ਇਤਿਹਾਸ ਲਿਖਣ ਦਾ ਸ਼ੌਕ ਰੱਖਣ ਵਾਲੇ ਮੁੱਖ ਮੰਤਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਹ ਉਮੀਦ ਰੱਖੀ ਜਾਣੀ ਚਾਹੀਦੀ ਹੈ ਕਿ ਉਹ ਇਸੇ ਸਾਲ ਪੈਂਹਟ ਵਾਲੀ ਜੰਗ ਦੀ 55 ਵੀਂ ਵਰ੍ਹੇਗੰਢ ਮੌਕੇ ਇਸ ਪਾਸੇ ਕੋਈ ਉਪਰਾਲਾ ਕਰਨ ਦਾ ਐਲਾਨ ਕਰਨਗੇ।
ਪੰਜਾਬ ਦੇ ਸਿਵਲੀਅਨਜ ਦੀ ਕੁਰਬਾਨੀ ਦਾ ਕਿਤੇ ਲੇਖਾ ਲਿਖਿਆ ਗਿਆ ਹੈ ?
ਗੁਰਪ੍ਰੀਤ ਸਿੰਘ ਮੰਡਿਆਣੀ
ਲੁਧਿਆਣਾ, 29 ਅਗਸਤ 2020:
1965 ਚ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਈ ਜੰਗ ਚ ਹੋਏ ਫ਼ੌਜੀ ਨੁਕਸਾਨ ਦੇ ਵੇਰਵੇ ਤਾਂ ਸਰਕਾਰ ਕੋਲ ਜ਼ਰੂਰ ਹੋਣਗੇ ਪਰ ਇਸ ਦੌਰਾਨ ਸਿਵਲੀਅਨ ਜਾਨ-ਮਾਲ ਦੇ ਨੁਕਸਾਨ ਦਾ ਹਿਸਾਬ ਕਿਤਾਬ ਨਹੀਂ ਮਿਲਦਾ।ਪੰਜਾਬ ਵਿੱਚ ਹੋਰਨਾਂ ਥਾਂਵਾਂ ਤੇ ਹੋਏ ਨੁਕਸਾਨ ਦਾ ਤਾਂ ਪਤਾ ਨਹੀਂ ਪਰ ਮੇਰੇ ਪਿੰਡ ਮੰਡਿਆਣੀ ਤੋਂ ਸਿਰਫ਼ ਚਾਰ ਕਿੱਲੋਮੀਟਰ ਦੂਰ ਪਾਕਿਸਤਾਨ ਦੀ ਹਵਾਈ ਬੰਬ-ਬਾਰੀ ਦੀ ਜ਼ਰੂਰ ਜਾਣਕਾਰੀ ਹੈ।ਲੁਧਿਆਣਾ ਜ਼ਿਲ੍ਹੇ ਦੇ ਠਾਣਾ ਦਾਖਾ ਦੀ ਹਦੂਦ ਚ ਪੈਂਦੇ ਨਾਲ਼ੋਂ-ਨਾਲ ਵਸੇ ਹੋਏ ਪਿੰਡ ਹਨ ਕੈਲਪੁਰ ਤੇ ਬੜੈਚ . ਇਨ੍ਹਾਂ ਜੁੜਵੇਂ ਪਿੰਡਾਂ ਚ 6 ਸਤੰਬਰ 1965 ਦੀ ਸ਼ਾਮ ਨੂੰ ਇੱਕ ਪਾਕਿਸਤਾਨੀ ਹਵਾਈ ਜਹਾਜ਼਼ ਨੇ ਤਿੰਨ ਬੰਬ ਸੁੱਟੇ ਤੇ ਤਿੰਨੇ ਹੀ ਚੱਲੇ, ਜੀਹਦੇ ਨਾਲ 9 ਇਨਸਾਨੀ ਜਾਨਾਂ ਮੌਤ ਦੇ ਮੂੰਹ ਚ ਜਾ ਪਈਆਂ , ਡੰਗਰਾਂ ਸਣੇ ਘਰਾਂ ਦਾ ਨੁਕਸਾਨ ਵੱਖਰਾ ਹੋਇਆ ਹਾਲਾਂਕਿ ਤਿੰਨਾਂ ਚੋਂ ਦੋ ਬੰਬ ਅਬਾਦੀ ਤੋਂ ਪਰੇ ਡਿੱਗੇ ਸੀ।ਪਰ ਹੈਰਾਨੀ ਦੀ ਗੱਲ ਇਹ ਕਿ ਉਦੋਂ ਤੋਂ ਬਾਅਦ ਅੱਜ ਤੱਕ ਇਸ ਵਾਅਕੇ ਦਾ ਜ਼ਿਕਰ ਕਿਸੇ ਅਖ਼ਬਾਰ ਰਸਾਲੇ ਚ ਨਹੀਂ ਹੋਇਆ ਪਿੰਡ ਵਾਲਿਆਂ ਦੇ ਦੱਸਣ ਮੁਤਾਬਿਕ। ਸਤੰਬਰ 2015 ਚ ਇਸ ਜੰਗ ਦੀ 50 ਸਾਲਾ ਯਾਦ ਸਰਕਾਰੀ ਪੱਧਰ ਤੇ ਮਨਾਈ ਗਈ ਸੀ ਉਦੋਂ ਵੀ ਕੈਲਪੁਰ-ਬੜੈਚ ਦੀ ਬੰਬ-ਬਾਰੀ ਨੂੰ ਚੇਤੇ ਨਹੀਂ ਕੀਤਾ ਗਿਆ।ਇਹਤੋਂ ਇਲਾਵਾ ਇਸ ਜੰਗ ਦੌਰਾਨ ਸਮੁੱਚੇ ਪੰਜਾਬ ਚ ਕਿਤੇ ਵੀ ਸਿਵਲੀਅਨਜ਼ ਦੇ ਹੋਏ ਨੁਕਸਾਨ ਨੂੰ ਪੰਜਾਹ ਸਾਲਾ ਜੰਗੀ ਯਾਦ ਚ ਸ਼ਾਮਲ ਨਹੀਂ ਕੀਤਾ ਗਿਆ।ਇੰਟਰਨੈਟ'ਤੇ ਟੱਕਰਾਂ ਮਾਰ ਕੇ ਵੀ ਮੈਨੂੰ ਕਿਤੇ ਵੀ ਸਿਵਲੀਅਨ ਨੁਕਸਾਨ ਦੇ ਵੇਰਵੇ ਨਹੀਂ ਮਿਲੇ।
