ਛੋਟੇ ਹੁੰਦੇ ਸਰੀਰਕ ਸਿੱਖਿਆ ਦੀ ਕਿਤਾਬ ਵਿਚ ਪੜ੍ਹਿਆ ਕਰਦੇ ਸੀ ਕਿ ਇਕ ਅਰੋਗ ਸਰੀਰ ਵਿਚ ਹੀ ਇਕ ਅਰੋਗ ਮਨ ਰਹਿ ਸਕਦਾ ਹੈ। ਇਸ ਕਰਕੇ ਸਾਨੂੰ ਆਪਣੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵਧੀਆ ਅਤੇ ਸੰਤੁਲਿਤ ਭੋਜਨ ਰੱਜ ਕੇ ਖਾਣਾ ਚਾਹੀਦਾ ਹੈ ਕਿਉਂਕਿ ਜੇਕਰ ਸਾਡਾ ਸਰੀਰ ਠੀਕ ਤਰੀਕੇ ਨਾਲ ਕੰਮ ਕਰਦਾ ਹੈ ਤਾਂ ਮਨ ਵੀ ਠੀਕ ਰਹਿੰਦਾ ਹੈ। ਸਰੀਰਕ ਸਿੱਖਿਆ ਵਾਲੇ ਅਧਿਆਪਕ ਸਾਨੂੰ ਦੁੱਧ ਪੀਣ, ਘਿਉ ਖਾਣ, ਅੰਡਾ-ਮੀਟ ਖਾਣ ਦੀ ਨਸੀਹਤ ਦਿੰਦੇ ਰਹਿੰਦੇ ਅਤੇ ਅਸੀਂ ਖਾਣ-ਪੀਣ ਵਾਲੇ ਫੱਟੇ ਚੱਕ ਦਿੰਦੇ। ਜਿਉਂ-ਜਿਉਂ ਵੱਡੇ ਹੋਏ, ਕਿਤਾਬਾਂ ਪੜ੍ਹੀਆਂ ਹੋਮਿਓਪੈਥੀ ਨਾਲ ਵਾਹ ਪਿਆ ਤਾਂ ਪਤਾ ਲੱਗਾ ਕਹਾਣੀ ਬਿਲਕੁਲ ਉਲਟ ਐ। ਇਕ ਅਰੋਗ ਮਨ ਵਿਚ ਅਰੋਗ ਸਰੀਰ ਰਹਿ ਸਕਦਾ ਹੈ। ਤਜ਼ਰਬਾ ਕੀਤਾ। ਮਰੀਜ਼ਾਂ ਦੀਆਂ ਬਿਮਾਰੀਆਂ ਤੋਂ ਸਿੱਖਿਆ। ਪਹਿਲਾਂ ਮਨ ਬੀਮਾਰ ਹੁੰਦਾ ਹੈ, ਫਿਰ ਤਨ ਬਿਮਾਰ ਹੁੰਦਾ ਹੈ। ਸਰੀਰਕ ਸਿੱਖਿਆ ਵਾਲੇ ਅਧਿਆਪਕ ਸਾਹਿਬਾਨ ਨਾਲ ਤਾਂ ਮੇਲ-ਮਿਲਾਪ ਨਹੀਂ ਹੋਇਆ ਪਰ ਪਾਠਕ ਵਰਗ ਨੂੰ ਇਸ ਗੱਲੋਂ ਜਾਣੂੰ ਕਰਵਾ ਦੇਣਾ ਲਾਜ਼ਮੀ ਹੈ ਕਿ ਪਹਿਲਾਂ ਕੋਈ ਵੀ ਵਿਚਾਰ ਸਾਡੇ ਮਨ ਵਿਚੋਂ ਉਪਜਦਾ ਹੈ। ਫਿਰ ਉਸ ਦਾ ਪ੍ਰਗਟਾਵਾ ਸਰੀਰ ਉਪਰ ਹੁੰਦਾ ਹੈ।
