ਕੋਰੋਨਾ ਦੇ ਦਿਨੋਂ ਦਿਨ ਵਧਦੇ ਮਾਮਲਿਆਂ ਕਾਰਨ ਦੇਸ਼ 'ਚ ਬੇਰੁਜ਼ਗਾਰੀ ਵਧਦੀ ਜਾ ਰਹੀ ਹੈ। ਸਰਕਾਰ ਦੀਆ ਸਖ਼ਤ ਗਾਈਡਲਾਈਨ ਦੇ ਬਾਵਜੂਦ ਕੋਰੋਨਾ ਪੀਕ 'ਤੇ ਪਹੁੰਚ ਚੁੱਕਿਆ ਹੈ। ਇਸਤੋਂ ਅਗਲੇ ਚਰਨ 'ਚ ਜਦੋਂ ਕੋਰੋਨਾ ਪਹੁੰਚੇਗਾ ਸੋਚ ਕੇ ਡਰ ਵੀ ਲੱਗਦਾ ਹੈ। ਹਰ 24 ਘੰਟੇ ਨਵੇਂ ਰਿਕਾਰਡ ਬਣ ਰਹੇ ਹਨ। ਦੇਸ਼ 'ਚ ਰਿਕਵਰੀ ਰੇਟ 76.24 ਫੀਸਦੀ ਹੈ ਪਰ ਇਸਦਾ ਮਤਲਬ ਇਹ ਨਹੀਂ ਰਿਹਾ ਕੇ ਕੋਰੋਨਾ ਜਾਨਲੇਵਾ ਨਹੀਂ ਹੈ।
ਪਰ ਦੂਸਰੇ ਪਾਸੇ ਇਸ ਭਿਆਨਕ ਬਿਮਾਰੀ ਦੇ ਨਾਲ ਨਾਲ ਦੇਸ਼ 'ਚ ਕਾਰੋਬਾਰ ਵੀ ਖਤਮ ਹੁੰਦੇ ਜਾ ਰਹੇ ਹਨ। ਤਾਲਾਬੰਦੀ ਦੇ ਕੁੱਝ ਦਿਨ ਤੱਕ ਕੁੱਝ ਲੋਕਾਂ ਨੂੰ ਰੋਟੀ ਵੀ ਨਹੀਂ ਮਿਲੀ, ਕੁੱਝ ਕੁ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ। ਕੋਰੋਨਾ ਮਹਾਂਮਾਰੀ ਕਾਰਨ ਸਿੱਧਾ ਅਸਰ ਕਾਰੋਬਾਰ ਦੇ ਨਾਲ ਨੌਕਰੀਆਂ 'ਤੇ ਵੀ ਪਿਆ ਹੈ। ਸੈਂਟਰ ਫ਼ਾਰ ਮਾਨੀਟਰਿੰਗ ਇੰਡੀਅਨ ਇਕਾਨਾਮੀ ਦੇ ਅਨੁਸਾਰ ਇਸ ਸਾਲ ਇਕ ਕਰੋੜ 90 ਲੱਖ ਨੌਕਰੀਆਂ ਗਈਆਂ। ਇਸਤੋਂ ਸਾਬਿਤ ਹੁੰਦਾ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਦੀ ਆਰਥਿਕ ਹਾਲਤ ਖਰਾਬ ਹੋ ਰਹੀ ਹੈ ਅਤੇ ਕਈ ਉਦਯੋਗ ਬੰਦ ਹੋ ਗਏ ਹਨ। ਜਿਸ ਕਾਰਨ ਦੇਸ਼ ਚ ਨੌਕਰੀਆਂ ਉਪਰ ਸੰਕਟ ਆ ਗਿਆ ਹੈ। ਸਰਕਾਰਾਂ ਕਹਿ ਰਹੀਆਂ ਹਨ ਕਿ ਰੋਜ਼ਗਾਰ ਵੱਲ ਉਹਨਾਂ ਦਾ ਧਿਆਨ ਹੈ ਪਰ ਇਸ ਨੂੰ ਕੰਟਰੋਲ ਕਰਨ ਚ ਹਾਲੇ ਸਰਕਾਰ ਵੀ ਕੁੱਝ ਜ਼ਿਆਦਾ ਨਹੀਂ ਕਰ ਪਾ ਰਹੀ।
2019 'ਚ ਬੇਰੁਜ਼ਗਾਰੀ ਦਰ ਪਿਛਲੇ ਕਾਫੀ ਸਾਲਾਂ ਦਾ ਰਿਕਾਰਡ ਤੋੜ ਕੇ ਉਪਰਲੇ ਸਥਾਨ 'ਤੇ ਸੀ। ਪਰ ਇਸ ਸਾਲ ਕੋਰੋਨਾ ਵਾਇਰਸ ਕਾਰਨ ਨੌਕਰੀਆਂ ਜਾਣ ਕਾਰਨ ਕਾਫੀ ਲੋਕ ਰੋਟੀ ਤੋਂ ਵੀ ਜਾਂਦੇ ਦਿਖ ਰਹੇ ਹਨ। ਸਾਡੇ ਦੇਸ਼ 'ਚ ਕੋਰੋਨਾ ਵਾਇਰਸ ਕਾਰਨ 15 ਲੱਖ ਸਕੂਲ ਬੰਦ ਪਏ ਹਨ ਸਕੂਲ ਨਾ ਖੁੱਲ੍ਹਣ ਕਾਰਨ ਵੀ ਕਈ ਨੌਕਰੀਆਂ ਜਾਂਦੀਆਂ ਦਿਸ ਰਹੀਆਂ ਹਨ ਪਰ ਇਹਨਾਂ ਗੱਲਾਂ ਨੂੰ ਸਕੂਲ ਵਾਲੇ ਜਾਂ ਪ੍ਰਸ਼ਾਸਨ ਨਹੀਂ ਮੰਨਦਾ ਕੇ ਕਿਸੇ ਦੀ ਨੌਕਰੀ ਜਾ ਰਹੀ ਹੈ। ਪਰ ਇਹ ਸੱਚ ਹੈ ਕਿ ਹਰ ਕਿਸੇ ਤੇ ਨੌਕਰੀ ਅਤੇ ਰੁਜ਼ਗਾਰ ਦਾ ਸੰਕਟ ਬਣਿਆ ਹੋਇਆ ਹੈ। ਯੂਨੈਸਕੋ ਦੀ ਇੱਕ ਰਿਪੋਰਟ ਦੇ ਮੁਤਾਬਿਕ ਬੇਰੁਜ਼ਗਾਰੀ ਦਾ ਅਸਰ ਸਿੱਧਾ ਬੱਚਿਆਂ ਦੀ ਪੜ੍ਹਾਈ 'ਤੇ ਵੀ ਪਵੇਗਾ ਜਿਸ ਕਾਰਨ ਕੋਰੋਨਾ ਦੇ ਚੱਲਦੇ ਦੁਨੀਆ ਭਰ 'ਚ ਇੱਕ ਕਰੋੜ ਬੱਚੇ ਕਦੇ ਵੀ ਸਕੂਲ ਨਹੀਂ ਜਾ ਸਕਣਗੇ। ਪਹਿਲਾ ਦੁਨੀਆ ਚ 25 ਕਰੋੜ ਬੱਚੇ ਪੜ੍ਹਾਈ ਤੋਂ ਵਾਂਝੇ ਸੀ ਹੁਣ ਇਸ ਦੀ ਗਿਣਤੀ 26 ਕਰੋੜ ਹੋ ਗਈ ਹੈ।
ਭਾਰਤ ਵਿਚ ਆਨਲਾਈਨ ਸਿੱਖਿਆ ਲਈ ਸਿਰਫ 24% ਘਰਾਂ ਕੋਲ ਸਹੂਲਤਾਂ ਉਪਲਬਧ ਹਨ ਅਤੇ 27 ਪ੍ਰਤੀਸ਼ਤ ਵਿਦਿਆਰਥੀਆਂ ਕੋਲ ਮੋਬਾਈਲ ਜਾਂ ਲੈਪਟਾਪ ਨਹੀਂ ਹਨ। ਜਿਸ ਕਾਰਨ ਪੜ੍ਹਾਈ ਦਾ ਸਤਰ ਆਨਲਾਈਨ ਲਈ ਪਹਿਲਾਂ ਹੀ ਠੀਕ ਨਹੀਂ ਸੀ ਤੇ ਹੁਣ ਅਚਾਨਕ ਕੋਰੋਨਾ ਕਾਰਨ ਬੱਚਿਆਂ ਨੂੰ ਆਨਲਾਇਨ ਪੜ੍ਹਾਈ ਕਰਨੀ ਪੈ ਰਹੀ ਹੈ ਪਰ ਜਿਸ ਕੋਲ ਆਨਲਾਈਨ ਪੜ੍ਹਾਈ ਕਰਨ ਲਈ ਮੋਬਾਈਲ,ਲੈਪਟਾਪ ਜਾਂ ਇੰਟਰਨੈੱਟ ਦੀ ਸੁਵਿਧਾ ਨਹੀਂ ਹੈ ਤਾਂ ਬੱਚੇ ਕਿਵੇਂ ਪੜ੍ਹ ਸਕਣਗੇ। ਨੌਕਰੀਆਂ ਜਾਣ ਦੇ ਕਾਰਨ ਆਮ ਲੋਕ ਆਪਣੇ ਬੱਚਿਆਂ ਨੂੰ ਇਹ ਸੁਵਿਧਾਵਾਂ ਉਪਲਭਧ ਵੀ ਨਹੀਂ ਕਰਾ ਪਾਣਗੇ।
ਇਸ ਕਰਕੇ ਸਭ ਲੋਕਾਂ ਨੂੰ ਸੰਭਾਲ ਕੇ ਚੱਲਣ 'ਚ ਹੀ ਫਾਇਦਾ ਹੈ। ਸਰਕਾਰ ਨੂੰ ਲੋਕਾਂ ਦੀ ਸਿਹਤ ਦੇ ਨਾਲ ਨਾਲ ਲੋਕਾਂ ਦੀ ਆਰਥਿਕ ਤੰਗੀ ਤੇ ਵੀ ਨਜ਼ਰ ਰੱਖਣੀ ਚਾਹੀਦੀ ਹੈ। ਕਿਉਂਕਿ ਸਾਡੇ ਦੇਸ਼ ਚ ਆਰਥਿਕ ਤੰਗੀ ਪਹਿਲਾਂ ਹੀ ਬਹੁਤ ਸੀ ਤੇ ਕੋਰੋਨਾ ਕਾਰਨ ਇਹ ਹੋਰ ਵੀ ਵੱਧ ਗਈ ਹੈ। ਸਾਨੂੰ ਆਪਣੇ ਆਸ ਪਾਸ ਅਤੇ ਸਮਾਜ ਲਈ ਨੌਕਰੀ ਅਤੇ ਰੁਜ਼ਗਾਰ ਚ ਵਾਧੇ ਲਈ ਹਰ ਯਤਨ ਕਰਨਾ ਚਾਹੀਦਾ ਹੈ ਕਿਉਂਕਿ ਹਰ ਕੋਈ ਕਿਸੇ ਤੋਂ ਮੰਗ ਕੇ ਜਾਂ ਬਿਨਾਂ ਨੌਕਰੀ ਤੋਂ ਰੋਟੀ ਕਿਵੇਂ ਖਾ ਸਕਦਾ ਹੈ। ਇਸ ਗੱਲ ਦਾ ਜਵਾਬ ਸਰਕਾਰ ਨਹੀਂ ਦੇ ਸਕਦੀ ਇਸ ਲਈ ਸਾਨੂੰ ਹੀ ਇਕ ਮਿਕ ਹੋਕੇ ਆਪਣੇ ਰੁਜ਼ਗਾਰ ਬਚਾਉਣੇ ਪੈਣਗੇ ਤੇ ਸਾਵਧਾਨੀਆਂ ਵੀ ਵਰਤਣੀਆਂ ਪੈਣਗੀਆਂ ਤਾਂ ਕਿ ਅਸੀਂ ਆਪਣੇ ਪਰਿਵਾਰ ਦਾ ਅਤੇ ਸਮਾਜ ਦਾ ਧਿਆਨ ਵੀ ਰੱਖ ਸਕੀਏ।
-
ਇੰਜ:ਪਰਵਿੰਦਰ ਸਿੰਘ ਕੰਧਾਰੀ, ਲੇਖਕ ਤੇ ਪੱਤਰਕਾਰ
kandhariprince@gmail.com
9579600007
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.