ਸਕੂਨਮਈ ਜ਼ਿੰਦਗੀ ਲਈ ਚੌਤਰਫਾ ਖੁਸ਼ਹਾਲੀ ਜਰੂਰੀ ਹੈ। ਇਹ ਲੋਕਾਂ ਦੀ ਸਮੂਲੀਅਤ ਨਾਲ ਸੰਭਵ ਹੈ। ਜੋ ਇਸ ਨੂੰ ਸਿਰਜ ਕੇ ਚਾਰ ਚੰਨ ਲਾਉਦੇ ਹਨ। ਗੁਆਂਢ ਦੀ ਭੂਮਿਕਾ ਖਾਸ ਮਹੱਤਵ ਰੱਖਦੀ ਹੈ। ਜਿਹੜੇ ਸਾਡੇ ਘਰਾਂ ਨਾਲ ਜੁੜਦੇ ਸੱਜੇ ਖੱਬੇ ਪਾਸੇ ਰਹਿੰਦੇ ਤੇ ਹਰ ਰੋਜ ਮਿਲਦੇ ਹਨ। ਸਭ ਤੋਂ ਪਹਿਲਾ ਦੁੱਖਾ- ਸੁੱਖਾ ਵਿੱਚ ਭਾਗੀਦਾਰ ਬਣਦੇ। ਇਸੇ ਲਈ ਬਜੁਰਗ ਆਖਦੇ ਹਨ ਕਿ ਚੰਗੇ ਗੁਆਂਢੀ ਅਨਮੋਲ ਬਖਸਿਸ਼ਾ ਤੋਂ ਘੱਟ ਨਹੀਂ ਹੁੰਦੇ। ਉਹਨਾਂ ਕੋਲ ਰਹਿੰਦਿਆਂ ਜਿੰਦਗੀ ਸੁਖਦ ਤੇ ਅਨੰਦਾਇਕ ਜਾਪਦੀ ਹੈ। ਇਸ ਕਾਰਨ ਹਕੀਕਤ ਵਿੱਚ ਸਬਦ "ਚੰਦਰਾ ਗੁਆਢ ਨਾ ਹੋਵੋ " ਮਾਨਵੀ ਕਦਰਾਂ-ਕੀਮਤਾ ਦੀ ਹਾਮੀ ਭਰਦੇ ਵਡਮੁੱਲੇ ਜਾਪਦੇ ਹਨ। ਚੰਗਾ ਗੁਆਂਢ ਨੇਕ ਸੰਸਕਾਰਾ ਦੀ ਉਪਜ ਹੈ। ਜਿਹੜੇ ਪੀੜੀ-ਦਰ-ਪੀੜੀ ਅੱਗੇ ਚਲਦੇ ਹਨ। ਅਜਿਹੀ ਸਖਸੀਅਤ ਲੋਕਾ ਵਿੱਚ ਸਤਿਕਾਰ ਦੀ ਪਾਤਰ ਬਣਦੀ ਹੈ।
ਪਿੰਡਾਂ ਵਿੱਚ ਸਾਝੀਵਾਲਤਾ ਨੂੰ ਸੰਜੀਦਗੀ ਨਾਲ ਨਿਭਾਇਆ ਜਾਦਾ ਸੀ। ਲੋਕੀਂ ਇਕ ਦੂਜੇ ਦੀ ਹਿਫਾਜਤ ਕਰਦੇ ਤੇ ਕੰਮ ਵਿੱਚ ਵੀ ਹੱਥ ਵਟਾਉਦੇ ਸਨ। ਖੇਤ ਜਾਂ ਸ਼ਹਿਰ ਜਾਦਿਆ ਉਧਰ ਦੇ ਕੰਮ ਹੋਵਣ ਤਾ ਕਰਨ ਦਾ ਬੋਝ ਨਹੀ ਸਮਝਦੇ । ਇਹ ਸਾਂਝ ਇਥੇ ਤੱਕ ਹੀ ਸੀਮਤ ਨਹੀਂ, ਸਗੋਂ ਸਾਗ ਸਬਜੀਆ,ਸ਼ਮੀਨਿਰੀ,ਖੇਤੀਬਾੜੀ ਸੰਦਾ ਜਾ ਪੈਸੇ ਟਕਾ ਦਾ ਬੁੱਤਾ ਸਾਰਨ ਲੱਗੇ ਪਰਵਾਹ ਨਹੀਂ ਕਰਦੇ। ਵਿਆਹ-ਸਾਦੀ ਮੌਕੇ ਵੀ ਗੁਆਂਢ ਘਰ ਦੀ ਵਾਧੂ ਵਰਤੋਂ ਹੁੰਦੀ ਸੀ। ਉਥੇ ਹੀ ਹਲਵਾਈ ਬਠਾਉਣ,ਸਰੀਕੇ ਰੋਟੀ,ਮੰਜੇ-ਬਿਸਤਰੇ,ਦਾਜ ਦਾ ਸਮਾਨ ਤੇ ਖਾਸ ਮਹਿਮਾਨਾ ਦੇ ਕਮਰੇ ਦਾ ਪ੍ਰਬੰਧ ਹੋ ਜਾਦਾ। ਉਹ ਵੀ ਪਰਿਵਾਰਕ ਕਾਰਜ ਸਮਝ ਖੁਸੀ- ਖੁਸੀ ਕੰਮ ਕਰਦੇ। ਬੀਤੇ ਵੇਲੇ ‘ਚ ਸਾਧਨਾ ਜਾ ਪੈਸੇ ਦੀ ਤੋਟ ਜਰੂਰ ਸੀ। ਪਰ ਨਿਸਵਾਰਥ ਸੇਵਾ ਭਾਵਨਾ ਨਾਲ ਸਭ ਕਾਰ-ਵਿਹਾਰ ਪੂਰ ਚੜਦੇ। ਇਥੋਂ ਤੱਕ ਸਕੀਰੀਆ ਨੂੰ ਜਾਣ ਵੇਲੇ ਪਸ਼ੂਆ ਲਈ ਹਰੇ ਚਾਰੇ ਤੇ ਬਜੁਰਗਾਂ ਦੀ ਰੋਟੀ-ਟੁੱਕ ਦਾ ਜਿੰਮੇ ਵੀ ਖਿੜੇ ਮੱਥੇ ਕਬੂਲਦੇ। ਹੁਣ ਇਹ ਮੋਹ ਦਾ ਵਰਤਾਰਾ ਘਟਦਾ ਜਾ ਰਿਹਾ ਸ਼ਹਿਰ ਵਿੱਚ ਤਾਂ ਪਹਿਲਾ ਹੀ ਨਾਮਾਤਰ ਸੀ। ਨੌਕਰੀ ਪੇਸ਼ਾ ਜਾ ਵਪਾਰਕ ਕੰਮਾ ਰਝੇਵੇ ਕਾਰਨ ਸਮੇ ਦੀ ਘਾਟ ਜੂਰਰ ਮੰਨਦੇ ਹਾਂ। ਪਰ ਇਹ ਸਮਾਜਿਕ ਮੇਲ-ਜੋਲ ਲਈ ਸੰਸਕਾਰੀ ਪਰਵਿਰਤੀ ਨਹੀਂ। ਜਿਸ ਦੀਆਂ ਉਦਾਹਰਨਾਂ ਸਮਾਗਮਾਂ ਵਿੱਚ ਖਾਨਾ ਪੂਰਤੀ ਕਰਨ ਸਮਾਪਤੀ ਸਮੇਂ ਆਉਂਦੇ ਲੋਕੀ ਆਮ ਹੀ ਦੇਖੇ ਜਾਦੇ ਹਨ ।
ਇਕਹਿਰੇ ਪਰਿਵਾਰ ਦੀ ਲਹਿਰ ਨੇ ਟੱਬਰ ਵਾਲਾ ਸ਼ਦੀਵੀ ਸਨੇਹ ਖਤਮ ਕਰ ਦਿੱਤਾ । ਹੁਣ ਕੰਮਾ ਕਾਰਾ ਵੱਲ ਜਾਣ ਪਿੱਛੋਂ ਘਰਾਂ ਵਿੱਚ ਇਕੱਲੇ ਬੱਚੇ ਜਾਂ ਬਜੁਰਗ ਹੀ ਦਿਖਦੇ ਹਨ । ਅਜਿਹੇ ਦੌਰ ਵਿੱਚ ਨੇਕਦਿਲ ਗੁਆਂਢ ਹੋਣਾ ਜਿਆਦਾ ਜਰੂਰੀ ਹੋ ਗਿਆ । ਜਿਸ ਦੇ ਸਹਾਰੇ ਅਸੀ ਪਰਿਵਾਰ ਨੂੰ ਮਹਿਫੂਜ ਸਮਝਦੇ ਹਾ । ਜੋ ਸੁਰੱਖਿਆ ਹੀ ਨਹੀ ਬਲਕਿ ਖਾਣੇ ਤੇ ਦਵਾ-ਦਾਰੂ ਦਾ ਵੀ ਖਿਆਲ ਰੱਖਦੇ ਹਨ । ਬੱਚਿਆ ਲਈ ਵਧੀਆ ਗੁਣਾ ਦਾ ਧਾਰਨੀ ਮਨੁੱਖ ਸੰਸਥਾ ਦੇ ਸਮਾਨ ਹੁੰਦਾ ਹੈ । ਉਸ ਦੀ ਸੰਗਤ ਵਿੱਚ ਉਤਮ ਵਿਚਾਰ ਗ੍ਰਹਿਣ ਕਰਦੇ ਹਨ । ਨਜ਼ਰੀਏ ਵਿੱਚ ਸਕਾਰਤਾਮਕ ਸੋਚ ਉਭਰਦੀ ਹੈ । ਜਿਸ ਸਦਕੇ ਜਿੰਦਗੀ ਦੇ ਔਖੇ ਪੈਂਡੇ ਵਿੱਚ ਢੇਰੀ ਨਹੀ ਢਾਉਦੇ ।
21ਵੀਂ ਸਦੀ ਦੀਆਂ ਅਧੁਨਿਕ ਖੋਜਾਂ ਨੇ ਦੁਨੀਆ ਦੀ ਕਇਆ ਕਲਪ ਕਰ ਦਿੱਤੀ । ਪਰੰਤੂ ਮਾਨਵੀ ਮੇਲ-ਜੋਲ ਤੇ ਮਹੱਬਤੀ ਤੰਦਾ ਨੂੰ ਕਮਜੋਰ ਕਰ ਦਿੱਤਾ । ਸਭ ਸੁਵਿਧਾਵਾ ਮੋਬਾਇਲ ਸਹਾਰੇ ਅੱਖ ਝਪਕਦਿਆ ਮਿਲ ਜਾਦੀਆ ਹਨ । ਇਹ ਪੈਸੇ ਦੀ ਬਹੁਤਾਤ ਨੇ ਹੋਰ ਵੀ ਸੋਖਾ ਹੋ ਗਿਆ । ਦੁਨੀਆ ਭਰ ਦੇ ਅਨੰਦ ਲੋਕੀ ਘਰ ਬੈਠੇ ਮਾਣਦੇ ਹਨ । ਉਂਜ ਪਦਾਰਥਵਾਦੀ ਯੁੱਗ ਮਨੁੱਖੀ ਭਾਵਨਾਤਮਿਕ ਸਾਥ ਦੀ ਘਾਟ ਪੂਰੀ ਨਾ ਕਰ ਸਕਿਆ । ਜੋ ਬੰਦਾ ਹੀ ਬੰਦੇ ਦੀ ਦਾਰੂ ਅਖਾਣ ਦੀ ਅਟੁੱਟ ਪ੍ਰਵਾਨਤਾ ਹੈ । ਜਿਹੜੇ ਕਾਰਜ ਮਨੁੱਖ ਸਮਾਜ ਜਾ ਮਾਨਵਤਾ ਭਲਾਈ ਲਈ ਕਰਦਾ ਹੈ ਉਹ ਮਸੀਨਾ ਜਾ ਸਿਰਫ ਪੈਸੇ ਨਾਲ ਸੰਭਵ ਨਹੀ । ਜਦੋ ਵਿਸਵਾਸ ਯੋਗ ਨਿਰਸਵਾਰਥ ਸਾਥ ਮਿਲ ਜਾਵੇ ਉਹ ਹੌਂਸਲਾ ਸੰਸਾਰ ਜਿੱਤਣ ਵਰਗਾ ਜਾਪਦਾ ਹੈ । ਹੱਸਮੁੱਖ ਤੇ ਮਿਲਾਪੜਾ ਸੁਭਾਅ ਸਹਿਜ ਮਨੁੱਖ ਦੀ ਨਿਸਾਨੀ ਹੈ । ਜੋ ਨਿਰੋਏ ਸਮਾਜ ਦੇ ਘੇਰੇ ਨੂੰ ਵਿਸਾਲ ਕਰਦਾ ਹੈ । ਅਜਿਹੇ ਸੰਗੀ ਸਾਥੀ ਮੁਸੀਬਤਾ ਵੇਲੇ ਚਟਾਨਾ ਵਾਗ ਨਾਲ ਖੜਦੇ ਹਨ ।
