ਭਾਰਤ ਅਤੇ ਖਾਸ ਤੌਰ ਤੇ ਪੰਜਾਬ ਦੇ ਲੋਕ ਹੁਣ ਤੱਕ ਮਰਹੂਮ ਮੁੱਖ ਮੰਤਰੀ ਸ੍ਰ ਬੇਅੰਤ ਸਿੰਘ ਬਾਰੇ ਆਮ ਤੌਰ ਤੇ ਇਕ ਸਫਲ ਜਾਂ ਅਸਫਲ ਮੁੱਖ ਮੰਤਰੀ ਦੇ ਤੌਰ ਤੇ ਉਨਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਦੇ ਹਨ। ਇਹ ਉਨਾਂ ਦੀ ਜ਼ਿੰਦਗੀ ਦਾ ਇਕ ਪੱਖ ਹੈ।ਸਮਾਜ ਕਦੀਂ ਵੀ ਇਕ ਵਿਅਕਤੀ ਦੀ ਕਾਰਗੁਜ਼ਾਰੀ ਬਾਰੇ ਇਕਮਤ ਨਹੀਂ ਹੁੰਦਾ। ਕੁਝ ਲੋਕ ਤਾਂ ਉਨਾਂ ਦੀ ਤਾਰੀਫ ਕਰਦੇ ਨਹੀਂ ਥੱਕਦੇ ਅਤੇ ਕੁਝ ਬੇਅੰਤਹਾ ਨਿੰਦਿਆ ਕਰਦੇ ਹਨ। ਇੰਜ ਹੋਣਾ ਕੁਦਰਤੀ ਹੈ ਕਿਉਂਕਿ ਇਹ ਇਨਸਾਨ ਦੀ ਫਿਤਰਤ ਦਾ ਹਿੱਸਾ ਹੈ। ਜੋ ਲੋਕਾਂ ਨੇ ਅਖ਼ਬਾਰਾਂ ਵਿਚ ਪੜਿਆ ਜਾਂ ਸੁਣਿਆਂ ਹੁੰਦਾ ਹੈ,ਉਸ ਨਾਲ ਹੀ ਉਨਾਂ ਦੀ ਇਕਤਰਫਾ ਰਾਇ ਬਣਦੀ ਹੁੰਦੀ ਹੈ। ਆਮ ਤੌਰ ਤੇ ਬਹੁਤੇ ਲੋਕ ਸੁਣੀ ਸੁਣਾਈ ਗੱਲ ਤੇ ਵਿਸਵਾਸ਼ ਕਰ ਲੈਂਦੇ ਹਨ। ਕੋਈ ਬਹੁਤੀ ਪੁਛ ਪੜਤਾਲ ਨਹੀਂ ਕਰਦੇ।ਪ੍ਰੰਤੂ ਬੇਅੰਤ ਸਿੰਘ ਦੀ ਜ਼ਿੰਦਗੀ ਦੇ ਕੁਝ ਹੋਰ ਪਹਿਲੂ ਵੀ ਹਨ, ਜਿਨਾਂ ਬਾਰੇ ਕਿਸੇ ਨੂੰ ਪਤਾ ਨਹੀਂ। ਮੇਰਾ ਵੀ ਬਹੁਤਾ ਵਾਹ ਉਨਾਂ ਦੇ ਮੁੱਖ ਮੰਤਰੀ ਹੁੰਦਿਆਂ ਆਪਣੀ ਸਰਕਾਰੀ ਨੌਕਰੀ ਦੌਰਾਨ ਹੀ ਪਿਆ ਹੈ। ਮੈਂ ਉਨਾਂ ਦੇ ਜੀਵਨ ਦੇ ਕੁਝ ਅਜਿਹੇ ਪਹਿਲੂਆਂ ਬਾਰੇ ਦਸਣਾ ਚਾਹੁੰਦਾ ਹਾਂ, ਜਿਨਾਂ ਬਾਰੇ ਪਰਿਵਾਰਿਕ ਮੈਂਬਰਾਂ ਤੋਂ ਬਿਨਾ ਆਮ ਲੋਕਾਂ ਨੂੰ ਜਾਣਕਾਰੀ ਨਹੀਂ। ਪਹਿਲੀ ਗੱਲ ਤਾਂ ਇਹ ਹੈ ਕਿ ਉਹ ਸਰਕਾਰੀ ਕਾਲਜ ਲਾਹੌਰ ਦੇ ਗ੍ਰੈਜੂਏਟ ਸਨ। ਜਿਸ ਕਰਕੇ ਅੰਗਰੇਜ਼ੀ ਅਤੇ ਉਰਦੂ ਦੇ ਸਾਹਿਤ ਨਾਲ ਉਨਾਂ ਨੂੰ ਬਹੁਤ ਲਗਾਵ ਸੀ। ਉਹ ਉਰਦੂ ਦੇ ਸਾਹਿਤਕਾਰਾਂ ਨੂੰ ਬਹੁਤ ਸ਼ਿਦਤ ਨਾਲ ਪੜਦੇ ਸਨ। ਇਸਦਾ ਸਬੂਤ ਉਦੋਂ ਮਿਲਿਆ ਜਦੋਂ ਉਨਾਂ ਦੇ ਸਵਰਗਵਾਸ ਹੋਣ ਤੋਂ ਬਾਅਦ ਕਾਂਗਰਸ ਭਵਨ ਵਿਚਲਾ ਉਨਾਂ ਦਾ ਕਮਰਾ ਖਾਲੀ ਕੀਤਾ ਸੀ ਤਾਂ ਉਥੋਂ ਉਰਦੂ ਦੇ ਸਾਹਿਤਕਾਰਾਂ ਦੀਆਂ ਇਕ ਦਰਜਨ ਪੁਸਤਕਾਂ ਜਿਨਾਂ ਵਿਚ ਮੁਹੰਮਦ ਇਕਬਾਲ, ਮੀਰ ਤੱਕੀ ਮੀਰ, ਹਾਲੀ, ਕੈਫੀ ਆਜ਼ਮੀ, ਨਿਦਾ ਫਾਜਲੀ, ਮਿਰਜ਼ਾ ਗਾਲਿਬ, ਬਸ਼ੀਰ ਬਦਰ, ਫੈਜ਼ ਅਹਿਮਦ ਫੈਜ਼, ਗੁਲਜ਼ਾਰ ਅਤੇਜਿਗਰ ਜਲੰਧਰੀ ਆਦਿ ਦੀਆਂ ਇਹ ਪੁਸਤਕਾਂ ਉਨਾਂ ਦੇ ਕਮਰੇ ਵਿਚੋਂ ਮਿਲੀਆਂ ਸਨ। ਦੂਜਾ ਉਹ ਮਾਨਵਤਾ ਦੇ ਪੁਜਾਰੀ ਸਨ, ਜਿਸਦੇ ਸਬੂਤ ਵਜੋਂ ਦਸ ਰਿਹਾ ਹਾਂ ਕਿ ਜਦੋਂ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਤੋਂ ਭਾਰਤ ਆ ਰਹੇ ਕਾਫਲੇ ਤੇ ਅਚਾਨਕ ਲੁਟੇਰਿਆਂ ਨੇ ਹਮਲਾ ਕੀਤਾ ਤਾਂ ਕਾਫਲੇ ਦੇ ਮੈਂਬਰਾਂ ਵਿਚ ਹਫੜਾ ਦਫੜੀ ਮੱਚ ਗਈ ਅਤੇ ਚੀਕ ਚਹਾੜਾ ਪੈ ਗਿਆ।ਇਸ ਕਾਫਲੇ ਵਿਚ ਆਪਣੇ ਪਰਿਵਾਰ ਦੇ ਨਾਲ ਉਹ ਵੀ ਆ ਰਹੇ ਸਨ।ਲੁਟੇਰਿਆਂ ਨੇ ਕਾਫਲੇ ਵਾਲਿਆਂ ਨੂੰ ਨਕਦੀ ਅਤੇ ਗਹਿਣੇ ਦੇਣ ਦਾ ਹੁਕਮ ਸੁਣਾ ਦਿੱਤਾ।ਇਸ ਕਾਫਲੇ ਵਿਚ ਬਜ਼ੁਰਗ, ਬੱਚੇ, ਬੱਚੀਆਂ ਅਤੇ ਇਸਤਰੀਆਂ ਆਪਣੇ ਘਰਾਂ ਦਾ ਜ਼ਰੂਰੀ ਸਾਜੋ ਸਾਮਾਨ ਗੱਡਿਆਂ ਤੇ ਲੱਦ ਕੇ ਆ ਰਹੇ ਸਨ। ਉਦੋਂ ਅਚਾਨਕ ਇਕ ਅਲੂਆਂ ਜਿਹਾ ਮਸ ਫੁੱਟ ਸੁਡੌਲ ਸਰੀਰ ਵਾਲਾ ਸੁੰਦਰ ਨੌਜਵਾਨ ਬੰਦੂਕ ਨਾਲ ਲੈਸ ਆਪਣੀ ਘੋੜੀ ਦੌੜਾਉਂਦਾ ਅਤੇ ਹਵਾਈ ਫਾਇਰ ਕਰਦਾ ਕਾਫਲੇ ਦੇ ਅੱਗੇ ਆ ਕੇ ਕਾਫਲੇ ਦੀ ਢਾਲ ਬਣ ਗਿਆ। ਲੁਟੇਰਿਆਂ ਨੇ ਆਪਦੀ ਜਾਨ ਨੂੰ ਖ਼ਤਰੇ ਵਿਚ ਮਹਿਸੂਸ ਕਰਦੇ ਤੁਰੰਤ ਰਫੂ ਚੱਕਰ ਹੋ ਗਏ। ਜਿਤਨੀ ਦੇਰ ਇਹ ਕਾਫਲਾ ਭਾਰਤ ਦੀ ਸਰਹਦ ਵਿਚ ਦਾਖ਼ਲ ਨਹੀਂ ਹੋ ਗਿਆ, ਉਤਨੀ ਦੇਰ ਇਹ ਨੌਜਵਾਨ ਕਾਫਲੇ ਦੀ ਹਿਫਾਜ਼ਤ ਕਰਦਾ ਹੋਇਆ ਕਾਫਲੇ ਦੇ ਆਲੇ ਦੁਆਲੇ ਅਤੇ ਅੱਗੇ ਪਿਛੇ ਘੋੜੀ ਦੌੜਾਉਂਦਾ ਰਿਹਾ। ਭਾਰਤ ਵਿਚ ਪਹੁੰਚਣ ਤੇ ਕਾਫਲੇ ਦੇ ਮੈਂਬਰਾਂ ਨੇ ਸੁਖ ਦਾ ਸਾਹ ਲਿਆ। ਇਸਤਰੀਆਂ ਅਤੇ ਬਜ਼ੁਰਗਾਂ ਨੇ ਇਸ ਨੌਜਵਾਨ ਨੂੰ ਅਸੀਸਾਂ ਨਾਲ ਲੱਦ ਦਿੱਤਾ। ਉਦੋਂ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਹ ਨੌਜਵਾਨ ਕਿਸੇ ਦਿਨ ਦੂਜੀ ਵਾਰ ਵੀ ਦੇਸ ਦੀ ਆਜ਼ਾਦੀ ਤੇ ਹੋਣ ਵਾਲੇ ਅਸਿਧੇ ਖ਼ਤਰੇ ਨੂੰ ਰੋਕਣ ਲਈ ਢਾਲ ਬਣਕੇ ਆਵੇਗਾ। ਉਹ ਨੌਜਵਾਨ ਕੈਪਟਨ ਹਜ਼ੂਰਾ ਸਿੰਘ ਦਾ ਹੋਣਹਾਰ ਸਪੁੱਤਰ ਬੇਅੰਤ ਸਿੰਘ ਸੀ,ਜਿਹੜਾ ਫਰਵਰੀ 1992 ਵਿਚ ਪੰਜਾਬ ਦਾ ਮੁੱਖ ਮੰਤਰੀ ਬਣਿਆਂ ਅਤੇ ਪੰਜਾਬ ਵਿਚ ਮੁੜ ਸ਼ਾਂਤੀ ਸਥਾਪਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਇਕ ਹੋਰ ਅਜਿਹੀ ਘਟਨਾ ਦਾ ਜ਼ਿਕਰ ਕਰਾਂਗਾ। ਜ਼ਹਿਰੀਲੀ ਤੇ ਨਕਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੀ ਅੱਜ ਕਲ ਬੜੀ ਚਰਚਾ ਹੈ। ਉਨਾਂ ਦਿਨਾ ਵਿਚ ਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਲੋਕ ਮਰ ਰਹੇ ਸਨ। ਜਦੋਂ ਉਹ ਮੁੱਖ ਮੰਤਰੀ ਸਨ ਤਾਂ ਉਨਾਂ ਕੋਲ ਇਕ ਬਜ਼ੁਰਗ ਇਸਤਰੀ ਆਈ, ਉਸਨੇ ਰੋਂਦਿਆਂ ਦੱਸਿਆ ਕਿ ਉਸਦੀ ਦੀ ਇਕਲੌਤੀ ਔਲਾਦ ਇਕੋ ਸਪੁੱਤਰ ਸੀ, ਜੋ ਸ਼ਰਾਬ ਪੀਣ ਦੀ ਲਤ ਕਰਕੇ ਸਵਰਗ ਸਿਧਾਰ ਗਿਆ ਹੈ। ਉਸਦੀ ਨੂੰਹ ਨੇ ਉਸਨੂੰ ਘਰੋਂ ਕੱਢ ਦਿੱਤਾ ਹੈ। ਹੁਣ ਨਾ ਤਾਂ ਉਸ ਕੋਲ ਰਹਿਣ ਲਈ ਥਾਂ ਅਤੇ ਨਾ ਹੀ ਰੋਟੀ ਖਾਣ ਲਈ ਪੈਸਾ ਹੈ। ਬੇਅੰਤ ਸਿੰਘ ਦੀਆਂ ਅੱਖਾਂ ਨਮ ਹੋ ਗਈਆਂ। ਉਹ ਸ਼ਰਾਬ ਪੀਣ ਦੇ ਵਿਰੁਧ ਸਨ। ਉਨਾਂ ਤੁਰੰਤ ਮੁੱਖ ਸਕੱਤਰ ਅਜੀਤ ਸਿੰਘ ਚੱਠਾ ਨੂੰ ਬੁਲਾਇਆ ਅਤੇ ਮੋਹਾਲੀ ਵਿਖੇ ਉਸ ਇਸਤਰੀ ਨੂੰ ਸਰਕਾਰੀ ਐਮ ਆਈ ਜੀ ਦਾ ਫਲੈਟ ਅਲਾਟ ਕਰਨ ਕਰਨ ਲਈ ਕਿਹਾ। ਫਲੈਟ ਤਾਂ ਅਲਾਟ ਹੋ ਗਿਆ ਪ੍ਰੰਤੂ ਉਸ ਇਸਤਰੀ ਨੇ ਕਿਹਾ ਕਿ ਉਸ ਕੋਲ ਤਾਂ ਕੋਈ ਪੈਸਾ ਹੀ ਨਹੀਂ। ਉਨਾਂ ਆਪਣੇ ਕੋਲੋਂ ਫਲੈਟ ਦੀ ਕੀਮਤ ਦਿੱਤੀ ਅਤੇ ਉਸ ਇਸਤਰੀ ਦੀ ਬੁਢਾਪਾ ਪੈਨਸ਼ਨ ਲਗਾਉਣ ਦੇ ਹੁਕਮ ਕੀਤੇ।ਤੁਸੀਂ ਹੈਰਾਨ ਹੋਵੋਗੇ ਉਨਾਂ ਮੋਹਾਲੀ ਵਿਖੇ ਸਰਕਾਰੀ ਕੋਟੇ ਵਿਚ ਵਿਧਾਨਕਾਰ ਹੁੰਦਿਆਂ ਇਕ ਪਲਾਟ ਅਲਾਟ ਕਰਵਾਇਆ ਸੀ। ਉਸਦੀ ਇਕੋ ਕਿਸ਼ਤ ਭਰੀ ਸੀ। ਪਰਿਵਾਰ ਨੂੰ ਇਸਦਾ ਕੋਈ ਪਤਾ ਨਹੀਂ ਸੀ। ਉਨਾਂ ਦੇ ਸਵਰਗਵਾਸ ਹੋਣ ਤੋਂ ਬਾਅਦ ਇਕ ਟਰੰਕ ਵਿਚੋਂ ਇਸ ਪਲਾਟ ਦੀ ਅਲਾਟਮੈਂਟ ਦੇ ਕਾਗਜ਼ ਮਿਲੇ। ਉਹ ਆਪ ਪਲਾਟ ਖ੍ਰੀਦ ਨਹੀਂ ਸਕੇ ਪ੍ਰੰਤੂ ਲੋੜਬੰਦ ਵਿਧਵਾ ਇਸਤਰੀ ਨੂੰ ਫਲੈਟ ਲੈ ਦਿੱਤਾ। ਤੀਜੀ ਉਦਾਹਰਣ ਇਹ ਹੈ ਕਿ ਜਦੋਂ ਇਕ ਵਾਰ ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਲੈਜਿਸਲੇਚਰ ਪਾਰਟੀ ਦੀ ਮੀਟਿੰਗ ਵਿਚ ਬਹੁਤ ਸਾਰੇ ਵਿਧਾਨਕਾਰਾਂ ਨੇ ਸ਼ਿਕਾਇਤ ਕੀਤੀ ਕਿ ਉਨਾਂ ਦੇ ਹਲਕਿਆਂ ਵਿਚ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਸਰਕਾਰੇ ਦਰਬਾਰੇ ਸੁਣੀ ਜਾਂਦੀ ਹੈ। ਵਿਧਾਇਕਾਂ ਨੇ ਇਹ ਵੀ ਕਿਹਾ ਕਿ ਸਾਡੇ ਨਾਲੋਂ ਵਿਰੋਧੀਆਂ ਦੇ ਕੰਮ ਜ਼ਿਆਦਾ ਹੁੰਦੇ ਹਨ।ਉਸ ਸਮੇਂ ਉਨਾਂ ਬੋਲਦਿਆਂ ਕਿਹਾ ਕਿ ਜਦੋਂ ਕਿਸੇ ਪਾਰਟੀ ਦਾ ਮੈਂਬਰ ਵਿਧਾਨਕਾਰ, ਮੰਤਰੀ ਅਤੇ ਮੁੱਖ ਮੰਤਰੀ ਚੁਣਿਆਂ ਜਾਂਦਾ ਹੈ ਤਾਂ ਉਸ ਸਮੇਂ ਉਹ ਉਸ ਪਾਰਟੀ ਦਾ ਨੁਮਾਇੰਦਾ ਨਹੀਂ ਹੁੰਦਾ ਸਗੋਂ ਸਾਰੇ ਹਲਕੇ ਦਾ ਵਿਧਾਨਕਾਰ ਅਤੇ ਮੰਤਰੀ ਤੇ ਮੁੱਖ ਮੰਤਰੀ ਸਮੁਚੇ ਪੰਜਾਬ ਦੇ ਹੁੰਦੇ ਹਨ,ਨੁਮਾਇੰਦੇ ਕਿਸੇ ਇਕ ਪਾਰਟੀ ਦੇ ਨਹੀਂ। ਇਸ ਲਈ ਉਨਾਂ ਨੂੰ ਸਾਰੀਆਂ ਪਾਰਟੀਆਂ ਦੇ ਲੋਕਾਂ ਨਾਲ ਇਨਸਾਫ ਕਰਨਾ ਚਾਹੀਦਾ ਹੈ। ਚੌਥੇ ਉਹ ਵਿਰੋਧੀ ਪਾਰਟੀਆਂ ਦੇ ਸਾਰੇ ਨੇਤਾਵਾਂ ਨੂੰ ਪਹਿਲ ਦੇ ਆਧਾਰ ਤੇ ਮਿਲਕੇ ਉਨਾਂ ਦੇ ਕੰਮ ਕਰਦੇ ਸਨ। ਉਹ ਅਜਿਹੇ ਮੁੱਖ ਮੰਤਰੀ ਸਨ, ਜਿਨਾਂ ਦਾ ਸਤਿਕਾਰ ਵਿਰੋਧੀ ਪਾਰਟੀਆਂ ਦੇ ਨੇਤਾ ਵੀ ਕਰਦੇ ਸਨ।ਇਥੋਂ ਤੱਕ ਕਿ ਅਕਾਲੀ ਦਲ ਨੇ ਉਨਾਂ ਚੋਣਾਂ ਦਾ ਵਿਰੋਧ ਕੀਤਾ ਸੀ ਪ੍ਰੰਤੂ ਮੁੱਖ ਮੰਤਰੀ ਬਣਨ ਤੇ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਨੇਤਾ ਜੋ ਕਿ ਅਕਾਲੀ ਦਲ ਦਾ ਦਿਗਜ ਪ੍ਰਧਾਨ ਵੀ ਰਿਹਾ ਸੀ ਨੇ ਵਧਾਈ ਦਾ ਫੋਨ ਕੀਤਾ ਸੀ।