੀਆਂ-ਪਤੰਗ ਦਿਸਣ ਲਈ ਹਰ ਤਰ੍ਹਾਂ ਦਾ ਹੀਲਾ-ਵਸੀਲਾ ਅਪਣਾ ਰਹੀਆਂ ਹਨ, ਭਾਵੇਂ ਉਸ ਦੇ ਦੂਰ-ਅੰਦੇਸ਼ੀ ਸਿੱਟੇ ਕਿੰਨੇ ਵੀ ਖ਼ਤਰਨਾਕ ਕਿਉਂ ਨਾ ਹੋਣ।
ਇਕ ਸਮਾਂ ਸੀ, ਜਦੋਂ ਸਰੂ ਵਰਗੀਆਂ ਲੰਮੀਆਂ ਕੁੜੀਆਂ ਦੇ ਗੁੰਦਵੇਂ ਸਰੀਰ ਹੁੰਦੇ ਸਨ। ਘਰ ਵਿਚ ਚੰਗੀਆਂ ਖੁਰਾਕਾਂ ਹੁੰਦੀਆਂ ਸਨ ਅਤੇ ਕੰਮਕਾਰ ਵੀ ਕਰਨੇ ਪੈਂਦੇ ਸਨ। ਉਸ ਦੌਰ ਵਿਚ ਕੁਦਰਤੀ ਤੌਰ 'ਤੇ ਸਰੀਰ ਪਤਲੇ ਹੁੰਦੇ ਸਨ ਪਰ ਤੰਦਰੁਸਤੀ ਭਰਪੂਰ। ਹੌਲੀ-ਹੌਲੀ ਸਮੇਂ ਦੇ ਬਦਲਣ ਨਾਲ ਖੁਰਾਕਾਂ ਵੀ ਮਾੜੀਆਂ ਹੁੰਦੀਆਂ ਗਈਆਂ ਅਤੇ ਕੰਮ-ਕਾਰ ਵੀ ਘਟਦੇ ਗਏ ਕਿਉਂਕਿ ਮਸ਼ੀਨੀਕਰਨ ਨੇ ਦੁੱਧ ਰਿੜਕਨਾ, ਪੱਠੇ ਕੁਤਰਨੇ, ਕੱਪੜੇ ਧੋਣੇ ਅਤੇ ਸਾਫ਼-ਸਫ਼ਾਈਆਂ ਦੌਰਾਨ ਕੀਤੀ ਜਾਣ ਵਾਲੀ ਮਿਹਨਤ ਨੂੰ ਜਿੱਥੇ ਰੋਕ ਦਿੱਤਾ ਹੈ, ਉਥੇ ਕੰਮ ਸੱਭਿਆਚਾਰ ਹੀ ਖ਼ਤਮ ਕਰ ਦਿੱਤਾ। ਇਕ ਪਾਸੇ ਕੰਮ ਘਟ ਗਿਆ, ਦੂਜੇ ਪਾਸੇ ਖਾਣ-ਪੀਣ ਬਦਲ ਗਏ। ਘਿਓ, ਦੁੱਧ, ਦਹੀਂ, ਲੱਸੀ, ਸ਼ੱਕਰ ਛੱਡ ਕੇ ਪੀਜ਼ੇ, ਬਰਗਰਾਂ ਜਾਂ ਫਾਸਟ ਫੁੱਡ ਨੂੰ ਤਰਜੀਹ ਦਿੱਤੀ ਜਾਣ ਲੱਗੀ, ਜਿਸ ਕਰਕੇ ਨਾ ਤਾਂ ਸਰੂ ਜਿਹੇ ਕੱਦ ਰਹੇ ਅਤੇ ਨਾ ਹੀ ਗੁੰਦਵੇਂ ਸਰੀਰ।
ਰਹਿੰਦੀ-ਖੂੰਹਦੀ ਕਸਰ ਟੈਲੀਵਿਜ਼ਨ ਨੇ ਕੱਢ ਦਿੱਤੀ। ਟੈਲੀਵਿਜ਼ਨ 'ਤੇ ਚਲਦਾ ਫੈਸ਼ਨ ਚੈਨਲ ਤਾਂ ਕੁੜੀਆਂ ਨੂੰ ਘੁਣ ਵਾਂਗ ਖਾ ਗਿਆ। ਹਰ ਕੁੜੀ ਮਾਡਲ ਬਣਨ ਦੇ ਸੁਪਨੇ ਲੈਂਦੀ ਹੈ। ਉਹਨਾਂ ਵਾਂਗੂੰ ਪਤਲਾ ਲੱਕ ਲਚਕਾ ਕੇ ਤੁਰਨਾ ਹਰ ਕੁੜੀ ਦਾ ਸੁਪਨਾ ਹੋ ਗਿਆ ਹੈ। ਇਸੇ ਕਰਕੇ ਕਈਆਂ ਨੇ ਤਾਂ ਇਕ ਵੇਲੇ ਦੀ ਰੋਟੀ ਛੱਡ ਰੱਖੀ ਹੈ ਕਿ ਕਿਤੇ ਮੋਟੀਆਂ ਨਾ ਹੋ ਜਾਈਏ।
ਡਾਕਟਰੀ ਨਜ਼ਰੀਏ ਤੋਂ ਜੇਕਰ ਦੇਖਿਆ ਜਾਵੇ ਤਾਂ ਇਹ ਇਕ ਗੰਭੀਰ ਸਮੱਸਿਆ ਹੈ। ਆਮ ਪੇਂਡੂ ਕੁੜੀਆਂ ਵੀ ਇਸ ਸਮੱਸਿਆ ਦਾ ਸ਼ਿਕਾਰ ਹੋ ਰਹੀਆਂ ਹਨ। ਅਜਿਹੇ ਕੇਸ ਸਾਹਮਣੇ ਆ ਰਹੇ ਹਨ ਕਿ ਕੁੜੀਆਂ ਵਿਚ ਖ਼ੂਨ ਦੀ ਕਮੀ ਅਤੇ ਕੈਲਸ਼ੀਅਮ ਦੀ ਮਾਤਰਾ ਘਟ ਰਹੀ ਹੈ। ਖ਼ੂਨ ਦੀ ਕਮੀ ਕਰਕੇ ਚਿਹਰੇ ਮੁਰਝਾਏ-ਮੁਰਝਾਏ ਲੱਗਦੇ ਨੇ, ਗੋਰੇ ਰੰਗ ਦੀ ਥਾਂ ਡੱਬ-ਖੜੱਬੇ, ਛਾਈਆਂ ਵਾਲੇ ਚਿਹਰੇ ਅਤੇ ਮੁੱਖੜੇ 'ਤੇ ਲਾਲੀ ਦੀ ਥਾਂ ਪਿਲੱਤਣ ਅੱਜਕੱਲ੍ਹ ਕੁੜੀਆਂ ਦੇ ਚਿਹਰੇ 'ਤੇ ਆਮ ਦੇਖੀ ਜਾ ਸਕਦੀ ਹੈ। ਘਟ ਰਹੀ ਕੈਲਸ਼ੀਅਮ ਨਾਲ ਜਿੱਥੇ ਕੱਦ ਮਧਰੇ ਰਹਿ ਗਏ ਹਨ, ਉਥੇ ਮਾਹਵਾਰੀ ਦੌਰਾਨ ਦਰਦ ਦੀ ਸਮੱਸਿਆ ਅਤੇ ਹੱਡੀਆਂ ਦਾ ਕਮਜ਼ੋਰਾਪਣ ਵੱਧ ਰਿਹਾ ਹੈ। ਕੁੜੀਆਂ ਵਿਚ ਆਲਸਪੁੁਣਾ ਵਧ ਰਿਹਾ ਹੈ। ਮਾਪਿਆਂ ਦੀ ਸ਼ਿਕਾਇਤ ਹੁੰਦੀ ਹੈ ਕਿ ਇਹ ਸਾਰਾ ਦਿਨ ਪਈ ਰਹਿੰਦੀ ਹੈ, ਨਾ ਕੰਮ ਕਰਦੀ ਹੈ, ਨਾ ਪੜ੍ਹਦੀ ਹੈ। ਚੜ੍ਹਦੀ ਜਵਾਨੀ ਵਿਚ ਸਰੀਰ ਨੂੰ ਖੁਰਾਕ ਦੀ ਲੋੜ ਹੁੰਦੀ ਹੈ ਜਿਥੇ ਦੁੱਧ, ਘਿਓ ਜ਼ਰੂਰੀ ਹੁੰਦਾ ਹੈ, ਉਥੇ ਫਲਾਂ, ਸਬਜ਼ੀਆਂ ਵਿਚੋਂ ਮਿਲਣ ਵਾਲੇ ਵਿਟਾਮਿਨ ਵੀ ਜ਼ਰੂਰੀ ਹੁੰਦੇ ਹਨ। ਪਰ ਸਰੀਰ ਨੂੰ ਪਤਲਾ ਰੱਖਣ ਦੇ ਚੱਕਰ ਵਿਚ ਕੁੜੀਆਂ ਨੂੰ ਖੁਰਾਕ ਸ਼ਬਦ ਤੋਂ ਐਲਰਜ਼ੀ ਹੋ ਗਈ ਹੈ। ਜੇਕਰ ਕੋਈ ਦਾਦੀ-ਨਾਨੀ ਇਹਨਾਂ ਕੁੜੀਆਂ ਨੂੰ ਨਸੀਹਤ ਦਿੰਦੀ ਹੈ ਤਾਂ ਇਹ ਮਾਡਰਨ ਕੁੜੀਆਂ ਇਸ ਨੂੰ ਟਿੱਚ ਜਾਣਦੀਆਂ ਹਨ। ਅੱਲੜ੍ਹ ਅਣਭੋਲ ਕੁੜੀਆਂ ਨੂੰ ਇਸ ਗੱਲ ਦਾ ਇਲਮ ਨਹੀਂ ਕਿ ਇਹ ਜਾਨੂੰਨੀਪੁਣਾ ਅੱਗੇ ਜਾ ਕੇ ਸਰਾਪ ਹੋ ਨਿਬੜੇਗਾ।
ਪਤਲੇ ਰਹਿਣ ਦੀ ਸੂਰਤ ਵਿਚ ਕਈ ਕੁੜੀਆਂ ਅਜਿਹੀਆਂ ਵੇਖੀਆਂ ਗਈਆਂ, ਜਿਨ੍ਹਾਂ ਨੇ ਦੋਵਾਂ ਵੇਲਿਆਂ ਦੀ ਰੋਟੀ ਬੰਦ ਕੀਤੀ ਹੋਈ ਹੈ। ਜੇਕਰ ਤਾਂ ਸੱਚਮੁੱਚ ਭਾਰੇ ਵਜ਼ਨ ਵਾਲਾ ਪਤਲਾ ਹੋਣ ਲਈ ਅਜਿਹਾ ਹੀਲਾ ਕਰਦਾ ਹੈ ਤਾਂ ਉਹ ਚੰਗੀ ਗੱਲ ਹੈ ਪਰ ਰੀਸੋ-ਰੀਸ ਅਜਿਹਾ ਕਰਨਾ ਬਿਮਾਰੀਆਂ ਨੂੰ ਸੱਦਾ ਦੇਣ ਵਾਲੀ ਗੱਲ ਹੋ ਜਾਂਦੀ ਹੈ। ਜਦੋਂ ਸਰੀਰ ਨੂੰ ਲੋੜੀਂਦੀ ਮਾਤਰਾ ਵਿਚ ਊਰਜਾ ਨਹੀਂ ਮਿਲਦੀ ਤਾਂ ਸਰੀਰ ਥੱਕਿਆ-ਥੱਕਿਆ ਅਤੇ ਮਨ ਅੱਕਿਆ-ਅੱਕਿਆ ਰਹਿੰਦਾ ਹੈ। ਸਰੀਰ ਵਿਚਲੀਆਂ ਕਿਰਿਆਵਾਂ ਵੀ ਗਤੀਹੀਣ ਹੋ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਅੱਜਕੱਲ੍ਹ ਬਿਮਾਰੀਆਂ ਵਿਚ ਵਾਧਾ ਹੋ ਰਿਹਾ ਹੈ। ਭੁੱਖੇ ਰਹਿਣ ਦੀ ਆਦਤ ਜਿਸਨੂੰ ਮੈਡੀਕਲ ਭਾਸ਼ਾ ਵਿਚ Anorexia Nervosa ਦਾ ਨਾਂਅ ਦਿੱਤਾ ਗਿਆ ਹੈ, ਜਿਸ ਕਰਕੇ ਹੌਲੀ-ਹੌਲੀ ਅੰਦਰੋਂ ਹੀ ਭੁੱਖ ਲੱਗਣੀ ਬੰਦ ਹੋ ਜਾਂਦੀ ਹੈ ਅਤੇ ਸਰੀਰ ਸੁੱਕਣ ਲੱਗ ਜਾਂਦਾ ਹੈ। ਬਿਮਾਰੀਆਂ ਨਾਲ ਲੜਨ ਦੀ ਤਾਕਤ (Immune System) ਕਮਜ਼ੋਰ ਪੈ ਜਾਂਦੀ ਹੈ ਅਤੇ ਸੰਬੰਧਿਤ ਕੁੜੀਆਂ ਬਿਮਾਰੀਆਂ ਦੇ ਕੁੱਜੇ ਬਣ ਜਾਂਦੀਆਂ ਹਨ।
ਸਾਡੇ ਸਮਾਜ ਵਿਚ ਭੁੱਖੇ ਰਹਿਣ ਦੀ ਆਦਤ ਤਾਂ ਸ਼ਾਇਦ ਉਨ੍ਹਾਂ ਦੀ ਹੈ, ਜੋ ਜ਼ਿਆਦਾ ਭਾਰੇ ਹਨ ਜਾਂ ਜਿਹੜੀਆਂ ਕੁੜੀਆਂ ਨੇ ਪਤਲੇ ਰਹਿਣ ਦਾ ਸ਼ੌਕ ਪਾਲਿਆ ਹੋਇਆ ਹੈ ਪਰ ਭੁੱਖਮਰੀ ਵੀ ਵਿਚ ਗੰਭੀਰ ਸਮੱਸਿਆ ਹੈ, ਜਿਸ ਕਰਕੇ ਗਰੀਬ ਘਰਾਂ ਦੀਆਂ ਕੁੜੀਆਂ ਦੇ ਲੱਕ ਦੂਹਰੇ ਹੋਏ ਪਏ ਹਨ ਕਿਉਂਕਿ ਸਮਾਜ ਦੋ ਵਰਗਾਂ ਵਿਚ ਵੰਡਿਆ ਗਿਆ ਹੈ। ਇਕ ਤਾਂ ਉਹ ਲੋਕ, ਜਿਨ੍ਹਾਂ ਕੋਲ ਖੁਰਾਕ ਵਾਧੂ ਹੈ ਪਰ ਕੰਮ ਘੱਟ, ਅਜਿਹੇ ਲੋਕ ਤਾਂ ਜਿੰਮ-ਖਾਨਿਆਂ 'ਚ ਜਾ ਕੇ ਆਪਣੀ ਚਰਬੀ ਘਟਾਉਂਦੇ ਹਨ। ਦੂਸਰੇ ਪਾਸੇ ਉਹ ਲੋਕ, ਜਿਨ੍ਹਾਂ ਕੋਲ ਸਰੀਰਕ ਕੰਮ ਜ਼ਿਆਦਾ ਅਤੇ ਖੁਰਾਕ ਘੱਟ ਹੈ। ਮੇਰਾ ਤਾਂ ਸਾਰਿਆਂ ਨੂੰ ਇਹੀ ਕਹਿਣਾ ਹੈ ਕਿ ਜੇਕਰ ਅਸੀਂ ਬਿਮਾਰੀਆਂ ਤੋਂ ਬਚਣਾ ਹੈ ਅਤੇ ਤੰਦਰੁਸਤ ਸਮਾਜ ਸਿਰਜਣਾ ਹੈ ਤਾਂ ਘਰਾਂ ਵਿਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਖੁਰਾਕ ਦੇਈਏ ਅਤੇ ਆਪ ਥੋੜ੍ਹਾ-ਮੋਟਾ ਕੰਮ ਕਰਨ ਦੀ ਆਦਤ ਪਾਈਏ। ਫਿਰ ਸਰੀਰ ਗੁੰਦਵੇਂ ਰਹਿਣਗੇ, ਲੱਕ ਵੀ ਪਤਲੇ ਰਹਿਣਗੇ ਅਤੇ ਤੰਦਰੁਸਤੀ ਵੀ ਬਣੀ ਰਹੇਗੀ ਪਰ ਜਿਸ ਤਰ੍ਹਾਂ ਦਾ ਰੁਝਾਨ ਫੈਸ਼ਨਪ੍ਰਸਤੀ ਦੌਰ ਵਿਚ ਚੱਲ ਰਿਹਾ ਹੈ, ਉਹਦਾ ਖ਼ਮਿਆਜ਼ਾ ਇਹਨਾਂ ਅੱਲੜ੍ਹਾਂ ਨੂੰ ਜ਼ਰੂਰ ਭੁਗਤਣਾ ਪਵੇਗਾ।
ਸਾਡੇ ਗੀਤਕਾਰ ਅਤੇ ਗਾਇਕ ਵੀ ਪਤਲੇ ਲੱਕ ਅਤੇ ਹੌਲੇ ਵਜ਼ਨ ਨੂੰ ਆਪਣੇ ਗੀਤਾਂ ਦਾ ਵਿਸ਼ਾ ਬਣਾਉਂਦੇ ਹੋਏ ਕੁੜੀਆਂ ਨੂੰ ਪਤਲਾ ਰਹਿਣ ਲਈ ਉਕਸਾ ਰਹੇ ਹਨ। ਜਿਵੇਂ ਲੱਕ 28 ਕੁੜੀ ਦਾ 47 ਵੇਟ ਕੁੜੀ ਦਾ, ਲੱਕ ਪਤਲਾ ਪਤੰਗ, ਪਤਲਾ ਜਾ ਲੱਕ ਤੇਰਾ ਟੁੱਟ ਜਾਵੇ ਨਾ ਜਾਂ ਮੇਰਾ ਪੱਚੀਆਂ ਫੁੱਲਾਂ ਤੋਂ ਹੌਲਾ ਭਾਰ ਮਿੱਤਰਾ ਪਰ ਗੁੰਦਵੇਂ ਸਰੀਰ ਜਾਂ ਸਰੂ ਜਿਹੇ ਕੱਦ ਸਾਡੇ ਗੀਤਾਂ ਵਿਚੋਂ ਗਾਇਬ ਹੋ ਚੁੱਕੇ ਹਨ, ਜੋ ਪੰਜਾਬਣ ਮੁਟਿਆਰ ਦੀ ਅਸਲੀ ਤਸਵੀਰ ਪੇਸ਼ ਕਰਦੇ ਸਨ।
-
ਡਾ. ਅਮਨਦੀਪ ਸਿੰਘ ਟੱਲੇਵਾਲੀਆ, ਹੋਮਿਓਪੈਥਿਕ ਡਾਕਟਰ, ਬਰਨਾਲਾ
tallewalia@gmail.com
+91-98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.