ਪਿੰਡ ਵਾਲ਼ਿਆਂ ਨੂੰ ਬੰਬ-ਬਾਰੀ ਦੀ ਕੋਈ ਤਰੀਕ ਚੇਤੇ ਨਹੀਂ ਤੇ ਨਾ ਹੀ ਉਦੋਂ ਤਰੀਕ ਯਾਦ ਰੱਖਣ ਦਾ ਰਿਵਾਜ ਹੁੰਦਾ ਸੀ ਪਰ "ਮਹੀਨਾ ਭਾਦੋਂ ਦਾ ਸੀ" ਬੱਸ ਏਨਾ ਹੀ ਚੇਤੇ ਹੈ।ਪਰ ਮੁੱਲਾਂਪੁਰ ਦਾਖਾ ਦੇ ਵਾਸੀ 90 ਸਾਲਾ ਸ਼੍ਰੀ ਕ੍ਰਿਸ਼ਨ ਗੋਪਾਲ ਸ਼ਰਮਾ ਬੰਬ-ਬਾਰੀ ਦੀ ਪੱਕੀ ਤਰੀਕ 6 ਸਤੰਬਰ 1965 ਦੱਸਦੇ ਹਨ।ਸ਼ਰਮਾ ਜੀ ਦੇ ਪਿਤਾ ਡਾਕਟਰ ਮਾਧੋ ਰਾਮ ਸ਼ਰਮਾ ਦੀ ਮੁੱਲਾਂਪੁਰ ਦਾਖਾ ਦੇ ਮੇਨ ਚੌਂਕ ਚ ਡਾਕਟਰੀ- ਕਮ -ਕੈਮਿਸਟ ਸ਼ੌਪ ਹੁੰਦੀ ਸੀ ਜੋ ਅੱਜ ਵੀ ਹੈ। ਕ੍ਰਿਸ਼ਨ ਜੀ ਦੱਸਦੇ ਹਨ ਓਸ ਦਿਨ ਸ਼ਾਮ ਛੇ-ਸਾਢੇ ਛੇ ਦਾ ਵਕਤ ਸੀ, ਮੈਂ ਤੇ ਮੋਹੀ ਵਾਲਾ ਖ਼ੁਸ਼ਕਿਸਮਤ ਸਿੰਘ ਆਪਦੀ ਦੁਕਾਨ ਦੇ ਬਾਹਰ ਖੜੇ ਸੀ ਜਦੋਂ ਇੱਕ ਹਵਾਈ ਜਹਾਜ਼਼਼਼ ਨੀਵਾਂ ਹੋ ਕੇ ਸਾਡੇ ਨੇੜਿਉਂ ਹੀ ਮੁੱਲਾਂਪੁਰ ਪੁਰਾਣੀ ਮੰਡੀ ਵਾਲੇ ਪਾਸਿਉਂ ਹੋ ਕੇ ਦਾਖਿਆਂ ਵਾਲੀ ਸਾਈਡ ਨੂੰ ਲੰਘਿਆ, ਇਹਦੇ ਕੁਸ਼ ਸਕਿੰਟਾਂ ਮਗਰੋਂ ਹੀ ਅਸੀਂ ਜ਼ੋਰਦਾਰ ਧਮਾਕੇ ਸੁਣੇ ਜੋ ਕਿ ਉੱਥੋਂ 2 ਮੀਲ ਦੂਰ ਕੈਲਪੁਰ-ਬੜੈਚ ਚ ਇਸੇ ਜਹਾਜ਼ ਵੱਲੋਂ ਸਿੱਟੇ ਗਏ ਬੰਬਾਂ ਦੇ ਸੀ।ਧਮਾਕੇ ਸੁਣਦੇ ਸਾਰ ਹੀ ਸਾਰੀਆਂ ਹੱਟੀਆਂ ਵਾਲੇ ਦੁਕਾਨਾਂ ਵਧਾ ਕੇ ਭੱਜ ਗਏ ਤੇ ਸਾਰਾ ਬਜ਼ਾਰ ਮਿੰਟਾਂ ਚ ਸੁੰਨਾ ਹੋ ਗਿਆ।
ਜਾਣਕਾਰੀ ਦੇ ਰਹੀ ਬੀਬੀ ਗੁਰਦੀਪ ਕੌਰ
ਪਿੰਡ ਬੜੈਚ ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ 85 ਸਾਲਾ ਸ੍ਰ ਬੂਟਾ ਸਿੰਘ ਦੱਸਦੇ ਹਨ ਕਿ ਮੈਂ ਉਦੋਂ ਆਪਦੇ ਸੀਰੀ ਨਾਲ ਖੇਤ ਚੋਂ ਪਿੰਡ ਨੂੰ ਆ ਰਿਹਾ ਸੀ ਜਦੋਂ ਪਿੰਡ ਪਾਸਿਓਂ ਵੱਡੇ ਖੜਾਕ ਸੁਣੇ, ਜਹਾਜ਼ ਦੇ ਲੰਘਣ ਦੀ ਗੂੰਜ ਤੇ ਜੰਗੀ ਖ਼ਬਰਾਂ ਕਰਕੇ ਸਾਨੂੰ ਇਹ ਪੱਕਾ ਯਕੀਨ ਸੀ ਕਿ ਪਾਕਿਸਤਾਨੀ ਜਹਾਜ਼ ਨੇ ਸਾਡੇ ਪਿੰਡ ਤੇ ਬੰਬ ਸਿੱਟੇ ਨੇ। ਜੇਹੜੇ ਰਾਹ ਚੋਂ ਅਸੀਂ ਆ ਰਹੇ ਉਹਦੇ ਦੋਵੀਂ ਖਾਈਆਂ ਪੱਟੀਆਂ ਹੋਈਆਂ ਮਿੱਟੀ ਚੱਕ ਕੇ ਰਾਹ ਚ ਭਰਤ ਪਾਉਣ ਖ਼ਾਤਰ ।ਅਸੀਂ ਇਸ ਖ਼ਦਸ਼ੇ ਕਰਕੇ ਇਹਨਾ ਖਾਈਆਂ ਚ ਪੈ ਗਏ ਕੇ ਕੇ ਜਹਾਜ਼ ਹੋਰ ਵੀ ਬੰਬ ਸਿੱਟ ਸਕਦਾ ਹੈ ,ਤਕਰੀਬਨ ਅੱਧਾ ਘੰਟਾ ਬਾਅਦ ਅਸੀਂ ਉੱਠੇ ।ਜਦੋਂ ਅਸੀਂ ਪਿੰਡ ਪੁੱਜੇ ਤਾਂ ਸਾਰਾ ਪਿੰਡ ਖ਼ਾਲੀ ਹੋਇਆ ਪਿਆ ਸੀ , ਕੁਸ਼ ਲੋਕ ਪਿੰਡ ਦੇ ਬਾਹਰ ਬਣੇ ਬਾਬੇ ਰੋਡੂ ਸ਼ਾਹ ਦੇ ਡੇਰੇ ਚ ਬੈਠੇ ਤੇ ਕੁਝ ਭੱਜ ਕੇ ਆਪਣੇ ਖੇਤਾਂ ਵਾਲੇ ਖੂਹਾਂ ਤੇ ਜਾ ਬੈਠੇ।ਬੂਟਾ ਸਿੰਘ ਦੱਸਦੇ ਹਨ ਕਿ ਉਦੋਂ ਕਿਸੇ ਨੇ ਬੰਬ ਬਾਰੀ ਨਾ ਦੇਖੀ ਸੀ ਤੇ ਹੀ ਸੁਣੀ ਸੀ ਸੋ ਖ਼ਦਸ਼ਾ ਇਹ ਸੀ ਕਿ ਹੋਰ ਵੀ ਬੰਬ ਡਿੱਗ ਸਕਦੇ ਹਨ ਇਹ ਖ਼ਦਸ਼ੇ ਦੇ ਮੱਦੇਨਜ਼ਰ ਹੀ ਸਾਰੀ ਅਬਾਦੀ ਪਿੰਡ ਛੱਡ ਕੇ ਭੱਜ ਗਈ ਸੀ ਤੇ ਦਿਨ ਚੜ੍ਹੇ ਤੇ ਪਿੰਡ ਵਾਪਸ ਆਏ।
ਪਿੰਡ ਕੈਲਪੁਰ ਦੇ 90 ਸਾਲਾ ਸ੍ਰ ਚੈਂਚਲ ਸਿੰਘ ਦੱਸਦੇ ਹਨ ਕਿ ਬੰਬ ਬਾਰੀ ਤੋਂ ਅਗਲੇ ਦਿਨ ਲੋਕਾਂ ਨੇ ਮੋਰਚੇ ਤਾਂ ਪੱਟੇ ਪਰ ਮੋਰਚਿਆਂ ਚ ਸੱਪ ਆਉਣ ਲੱਗੇ ਤਾਂ ਮੋਰਚੇ ਵੀ ਨਕਾਰ ਦਿੱਤੇ।ਅਗਲੇ ਦਿਨਾਂ ਦੌਰਾਨ ਜਦੋਂ ਜਹਾਜ਼ ਦੀ ਗੂੰਜ ਸੁਣਾਈ ਦਿੰਦੀ ਤਾਂ ਲੋਕ ਭੱਜ ਕੇ ਚਰ੍ਹੀ ਤੇ ਮੱਕੀ ਦੀਆਂ ਫ਼ਸਲਾਂ 'ਚ ਜਾ ਲੁਕਦੇ ਹੁੰਦੇ ਸੀ। ਭਾਰਤੀ ਫ਼ੌਜ ਦਾ ਹਵਾਈ ਅੱਡਾ ਹਲਵਾਰਾ ਏਥੋਂ ਮਸਾਂ ਸਿਰਫ 10 ਕਿਲੋਮੀਟਰ ਦੂਰ ਹੋਣ ਕਰਕੇ ਇੱਥੋਂ ਉਡਦੇ ਭਾਰਤੀ ਜਹਾਜ਼ਾਂ ਦੀ ਗੂੰਜ ਵੀ ਪੂਰੀ ਸੁਣਦੀ ਸੀ। ਕੋਈ ਪਛਾਣ ਨਹੀਂ ਸਕਦਾ ਕਿ ਸਿਰ ਦੇ ਮੰਡਰਾ ਰਿਹਾ ਜਹਾਜ ਪਾਕਿਸਤਾਨੀ ਹੈ ਜਾਂ ਭਾਰਤੀ ਸੋ ਜਹਾਜ਼ ਦੀ ਗੂੰਜ ਸੁਨਣ ਸਾਰ ਲੋਕ ਪਿੰਡ ਛੱਡਕੇ ਖੇਤਾਂ ਨੂੰ ਭੱਜ ਲੈਂਦੇ ਸੀ।ਇਹ ਸਿਲਸਿਲਾ ਲਗਭਗ 15 ਦਿਨ ਤੱਕ ਜਾਰੀ ਰਿਹਾ।