ਪੰਜਵਾਂ ਉਨਾਂ ਮੁੱਖ ਮੰਤਰੀ ਹੁੰਦਿਆਂ ਸੁਤੰਤਰਤਾ ਸੰਗਰਾਮੀਆਂ ਨੂੰ ਨਗਰ ਸੁਧਾਰ ਸਭਾਵਾਂ, ਜਿਲਾ ਪ੍ਰੀਸ਼ਦਾਂ, ਸਹਿਕਾਰੀ ਸੰਸਥਾਵਾਂ ਅਤੇ ਹੋਰ ਕਈ ਚੇਅਰਮੈਨੀਆਂ ਦੇ ਕੇ ਸਨਮਾਨਤ ਕੀਤਾ। ਛੇਵਾਂ ਉਨਾਂ ਕਿਸੇ ਵੀ ਯੋਗ ਸਰਕਾਰੀ ਅਧਿਕਾਰੀ ਨਾਲ ਬੇਇਨਸਾਫੀ ਨਹੀਂ ਹੋਣ ਦਿੱਤੀ। ਇਕ ਉਦਾਹਰਣ ਦੇਣੀ ਚਾਹਾਂਗਾ ਕਿ ਪੰਜਾਬ ਦੇ ਇਕ ਸੀਨੀਅਰ ਅਕਾਲੀ ਨੇਤਾ ਦਾ ਨਜ਼ਦੀਕੀ ਰਿਸ਼ਤੇਦਾਰ ਆਈ ਏ ਐਸ ਲਈ ਨਾਮਜ਼ਦ ਕੀਤਾ ਅਤੇ ਬਾਅਦ ਵਿਚ ਉਸਨੂੰ ਮਹੱਤਵਪੂਰਨ ਅਹੁਦਿਆਂ ਤੇ ਨਿਵਾਜਿਆ। ਹਾਲਾਂ ਕਿ ਕਈ ਕਾਂਗਰਸ ਦੇ ਮੰਤਰੀਆਂ ਨੇ ਇਸ ਗੱਲ ਦਾ ਇਤਰਾਜ਼ ਵੀ ਕੀਤਾ ਪ੍ਰੰਤੂ ਉਨਾਂ ਹਮੇਸ਼ਾ ਮੈਰਿਟ ਤੇ ਫੈਸਲੇ ਕੀਤੇ।ਸਤਵਾਂ ਉਨਾਂ ਦੀ ਜੀਵਨ ਸ਼ੈਲੀ, ਰਹਿਣ ਸਹਿਣ, ਖਾਣ ਪੀਣ ਅਤੇ ਪਹਿਨਣ ਦੀ ਬੜੀ ਸਾਧਾਰਣ ਸੀ। ਜੋ ਮਿਲਿਆ ਖਾ ਤੇ ਪਹਿਨ ਲਿਆ। ਰਾਜ ਭਾਗ ਸੰਭਾਲਦਿਆਂ ਹੀ ਉਸਨੇ ਲੋਕ ਰਾਜ ਦੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਪੰਚਾਇਤਾਂ, ਨਗਰ ਪਾਲਿਕਾਵਾਂ ਅਤੇ ਸਹਿਕਾਰੀ ਸੰਸਥਾਵਾਂ ਦੀਆਂ ਚੋਣਾ ਕਰਵਾਈਆਂ। ਪੰਜਾਬ ਵਿਚ ਸਭਿਆਚਾਰਕ ਮੇਲੇ ਲਾਉਣ ਦਾ ਮਾਹੌਲ ਸਥਾਪਤ ਕੀਤਾ ਗਿਆ।
ਦੇਸ਼ ਦੀ ਵੰਡ ਸਮੇਂ ਉਨਾਂ ਦੇ ਪਿਤਾ ਕੈਪਟਨ ਹਜ਼ੂਰਾ ਸਿੰਘ ਦੀ ਫੌਜ ਵਿਚ ਪੋਸਟਿੰਗ ਪੱਛਵੀਂ ਪੰਜਾਬ ਵਿਚ ਸੀ, ਇਸ ਕਰਕੇ ਉਨਾਂ ਦਾ ਪਰਿਵਾਰ ਮਿੰਟਗੁਮਰੀ ਜਿਲੇ ਵਿਚ ਓਕਾੜਾ ਨੇੜੇ ਚੱਕ 53 -ਐਲ ਵਿਚ ਰਹਿੰਦਾ ਸੀ। ਉਨਾਂ ਦਾ ਜੱਦੀ ਪਿੰਡ ਲੁਧਿਆਣਾ ਜਿਲੇ ਵਿਚ ਰਾੜਾ ਸਾਹਿਬ ਦੇ ਨੇੜੇ ਬਿਲਾਸਪੁਰ ਹੈ। ਆਪ ਦੇ ਪਿਤਾ ਕੈਪਟਨ ਹਜ਼ੂਰਾ ਸਿੰਘ,ਦੋ ਭਰਾ ਕੈਪਟਨ ਬਚਨ ਸਿੰਘ ਅਤੇ ਕਰਨਲ ਭਜਨ ਸਿੰਘ ਫੌਜ ਵਿਚ ਸਨ। ਇਸ ਕਰਕੇ ਦੇਸ਼ ਭਗਤੀ ਆਪ ਵਿਚ ਕੁੱਟ ਕੁੱਟ ਕੇ ਭਰੀ ਹੋਈ ਸੀ।ਉਨਾਂ ਨੂੰ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਕਰਕੇ ਵੀ ਜਾਣਿਆਂ ਜਾਂਦਾ ਹੈ।ਜਿਥੇ ਉਹ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਅਮਨ ਕਾਨੂੰਨ ਦੇ ਰਖਵਾਲੇ ਸਾਬਤ ਹੋਏ, ਉਥੇ ਹੀ ਉਹ ਮਾਨਵਤਾ ਦੇ ਪੁਜਾਰੀ ਵੀ ਸਨ। ਸਰਕਾਰਾਂ ਵੀ ਅਜਿਹੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦਾ ਮੁੱਲ ਨਹੀਂ ਪਾ ਰਹੀਆਂ। ਉਨਾਂ ਦੀ ਯਾਦ ਵਿਚ ਚੰਡੀਗੜ ਵਿਖੇ ਉਸਾਰਿਆ ਜਾਣ ਵਾਲਾ ਮੈਮੋਰੀਅਲ ਪਿਛਲੇ 25 ਸਾਲਾਂ ਤੋਂ ਪੰਜਾਬ ਅਤੇ ਕੇਂਦਰ ਸਰਕਾਰ ਵਿਚ ਤਾਲਮੇਲ ਦੀ ਅਣਹੋਂਦ ਕਾਰਨ ਅਧੂਰਾ ਪਿਆ ਹੈ। ਜਦੋਂ ਕਿ ਚੋਣਾਂ ਮੌਕੇ ਕਾਂਗਰਸ ਪਾਰਟੀ ਉਨਾਂ ਦੇ ਨਾਂ ਤੇ ਵੋਟਾਂ ਲੈਂਦੀ ਹੈ।
31 ਅਗਸਤ1995 ਨੂੰ ਆਖਰ ਉਹ ਦੇਸ ਦੀ ਏਕਤਾ ਅਤੇ ਅਖੰਡਤਾ ਲਈ ਸ਼ਹੀਦੀ ਪ੍ਰਾਪਤ ਕਰ ਗਏ। ਅੱਜ ਉਨਾਂ ਦੀ ਸਮਾਧੀ ਸਥਲ 'ਤੇ ਚੰਡੀਗੜ ਵਿਖੇ ਕਰੋਨਾ ਦੀ ਮਹਾਮਾਰੀ ਕਰਕੇ ਸਿਰਫ ਉਨਾਂ ਦੇ ਪਰਿਵਾਰ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ।।
-
ਉਜਾਗਰ ਸਿੰਘ, ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.