ਜਿਥੋਂ ਤੱਕ ਵਧੀਆ ਅਤੇ ਸੰਤੁਲਿਤ ਭੋਜਨ ਦੀ ਗੱਲ ਹੈ, ਇਹ ਬਿਲਕੁਲ ਠੀਕ ਹੈ ਪਰ ਭੋਜਨ ਦੀ ਭੁੱਖ ਮਨ ਵਿਚੋਂ ਉਪਜਦੀ ਹੈ। ਮਿਹਦਾ ਇਕ ਤਰ੍ਹਾਂ ਦਾ ਸਟੋਰ ਹੈ, ਜਿਸ ਵਿਚ ਸਭ ਕੁਝ ਸੁੱਟੀ ਜਾਂਦੇ ਹਾਂ ਪਰ ਸੁਆਦ ਦਾ ਸੰਬੰਧ ਤਾਂ ਮਨ ਨਾਲ ਹੈ। ਜੇਕਰ ਸਾਨੂੰ ਵਧੀਆ ਭੁੱਖ ਲੱਗੇਗੀ ਤਾਂ ਹੀ ਅਸੀਂ ਭੋਜਨ ਖਾ ਸਕਣ ਦੇ ਸਮੱਰਥ ਹੋਵਾਂਗੇ ਪਰ ਜੇਕਰ ਸਾਨੂੰ ਭੁੱਖ ਹੀ ਨਹੀਂ ਲੱਗੀ ਤਾਂ ਅਸੀਂ ਭੋਜਨ ਕਿਵੇਂ ਲਵਾਂਗੇ? ਭੁੱਖ ਦਾ ਸੰਬੰਧ ਮਨ ਨਾਲ ਹੈ। ਜੇਕਰ ਮਨ ਖੁਸ਼ ਹੈ, ਚੜ੍ਹਦੀ ਕਲਾ ਵਿਚ ਹੈ ਤਾਂ ਸਰੀਰ ਨੇ ਆਪੇ ਹੀ ਭੋਜਨ ਮੰਗ ਲੈਣਾ ਹੈ ਪਰ ਜੇਕਰ ਮਨ ਉਦਾਸ ਹੈ, ਸੁਸਤ ਹੈ, ਕੋਈ ਦੁੱਖ ਤਕਲੀਫ਼ ਹੈ ਤਾਂ ਭੁੱਖ ਨਹੀਂ ਲੱਗਦੀ। ਉਦਾਰਹਣ ਦੇ ਤੌਰ 'ਤੇ ਜੇਕਰ ਤੁਸੀਂ ਰੋਟੀ ਖਾਣ ਲੱਗੇ ਹੋ, ਸਬਜ਼ੀ ਬਹੁਤ ਸੁਆਦ ਹੈ, ਤੁਹਾਨੂੰ ਭੁੱਖ ਵੀ ਬਹੁਤ ਲੱਗੀ ਹੋਈ ਹੈ ਪਰ ਜੇਕਰ ਤੁਹਾਨੂੰ ਕੋਈ ਆ ਕੇ ਬੁਰੀ ਖ਼ਬਰ ਸੁਣਾ ਦੇਵੇ ਤਾਂ ਤੁਹਾਡੀ ਭੁੱਖ ਉਥੇ ਹੀ ਮਰ ਜਾਵੇਗੀ ਕਿਉਂਕਿ ਤੁਹਾਡਾ ਮਨ ਉਸ ਖ਼ਬਰ ਨੂੰ ਝੱਲ ਨਹੀਂ ਸਕਿਆ। ਜਿਹੜਾ ਮਨ ਸੁਆਦ ਨਾਲ ਰੋਟੀ ਖਾ ਰਿਹਾ ਸੀ, ਉਹ ਮਰ ਗਿਆ।
ਇਸੇ ਤਰ੍ਹਾਂ ਕਈ ਮਰੀਜ਼ ਆ ਕੇ ਕਹਿ ਦਿੰਦੇ ਹਨ ਡਾਕਟਰ ਸਾਹਿਬ ਕਾਲਜਾ ਬੜਾ ਮਚਦਾ ਜਾਂ ਦਿਲ ਮਚਦਾ ਰਹਿੰਦਾ, ਤੇਜ਼ਾਬ ਬਣਦਾ ਰਹਿੰਦਾ। ਜਦ ਸਵਾਲ ਕਰਦੇ ਹਾਂ ਕਿ ਭਾਈ ਕੀ ਖਾਨਾ-ਪੀਨਾ ਤਾਂ ਮਰੀਜ਼ ਜਵਾਬ ਦਿੰਦਾ, ਜੀ ਸਭ ਤਲੀ ਫਲੀ ਚੀਜ਼ ਛੱਡੀ ਹੋਈ ਐ। ਚਾਹ ਵੀ ਨਹੀਂ ਪੀਂਦੇ, ਪਾਣੀ ਵੀ ਬਹੁਤ ਪੀਨੇ ਆਂ ਪਰ ਫਿਰ ਵੀ ਦਿਲ ਮਚਦਾ ਰਹਿੰਦਾ।' ਮੈਂ ਕਈ ਮਰੀਜ਼ਾਂ ਨੂੰ ਹੱਸਦਾ-ਹੱਸਦਾ ਆਖ ਹੀ ਦਿੰਨਾਂ, ਭਾਈ ਕੀਹਨੂੰ ਦੇਖ ਕੇ ਤੇਰਾ ਦਿਲ ਮਚਦਾ।
ਇਕ ਵਾਰ ਮੇਰੇ ਕੋਲ ਇਕ ਔਰਤ, ਜਿਸਦੀ ਉਮਰ 30-32 ਸਾਲ ਦੀ ਸੀ, ਤੇਜ਼ਾਬ ਦੀ ਦਵਾਈ ਲੈਣ ਆਈ। ਸਵਾਲ ਜਵਾਬ ਕਰਨ ਤੋਂ ਪਿੱਛੋਂ ਜਿਹੜੀ ਗੱਲ ਸਾਹਮਣੇ ਆਈ, ਉਹ ਕਹਿੰਦੀ ਜੀ ਮੇਰੇ ਘਰਵਾਲਾ ਤੇ ਮੇਰੀ ਜਠਾਣੀ ਦੇ ਆਪਸੀ ਸੰਬੰਧ ਨੇ। ਉਨ੍ਹਾਂ ਨੂੰ ਵੇਖ-ਵੇਖ ਕੇ ਮੈਂ ਮੱਚਦੀ ਰਹਿੰਦੀ ਆਂ। ਬੱਸ ਇਹੀ ਕਾਰਨ ਸੀ ਉਸ ਦੇ ਤੇਜ਼ਾਬ ਬਣਨ ਦਾ। ਬੇਸ਼ੱਕ ਉਸਨੇ ਸਾਰਾ ਖਾਣ-ਪੀਣ ਛੱਡ ਰੱਖਿਆ ਸੀ ਅਤੇ ਉਹ ਐਸਿਡ ਦੇ ਕੈਪਸੂਲ ਵੀ ਖਾਂਦੀ ਸੀ ਪਰ ਉਸ ਦੀ ਤਕਲੀਫ਼ ਘਟ ਨਹੀਂ ਸੀ ਰਹੀ ਕਿਉਂਕਿ ਬਿਮਾਰੀ ਉਹਦੇ ਮਨ ਵਿਚ ਸੀ। ਉਹਦਾ ਸੱਚੀਂ-ਮੁੱਚੀ. ਦਿਲ ਮੱਚ ਰਿਹਾ ਸੀ। ਸੋ ਕਹਿਣ ਤੋਂ ਭਾਵ ਈਰਖਾ, ਨਫ਼ਰਤ, ਗੁੱਸਾ, ਮਨ ਦੇ ਜਜ਼ਬਾਤਾਂ ਨੂੰ ਲੱੱਗੀ ਠੇਸ ਕਿਵੇਂ ਨਾ ਕਿਵੇਂ ਸਰੀਰ ਉਪਰ ਜ਼ਰੂਰ ਝਲਕਦੀ ਹੈ।