ਪਿੰਡ ਬੜੈਚ ਦੀ 80 ਸਾਲਾ ਬੀਬੀ ਗੁਰਦੀਪ ਕੌਰ ਨੇ ਦੱਸਿਆ ਕਿ ਬੰਬ ਡਿੱਗਣ ਤੋਂ ਕੁਸ਼ ਚਿਰ ਮਗਰੋਂ ਹਲਵਾਰੇ ਵਾਲੇ ਪਾਸਿਓਂ ਬਹੁਤ ਸਾਰੀਆਂ ਫੁੱਲ ਝੜੀਆਂ ਵਰਗੀਆਂ ਚੀਜ਼ਾਂ ਵੀ ਅਸਮਾਨ ਚ ਬਹੁਤ ਚਿਰ ਚੱਲਦੀਆਂ ਰਹੀਆਂ।ਇਹ ਵਰਤਾਰਾ ਮੈਂ ਖ਼ੁਦ ਵੀ ਦੇਖਿਆ ਹੈ ਜੋ ਕਿ ਅਸਮਾਨ ਚ ਚਲਦੀਆਂ ਸੈਂਕੜੇ ਆਤਿਸ਼ਬਾਜ਼ੀ ਵਰਗਾ ਸੀ ਜੋ ਕਿ ਅਸਲ ਚ ਹਲਵਾਰਾ ਏਅਰਪੋਰਟ ਦੀ ਰਾਖੀ ਖ਼ਾਤਰ ਬੀੜੀਆਂ ਗਈਆਂ ਐਂਟੀ ਏਅਰ ਕਰਾਫ਼ਟ ਤੋਪਾਂ ਤੋਂ ਕੀਤੀ ਜਾ ਰਹੀ ਫਾਇਰਿੰਗ ਸੀ।ਉਦੋਂ ਮੇਰੀ ਉਮਰ ਸਾਢੇ ਪੰਜ ਸਾਲ ਸੀ ਤੇ ਆਪਦੇ ਪਿੰਡ ਮੰਡਿਆਣੀ ਤੋਂ ਅਸੀਂ ਇਹ ਸਾਰਾ ਮੰਜਰ ਅੱਖੀਂ ਡਿੱਠਾ ਹੈ। ਦਸੰਬਰ 1971 ਦੀ ਜੰਗ ਵੇਲੇ ਮੁੱਲਾਂਪੁਰ ਦਾਖਾ ਮਾਰਕੀਟ ਕਮੇਟੀ ਦੀ ਛੱਤ ਤੇ ਸਰਕਾਰ ਨੇ ਇੱਕ ਘੁੱਗੂ (ਸਾਇਰਨ) ਬੀੜ ਦਿੱਤਾ ਸੀ। ਇਹ ਘੁੱਗੂ ਓਹੀ ਜਹੀ ਕੂਕ ਮਾਰਦਾ ਹੁੰਦਾ ਸੀ ਜਿਹੋ ਜਹੀ ਵੱਡੇ ਅਦਾਰਿਆਂ ਜਾਂ ਫ਼ੈਕਟਰੀਆਂ ਦੇ ਘੁੱਗੂ, ਛੁੱਟੀ ਹੋਣ ਦੇ ਟਾਇਮ ਤੇ ਮਾਰਦੇ ਨੇ।ਇਹ ਘੁੱਗੂ ਉਦੋਂ ਤੱਕ ਕਮੇਟੀ ਦੀ ਛੱਤ 'ਤੇ ਲੱਗਿਆ ਰਿਹਾ ਜਦੋਂ ਤੱਕ 2001 ਚ ਇਮਾਰਤ ਦੀ ਛੱਤ ਨਹੀਂ ਬਦਲੀ ਗਈ। ਉਹਤੋਂ ਮਗਰੋਂ ਵੀ ਕਈ ਸਾਲ ਤੱਕ ਇਹ ਕਮੇਟੀ ਦਫ਼ਤਰ ਦੀਆਂ ਪੌੜੀਆਂ ਚ ਪਿਆ ਰਿਹਾ।ਘੁੱਗੂ ਬਿਜਲੀ ਮੋਟਰ ਨਾਲ ਚਲਦਾ ਸੀ। ਘੁੱਗੂ ਵੱਲੋਂ ਟੁੱਟਵੀਆਂ ਕੂਕਾਂ ਮਾਰਨਾ ਖ਼ਤਰੇ ਦੀ ਚਿਤਾਵਨੀ ਹੁੰਦੀ ਸੀ ਤੇ ਲੋਕ ਉਦੋਂ ਮੋਰਚਿਆਂ 'ਚ ਵੜ ਜਾਂਦੇ ਸੀ।ਜਦੋਂ ਘੁੱਗੂ ਲਗਾਤਾਰ ਲੰਮੀ ਕੂਕ ਮਾਰਦਾ ਸੀ ਤਾਂ ਇਹ ਖ਼ਤਰਾ ਟਲਣ ਦੀ ਨਿਸ਼ਾਨੀ ਹੁੰਦਾ ਸੀ ਤੇ ਲੋਕ ਮੋਰਚਿਆਂ ਤੋਂ ਬਾਹਰ ਆ ਜਾਂਦੇ ਸੀ। 1965 ਮੌਕੇ ਘੁੱਗੂ ਵਰਗਾ ਕੋਈ ਵੀ ਚੇਤਾਵਨੀ ਦੇਣ ਵਾਲਾ ਕੋਈ ਇੰਤਜ਼ਾਮ ਨਹੀਂ ਸੀ ਹੁੰਦਾ ।
ਬੰਬ-ਬਾਰੀ ਦੀ ਦਾਸਤਾਨ ਸੁਣਾਉਂਦੇ ਹੋਏ ਚੈਂਚਲ ਸਿੰਘ (ਖੱਬੇ) ,ਬੂਟਾ ਸਿੰਘ (ਸੱਜੇ)
ਬੜੈਚ ਦੇ ਸਾਬਕਾ ਸਰਪੰਚ ਦੀ ਮਾਤਾ ਸੁਰਜੀਤ ਕੌਰ ਨੇ 27 ਅਗਸਤ 2015 ਨੂੰ ਮੇਰੇ ਨਾਲ ਹੋਈ ਗੱਲ-ਬਾਤ ਦੌਰਾਨ ਦੱਸਿਆ ਕਿ ਓਦਣ ਆਥਣੇ ਅਜੇ ਚੱਜ ਨਾਲ ਹਨੇਰਾ ਨਹੀਂ ਸੀ ਹੋਇਆ ਤੇ ਮੈਂ ਦੀਵਾ ਬਾਲ ਰਹੀ ਸੀ ਤੇ ਓਹਨਾ ਦੇ ਘਰ ਕੋਲ ਆਟਾ ਚੱਕੀ ਦੇ ਨਾਲ ਬੀਹੀ ਚ ਬੰਬ ਡਿੱਗਿਆ।ਚੱਕੀ ਵਾਲਾ ਚਮਨ ਲਾਲ ਤੇ ਚੱਕੀ ਤੋਂ ਆਪਦਾ ਆਟਾ ਚੱਕਣ ਆਏ ਸ੍ਰ ਗੁਰਨਾਮ ਸਿੰਘ ਦੇ ਦੋ ਬੱਚੇ ਬਲਬੀਰ ਸਿੰਘ ਤੇ ਕੁਲਦੀਪ ਸਿੰਘ ਮਾਰੇ ਗਏ।