ਤਿਉਹਾਰ ਜੀਵਨ ਦਾ ਖੁਸ਼ਨੁਮਾ ਭਾਗ ਹਨ। ਜਿਸ ਤੋ ਬਿਨਾ ਦੁਨੀਆ ਬੇਰੰਗੀ ਹੈ। ਲੋਕੀ ਇਕੱਠੇ ਹੋ ਬੜੇ ਚਾਵਾਂ-ਮਲਾਰਾ ਨਾਲ ਮਨਾਉਦੇ ਹਨ। ਹਰ ਵਾਰ ਸਕੇ-ਸੰਬੰਧੀ ਸਾਮਿਲ ਨਹੀ ਹੋ ਸਕਦੇ। ਸੋ ਇਹਨਾ ਨੂੰ ਮਾਨਣਾ ਅਜੀਜ ਗੁਵਾਂਢ ਬਿਨਾ ਅਧੂਰਾ ਹੈ। ਇਕ ਕੁਨਬੇ ਵਾਗ ਸਭ ਮਿਲ ਕੇ ਅਨੰਦ ਮਾਣਦੇ ਹਨ। ਦੀਵਾਲੀ,ਹੋਲੀ ਵਰਗੇ ਤਿਉਹਾਰਾਂ ਦੀਆਂ ਖੁਸ਼ੀਆਂ ਦੂਣ ਸੁਵਾਈਆ ਹੋ ਜਾਦੀਆਂ। ਇਕੱਲੇ ਕਿਹਰੇ ਬੱਚੇ ਇੱਕੱਠੇ ਹੋ ਮੈਦਾਨੀ ਖੇਡਾਂ ਖੇਡਦੇ ਨਹੀਂ ਥੱਕਦੇ। ਇਹ ਸਰੀਰਕ ਸੁਤੰਲਨ ਤੇ ਫਾਸਟ ਫੂਡ ਖਾਣਿਆ ਕਰਕੇ ਜਰੂਰੀ ਵੀ ਹੈ। ਬੁਜਰਗਾਂ ਦਾ ਸਮਾਂ ਵਧੀਆ ਬੀਤਦਾ ਹੈ। ਸਵੇਰੇ ਸਾਮ ਦੀ ਸੈਰ ਨਾਲ ਸਰੀਰ ਤਰੋਤਾਜਾ ਤੇ ਤੰਦਰੁਸਤ ਮਹਿਸੂਸ ਕਰਦਾ ਹੈ। ਕਈ ਵਾਰ ਢਲਦੀ ਉਮਰੇ ਲੋਕ ਚੰਗੇ ਗੁਆਂਢ ਦੇ ਸਾਥ ਕਾਰਨ ਦੂਰ ਗਰਾਂ ਜਾਣਾ ਪਸੰਦ ਨਹੀ ਕਰਦੇ। ਜੋ ਬੁਢਾਪੇ ਸਮੇਂ ਦੀ ਜਰੂਰਤ ਦੇ ਨਾਲੋਂ ਨਾਲ ਖੁਸੀਆਂ ਵੀ ਦਿੰਦਾ ਹੈ।
ਸਭਿਆਚਾਰ ਸਾਡੇ ਸਮਾਜ ਦਾ ਸੀਸਾ ਹੈ । ਜਿਹੜਾ ਸਾਨੂੰ ਰੀਤੀ,ਰਿਵਾਜ ਤੇ ਪ੍ਰਪੰਰਾਵਾ ਪ੍ਰਤੀ ਅਗਾਹ ਕਰਦਾ ਹੈ । ਗੁਆਂਢ ਪ੍ਰੰਪਰਾ ਪੁਰਖਿਆ ਦੀ ਦੇਣ ਹੈ । ਇਸ ਨੂੰ ਪ੍ਰਫੁੱਲਤ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ । ਮੇਲ ਮਿਲਾਪ ਤੇ ਸਹਿਯੋਗ ਹੀ ਸੰਤੁਲਿਤ ਸਮਾਜ ਦੀ ਨੀਂਹ ਹੈ । ਜਿਸ ਨਾਲ ਅਦਬੀ ਸੰਸਾਰ ਦੀ ਸਿਰਜਣਾ ਕਰ ਸਕਦੇ ਹਾ । ਪੁਰਾਣੇ ਸਮਿਆਂ ਵਿੱਚ ਲੋਕੀ ਗੁਆਂਢ ਜਾ ਨੇੜੇ ਵਸਦੇ ਲੋਕਾ ਨੂੰ ਖਾਸ ਮਹੱਤਵ ਦਿੰਦੇ ਸਨ । ਉਹਨਾਂ ਨਾਲ ਚੰਗੇ ਤੇ ਲੰਮੇਰੇ ਸਬੰਧ ਰੱਖਣ ਦਾ ਯਤਨ ਕਰਦੇ ਤੇ ਪਰਿਵਾਰਕ ਮੈਂਬਰਾਂ ਵਾਂਗ ਵਿਚਰਦੇ । ਅਜੋਕੀ ਪੀੜੀ ਦੀ ਤੇਜ ਤਰਾਰ ਵਾਲੀ ਜੀਵਨ ਸੈਲੀ ਵਿਘਨਮਈ ਹੈ । ਸਮੇਂ ਦੀ ਘਾਟ ,ਘਰੇਲੂ ਤੇ ਦਫਤਰੀ ਫਰਜ ਵੀ ਹਨ । ਜਿਸ ਕਾਰਨ ਬਹੁਤੇ ਲੋਕੀ ਸਮਾਜਿਕ ਜਿੰਮੇਵਾਰੀਆਂ ਤੋਂ ਲਾਪਰਵਾਹ ਤੇ ਸੁਭਾਅ ਦੇ ਚਿੜਚਿੜੇ ਹੋ ਜਾਂਦੇ ਹਨ । ਸੋਚਦੇ ਨਹੀ ਕਿ ਇਹ ਤਰੱਕੀ ਲਈ ਖੂਭਸੂਰਤ ਰਾਸਤਾ ਹੈ । ਜਿਸ ਨਾਲ ਸਾਡੇ ਅੰਦਰ ਚੁਸਤੀ ਤੇ ਨਵੀਂਆ ਪੁਲਾਘਾਂ ਦੀ ਉਮੰਗ ਉਮੜਦੀ ਹੈ । ਘਰ ਵਿਚਲੇ ਚਾਰ ਭਾਡਿਆ ਦਾ ਖੜਕਣਾ ਸੁਭਾਵਕ ਹੈ।ਬੁਲੰਦ ਹੌਂਸਲੇ ਤੇ ਜਵਾਨ ਦੀ ਮਿਠਾਸ ਵੱਡੇ ਫੱਟ ਭਰਨ ਵਿੱਚ ਦੇਰ ਨਹੀਂ ਲਾਉਂਦੀ । ਅਮਰੀਕਾ ਦੀ ਲੇਖਿਕਾ ਹੈਲਨ ਕੈਲਰ ਦੇ ਅਨੁਸਾਰ "ਇਕੱਲੇ ਤੁਸੀ ਘੱਟ ਹੋ,ਪਰ ਇਕੱਠੇ ਹੋ ਕੇ ਬਹੁਤ ਕੁਝ ਕਰ ਸਕਦੇ ਹੋ " ਸਾਨੂੰ ਸਮੇਂ ਦੀ ਨਿਜਾਕਤ ਨਾਲ ਤਲਖੀ ਛੱਡ ਰਿਸਤਿਆ ਦਾ ਨਿੱਘ ਮਾਨਣ ਵੱਲ ਗੌਰ ਕਰਨੀ ਚਾਹਦੀ ਹੈ । ਤਾ ਜੋ ਆਢ-ਗੁਆਂਢ ਦੇ ਮਖਮਲੀ ਅਹਿਸਾਸ ਖਤਮ ਨਾ ਹੋਵਣ।
-
ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ, ਲੇਖਕ
adv.dhaliwal@gmail.com
78374-90309
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.