ਇਸੇ ਤਰ੍ਹਾਂ ਖ਼ੂਨ ਦੀ ਕਮੀ (ਅਨੀਮਿਆ) ਦੇ ਰੋਗੀਆਂ ਵਿਚ ਜ਼ਰੂਰੀ ਨਹੀਂ ਕਿ ਕਿਸੇ ਖਾਣ-ਪੀਣ ਦੀ ਘਾਟ ਜਾਂ ਸਰੀਰ ਵਿਚੋਂ ਖ਼ੂਨ ਦੇ ਬਹੁਤੀ ਮਾਤਰਾ ਵਿਚ ਨਿਕਲਣ ਕਰਕੇ ਹੀ ਅਨੀਮਿਆ ਹੋਇਆ ਹੋਵੇ। ਮੇਰੇ ਕੋਲ ਇਕ ਅਫ਼ਸਰ ਦੇ ਘਰਵਾਲੀ ਆਈ, ਜੋ ਇਕ ਸਾਲ ਤੋਂ ਦਵਾਈ ਖਾ ਰਹੀ ਸੀ। ਉਸ ਤੋਂ ਪਹਿਲਾਂ ਵੀ ਉਸਨੇ ਬਹੁਤ ਸਾਰੀਆਂ ਖ਼ੂਨ ਵਧਾਉਣ ਵਾਲੀਆਂ ਦਵਾਈਆਂ, ਗੋਲੀਆਂ, ਸ਼ੀਸ਼ੀਆਂ ਵਰਤੀਆਂ ਸਨ ਪਰ ਉਸਦਾ ਖ਼ੂਨ ਨਹੀਂ ਸੀ ਵੱਧ ਰਿਹਾ। ਮੈਂ ਉਸ ਨੂੰ ਹਰ ਵਾਰ ਪੁੱਛਦਾ ਕਿ ਭਾਈ ਕੀ ਗੱਲ ਐਨਾ ਚਿਰ ਹੋ ਗਿਆ, ਤੁਹਾਡਾ ਖਾਣ-ਪੀਣ ਵੀ ਠੀਕ ਹੈ। ਮੈਂ ਕਈ ਵਾਰ ਹੱਸ ਕੇ ਉਨ੍ਹਾਂ ਨੂੰ ਪੁੱਛਿਆ ਕਿ ਕੋਈ ਤੁੁਹਾਡਾ ਖੂਨ ਤਾਂ ਨਹੀਂ ਪੀਂਦਾ। ਉਹ ਵਿਚਾਰੀ ਅਫ਼ਸਰ ਸਾਹਿਬ ਤੋਂ ਡਰਦੀ ਕੁਝ ਨਾ ਬੋਲਦੀ ਪਰ ਉਹਦੀ ਚੁੱਪ ਮੈਨੂੰ ਸੋਚਣ ਲਈ ਮਜ਼ਬੂਰ ਕਰ ਦਿੰਦੀ। ਉਹ ਆਪਣੇ ਪਤੀ ਬਿਨਾਂ ਕਦੇ ਦਵਾਈ ਲੈਣ ਨਹੀਂ ਸੀ ਆਈ ਜਾਂ ਕਹਿ ਲਵੋ ਕਿ ਉਹ ਉਸਨੂੰ ਇਕੱਲਿਆਂ ਆਉਣ ਨਹੀਂ ਦਿੰਦਾ ਸੀ। ਇਕ ਦਿਨ ਜਦੋਂ ਦੋਵੇਂ ਦਵਾਈ ਲੈਣ ਆਏ ਤਾਂ ਅਫ਼ਸਰ ਸਾਹਿਬ ਨੂੰ ਕੋਈ ਜ਼ਰੂਰੀ ਫੋਨ ਆ ਗਿਆ। ਉਹ ਬਾਹਰ ਫੋਨ ਸੁਣਨ ਚਲੇ ਗਏ ਤੇ ਵਿਚਾਰੀ ਅਫ਼ਸਰ ਦੇ ਘਰਵਾਲੀ, ਜਿਹੜੀ ਇਕ ਸਾਲ ਤੋਂ ਚੁੱਪ ਸੀ, ਨੇ ਰੋ-ਰੋ ਕੇ ਢਾਈ ਮਿੰਟਾਂ ਵਿਚ ਮੈਨੂੰ ਜੋ ਆਪਣੀ ਕਹਾਣੀ ਦੱਸੀ, ਕਹਿੰਦੀ ਇਹੀ ਪੀਂਦਾ ਮੇਰਾ ਲਹੂ, ਪਿੱਛੋਂ ਦਵਾਈਆਂ ਦਿਵਾਉਂਦਾ।
ਮਾਰ ਕੇ ਪੁੱਛਦਾ ਏ ਸੱਟਾਂ ਕਿੱਥੇ-ਕਿੱਥੇ ਲੱਗੀਆਂ ਨੇ।