ਉਦੋਂ ਅਜੇ ਘਰਾਂ ਵਿੱਚ ਬਿਜਲੀ ਨਹੀਂ ਸੀ ਲੱਗੀ ਪਰ ਇਸ ਚੱਕੀ ਤੇ ਬਿਜਲੀ ਦਾ ਕੁਨੈਕਸ਼ਨ ਸੀਗਾ। ਚੱਕੀ ਕੋਲ਼ ਇੱਕ ਬਿਜਲੀ ਦਾ ਖੰਭਾ ਲੱਗਿਆ ਹੋਇਆ ਸੀ।ਲੋਹੇ ਦੇ ਗਾਡਰ ਵਾਲੇ ਇਸ ਖੰਭੇ ਚ ਬੰਬ ਦੀਆਂ ਕੰਕਰਾਂ ਨਾਲ ਹੋਏ ਮਘੋਰੇ ਅੱਜ ਵੀ 55 ਵਰ੍ਹੇ ਪੁਰਾਣੇ ਇਤਿਹਾਸ ਦੀ ਗਵਾਹੀ ਭਰ ਰਹੇ ਹਨ।ਸੁਰਜੀਤ ਕੌਰ ਦੇ ਦੱਸਣ ਮੁਤਾਬਿਕ ਬੀਹੀ ਚ ਖੂਹ ਜਿੱਡਾ ਟੋਆ ਕਰ ਦਿੱਤਾ ਸੀ ਬੰਬ ਨੇ।ਰਾਮ ਮਿਸ਼ਨ ਦੇ ਘਰੇ ਅਗਲੇ ਦਿਨ ਮਲਬੇ ਹੇਠੋਂ ਇੱਕ ਗਾਂ ,ਮੱਝ ਤੇ ਕਟਰੂ ਸਹੀ ਸਲਾਮਤ ਨਿਕਲੇ ।
ਅੱਖੀਂ ਏਸ ਮੰਜ਼ਰ ਨੂੰ ਦੇਖਣ ਵਾਲੀ ਬੀਬੀ ਸੁਰਜੀਤ ਕੌਰ ਜਾਣਕਾਰੀ ਦਿੰਦੀ ਹੋਈ, ਤਸਵੀਰ 2015 ਦੀ ਹੈ
ਉੱਪਰ ਦੱਸੀਆਂ ਤਿੰਨ ਮੌਤਾਂ ਤੋਂ ਇਲਾਵਾ ਸੰਤਾ ਸਿੰਘ ਰਾਮਗੜ੍ਹੀਆ ਦੇ ਦੋ ਬੇਟੇ ਤੇ ਇੱਕ ਬੇਟੀ ਮਾਰੇ ਗਏ , ਰਾਮ ਕਿਸ਼ਨ ਸਿੰਘ (ਮਿੱਢਾ)ਦੇ ਪਰਿਵਾਰ ਚੋਂ ਇੱਕ ਔਰਤ ਤੇ ਦੋ ਬੱਚੇ ਮਾਰੇ ਗਏ , ਇਸ ਤਰਾਂ ਬੜੈਚ ਪਿੰਡ ਚ ਕੁੱਲ 9 ਮੌਤਾਂ ਹੋਈਆਂ । ਰਿਸੇ ਪਿੰਡ ਦੇ ਨਿਊਯਾਰਕ (ਅਮਰੀਕਾ) ਚ ਰਹਿ ਰਹੇ 83 ਸਾਲਾ ਸ੍ਰ ਗੁਰਨੇਕ ਸਿੰਘ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਰਾਮ ਕਿਸ਼ਨ ਦੇ ਘਰੇ ਆਈ ਹੋਈ ਇੱਕ ਰਿਸ਼ਤੇਦਾਰ ਔਰਤ ਵੀ ਹਲਾਕ ਹੋਈ ਸੀ ਤੇ ਰੋਸ ਹਿਸਾਬ ਨਾਲ ਮੌਤਾਂ ਅਸੀਂ ਗਿਣਤੀ 10 ਬਣਦੀ ਹੈ ਪਰ ਕੋਈ ਗੰਭੀਰ ਫੱਟੜ ਨਹੀਂ ਹੋਇਆ ।ਪਾਲ ਸਿੰਘ ਦੇ ਇੱਕ ਬੋਤੇ ਤੋਂ ਇਲਾਵਾ ਹੋਰ ਡੰਗਰ ਵੀ ਮਾਰੇ ਗਏ।ਇਹ ਸਾਰਾ ਨੁਕਸਾਨ ਅੱਟਾ ਚੱਕੀ ਕੋਲ਼ ਡਿੱਗੇ ਬੰਬ ਨੇ ਹੀ ਕੀਤਾ ।ਸ੍ਰ ਗੁਰਨੇਕ ਸਿੰਘ ਨੇ ਟੈਲੀਫ਼ੋਨ ਤੇ ਦੱਸਿਆ ਕਿ ਓਹਨਾ ਦਿਨਾਂ ਚ ਮੈਂ ਚੰਡੀਗੜ੍ਹ੍ਹ ਪੜਦਾ ਸੀ। ਬੰਬ ਡਿੱਗਣ ਤੋਂ ਅਗਲੀ ਸਵੇਰ ਹੋਸਟਲ ਚ ਆਉਂਦੇ ਅਖ਼ਬਾਰ ਦੀ ਸਵੇਰੇ ਹੀ ਸੁਰਖ਼ੀ ਪਕੜੇ ਮੈਂ ਹਿੱਲ ਗਿਆ ਜੀਹਦੇ ਲਿਖਿਆ ਸੀ village Baraich bombarded (ਪਿੰਡ ਬੜੈਚ ਤੇ ਬੰਬ-ਬਾਰੀ ਹੋਈ).
