ਪੀਣ ਵਾਲੇ ਪਾਣੀ ਨੂੰ ਤਰਸਣਗੇ ਪੰਜ ਪਾਣੀਆਂ ਦੇ ਵਾਰਿਸ
ਪਾਣੀ ਪੁਰਾਤਨ ਸਮੇਂ ਤੋਂ ਮਨੁੱਖ, ਪਸ਼ੂ, ਪੰਛੀ ਅਤੇ ਬਨਸਪਤੀ ਦੀ ਮੁੱਖ ਲੋੜ ਰਿਹਾ ਹੈ। ਜੇ ਕਿਹਾ ਜਾਵੇ ਕਿ ਪਾਣੀ ਤੋਂ ਬਿਨਾਂ ਇਸ ਧਰਤੀ 'ਤੇ ਜੋ ਵੀ ਸਾਰਾ ਵਰਤਾਰਾ ਚੱਲ ਰਿਹਾ ਹੈ ਉਹ ਸੰਭਵ ਨਹੀਂ ਹੈ। ਪਾਣੀ ਜਿੱਥੇ ਮਨੁੱਖ ਅਤੇ ਹੋਰ ਜੀਵਾਂ ਦੇ ਜਿਉਣ ਲਈ ਜਰੂਰੀ ਹੈ ਉੱਥੇ ਖੇਤੀ ਤੇ ਪੇੜ ਪੌਦਿਆਂ ਲਈ ਵੀ ਬਹੁਤ ਜਰੂਰੀ ਹੈ। ਕਿਸੇ ਸਮੇਂ ਪੰਜ ਦਰਿਆਵਾ ਦੀ ਧਰਤੀ ਦੇ ਇਸ ਖਿੱਤੇ ਦਾ ਨਾਂਅ ਵੀ ਪੰਜ—ਆਬ ਪੰਜ ਦਰਿਆਵਾਂ ਦੀ ਧਰਤੀ ਤੋਂ ਪੰਜਾਬ ਬਣਿਆ।
ਇਸ ਧਰਤੀ ਤੇ ਵਗਦੇ ਦਰਿਆਵਾਂ ਕਰਕੇ ਬਰਸਾਤ ਦੇ ਮੌਸਮ ਵਿੱਚ ਜਿੱਥੇ ਤਪਦੀ ਧਰਤੀ ਦਾ ਪਹਾੜਾਂ ਦਾ ਠੰਡਾ ਪਾਣੀ ਸੀਨਾ ਠਾਰਦਾ ਸੀ ਉਸ ਦੇ ਨਾਲ ਇਸ ਦੀ ਮਿੱਟੀ ਵਿੱਚ ਵੀ ਪਹਾੜਾਂ ਤੋਂ ਲਿਆਦੇ ਮਲੜ ਪਦਾਰਥ ਵਿਛਾ ਕੇ ਇੱਥੋਂ ਦੀ ਜਮੀਨ ਦੀ ਉਪਜਾਊ ਸ਼ਕਤੀ ਨੂੰ ਵੀ ਵਧਾਉਂਦੇ ਸਨ। ਪਿਛਲੇ ਸਮੇਂ 'ਚ ਇਹਨਾਂ ਦਰਿਆਵਾਂ ਤੇ ਰਾਜਿਆਂ, ਮਹਾਰਾਜਿਆਂ ਵੱਲੋਂ ਬੰਨ ਬਣਾ ਕੇ ਕੱਚੀਆਂ ਨਹਿਰਾਂ ਰਾਹੀਂ ਸਿੰਚਾਈ ਲਈ ਇਸ ਪਾਣੀ ਨੂੰ ਵਰਤੋ ਵਿੱਚ ਲਿਆਉਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਜਦੋਂ ਸਾਡੇ ਦੇਸ਼ ਤੇ ਅੰਗਰੇਜਾ ਦਾ ਸ਼ਾਸ਼ਨ ਸੀ ਤਾਂ 1849 ਈਸਵੀ ਵਿੱਚ ਕਈ ਨਹਿਰਾਂ ਤੇ ਡੈਮ ਬਣਾਉਣ ਦੀ ਯੋਜਨਾ ਬਣਾਈ ਸੀ। ਜਿਸ ਤਹਿਤ ਅੱਜ ਵੀ ਕਈ ਨਹਿਰਾਂ ਦੇ ਕਿਨਾਰਿਆਂ ਤੇ ਖੰਡਰ ਹੋਏ ਨਹਿਰੀ ਰੈਸਟ ਹਾਊਸ ਜਿਨ੍ਹਾਂ ਨੂੰ ਕਈ ਜਗ੍ਹਾਂ ਤੇ ਬੰਗਲਾ ਕੋਠੀ ਜਾਂ ਕਈ ਹੋਰ ਨਾਵਾਂ ਨਾਲ ਜਾਣਿਆ ਜਾਂਦਾ ਹੈ ਮੌਜੂਦ ਹਨ।
ਪਰ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ 1849 ਵਿੱਚ ਹੋਂਦ ਵਿੱਚ ਆਏ ਸਿੰਚਾਈ ਵਿਭਾਗ ਨੇ ਜਿੱਥੇ ਅਨੇਕਾਂ ਡੈਮ ਜਿਨ੍ਹਾਂ ਵਿੱਚ ਭਾਖੜਾ ਡੈਮ, ਰਣਜੀਤ ਸਾਗਰ ਡੈਮ ਅਤੇ ਕਈ ਹੋਰ ਡੈਮ ਬਣਾ ਕੇ ਜਿੱਥੇ ਪੰਜਾਬ ਅਤੇ ਦੇਸ਼ ਨੂੰ ਸਸਤੀ ਬਿਜਲੀ ਦਿੱਤੀ ਹੈ ਉਸ ਦੇ ਨਾਲ ਹੀ ਬਿਆਸ, ਸਤਲੁਜ ਅਤੇ ਰਾਵੀ ਦਰਿਆਵਾਂ ਦੇ ਪਾਣੀਆਂ ਤੇ ਕਈ ਹੈਡ ਵਰਕਸ ਜਿਵੇਂ ਕਿ ਅਨੰਦਪੁਰ ਸਾਹਿਬ, ਮੁਕੇਰੀਆ, ਹਰੀ ਕੇ ਪੱਤਣ, ਬਣਾ ਕੇ ਇਸ ਪਾਣੀ ਨੂੰ ਵਰਤੋਂ ਵਿੱਚ ਲਿਆਉਣ ਲਈ ਲਗਭਗ 14500 ਕਿਲੋਮੀਟਰ ਲੰਮੀਆਂ ਨਹਿਰਾਂ ਬਣਾਉਣ ਦੀ ਅਹਿਮ ਭੂਮੀਕਾ ਨਿਭਾਈ।
ਜਿਸ ਤਹਿਤ ਕਈ ਅੰਤਰ ਰਾਜੀ ਨਹਿਰਾਂ ਤੇ ਵੱਡੀਆ ਤੇ ਛੋਟੀਆਂਂ ਨਹਿਰਾਂ ਦਾ ਨਿਰਮਾਣ ਕੀਤਾ ਗਿਆ। ਜਿਨ੍ਹਾਂ ਵਿੱਚ ਭਾਖੜਾ ਮੇਨ ਲਾਇਨ, ਸਰਹਿੰਦ ਨਹਿਰ, ਯੂ.ਬੀ.ਡੀ.ਸੀ., ਸ਼ਾਹ ਨਹਿਰ, ਬਿਸਤ ਦੁਆਬ ਆਦਿ ਦੇ ਨਾਮ ਵਰਨਣਯੋਗ ਹਨ ਜੋ ਲਗਭਗ 14.22 ਐਮ.ਏ.ਐਫ. ਪਾਣੀ ਨੂੰ ਨਿਰਧਾਰਿਤ ਏਰੀਏ ਤੇ ਪਹੁੰਚਾਉਂਦੀਆਂ ਹਨ।
1873 'ਚ ਇੰਡੀਆਂ ਨਹਿਰ ਐਕਟ ਪਾਣੀ ਦੀ ਚੋਰੀ ਰੋਕਣ ਲਈ ਬਣਾਇਆ ਗਿਆ ਇਹ ਸਾਰਾ ਕੁੱਝ ਚਾਹੇ ਉਲੀਕਿਆ ਅੰਗਰੇਜਾਂ ਦੇ ਸਮੇਂ ਵਿੱਚ ਗਿਆ ਸੀ ਪਰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਬੜੀ ਤੇਜੀ ਨਾਲ ਨੇਪੜੇ ਚਾੜਿਆ ਗਿਆ। ਇਨ੍ਹਾਂ ਨਹਿਰਾਂ ਦੇ ਪਾਣੀ ਅਤੇ ਡੈਮਾਂ ਤੋਂ ਪੈਦਾ ਹੋਈ ਬਿਜਲੀ ਨੇ ਇੱਕ ਸਮੇਂ ਪੰਜਾਬ ਦੀ ਕਾਇਆ ਕਲਪ ਕਰ ਦਿੱਤੀ। ਪੰਜਾਬ ਦੀ ਹਰੀ ਕ੍ਰਾਂਤੀ ਤੇ ਉਦਯੋਗਾਂ 'ਚ ਇਹਨਾਂ ਨਹਿਰਾਂ ਅਤੇ ਬਿਜਲੀ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਦੇ ਨਾਲ ਕਾਫੀ ਹੱਦ ਤੱਕ ਧਰਤੀ ਹੇਠਲੇ ਪਾਣੀ ਨੂੰ ਵੀ ਕਾਫੀ ਹੱਦ ਤੱਕ ਸਥਿਰ ਰੱਖਣ ਲਈ ਇਹਨਾਂ ਨਹਿਰਾਂ ਨੇ ਅਹਿਮ ਯੋਗਦਾਨ ਪਾਇਆ। ਜਿੱਥੇ ਇਹ ਨਹਿਰਾਂ ਅਤੇ ਡੈਮ ਇੱਕ ਇਤਿਹਾਸਕ ਪ੍ਰੋਜੈਕਟ ਹਨ ਸਿੰਚਾਈ ਵਿਭਾਗ ਦਾ ਇੱਕ ਹੋਰ ਵਿੰਗ ਡਰੇਨਜ਼ ਵਿਭਾਗ ਦੇ ਨਾਲ ਨਾਲ ਜਾਣਿਆ ਜਾਂਦਾ ਹੈ, ਇਹ ਵਿੰਗ ਜਿਸ ਦਾ ਕੰਮ ਹੜ੍ਹਾਂ ਦੇ ਟਾਇਮ 'ਚ ਦਰਿਆਵਾਂ ਅਤੇ ਨਦੀਆਂ ਨਾਲਿਆਂ ਦੇ ਪਾਣੀ ਤੋਂ ਫਸਲਾਂ ਤੇ ਲੋਕਾਂ ਨੂੰ ਬਚਾਉਣਾ ਹੁੰਦਾ ਸੀ। ਜਿਸ ਤੇ ਕਰੋੜਾਂ ਰੁਪਏ ਖਰਚ ਕੇ ਜਿੱਥੇ ਇਹਨਾਂ ਦਰਿਆਵਾਂ ਤੇ ਸੜਕੀ ਅਤੇ ਰੇਲਵੇ ਆਵਾਜਾਈ ਤੇ ਪੁੱਲਾਂ ਦਾ ਨਿਰਮਾਣ ਕੀਤਾ ਗਿਆ ਉੱਥੇ ਇਹਨਾਂ ਤਿੰਨਾਂ ਦਰਿਆਵਾਂ ਰਾਵੀ, ਸਤਲੁੱਜ, ਬਿਆਸ ਅਤੇ ਘੱਗਰ ਨਦੀ ਤੇ ਬੰਨ ਬਣਾਉਣ ਤੇ ਕਰੋੜਾਂ ਰੁਪਏ ਖਰਚ ਕੇ ਇੱਕ ਚੰਗਾ ਢਾਂਚਾ ਤਿਆਰ ਕੀਤਾ ਗਿਆ।
ਜਿਹੜਾ ਅੱਜ ਪੁਨਰ ਗਠਨ ਦੀ ਮਾਰ 'ਚ ਰੁੜਦਾ ਨਜ਼ਰ ਆ ਰਿਹਾ ਹੈ। ਕਿਉਂਕਿ ਸਰਕਾਰ ਵੱਲੋਂ ਪਿਛਲੇ ਸਮੇਂ ਚ ਜਿੱਥੇ ਵੱਖ—ਵੱਖ ਵਿਭਾਗਾਂ ਦੇ ਪੁਨਗਠਨ ਦੇ ਨਾਂਅ ਤੇ ਵਿਭਾਗਾਂ ਨੂੰ ਖਤਮ ਕੀਤਾ ਜਾ ਰਿਹਾ ਹੈ, ਉੱਥੇ ਜਲ ਸਰੋਤ ਵਿਭਾਗ ਦਾ ਕਾਮਾ ਵੀ ਪੁਨਰਗਠਨ ਤੋਂ ਬਾਅਦ ਵੀ ਭਾਰੀ ਬੇਚੈਨੀ ਮਹਿਸੂਸ ਕਰ ਰਿਹਾ ਹੈ। ਉਸ ਦੇ ਨਾਲ ਹੀ ਚਿੰਤਾ ਦਾ ਵਿਸ਼ਾ ਹੈ ਕਿ ਪੁਨਰਗਠਨ ਦੇ ਨਾਂ ਤੇ ਜਿੱਥੇ ਜਲ ਸਰੋਤ ਕਾਮਾ ਘਰ ਤੋਂ ਬੇਘਰ ਹੋ ਜਾਵੇਗਾ ਉਸ ਦੇ ਨਾਲ ਹੀ ਸਰਕਾਰ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਤਿਆਰ ਕੀਤੇ ਇਸ ਅਦਾਰੇ ਦੀ ਵੰਡ ਇਸ ਢੰਗ ਨਾਲ ਕੀਤੀ ਹੈ ਕਿ ਪੰਜਾਬ ਚੋਂ ਵਗਦੇ ਦਰਿਆਵਾਂ ਅਤੇ ਨਦੀਆਂ ਨਾਲਿਆਂ, ਡੈਮਾਂ ਨੂੰ ਦੋ ਭਾਗਾਂ ਵਿੱਚ ਵੰਡ ਕੇ ਦੋ ਕੰਪਨੀਆਂ ਦੇ ਹਵਾਲੇ ਕਰਨ ਦੀ ਤਜਵੀਜ ਬਣਾਈ ਗਈ ਹੈ। ਜਿਸ ਤਹਿਤ ਸਤਲੁੱਜ ਦਰਿਆ ਦੀਆਂ ਨਹਿਰਾਂ, ਨਦੀਆਂ ਅਤੇ ਘੱਗਰ ਨੂੰ ਇੱਕ ਭਾਗ ਵਿੱਚ ਵੰਡਿਆ ਗਿਆ ਹੈ, ਬਿਆਸ, ਰਾਵੀ ਦਰਿਆਵਾਂ ਦੇ ਡੈਮ ਨਹਿਰਾਂ, ਨਦੀਆਂ ਨਾਲਿਆਂ ਨੂੰ ਦੂਜੇ ਭਾਗ ਵਿੱਚ ਵੰਡਿਆ ਗਿਆ ਹੈ। ਜਿਸ ਨਾਲ ਬਿਜਲੀ, ਰੇਤਾ, ਬਜਰੀ ਅਤੇ ਪਾਣੀ ਵੀ ਦੋ ਭਾਗਾਂ ਵਿੱਚ ਵੰਡ ਕੇ ਰਹਿ ਜਾਣਗੇ। ਇਸ ਪੁਨਰਗਠਨ ਨਾਲ ਇਹ ਢਾਂਚਾ ਨਿਜੀ ਕੰਪਨੀ ਦੇ ਹਵਾਲੇ ਕਰਨ ਲਈ ਰਾਹ ਪੱਧਰਾ ਕਰ ਦਿੱਤਾ ਹੈ ਜੋ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਹੈ। ਕਿਉਂਕਿ ਪਿਛਲੇ ਸਮੇਂ ਚ ਨਹਿਰਾਂ ਬਣਾਉਣ ਵਾਲੇ ਵਿਭਾਗ, ਲਾਈਨਿੰਗ ਵਿੰਗ ਨੂੰ ਖਤਮ ਕਰਕੇ ਮਾਈਨਿੰਗ ਵਿੱਚ ਮਰਜ ਕਰ ਦਿੱਤਾ ਸੀ। ਉਸ ਤੋਂ ਬਾਅਦ ਸਿੰਚਾਈ ਵਿਭਾਗ ਤੇ ਮਾਈਨਿੰਗ ਨੂੰ ਇੱਕ ਕਰਕੇ ਜਿੱਥੇ ਇਸ ਦਾ ਨਾਂ ਬਦਲ ਕੇ ਜਲ ਸਰੋਤ ਕਰ ਦਿੱਤਾ ਗਿਆ ਹੈ ਉਸ ਦੇ ਨਾਲ ਹੀ ਪੁਨਰ ਗਠਨ ਤੋਂ ਪਹਿਲਾਂ 24263 ਅਸਾਮੀਆਂ ਵਾਲੇ ਵਿਭਾਗ ਨੂੰ ਘਟਾ ਦੇ 15605 ਅਸਾਮੀਆਂ ਤੱਕ ਸੀਮਤ ਕਰਨ ਉਸ ਤੋਂ ਵੀ ਦੁਖਦਾਈ ਗੱਲ ਹੈ ਕਿ ਇਸ ਸਮੇਂ ਵਿਭਾਗ ਵਿੱਚ 17494 ਅਸਾਮੀਆਂ ਤੇ ਮੁਲਾਜਮ ਕੰਮ ਕਰ ਰਹੇ ਹਨ।
1893 ਕੰਮ ਕਰਦੇ ਮੁਲਾਜ਼ਮਾਂ ਦੀਆਂ ਪੋਸਟਾਂ ਹੀ ਖਤਮ ਕਰ ਦਿੱਤੀਆਂ। ਜਿਹੜਾ ਕਿ ਪੰਜਾਬ ਦੇ ਇਤਿਹਾਸ ਵਿੱਚ ਇੱਕ ਵੱਖਰਾ ਵਰਤਾਰਾ ਹੈ। 120 ਕਿਸਮ ਦੇ ਮੁਲਾਜਮਾਂ ਵਾਲਾ ਵਿਭਾਗ 66 ਕਿਸਮ ਦੇ ਮੁਲਾਜਮਾਂ ਸੀਮਤ ਹੋ ਕੇ ਰਹਿ ਗਏ ਹਨ। ਕਈ ਵਿੰਗ ਸਿਰਫ ਇਤਿਹਾਸ ਬਣ ਜਾਣਗੇ। ਜਿਨ੍ਹਾਂ 'ਚ ਲਾਇਨਿੰਗ ਅਤੇ ਸਮੁੱਚੇ ਪੰਜਾਬ ਵਿੱਚ ਪੰਜਾਬ ਦਾ ਇੱਕੋ ਇੱਕ ਦਫਤਰ ਲੈਡ ਐਕੁਜੀਸ਼ਨ (ਐਲ.ਏ.) ਦਫਤਰ ਵੀ ਖਤਮ ਕਰ ਦਿੱਤਾ। ਉਸ ਦੇ ਨਾਲ ਹੀ ਕਲਰਕਾਂ, ਪਟਵਾਰੀਆਂ, ਜੂਨੀਅਰ ਇੰਜੀਨੀਅਰ, ਦਰਜਾ ਚਾਰ ਤੇ ਦਰਜਾ ਤਿੰਨ ਕਰਮਚਾਰੀਆਂ ਦੀਆਂ ਅਸਾਮੀਆਂ ਖਤਮ ਹੋਣ ਕਾਰਨ ਜਿੱਥੇ ਕਰਮਚਾਰੀਆਂ ਤੇ ਕੰਮ ਦਾ ਬੋਝ ਵੱਧ ਗਿਆ ਹੈ ਉੱਥੇ ਹੀ ਸਰਪਲੱਸ ਹੋਏ ਕਰਮਚਾਰੀਆਂ ਬਾਰੇ ਕਿੱਥੇ ਭੇਜਣੇ ਹਨ ਕੋਈ ਤਜਵੀਜ ਨਹੀਂ। ਇਸ ਲਈ ਜਿੱਥੇ ਜਲ ਸਰੋਤ ਕਾਮਾ ਘਰੋ ਬੇਘਰ ਹੋਣ ਤੋਂ ਭੈ ਭੀਤ ਹੈ।ਬਹੁਤ ਹੀ ਚਿੰਤਾ ਜਨਕ ਇਹ ਹੈ ਕਿ ਪੁਨਰ ਗਠਨ ਸਮੇ ਨਾ ਹੀ ਨਹਿਰਾਂ ਦੀ ਭਗੋਲਿਕ ਸਥਿਤੀ ਤੇ ਨਾ ਹੀ ਪਾਣੀ ਦੀ ਮਾਤਰਾ ਨੁੰ ਧਿਆਨ 'ਚ ਰੱਖਿਆ ਹੈ ਕਈ ਜਗ੍ਹਾ 'ਤੇ ਨਹਿਰਾਂ ਧਰਤੀ ਤੋਂ ਕਾਫ਼ੀ ਉਚਾਈ 'ਚ ਵਗਦੀਆ ਹਨ ਉਸ ਜਗ੍ਹਾ 'ਤੇ ਵੱਧ ਚੌਕਸੀ ਦੀ ਲੋੜ ਹੈ। ਜਿਆਦਾ ਪਾਣੀ ਵਾਲੀਆਂ ਨਹਿਰਾਂ 'ਤੇ ਰੈਗੁਲੇਸਨ ਕਰਨ ਲਈ ਵੱਡੇ ਗੇਟ ਹਨ ਜਿਹਨਾਂ ਨੁੰ ਉੱਚਾ ਨੀਵਾਂ ਕਰਨ ਲਈ ਜਿਆਦਾ ਮੁਲਾਜ਼ਮਾਂ ਦੀ ਲੋੜ ਹੁੰਦੀ ਹੈ।
ਇਹ ਹੀ ਹਾਲ ਦਰਿਆਵਾਂ 'ਤੇ ਹੈਡ ਵਰਕਸਾ ਦਾ ਕਰ ਦਿੱਤਾ ਮੁਲਾਮ ਦੀ ਵੰਡ ਸਮੁੱਚੇ ਪੰਜਾਬ 'ਚ ਇੱਕੋ ਜਿਹੀ ਕਰਨਾ ਸਰਾਸਰ ਗਲਤ ਹੈ ਪਿਛਲੇ ਲਗਭਗ ਕਈ ਸਾਲ ਤੋ ਮੁਲਾਜਮਾਂ ਦੀ ਗਿਣਤੀ ਘੱਟ ਹੋਣ ਕਾਰਨ ਕਈ ਕੰਮ ਬਾਹਰੀ ਸਰੋਤਾਂ ਤੋਂ ਕਰਾਉਣੇ ਪੈਂਦੇ ਸਨ ਜਿੱਥੇ ਇਹ ਪੁਨਰ ਗਠਨ ਬਿਨਾਂ ਸੋਚੇ ਸਮਝੇ ਕੀਤਾ ਹੈ ਉਸਦੇ ਨਾਲ ਹੀ ਇਸ ਵਿਭਾਗ ਦਾ ਮਕੈਨੀਕਲ ਵਿੰਗ ਜੋ ਆਮ ਹਾਲਤਾ ਦੇ ਨਾਲ ਨਾਲ ਹੜ੍ਹਾਂ ਤੇ ਹੋਰ ਆਫ਼ਤਾ ਸਮੇ ਅਹਿਮ ਭੂਮਿਕਾ ਨਿਭਾਉਦਾ ਸੀ ਦੀ ਅਕਾਰ ਘਟਾਈ ਕਿਸੇ ਵੀ ਸਮੇਂ ਪੰਜਾਬ ਨੂੰ ਖਤਰੇ 'ਚ ਪਾਉਣ ਵਾਲਾ ਕੰਮ ਕੀਤਾ ਹੈ ਉੱਥੇ ਕਰੋੜਾਂ ਰੁਪਏ ਖਰਚ ਕੇ ਤਿਆਰ ਕੀਤਾ ਢਾਂਚਾ ਨਿੱਜੀ ਕੰਪਨੀਆਂ ਨੂੰ ਦੇਣ ਲਈ ਰਾਹ ਪੱਧਰਾ ਕਰ ਦਿੱਤਾ ਹੈ। ਇਸ ਨਾਲ ਜਿੱਥੇ ਕੁਦਰਤੀ ਸੋਮਾ ਪਾਣੀ, ਨਿੱਜੀ ਹੱਥਾਂ ਵਿੱਚ ਚਲਾ ਜਾਵੇਗਾ ਉੱਥੇ ਰੇਤਾ, ਬਜਰੀ ਦੀ ਵੀ ਲੁੱਟ ਕਰਨ ਦੀ ਨਿੱਜੀ ਕੰਪਨੀਆਂ ਨੂੰ ਖੁੱਲ੍ਹ ਦੇ ਦਿੱਤੀ ਹੈ। ਇਹ ਕੰਪਨੀਆਂ ਸਰਕਾਰ ਵੱਲੋਂ ਪਹਿਲਾਂ ਬਣਾਈ ਤਜਵੀਜ ਅਨੁਸਾਰ ਸਾਰੇ ਪੰਜਾਬ ਨੂੰ ਪੀਣ ਲਈ ਨਹਿਰੀ ਪਾਣੀ ਸਪਲਾਈ ਕਰਨਗੀਆਂ ਜਿਸ ਦੀ ਝਲਕ ਕਈ ਨਹਿਰਾਂ ਤੇ ਕਈ ਕਈ ਪਿੰਡਾ ਨੁੰ ਜੋੜ ਕੇ ਨਹਿਰੀ ਪਾਣੀ ਦੇਣ ਦੀ ਯੋਜਨਾਂ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਸਾਫ ਜਾਹਿਰ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਾਸੀ ਇਸ ਕੁਦਰਤੀ ਸੋਮੇ ਪਾਣੀ ਤੋਂ ਵਾਂਝੇ ਹੋ ਜਾਣਗੇ।
-
ਦਰਸ਼ਨ ਬੇਲੂਮਾਜਰਾ, ਯੂਨੀਅਨ ਲੀਡਰ
******
9888844395
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.