ਆਖ਼ਿਰ ਬਾਰਾਂ ਸਾਲਾਂ ਬਾਅਦ ਹੁਣ ਫੇਰ ਆਸਟ੍ਰੇਲੀਆ 'ਚ ਕੁਝ ਕੁ ਲੋਕਾਂ ਕਾਰਨ ਸਾਡਾ ਨੌਜਵਾਨ ਵਰਗ ਚਰਚਾ 'ਚ ਹੈ। ਭਾਵੇਂ ਇਹਨਾਂ ਬਾਰਾਂ ਸਾਲਾਂ ਦੌਰਾਨ ਸਾਡੇ ਬਹੁਤ ਸਾਰੇ ਬੱਚਿਆਂ ਨੇ, ਵੱਡੀਆਂ-ਵੱਡੀਆਂ ਮੱਲ੍ਹਾਂ ਮਾਰੀਆਂ। ਪਰ ਅੱਜ ਦੇ ਯੁੱਗ ਦੀ ਰੀਤ ਹੈ ਕਿ ਜੋ ਚੰਗਾ ਕਾਰਜ ਹੋਵੇ ਉਹ ਨਜ਼ਰਾਂ ਤੋਂ ਓਹਲੇ ਹੀ ਰਹਿ ਜਾਂਦਾ ਹੈ ਪਰ ਬੁਰਾ 'ਕਾਰਾ' ਨਜ਼ਰੀ ਚੜ੍ਹਦਾ ਬਿੰਦ ਨਹੀਂ ਲਾਉਂਦਾ।
ਪਹਿਲਾਂ 2008 'ਚ ਸਾਡੇ ਕੁਝ ਕੁ ਨੌਜਵਾਨ ਆਸਟ੍ਰੇਲੀਆ ਦੀਆਂ ਸੜਕਾਂ 'ਤੇ ਆਏ ਸਨ। ਉਸ ਗ਼ਲਤੀ ਦੇ ਨਤੀਜੇ ਕਈਆਂ ਨੇ, ਕਈ ਸਾਲਾਂ ਤੱਕ ਭੁਗਤੇ ਸਨ। ਉਸ ਵਕਤ ਹਾਲੇ ਫੇਰ ਵੀ ਨਰਾਜ਼ਗੀ ਦੀ ਵਜ੍ਹਾ ਸਹੀ ਸੀ, ਪਰ ਇਤਰਾਜ਼ ਜਤਾਉਣ ਦਾ ਤਰੀਕਾ ਗ਼ਲਤ ਸੀ। ਪਰ ਇਸ ਵਾਰ ਤਾਂ ਬਿਨਾਂ ਵਜ੍ਹਾ ਦੇ ਸੋਸ਼ਲ ਮੀਡੀਆ ਦੇ ਮੈਦਾਨ 'ਚ ਬੜ੍ਹਕਾਂ ਮਾਰਨ ਤੋਂ ਲੈ ਕੇ ਹੈਰਿਸ ਪਾਰਕ ਦੀਆਂ ਗਲੀਆਂ 'ਚ ਉੱਡੀਆਂ ਧੱਜੀਆਂ ਸਭ ਨੇ ਦੇਖੀਆਂ। ਅਫ਼ਸੋਸ ਇਸ ਗੱਲ ਦਾ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਨੂੰ ਰੰਗਤ ਭਾਈਚਾਰੇ ਦੀ ਜਾਂ ਫੇਰ ਧਰਮ ਦੀ ਦੇ ਦਿੱਤੀ ਗਈ।
ਹਰ ਪਾਸੇ ਤੋਂ ਪ੍ਰਤੀਕਰਮ ਦੇਖਣ ਸੁਣਨ ਨੂੰ ਮਿਲੇ ਪਰ ਜ਼ਿਆਦਾਤਰ ਨੇ ਇਸ ਵਰਤਾਰੇ ਦੀ ਨਿੰਦਿਆ ਹੀ ਕੀਤੀ। ਕੁਝ ਕੁ ਨੇ ਇਸ ਨੂੰ ਸਹੀ ਦਰਸਾਉਣ ਲਈ ਵੀ ਵਾਹ ਲਾਈ। ਇੱਥੇ ਹਰ ਇਕ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹੈ। ਪਰ ਸਿਰਫ਼ ਇਸ ਲਈ ਟਿੰਡ 'ਚ ਕਾਨਾ ਨਹੀਂ ਫਸਾਈ ਦਾ ਹੁੰਦਾ ਕਿ ਭਾਵੇਂ ਅਸੀਂ ਸਹੀ ਹਾਂ, ਭਾਵੇਂ ਗ਼ਲਤ ਹਾਂ ਪਰ ਹਾਰਨਾ ਨਹੀਂ। ਬਿਨਾਂ ਕਿਸੇ ਵੀ ਗੱਲ ਦੀ ਤਹਿ 'ਤੇ ਗਿਆਂ ਨਤੀਜਾ ਕੱਢ ਲੈਣੇ ਸਹੀ ਨਹੀਂ ਹੁੰਦਾ।
ਬੀਤੇ ਦਿਨੀਂ ਸਿਡਨੀ 'ਚ ਜੋ ਹੋਇਆ ਉਸ ਬਾਰੇ ਕਿਸੇ ਇਕ ਧਿਰ ਨੂੰ ਦੋਸ਼ੀ ਨਹੀਂ ਗਰਦਾਨਦਿਆਂ ਜਾ ਸਕਦਾ। ਪਰ ਇਹ ਗੱਲ ਸਾਬਿਤ ਹੋ ਚੁੱਕੀ ਹੈ ਕਿ ਵਿਦੇਸ਼ 'ਚ ਹਰ ਕੋਈ ਆਪਣੀ ਕੌਮ ਰਾਜ ਜਾਂ ਦੇਸ਼ ਦਾ ਰਾਜ ਨਾਇਕ ਹੁੰਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਕੋਈ ਵੀ ਵਰਤਾਰਾ ਕਰਨ ਤੋਂ ਪਹਿਲਾਂ ਸੌ ਬਾਰ ਸੋਚ ਲੈਣਾ ਚਾਹੀਦਾ ਹੈ। ਪਹਿਲੀ ਗੱਲ ਤਾਂ ਲੜਨ ਵਾਲੀਆਂ ਦੋਨੇਂ ਧਿਰਾਂ ਇੱਕੋ ਮੁਲਕ ਨਾਲ ਸੰਬੰਧਿਤ ਹਨ। ਸੋ ਤੀਜਿਆਂ 'ਤੇ ਸਾਡਾ ਜੋ ਅਕਸ ਬਣਿਆ ਉਹ ਸਭ ਦੇ ਸਾਹਮਣੇ ਹੈ। ਦੂਜੀ ਗੱਲ, ਜਿਸ ਮਸਲੇ ਦੀ ਲੜਾਈ ਸੀ, ਉਸ ਲਈ ਜੰਗ ਦਾ ਮੈਦਾਨ ਇਹ ਮੁਲਕ ਨਹੀਂ ਹੋ ਸਕਦਾ ਸੀ।