ਮੈਂ ਜਦੇ ਹੀ ਬੱਸ ਫੜੀ ਤੇ 10 ਵਜਦੇ ਨੂੰ ਪਿੰਡ ਪੁੱਜ ਗਿਆ। ਸਾਡਾ ਘਰ ਵੀ ਤਿੜਕ ਗਿਆ ਸੀ ਜੋ ਢਾਹ ਕੇ ਨਵਾਂ ਬਨਾਉਣਾ ਪਿਆ। ਸਾਰਾ ਘਰ ਤਿੜਕੇ ਦਾ ਤਿੰਨ ਸੌ ਰੁਪਏ ਮੁਆਵਜ਼ਾ ਮਿਲਿਆ ਸੀ ਜਦਕਿ ਹਲਾਕ ਹੋਣ ਵਾਲੇ ਦਾ ਮੁਆਵਜ਼ਾ ਇੱਕ ਹਜ਼ਾਰ ਰੁਪਏ ਸੀ।ਉਹ ਅੱਗੇ ਦੱਸਦੇ ਨੇ ਮੇਰੀ 10-12 ਸਾਲਾਂ ਦੀ ਭੈਣ ਮਲਕੀਤ ਕੌਰ ਆਪਦੇ ਦਰਾਂ 'ਚ ਖੜੀ ਸੀ ਤੇ ਬੰਬ ਦੀ ਕੈਂਕਰ ਉਹਦੀ ਉਂਗਲ 'ਤੇ ਵੱਜੀ ਜੋ ਲਮਕ ਗਈ. ਦਾਖਾ ਸਰਕਾਰੀ ਡਿਸਪੈਂਸਰੀ ਵਾਲੇ ਡਾਕਟਰ ਨੇ ਪੱਟੀ ਤਾਂ ਕਰ ਦਿੱਤੀ ਪਰ ਕਿਹਾ ਕਿ ਉਂਗਲ਼ ਵੱਢਣੀ ਪਊਗੀ। ਮੈਂ ਜਦੇ ਹੀ ਭੈਣ ਨੂੰ ਪੀ ਜੀ ਆਈ ਚੰਡੀਗੜ੍ਹ ਲੈ ਗਿਆ ਜਿੱਥੇ ਸਰਜਰੀ ਨਾਲ ਉਹਦੀ ਉਂਗਲ ਬਚ ਗਈ ਭਾਵੇਂ ਅੱਜ ਵੀ ਟੇਢੀ ਹੈ।ਇਹ ਗੱਲ ਵੀ ਗੁਰਨੇਕ ਸਿੰਘ ਨੇ ਹੀ ਦੱਸੀ ਕਿ ਪਿੰਡ ਦਾ ਇੱਕ ਜੱਟ ਬੱਗਾ ਸਿੰਘ ਭੱਜ ਕੇ ਨਾਲ ਦੇ ਪਿੰਡ ਦਾਖੇ ਦੇ ਸਰਪੰਚ ਰਾਮ ਸਰੂਪ ਕੋਲ਼ੇ ਗਿਆ 'ਤੇ ਦੋਵੇਂ ਜਾਣਿਆਂ ਨੇ ਢਾਈ ਕਿੱਲੋਮੀਟਰ ਦੂਰ ਦਾਖੇ ਠਾਣੇ ਜਾ ਕੇ ਇਤਲਾਹ ਦਿੱਤੀ। ਮੇਰੇ ਅੰਦਾਜ਼ੇ ਮੁਤਾਬਿਕ ਉਹਨਾ ਦਿਨਾਂ 'ਚ ਠਾਣੇ ਕੋਲ ਕੋਈ ਜੀਪ ਜਾਂ ਕੋਈ ਹੋਰ ਗੱਡੀ ਨਹੀਂ ਸੀ ਹੁੰਦੀ । ਠਾਣੇਦਾਰ ਕੋਲ਼ ਘੋੜੀ ਤੇ ਸਿਪਾਹੀਆਂ ਕੋਲ ਸਾਈਕਲ ਹੀ ਹੁੰਦੇ ਸੀ।
ਪਿੰਡ ਤੇ ਡਿੱਗੇ ਬੰਬ ਤੋਂ ਇਲਾਵਾ ਇੱਕ ਹੋਰ ਬੰਬ ਕੈਲਪਰ ਪ੍ਰਾਇਮਰੀ ਸਕੂਲ ਚ ਵੀ ਡਿੱਗਿਆ , ਅਬਾਦੀ ਤੋਂ ਦੂਰ ਹੋਣ ਕਰਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਿਰਫ ਸਕੂਲ ਦੀ ਇਮਾਰਤ ਹੀ ਨੁਕਸਾਨੀ ਗਈ । ਤੀਜਾ ਬੰਬ ਵੀ ਅਬਾਦੀ ਤੋਂ ਬਾਹਰ ਕਲਕੱਤੇ ਵਾਲੇ ਸ੍ਰ ਸੇਵਾ ਸਿੰਘ ਦੇ ਖੇਤ 'ਚ ਡਿੱਗਿਆ ਤੇ ਨੁਕਸਾਨ ਤੋਂ ਬਚਾਅ ਰਿਹਾ । ਸਾਰੇ ਬੰਬਾਂ ਦੀਆਂ ਕੰਕਰਾਂ ਅੱਧਾ ਮੀਲ ਦੂਰ ਤੱਕ ਵੀ ਗਈਆਂ।ਦਾਖਾ ਠਾਣੇ ਦੀ ਪੁਲਿਸ ਤਾਂ ਭਾਵੇਂ ਵਾਅਕੇ ਤੋਂ ਥੋੜ੍ਹਾ ਚਿਰ ਮਗਰੋਂ ਹੀ ਪੁੱਜ ਗਈ ਸੀ ਪਰ ਕਿਸੇ ਦਾ ਪੋਸਟ ਮਾਰਟਮ ਵਗ਼ੈਰਾ ਨਹੀਂ ਕੀਤਾ ਗਿਆ । ਅਗਲੀ ਸਵੇਰ ਲਾਸ਼ਾਂ ਨੂੰ ਦਾਗ਼ ਲਾਇਆ ਗਿਆ ਪਰ ਸਹਿਮ ਦੀ ਵਜਾਹ ਕਰਕੇ ਸਿਵਿਆਂ ਚ ਬਹੁਤ ਥੋੜ੍ਹੇ ਲੋਕ ਗਏ।
ਬਿਜਲੀ ਵਾਲੇ ਲੋਹੇ ਦੇ ਖੰਭੇ ਚ ਬੰਬ ਦੀ ਕੰਕਰ ਨਾਲ ਹੋਇਆ ਮਘੋਰਾ ਦਿਖਾਉਂਦਾ ਦਿਲਬਾਗ ਸਿੰਘ ਬਾਘਾ