ਸੋ ਕਹਿਣ ਤੋਂ ਭਾਵ ਤੰਦੁਰਸਤ ਮਨ ਵਿਚ ਹੀ ਤੰਦੁਰਸਤ ਸਰੀਰ ਰਹਿ ਸਕਦਾ ਹੈ।
ਕਈ ਵਾਰ ਅਜਿਹੇ ਖੁੱਲ੍ਹੇ-ਡੁੱਲ੍ਹੇ ਘਰਾਂ ਵਿਚ ਜਾਣ ਦਾ ਮੌਕਾ ਮਿਲ ਜਾਂਦਾ, ਜਿਥੇ ਵੱਡੇ-ਵੱਡੇ ਦਰਵਾਜ਼ੇ ਹੁੰਦੇ ਹਨ ਪਰ ਘਰ ਦਾ ਮਾਹੌਲ ਵਧੀਆ ਨਹੀਂ ਹੁੰਦਾ। ਕਈ ਘਰਾਂ ਵਿਚੋਂ ਤਾਂ ਆਉਣ ਨੂੰ ਜੀਅ ਨਹੀਂ ਕਰਦਾ। ਕਈ ਘਰਾਂ ਵਿਚ ਜਾਣ ਨੂੰ ਜੀਅ ਨਹੀਂ ਕਰਦਾ। ਜਾਂ ਅਸੀਂ ਅਕਸਰ ਹੀ ਆਖ ਦਿੰਦੇ ਹਾਂ ਕਿ ਫਲਾਣੇ ਥਾਂ 'ਤੇ ਤਾਂ ਦਮ ਘੁਟਦਾ ਹੈ। ਜੇਕਰ ਘਰ ਭੀੜਾ ਹੋਵੇ ਜਾਂ ਰੌਸ਼ਨਦਾਨ-ਬਾਰੀਆਂ ਘੱਟ ਹੋਣ ਤਾਂ ਗੱਲ ਵੱਖਰੀ ਪਰ ਕਈ ਘਰਾਂ ਦਾ ਮਾਹੌਲ ਹੀ ਦਮ ਘੁੱਟਣ ਵਾਲਾ ਹੁੰਦਾ ਹੈ, ਜਿਹੜੇ ਘਰਾਂ 'ਚ ਨਿੱਤ ਲੜਾਈ, ਕਲੇਸ਼, ਹੁੰਦਾ ਹੈ, ਉਸ ਘਰ ਦੇ ਜੀਅ ਕਿਵੇਂ ਸੌਖੇ ਰਹਿ ਸਕਦੇ ਹਨ। ਮੈਂ ਆਪਣੇ ਤਜਰਬੇ ਵਿਚ ਇਹ ਗੱਲ ਵੇਖੀ ਹੈ ਕਿ ਜਿੰਨੇ ਵੀ ਸਾਹ ਜਾਂ ਦਮੇ ਦੇ ਰੋਗੀ ਹਨ, ਕੁਝ ਕੁ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਘਰ ਦਾ ਮਾਹੌਲ ਠੀਕ ਨਹੀਂ ਸੀ। ਕਿਸੇ ਦੇ ਘਰੇ ਲੜਾਈ, ਕਿਸੇ ਦਾ ਘਰਵਾਲਾ ਲੜਾਕਾ, ਕਿਸੇ ਦੀ ਸੱਸ, ਕਿਸੇ ਦੀ ਨੂੰਹ, ਭਾਵ ਕਿ ਜਦੋਂ ਇਕ ਆਦਮੀ ਦੂਜੇ ਦੇ ਨੱਕ ਵਿਚ ਦਮ ਕਰੀ ਰੱਖੇਗਾ ਤਾਂ ਸਾਹ ਘੁਟੇਗਾ ਹੀ ਘੁਟੇਗਾ।
ਇਕ ਪਰਿਵਾਰ ਦੇ ਪੰਜ ਜੀਆਂ ਨੂੰ ਸਾਹ ਦੀ ਤਕਲੀਫ਼ ਨੇ ਘੇਰਿਆ ਹੋਇਆ ਸੀ। ਉਹ ਖੇਤਾਂ ਵਿਚ ਰਹਿੰਦੇ ਸਨ। ਜਦੋਂ ਝੋਨੇ ਦੀ ਪਰਾਲੀ ਸੜਦੀ ਹੈ ਤਾਂ ਖੇਤਾਂ ਵਿਚ ਰਹਿਣ ਵਾਲਿਆਂ ਦਾ ਜੀਣਾ ਹਰਾਮ ਹੋ ਜਾਂਦਾ ਹੈ ਕਿਉਂਕਿ ਜ਼ਹਿਰੀਲੀਆਂ ਗੈਸਾਂ ਨੱਕ 'ਚ ਦਮ ਕਰ ਦਿੰਦੀਆਂ ਹਨ ਪਰ ਉਨ੍ਹਾਂ ਪੰਜਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪੈਂਦਾ ਸੀ। ਮੈਂ ਉਹਨਾਂ ਦੇ ਘਰੇ ਜਾ ਕੇ ਦੇਖਿਆ। ਹੋਰ ਵੀ ਆਂਢੀ-ਗੁਆਂਢੀ ਉਨ੍ਹਾਂ ਦੇ ਨਾਲ ਵਸਦੇ ਸਨ। ਝੋਨੇ ਦੀ ਪਰਾਲੀ ਦੀ ਅੱਗ ਉਨ੍ਹਾਂ ਨੂੰ ਵੀ ਚੜ੍ਹਦੀ ਸੀ। ਇਹ ਅੱਗ ਤਾਂ ਸਭ ਨੂੰ ਰੇਸ਼ਾ ਲਾ ਦਿੰਦੀ ਹੈ ਪਰ ਇਕੋ ਪਰਿਵਾਰ ਦੇ ਪੰਜ ਜੀਆਂ ਨੂੰ ਆਏ ਸਾਲ ਦਾਖ਼ਲ ਕਰਵਾਉਣਾ ਪੈਂਦਾ ਹੈ, ਦਾ ਕੀ ਕਾਰਨ? ਜਦੋਂ ਖੋਜ ਕੀਤੀ ਤਾਂ ਗੱਲ ਸਾਹਮਣੇ ਆਈ ਕਿ ਉਨ੍ਹਾਂ ਸਿਰ ਕਰਜ਼ੇ ਦੀ ਭਾਰੀ ਪੰਡ ਸੀ, ਜੋ ਹਲਕੀ ਹੋਣ ਦਾ ਨਾਂਅ ਨਹੀਂ ਸੀ ਲੈਂਦੀ। ਉਸ ਕਰਜ਼ੇ ਨੇ ਹੀ ਉਸ ਪਰਿਵਾਰ ਦੇ ਨੱਕ 'ਚ ਦਮ ਕਰ ਰੱਿਖਆ ਸੀ, ਜਿਸ ਕਰਕੇ ਉਨ੍ਹਾਂ ਦੀ ਰੱਖਿਆ ਪ੍ਰਣਾਲੀ ਦਿਨ-ਬ-ਦਿਨ ਕਮਜ਼ੋਰ ਹੋ ਰਹੀ ਸੀ।
ਜਦੋਂ ਤੱਕ ਉਪਰੋਕਤ ਮਰੀਜ਼ਾਂ ਦੇ ਮਨ ਉਪਰ ਪਈ ਗ਼ਮਾਂ ਦੀ ਪੰਡ ਹੌਲੀ ਨਹੀਂ ਹੁੰਦੀ, ਤਦ ਤੱਕ ਬਿਮਾਰੀਆਂ ਉਨ੍ਹਾਂ ਦਾ ਖਹਿੜਾ ਨਹੀਂ ਛੱਡ ਸਕਦੀਆਂ। ਡਾਕਟਰ ਲੋਕ ਦਵਾਈਆਂ ਨਾਲ ਬਿਮਾਰੀ ਦੀ ਤੀਬਰਤਾ ਤਾਂ ਘਟਾ ਸਕਦੇ ਹਨ ਪਰ ਜਿੰਨਾ ਚਿਰ ਤੱਕ ਕਾਰਨਾਂ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਬਿਮਾਰੀਆਂ ਠੀਕ ਨਹੀਂ ਹੁੰਦੀਆਂ।