ਭਾਵੇਂ ਕੁਝ ਲੋਕ ਇਸ ਨੂੰ ਨਿੱਜੀ ਲੜਾਈ ਦਾ ਨਾਮ ਦੇ ਰਹੇ ਹਨ। ਪਰ ਮੇਰਾ ਮੰਨਣਾ ਹੈ ਕਿ ਲੜਾਈ ਉੱਨੀ ਦੇਰ ਨਿੱਜੀ ਹੁੰਦੀ ਹੈ ਜਿੰਨੀ ਦੇਰ ਕਿਸੇ ਝੰਡੇ ਥੱਲੇ ਨਾ ਲੜੀ ਜਾਵੇ। ਪਰ ਇੱਥੇ ਤਾਂ ਨਾਅਰੇ, ਜੈਕਾਰੇ ਸਭ ਮੁਲਕ ਜਾਂ ਕੌਮ ਦੀ ਅਗਵਾਈ ਕਰ ਰਹੇ ਸਨ। ਸੋ ਲੜਾਈ ਨੂੰ 'ਹਰਿਆਣਾ ਬਨਾਮ ਪੰਜਾਬ' ਦਾ ਨਾਮਕਰਨ ਕੀਤਾ ਗਿਆ।
ਭਾਵੇਂ ਧਰਮ ਨਾਲੋਂ ਪਹਿਲਾਂ ਮੈਂ ਇਨਸਾਨੀਅਤ 'ਚ ਵਿਸ਼ਵਾਸ ਰੱਖਦਾ ਹਾਂ, ਦੋਨਾਂ ਧਿਰਾਂ 'ਚ ਆਪਣੇ ਹੀ ਸਨ। ਪਰ ਮੇਰਾ ਪਹਿਲਾ ਗਿਲਾ ਉਸ ਨੌਜਵਾਨ ਨਾਲ ਹੈ, ਜੋ ਬਿਨਾਂ ਸੋਚੇ ਸਮਝੇ ਸਾਹਿਬ-ਏ-ਕਮਾਲ ਦੀ ਲਲਕਾਰ ਮਾਰ ਰਿਹਾ ਸੀ। ਉਸ ਨੂੰ ਇਹ ਲਲਕਾਰ ਮਾਰਨ ਤੋਂ ਪਹਿਲਾਂ ਇਹ ਦੇਖ ਲੈਣਾ ਚਾਹੀਦਾ ਸੀ ਕਿ ਗੁਰੂ ਸਾਹਿਬ ਨੇ ਤਾਂ ਕਿਹਾ ਕਿ ਸੂਰਾ ਉਸੇ ਨੂੰ ਸਮਝੋ ਜਿਹੜਾ ਦੀਨ ਕੇ ਹੇਤ ਲੜਦਾ ਹੈ ਜਾਂ ਬੰਦਾ ਉਹ ਹੁੰਦਾ ਜੋ ਵਕਤ ਵਿਚਾਰੇ। ਉਸ ਨੂੰ ਕੈਮਰੇ ਮੂਹਰੇ ਬਹਿ ਕੇ ਗੱਜਣ ਤੋਂ ਪਹਿਲਾਂ ਦੇਖ ਲੈਣਾ ਚਾਹੀਦਾ ਸੀ ਕਿ ਉਸ ਦੀਆਂ ਬਾਂਹਾਂ ਵਿਚ ਬਾਬਾ ਦੀਪ ਸਿੰਘ ਵਰਗਾ ਜ਼ੋਰ ਹੈ ਕੇ ਨਹੀਂ? ਉਸ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਭਾਈ ਬਚਿੱਤਰ ਸਿੰਘ ਦੀ ਨਾਗਣੀ ਕੀ ਆਪੇ ਮਸਤੇ ਹਾਥੀ ਦਾ ਮੱਥਾ ਚੀਰ ਗਈ ਸੀ? ਹਰੀ ਸਿੰਘ ਨਲੂਏ ਨੂੰ 'ਨਲੂਆ' ਕਿਉਂ ਕਿਹਾ ਜਾਂਦਾ ਸੀ? ਇਸ ਬਾਰੇ ਪਤਾ ਹੋਣਾ ਚਾਹੀਦਾ ਸੀ। ਉਸ ਨੂੰ ਇਹ ਵੀ ਗਿਆਨ ਹੋਣਾ ਚਾਹੀਦਾ ਸੀ ਕਿ ਸਵਾ ਲਾਖ ਨਾਲ ਏਕ ਲੜਾਊਂ ਪਿੱਛੇ ਉਹ 'ਏਕ' ਗੁਰੂ ਦੀ ਬਖ਼ਸ਼ੀਸ਼ 'ਚੋਂ ਨਿਕਲੇ 'ਮਰਜੀਵੜੇ' ਸਨ ਜੋ ਮੈਦਾਨ 'ਚ ਆਪਣੇ ਸੈਨਾਪਤੀ ਨੂੰ ਇਕੱਲਾ ਜਾਂ ਜ਼ਖ਼ਮੀ ਨਹੀਂ ਛੱਡਦੇ ਹੁੰਦੇ। ਜੇ ਕਰ ਐਨਾ ਬਾਹੂ-ਬਲ ਨਹੀਂ ਸੀ ਤਾਂ ਮੁਗ਼ਲਾਂ ਨੂੰ ਉਨ੍ਹਾਂ ਦੇ ਦਰਬਾਰ 'ਚ ਲਲਕਾਰਨ ਵਾਲੇ ਛੋਟੇ ਸਾਹਿਬਜ਼ਾਦਿਆਂ ਵਾਂਗ ਲੋਹੇ ਦੇ ਇਰਾਦੇ ਦੇ ਧਾਰਨੀ ਹੋਣਾ ਲਾਜ਼ਮੀ ਸੀ। ਹੁਣ ਜੋ ਮਰਜ਼ੀ ਕਹੀ ਜਾਓ ਕਿ ਪਿੱਛੋਂ ਬਾਰ ਕਰ ਦਿੱਤਾ ਜਾਂ ਕੁਝ ਹੋਰ, ਪਰ ਅਸਲ 'ਚ ਜੋ ਹੋਇਆ ਉਹ ਲੋਕਾਂ ਦੇ ਸਾਹਮਣੇ ਹੈ।
ਹੁਣ ਜਾਂ ਤਾਂ ਇਸ ਵਰਤਾਰੇ ਨੂੰ ਆਪਣਾ ਨਿੱਜੀ ਮੰਨ ਕੇ ਤੁਸੀਂ ਆਪਣੇ ਆਪ ਨੂੰ ਸਹੀ ਸਾਬਿਤ ਕਰ ਸਕਦੇ ਹੋ, ਨਹੀਂ ਤਾਂ ਅੱਗੇ ਤੋਂ ਆਪੇ ਕਿਸੇ ਕੌਮ ਦੇ ਸੈਨਾਪਤੀ ਨਾ ਬਣਿਓ।
ਦੂਜਾ ਗਿਲਾ ਹਰਿਆਣਵੀ ਭਰਾਵਾਂ ਨੂੰ, ਦੱਸ ਦੇਵਾਂ ਕਿ ਨਿੱਜੀ ਗੱਲਾਂ ਨੂੰ ਜਾਤਾਂ-ਪਾਤਾਂ ਦੇ ਲੀੜੇ ਨਹੀਂ ਪਵਾਈ ਦੇ ਹੁੰਦੇ। ਜੀ ਸਦਕੇ ਤਰੱਕੀਆਂ ਕਰੋ। ਮਾਂ ਬਾਪ ਨੇ ਜੋ ਕੰਮ ਭੇਜੇ ਹੋ ਉਸ ਨੂੰ ਨੀਝ ਨਾਲ ਕਰੋ। ਥੋੜ੍ਹਾ ਜਿਹਾ ਇਤਿਹਾਸ ਵੀ ਪੜ੍ਹ ਲਓ ਕਿ ਅਸੀਂ-ਤੁਸੀਂ ਕੌਣ ਹਾਂ। ਐਵੇਂ ਨਾਂ ਮੌਕਾਪ੍ਰਸਤ ਨੇਤਾਵਾਂ ਦੀਆਂ ਗੱਲਾਂ 'ਚ ਆ ਜਾਇਆ ਕਰੋ। ਤੁਸੀਂ ਨਿੱਜੀ ਤੌਰ ਤੇ ਜੋ ਮਰਜ਼ੀ ਕਿਸੇ ਨੂੰ ਕਹਿ ਦਿਓ ਪਰ ਕਿਸੇ ਦੇ ਧਰਮ ਤੇ ਉਂਗਲਾਂ ਉਠਾਉਣ ਤੋਂ ਜਿਨ੍ਹਾਂ ਗੁਰੇਜ਼ ਹੋ ਜਾਵੇ ਚੰਗਾ ਹੁੰਦਾ। ਇਹ ਗੱਲ ਇਕੱਲੀ ਤੁਹਾਡੇ ਲਈ ਨਹੀਂ ਇਹ ਦੋਨਾਂ ਧਿਰਾਂ ਸਮੇਤ ਸਾਰੀ ਕਾਇਨਾਤ ਤੇ ਵੱਸਦੇ ਧਰਮਾਂ ਲਈ ਹੈ।
ਇਕ ਗੱਲ ਹੋਰ ਉਨ੍ਹਾਂ ਲੋਕਾਂ ਲਈ ਜੋ ਅਕਸਰ ਇਸ ਗੱਲ ਤੋਂ ਦੁਖੀ ਹੁੰਦੇ ਹਨ ਕਿ ਸਿੱਖ ਆਪਣਾ ਵੱਖਰਾ ਘਰ ਕਿਉਂ ਮੰਗਦੇ ਹਨ। ਉਨ੍ਹਾਂ ਲੋਕਾਂ ਨੂੰ ਦੱਸ ਦੇਵਾਂ ਕਿ ਜੇ ਕਿਸੇ ਦਾ ਘਰ ਗ਼ੱਦਾਰੀ ਕਰ ਕੇ ਦੱਬ ਲਿਆ ਜਾਵੇ ਤਾਂ ਕੀ ਉਹ ਆਪਣਾ ਘਰ ਵਾਪਸ ਮੰਗਣ ਕਾਰਨ 'ਦੋਸ਼ੀ' ਹੋ ਗਿਆ? ਸੋ ਇਤਿਹਾਸ ਪੜ੍ਹੋ ਏਸ਼ੀਆ ਦਾ ਸਭ ਤੋਂ ਤਾਕਤਵਰ ਸੀ 'ਖ਼ਾਲਸਾ ਰਾਜ'।
ਕਿਸੇ ਨੇ ਖ਼ੂਬ ਕਿਹਾ ਕਿ ਕੌਣ ਕਹਿੰਦਾ ਕਿ ਜ਼ਿੰਦਗੀ ਇਕ ਬਾਰ ਮਿਲਦੀ ਹੈ? ਜ਼ਿੰਦਗੀ ਤਾਂ ਹਰ ਰੋਜ਼ ਮਿਲਦੀ ਹੈ। ਇਕ ਬਾਰ ਤਾਂ ਬੱਸ ਮੌਤ ਮਿਲਦੀ ਹੈ। ਸੋਸ਼ਲ ਮੀਡੀਆ ਤੇ ਆਉਣ ਵਾਲੇ ਲਾਈਕ ਸਥਾਈ ਨਹੀਂ ਹੁੰਦੇ ਉਹ ਤਾਂ ਸਿਰਫ਼ ਸਿੰਗ ਫਸਾਉਣ ਤੱਕ ਹੀ ਸੀਮਤ ਹੁੰਦੇ ਹਨ। ਬਾਅਦ 'ਚ ਤਾਂ ਮੇਰੇ ਵਰਗੇ ਅਕਸਰ ਆਪਣੇ ਸਟੇਟਸ ਜ਼ਰੀਏ ਇਹਨਾਂ ਵਰਤਾਰਿਆਂ ਦੀ ਪੁਰਜ਼ੋਰ ਨਿੰਦਿਆ ਹੀ ਕਰਦੇ ਦੇਖੇ ਜਾਂਦੇ ਹਨ। ਕਿਸੇ ਦਾ ਪੁੱਤ ਮਰਵਾ ਕੇ ਉਸ ਨੂੰ ਸ਼ਹੀਦ ਦਾ ਦਰਜਾ ਗੁਆਂਢ 'ਚ ਸੋਂਹਦਾ ਹੁੰਦਾ। ਜਦੋਂ ਸ਼ਹੀਦੀ ਜਾਮ ਪੀਣ ਵਾਲਾ ਆਪਣਾ ਹੋਵੇ ਤਾਂ ਦੁੱਖ ਝੱਲਣਾ ਔਖਾ ਹੋ ਜਾਂਦਾ।
ਲੋਕਾਂ ਲਈ ਇਹ ਸਾਰਾ ਘਟਨਾਕ੍ਰਮ ਮਹਿਜ਼ ਮਨੋਰੰਜਨ ਹੋਵੇ। ਪਰ ਉਸ ਮਾਂ ਦੇ ਧੜਕਦੇ ਕਾਲਜੇ ਦੀ ਆਵਾਜ਼ ਸੁਣ ਕੇ ਦੇਖੋ ਜਿਸ ਦਾ ਪੁੱਤ ਬਿਨਾਂ ਕਿਸੇ ਉਦੇਸ਼ ਦੀ ਲੜਾਈ ਦੇ ਮੈਦਾਨ 'ਚ ਹੁੰਦਾ। ਪਹਿਲਾਂ ਪਿੰਡਾਂ 'ਚ ਸੁਣਦੇ ਹੁੰਦੇ ਸੀ ਕਿ ਫਲਾਣੇ ਨੂੰ ਫਲਾਣੇ ਦੀ ਚੁੱਕ ਨੇ ਮਰਵਾ ਦਿੱਤਾ। ਹੁਣ ਇਸੇ ਕਾਰਜ 'ਚ ਥੋੜ੍ਹੀ ਜਿਹੀ ਆਧੁਨਿਕਤਾ ਆ ਗਈ ਹੁਣ ਮਰਵਾਉਂਦੇ ਹਨ ਲਾਈਕ ਅਤੇ ਸ਼ੇਅਰ।
ਸੁਣਿਆ ਇਸ ਕੇਸ 'ਚ ਜੋ ਧਾਰਾਵਾਂ ਲੱਗਣ ਦੀ ਉਮੀਦ ਹੈ ਉਹ ਇਹਨਾਂ ਟਿਕ-ਟਾਕ ਯੋਧਿਆਂ ਨੂੰ ਦਸ ਕੁ ਸਾਲ ਤਾਂ ਜੇਲ੍ਹ ਦੀਆਂ ਰੋਟੀਆਂ ਖਵਾਉਣਗੀਆਂ ਹੀ। ਸੋ ਆਹ ਭਵਿੱਖਬਾਣੀ ਵੀ ਸੁਣਦੇ ਜਾਇਓ ਜਵਾਨੋ, ਜਦੋਂ ਤੁਸੀਂ ਝੁੱਗੇ ਦੇ ਚਾਰ ਛਿੱਲੜ ਲਾ ਕੇ ਤੇ ਜ਼ਿੰਦਗੀ ਦਾ ਕੀਮਤੀ ਸਮਾਂ ਜੇਲ੍ਹ 'ਚ ਗੁਆ ਕੇ ਆਉਗੇ ਨਾਂ, ਤਾਂ ਉਦੋਂ ਤੱਕ ਸੋਸ਼ਲ ਮੀਡੀਆ ਹੋਰ ਵੀ ਐਡਵਾਂਸ ਹੋ ਚੁੱਕਾ ਹੋਵੇਗਾ। ਇਹ ਭੁਲੇਖਾ ਕੱਢ ਦਿਓ ਕਿ ਤੁਹਾਡੇ ਇਹ ਅਖੌਤੀ ਫੋਲਅਰ ਤੁਹਾਡੀ ਵਾਪਸੀ 'ਤੇ ਜੇਲ੍ਹ ਮੂਹਰੇ ਹਾਰ ਲਈ ਖੜ੍ਹੇ ਹੋਣਗੇ। ਉਹ ਤਾਂ ਆਪਣੀ ਜ਼ਿੰਦਗੀ ਰਾਹ ਪਾ ਚੁੱਕੇ ਹੋਣਗੇ। ਕੋਈ ਐਸਾ ਮਹਾਨ ਕਾਰਜ ਕਰ ਕੇ ਤੁਸੀਂ ਜੇਲ੍ਹ ਨਹੀਂ ਸੀ ਗਏ, ਜੋ ਤੁਹਾਡੇ ਬੁੱਤ, ਚੌਂਕਾਂ 'ਚ ਲੱਗੇ ਹੋਣਗੇ। ਅਗਲੇ ਜੇਲ੍ਹ 'ਚੋਂ ਸਿੱਧਾ ਤੁਹਾਡੇ ਪਿੰਡ ਆਲਾ ਜਹਾਜ਼ ਚੜ੍ਹਾ ਕੇ ਤੁਹਾਡੇ ਸੁਪਨਿਆਂ ਦੀ ਵਾਪਸੀ ਦੀ ਉਡਾਰੀ ਲਗਵਾਉਣਗੇ। ਉਦੋਂ ਤੱਕ ਭਾਵੇਂ ਤੁਹਾਡਾ ਸਰੀਰ ਤਾਂ ਜੋਸ਼ ਗੁਆ ਚੁੱਕਾ ਹੋਵੇਗਾ ਪਰ ਏਨੀ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਫੇਰ ਅਗਲੀਆਂ ਪੀੜ੍ਹੀਆਂ ਨੂੰ ਹੋਸ਼ 'ਚ ਰਹਿਣ ਦਾ ਪ੍ਰਵਚਨ ਕਰਨਾ ਤੁਸੀਂ ਜ਼ਰੂਰ ਸਿੱਖ ਜਾਵੋਗੇ।
ਨੌਜਵਾਨ ਭਰਾਵੋ ਚੰਗਾ ਕਹੋ ਜਾਂ ਮਾੜਾ ਪਰ ਤੁਹਾਡੇ ਮੂਹਰੇ ਹੱਥ ਜੋੜ ਕੇ ਬੇਨਤੀ ਹੈ ਕਿ ਜਿੰਨਾ ਫ਼ਿਕਰ ਤੁਸੀਂ ਦੁਨੀਆ ਦਾ ਕਰਦੇ ਹੋ ਜੇ ਉਸ ਨਾਲੋਂ ਅੱਧਾ ਵੀ ਆਪਣਿਆਂ ਦਾ ਕਰ ਲਵੋ ਜਿਨ੍ਹਾਂ ਨੇ ਤੁਹਾਨੂੰ ਆਪਾ ਵੇਚ ਕੇ ਕੁਝ ਬਣਨ ਲਈ ਵਿਦੇਸ਼ ਭੇਜਿਆ, ਤਾਂ ਤੁਸੀਂ ਅੱਗਾ ਪਿੱਛਾ ਸਵਾਰ ਲਵੋਗੇ। ਹਾਂ ਮੈਂ ਨਹੀਂ ਕਹਿੰਦਾ ਕਿ ਆਪਣੇ ਧਰਮ, ਵਿਰਸੇ ਅਤੇ ਸਵੈਮਾਣ ਦੀ ਰਾਖੀ ਨਾਂ ਕਰੋ, ਕਰੋ ਜ਼ਰੂਰ ਕਰੋ ਪਰ ਹਰ ਇਕ ਦੀ ਜ਼ਿੰਦਗੀ 'ਚ ਇਸ ਨੂੰ ਕਰਨ ਦਾ ਇਕ ਸਹੀ ਸਮਾਂ ਜ਼ਰੂਰ ਆਉਂਦਾ। ਉਦੋਂ ਨਾ ਪਿੱਛੇ ਹਟੋ। ਉਦੋਂ ਤੱਕ , ਬੰਦਾ ਕੁਝ ਰੜ੍ਹ ਵੀ ਜਾਂਦਾ ਹੈ, ਜਿਸ ਨਾਲ ਸੱਪ ਵੀ ਮਾਰ ਲੈਂਦਾ ਤੇ ਸੋਟੀ ਵੀ ਬਚਾ ਲੈਂਦਾ ਹੈ।
-
ਮਿੰਟੂ ਬਰਾੜ, ਲੇਖਕ
mintubrar@gmail.com
+61 434 289 905
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.