ਸ੍ਰ ਬੂਟਾ ਸਿੰਘ ਦੇ ਦੱਸਣ ਮੁਤਾਬਿਕ ਤੀਜੇ ਦਿਨ ਭਰਦਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਨੇ ਪਿੰਡ ਦਾ ਦੌਰਾ ਕੀਤਾ ਸੀ।ਜਦੋਂ ਉਨ੍ਹਾਂ ਤੋਂ ਲਾਲ ਬਹਾਦਰ ਸ਼ਾਸਤਰੀ ਦਾ ਹੁਲੀਆ ਪੁੱਛਿਆ ਤਾਂ ਉਹ ਸ਼ਾਸਤਰੀ ਜੀ ਵਾਲ਼ਾ ਹੀ ਸੀ।ਉਸ ਵੇਲੇ ਪੰਜਾਬ ਦਾ ਮੁੱਖ ਮੰਤਰੀ ਕਾਮਰੇਡ ਰਾਮ ਕਿਸ਼ਨ ਸੀ ਜਿਨ੍ਹਾਂ ਦਾ ਹੁਲੀਆ ਵੀ ਕਾਫ਼ੀ ਹੱਦ ਤੱਕ ਸ਼ਾਸਤਰੀ ਜੀ ਵਰਗਾ ਹੀ ਸੀ । ਸ੍ਰ ਬੂਟਾ ਸਿੰਘ ਨੇ ਦੱਸਿਆ ਕੇ ਸ਼ਾਸਤਰੀ ਜੀ ਨੇ ਬੜੈਚ ਤੋਂ ਚੱਕ ਕਲਾਂ ਨੂੰ ਸੜਕ ਮਨਜ਼ੂਰ ਕੀਤੀ ਸੀ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਵਜੋਂ। ਕਾਫ਼ੀ ਦੇਰ ਬਾਅਦ 'ਚ ਮਾਰੇ ਗਿਆਂ ਦੇ ਵਾਰਸਾਂ ਨੂੰ ਬਹੁਤ ਥੋੜੇ ਪੈਸੇ ਵੀ ਮਿਲੇ ਸੀ।ਤਬਾਹ ਹੋਏ ਘਰਾਂ ਤੇ ਮਾਰੇ ਗਏ ਮਾਲ-ਡੰਗਰ ਦਾ ਕੋਈ ਮੁਆਵਜ਼ਾ ਨਹੀਂ ਮਿਲਿਆ।ਪਰ ਪਹਿਲਾਂ ਜ਼ਿਕਰ ਵਿੱਚ ਆਏ ਤੇ ਬੰਬ-ਬਾਰੀ ਦੀ ਐਗਜ਼ੈਕਟ ਡੇਟ ਦੱਸਣ ਵਾਲੇ ਕ੍ਰਿਸ਼ਨ ਕੁਮਾਰ ਸ਼ਰਮਾ ਭਰਦਾਨ( ਪ੍ਰਧਾਨ ) ਮੰਤਰੀ ਦੇ ਦੌਰੇ ਦੀ ਤਸਦੀਕ ਨਹੀਂ ਕਰਦੇ।ਉਹਨਾਂ ਵੱਲੋਂ ਤਸਦੀਕ ਨਾ ਕਰਨ ਦੀ ਅਹਿਮੀਅਤ ਇਹਨਾ ਗੱਲਾਂ ਕਰਕੇ ਵੱਧ ਹੈ। ਉਹਨਾ ਦੇ ਪਿਤਾ ਡਾ. ਮਾਧੋ ਰਾਮ ਇਲਾਕੇ ਦੇ ਮੋਹਰੀ ਕਾਂਗਰਸੀ ਆਗੂ ਸੀਗੇ ਤੇ ਪਿੰਡ ਬੜੈਚ ਤੋਂ ਸਿਰਫ 3 ਕਿੱਲੋਮੀਟਰ ਤੇ ਉਹਨਾ ਦੀ ਦੁਕਾਨ ਉੱਤੇ ਇਲਾਕੇ ਦੇ ਲਗਭਗ ਸਾਰੇ ਮੋਹਤਬਰ ਤੇ ਫਿਰਨ-ਤੁਰਨ ਵਾਲੇ ਲੋਕਾਂ ਦਾ ਉਹਨਾ ਕੋਲ ਆਉਣ ਜਾਣ ਸੀ। ਕ੍ਰਿਸ਼ਨ ਕੁਮਾਰ ਦੀ ਉਮਰ ਵੀ ਉਦੋਂ 35 ਸਾਲ ਸੀ ਤੇ ਉਹ ਗਰੈਜੂਏਟ ਵੀ ਹਨ ਤੇ ਉਹਨਾਂ ਕੋਲ ਸਾਰੇ ਅਖ਼ਬਾਰਾਂ ਦੀ ਏਜੰਸੀ ਵੀ ਹੁੰਦੀ ਸੀ । ਉਸ ਵੇਲੇ ਜ਼ਿਲ੍ਹਾ ਜਲੰਧਰ ਦੇ ਪਿੰਡ ਅਲਾਵਲਪੁਰ ਦਾ ਰਹਿਣ ਵਾਲਾ ਪੰਡਿਤ ਗੋਪਾਲ ਸ਼ਰਮਾ ਠਾਣਾ ਦਾਖਾ ਦਾ ਠਾਣੇਦਾਰ (S.H.O) ਲੱਗਿਆ ਹੋਇਆ ਸੀ ਜੀਹਦੇ ਨਾਲ ਡਾ ਮਾਧੋ ਰਾਮ ਦੇ ਘਰੇਲੂ ਤਾਅਲੁਕਾਤ ਸਨ।ਸੋ ਇਸ ਸਭ ਕਾਸੇ ਦੇ ਮੱਦੇਨਜ਼ਰ ਇਹ ਸੰਭਵ ਨਹੀਂ ਹੈ ਕਿ ਆਪਦੇ ਪਿਤਾ ਡਾ ਮਾਧੋ ਰਾਮ ਨਾਲ ਉਸੇ ਦੁਕਾਨ 'ਤੇ ਬੈਠਦੇ ਦੇ ਕ੍ਰਿਸ਼ਨ ਕੁਮਾਰ ਨੂੰ ਪ੍ਰਾਈਮ ਮਨਿਸਟਰ ਦੇ ਦੌਰੇ ਦਾ ਇਲਮ ਨਾ ਹੋਵੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 1965 ਦੇ ਜੰਗੀ ਇਤਿਹਾਸ ਤੇ ਲਿਖੀ ਗਈ ਕਿਤਾਬ