ਇਸ ਤਰ੍ਹਾਂ ਇਕ ਕੁੜੀ ਜੀਹਦਾ ਨਵਾਂ ਨਵਾਂ ਵਿਆਹ ਹੋਇਆ ਸੀ। ਉਸ ਨੂੰ ਬੁਖਾਰ ਰਹਿਣ ਲੱਗ ਪਿਆ ਕਿਉਂਕਿ ਉਸ ਦਾ ਘਰਵਾਲਾ ਵਿਦੇਸ਼ੀ ਸੀ, ਜੋ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਚਲਾ ਗਿਆ। ਉਸ ਵਿਚਾਰੀ ਨੂੰ ਸਾਲ ਤੋਂ ਉੱਤੇ ਹੋ ਗਿਆ ਸੀ ਕਿ ਵੀਜ਼ਾ ਨਹੀਂ ਸੀ ਲੱਗ ਰਿਹਾ। ਸਾਰੇ ਡਾਕਟਰਾਂ ਦੇ ਵੱਖੋ-ਵੱਖਰੇ ਡਾਇਆਗਨੋਜ਼ ਸਨ। ਕੋਈ ਕਹਿ ਰਿਹਾ ਸੀ ਕਿ ਟਾਇਫਾਇਡ ਐ, ਕੋਈ ਕੁੱਝ। ਕਿਸੇ ਨੇ ਤਾਂ ਟੀ.ਬੀ. ਵੀ ਬਣਾ ਦਿੱਤੀ ਸੀ ਪਰ ਅਸਲ ਕਾਰਨ ਇਹ ਸੀ ਕਿ ਉਹ ਬਹੁਤ ਸੂਖ਼ਮ ਮਨ ਵਾਲੀ ਕੁੜੀ ਸੀ। ਉਹ ਆਪਣੇ ਮਨ 'ਤੇ ਇਹ ਗੱਲ ਲਾ ਬੈਠੀ ਕਿ ਹੁਣ ਉਹ ਬਾਹਰ ਜਾ ਹੀ ਨਹੀਂ ਸਕੇਗੀ। ਇਸੇ ਕਰਕੇ ਉਸ ਨੂੰ ਬੁੁਖਾਰ ਰਹਿਣ ਲੱਗ ਪਿਆ। ਇਕ ਪਾਕਿਸਤਾਨੀ ਗੀਤ ਦੀਆਂ ਸਤਰਾਂ ਯਾਦ ਆਉਂਦੀਆਂ ਹਨ :-
ਰੋਗ ਲੱਭਾ ਨਾ ਤਬੀਬਾ ਤੈਨੂੰ ਮੇਰਾ, ਦਵਾਈਆਂ ਦੇ ਦੇ ਸਾੜ ਛੱਡਿਆ।
ਇਥੇ ਚੱਲਣਾ ਨੀ ਕੋਈ ਵੱਸ ਤੇਰਾ ਜੁਦਾਈਆਂ ਮੈਨੂੰ ਮਾਰ ਛੱਡਿਆ।
ਪਰ ਹੋਮਿਓਪੈਥਿਕ ਤਬੀਬ ਹੀ ਮਨ ਨੂੰ ਸਮਝ ਸਕਣ ਦੇ ਸਮਰਥ ਹੈ ਕਿਉਂਕਿ ਹੋਮਿਓਪੈਥੀ ਹੀ ਅਜਿਹਾ ਵਿਗਿਆਨ ਹੈ, ਜਿਸ ਦੀ ਨੀਂਹ ਹੀ ਮਨ ਉਪਰ ਬੱਝੀ ਹੋਈ ਹੈ। ਹੋਮਿਓਪੈਥੀ ਦੇ ਬਾਨੀ ਡਾ. ਹੈਨੇਮੈਨ ਸਾਹਿਬ ਨੇ ਮਨ ਨੂੰ ਸਮਝਣ ਦੀ ਐਸੀ ਤਕਨੀਕ ਬਖ਼ਸ਼ੀ ਹੈ ਕਿ ਮਨ ਨੂੰ ਸਮਝ ਕੇ ਕਿਸੇ ਵੀ ਬਿਮਾਰੀ ਦਾ ਹੱਲ ਆਸਾਨੀ ਨਾਲ ਕੀਤਾ ਜਾ ਸਕਦਾ ਹੈ।
ਇਸ ਤਰ੍ਹਾਂ ਮਨ ਦਾ ਤਨ ਨਾਲ ਹੋਰ ਗਹਿਰਾ ਸੰਬੰਧ ਉਦੋਂ ਵੇਖਣ ਨੂੰ ਮਿਲਦਾ ਹੈ, ਜਦੋਂ ਬੰਦਾ ਰੋਜ਼ਾਨਾ ਦੇ ਕੰਮ-ਕਾਰਾਂ ਤੋਂ ਅੱਕ ਜਾਂਦਾ ਹੈ। ਇਹ ਅਕੇਵਾਂਪਣ ਹੀ ਥੱਕਣ ਲਈ ਮਜ਼ਬੂਰ ਕਰ ਦਿੰਦਾ ਹੈ। ਅੱਕਣਾ ਅਤੇ ਥੱਕਣਾ ਦੋਵਾਂ ਲਫ਼ਜ਼ਾਂ ਵਿਚ ਪਹਿਲਾਂ ਅੱਕਣ, ਫਿਰ ਥੱਕਣ ਦਾ ਸੰਕਲਪ ਬਹੁਤ ਪੁਰਾਣਾ ਹੈ। ਅਸੀਂ ਕਦੇ ਵੀ ਨਹੀਂ ਪੜ੍ਹਦੇ ਜਾਂ ਸੁਣਦੇ ਕਿ ਥੱਕ ਕੇ ਅੱਕ ਗਿਆ, ਸਗੋਂ ਅੱਕ ਕੇ ਥੱਕ ਗਿਆ। ਸੋ ਪਹਿਲਾ ਪ੍ਰਭਾਵ ਮਨ 'ਤੇ ਹੀ ਪੈਂਦਾ ਹੈ, ਫਿਰ ਅੱਗੋਂ ਉਹੀ ਪ੍ਰਭਾਵ ਸਰੀਰ 'ਤੇ ਪੈਂਦਾ ਹੈ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਬਿਮਾਰੀਆਂ ਦਾ ਮੁੱਢ ਮਨ ਵਿਚੋਂ ਬੱਝਦਾ ਹੈ, ਜਦੋਂ ਤੱਕ ਮਨ ਨੂੰ ਠੀਕ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸਰੀਰ ਠੀਕ ਨਹੀਂ ਹੋ ਸਕਦਾ।
-
ਡਾ. ਅਮਨਦੀਪ ਸਿੰਘ ਟੱਲੇਵਾਲੀਆ, ਹੋਮਿਓਪੈਥਿਕ ਡਾਕਟਰ, ਬਰਨਾਲਾ
tallewalia@gmail.com
98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.