1965 ਤੇ 1971 ਵਾਲ਼ੀਆਂ ਜੰਗਾਂ ਦਾ ਫ਼ੌਜੀ ਨਜ਼ਰੀਏ ਤੋਂ ਤਾਂ ਕਾਫ਼ੀ ਇਤਿਹਾਸ ਲਿਖਿਆ ਮਿਲਦਾ ਹੈ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ 1965 ਵਾਲੀ ਜੰਗ ਦਾ ਫ਼ੌਜੀ ਨਜ਼ਰੀਏ ਤੋਂ ਇਤਿਹਾਸ ਬਿਆਨਦੀ ਇੱਕ ਕਿਤਾਬ ਲਿਖੀ ਹੈ The Monsoon War ਪਰ ਪੰਜਾਬੀ ਸਿਵਲੀਅਨਜ਼ ਨੂੰ ਇਹਨਾ ਜੰਗਾਂ 'ਚ ਜੋ ਕੁਰਬਾਨੀ ਦੇਣੀ ਪਈ ਹੈ ਉਹਦਾ ਜ਼ਿਕਰ ਕਿਸੇ ਸਕੂਲੀ ਕਿਤਾਬ ਜਾਂ ਅਖ਼ਬਾਰ-ਰਸਾਲੇ ਵਿੱਚ ਵੀ ਨਹੀਂ ਹੋਇਆ। ਵੱਧ ਤੋਂ ਵੱਧ ਇਹ ਲਿਖਿਆ ਮਿਲ਼ਦਾ ਹੈ ਕਿ ਪੰਜਾਬੀਆਂ ਨੇ ਜੰਗੀ ਮੋਰਚਿਆਂ 'ਚ ਬੈਠੇ ਫ਼ੌਜੀਆਂ ਖ਼ਾਤਰ ਰੋਟੀਆਂ ਪਕਾ ਕੇ ਘੱਲੀਆਂ। ਹਾਲਾਂਕਿ ਕੇ ਬਾਰਡਰ ਬੈਲਟ 'ਚ ਜਾਨੀ ਨੁਕਸਾਨ ਕੈਲਪੁਰ-ਬੜੈਚ ਵਰਗੇ ਨੁਕਸਾਨ ਤੋਂ ਵੀ ਕਿਤੇ ਵੱਧ ਹੋਇਆ ਹੋਣਾ ਹੈ। ਉਸ ਇਲਾਕੇ ਚ ਤਾਂ ਜੰਗ ਤੋਂ ਬਿਨਾ ਵੀ ਜਾਨੀ ਨੁਕਸਾਨ ਹੋਇਆ ਹੈ । ਜਿਵੇਂ ਕਿ ਵਾਜਪਾਈ ਸਰਕਾਰ ਮੌਕੇ ਜੰਗ ਛਿੜਨ ਦੀ ਸੰਭਾਵਨਾ ਦੇ ਮੱਦੇਨਜ਼ਰ ਭਾਰਤੀ ਫ਼ੌਜ ਜਦੋਂ ਬਾਰਡਰ 'ਤੇ ਤਾਇਨਾਤ ਹੋ ਰਹੀ ਸੀ ਤਾਂ ਅਟਾਰੀ ਨੇੜੇ ਪਿੰਡ ਮੁਹਾਵਾ ਚ 6 ਜਨਵਰੀ 2002 ਨੂੰ ਬਰੂਦੀ ਸੁਰੰਗਾਂ ਦੀ ਅਨਲੋਡਿੰਗ ਮੌਕੇ ਇੱਕ ਧਮਾਕਾ ਹੋ ਗਿਆ ਸੀ ਜੀਹਦੇ ਫ਼ੌਜੀ ਬੁਲਾਰੇ ਨੇ ਤਿੰਨ ਸਿਵਲੀਅਨ ਸਣੇ 11 ਬੰਦੇ ਮਾਰੇ ਜਾਣ ਦੀ ਤਸਦੀਕ ਕੀਤੀ ਸੀ। ਫ਼ੌਜ ਵੱਲੋਂ ਬਾਰਡਰ 'ਤੇ ਤਾਇਨਾਤੀ ਖ਼ਤਮ ਕਰਨ ਤੋਂ ਮਗਰੋਂ ਵੀ ਟਰੈਕਟਰ ਦੇ ਹਲ਼ਾਂ ਚ ਕੋਈ ਬੱਚੀ ਖੁਚੀ ਲੈਂਡ ਮਾਈਨ ਫਸ ਕੇ ਫਟਣ ਵਰਗੀਆਂ ਇੱਕੜ ਦੁੱਕੜ ਖ਼ਬਰਾਂ ਆਉਂਦੀਆਂ ਰਹੀਆਂ ਸੀ। ਸੋ ਸੁਭਾਵਿਕ ਹੈ ਕਿ ਇਹੋ ਜਹੇ ਐਕਸੀਡੈਂਟ 1965 ਤੇ 1971 ਚ ਵੀ ਹੋਏ ਹੋਣਗੇ ਜਾਂ ਪਾਕਿਸਤਾਨੀ ਤੋਪਾਂ ਨੇ ਵੀ ਸਿਵਲੀਅਨ ਅਬਾਦੀ ਦਾ ਨੁਕਸਾਨ ਕੀਤਾ ਹੋ ਸਕਦਾ ਹੈ । ਖ਼ੈਰ ਨੁਕਸਾਨ ਘੱਟ-ਵੱਧ ਜਿੰਨਾ ਵੀ ਹੋਇਆ ਹੋਵੇ ਉਹਦੀ ਗਿਣਤੀ ਕਿਤੇ ਨਾ ਕਿਤੇ ਲਿਖੀ ਤਾਂ ਮਿਲਣੀ ਚਾਹੀਦੀ ਹੈ। ਇਤਿਹਾਸ ਲਿਖਣ ਦਾ ਸ਼ੌਕ ਰੱਖਣ ਵਾਲੇ ਮੁੱਖ ਮੰਤਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਹ ਉਮੀਦ ਰੱਖੀ ਜਾਣੀ ਚਾਹੀਦੀ ਹੈ ਕਿ ਉਹ ਇਸੇ ਸਾਲ ਪੈਂਹਟ ਵਾਲੀ ਜੰਗ ਦੀ 55 ਵੀਂ ਵਰ੍ਹੇਗੰਢ ਮੌਕੇ ਇਸ ਪਾਸੇ ਕੋਈ ਉਪਰਾਲਾ ਕਰਨ ਦਾ ਐਲਾਨ ਕਰਨਗੇ।
-
ਗੁਰਪ੍ਰੀਤ ਸਿੰਘ ਮੰਡਿਆਣੀ, ਲੇਖਕ ਤੇ ਖੋਜੀ ਪੱਤਰਕਾਰ
gurpreetmandiani@gmail.com
+91- 8872664000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.