ਹੁਣੇ ਹੁਣੇ ਇੱਕ ਮਹਿਕ ਦਾ ਬੁੱਲਾ
ਮੈਨੂੰ ਖਹਿ ਕੇ ਲੰਘ ਗਿਆ ਹੈ।
ਮੂੰਹ ਨੱਕ ਪੱਟੀ, ਅੱਖੀਂ ਐਨਕ
ਕਿਹੜਾ ਮੌਸਮ ਘੇਰੀ ਬੈਠਾ,
ਖ਼ੁਸ਼ਬੂ ਜਿਵੇ ਬੇਗਾਨੀ ਕੋਈ।
ਨਾ ਮਾਨਣ
ਨਾ ਜਾਨਣ ਦਾ ਅਹਿਸਾਸ ਜਾਗਦਾ।
ਤਨ ਮਨ ਪੱਥਰ ਹੋ ਚੱਲਿਆ ਹੈ।
ਸਹਿਮ ਦਿਆਂ ਪਰਛਾਵਿਆਂ ਥੱਲੇ
ਆਉਂਦੇ ਜਾਂਦੇ ਸਾਹ ਵੀ ਡਰਦੇ
ਵਾਇਰਸ ਗੁੱਝੀ ਮਾਰ ਮਾਰ ਕੇ
ਸਗਲ ਸ੍ਰਿਸ਼ਟੀ ਡੱਸ ਰਿਹਾ ਹੈ।
ਤਾਂਡਵ ਨਾਚ ਨਚੇਰਾ ਕਿੱਦਾਂ
ਦੰਦ ਚਿੜਾ ਕੇ ਹੱਸ ਰਿਹਾ ਹੈ।
ਆਖ ਰਿਹਾ ਹੈ
ਜਾਹ ਉਇ ਬੰਦਿਆ!
ਭਰਮ ਜਾਲ ਦੌਲਤ ਵਿੱਚ ਡੁੱਲ੍ਹਿਆ।
ਤੈਨੂੰ ਸੀ ਬਲਿਹਾਰੀ ਭੁੱਲਿਆ।
ਕਾਦਰ ਦੀ ਕੁਦਰਤ ਤੇ ਆਰੇ
ਬਿਰਖਾਂ ਦੀ ਅੱਖ ਅੱਥਰੂ ਖਾਰੇ
ਮਣ ਮਣ ਭਾਰੇ
ਕਦੇ ਨਾ ਵੇਖੇ।
ਰਾਤ ਦਿਨੇ ਮਾਇਆ ਵਿੱਚ ਫਾਥਾ,
ਕਰਦਾ ਰਿਹਾ ਅਜਬ ਹੀ ਲੇਖੇ।
ਭੁੱਲਿਆ ਇਹ ਵਿਸ਼ਵਾਸ ਕਿ
ਤੇਰਾ ਮੇਰਾ ਸਭ ਦਾ ਸਾਂਝਾ ਸਾਈਂ
ਸਭ ਕੁਝ ਵੇਖੇ।
ਅੱਜ ਤੇਰੇ ਭਗਵਾਨ ਤੇਰੇ ਲਈ
ਮੰਦਰ ਮਸਜਿਦ ਤੇ ਗੁਰਦੁਆਰੇ
ਬੂਹੇ ਬੰਦ ਨੇ ਕੀਤੇ ਸਾਰੇ।
ਫੜਦਾ ਫਿਰੇ ਆਪਣੇ ਪਰਛਾਵੇਂ।
ਕਿੱਥੋਂ ਤੁਰ ਕੇ ਕਿੱਧਰ ਜਾਵੇ ?
ਆਪੇ ਆਪਣੇ ਲੇਖ ਮਿਟਾਵੇਂ।
ਤੂੰ ਸਮਝੇਂ ਨਾ ਸਮਝੇਂ ਭਾਵੇਂ,
ਰੱਬ ਤੈਨੂੰ ਇਹ ਆਖ ਰਿਹਾ ਹੈ!
ਜਦ ਤੀਕਰ ਬੰਦਾ ਨਹੀਂ ਬਣਦਾ
ਤੂੰ ਮੇਰੇ ਮੱਥੇ ਨਾ ਲੱਗੀਂ।
ਇਸ ਤੋਂ ਵੱਧ ਸਰਾਪ ਨਾ ਕੋਈ!
ਬਾਬਲ ਆਖੇ! ਘਰ ਨਾ ਆਵੀਂ।
ਮਾਂ ਦੀ ਬੁੱਕਲ ਬਹਿ ਨਹੀਂ ਸਕਦਾ।
ਗੁਰ ਆਪਣੇ ਨੂੰ
ਬੰਧਪ ਭਰਾਤਾ ਕਹਿ ਨਹੀਂ ਸਕਦਾ।
ਦਰਦ ਵਿਛੋੜਾ ਸਹਿ ਨਹੀਂ ਸਕਦਾ।
ਕਿਸ ਨੂੰ ਦਰਦ ਸੁਣਾਵਾਂ! ਕਿੱਥੇ?
ਸੱਚ ਪੁੱਛੋ ਤਾਂ , ਸ਼ਰਮਸਾਰ ਹਾਂ।
ਆਪਣੇ ਮਨ ਦੇ ਸ਼ੀਸ਼ੇ ਬਾਝੋਂ,
ਹੋਰ ਕਿਸੇ ਨੂੰ ਕਹਿ ਨਹੀਂ ਸਕਦਾ!
ਆਪਣਿਆਂ ਨੂੰ ਕੋਲ ਬੁਲਾ ਕੇ
ਦੁਖ ਸੁਖ ਕੁਝ ਵੀ ਦੱਸ ਨਹੀਂ ਸਕਦਾ।
ਰੋ ਨਹੀਂ ਸਕਦਾ,ਹੱਸ ਨਾ ਸਕਦਾ
ਗਲਵੱਕੜੀ ਵਿੱਚ ਕੱਸ ਨਹੀਂ ਸਕਦਾ।
ਅਜਬ ਚਰਖ਼ੜੀ ਪਿੰਜਦੀ ਰੂਹ ਹੈ।
ਟਿੰਡਾਂ ਭਰ ਭਰ ਆਉਂਦੇ ਅੱਥਰੂ
ਜ਼ਿੰਦਗੀ ਬਣ ਗਈ ਅੰਨ੍ਹਾ ਖੂਹ ਹੈ।
ਇਸ ਦੀ ਹਾਥ ਪਵੇ ਨਾ ਮੈਥੋਂ।
ਕਿੰਨਾ ਜ਼ਹਿਰੀ ਪਾਣੀ ਹਾਲੇ,
ਅੱਖੀਆਂ ਅੰਦਰੋਂ ਸਿੰਮਣਾ ਬਾਕੀ।
ਕਿੱਦਾਂ ,ਕਿੱਥੇ ਚੜ੍ਹ ਕੇ ,ਖੋਲ੍ਹਾਂ,
ਮਨ ਮੰਦਰ ਦੀ ਕਿਹੜੀ ਤਾਕੀ।
ਸਭ ਦਰਵਾਜ਼ੇ ਜਾਮ ਪਏ ਨੇ।
ਆਸ ਉਮੀਦ ਦੀ ਸੂਹੀ ਕੰਨੀ
ਜਗਦੀ ਮਘਦੀ ਦਏ ਸੁਨੇਹੜਾ।
ਡੋਲੀਂ ਨਾ ਘਬਰਾਈਂ ਵੀਰਾ।
ਚਿੰਤਾ ਚਿਖ਼ਾ ਤਬਾਹ ਕਰਦੀ ਹੈ।
ਸਾਰੇ ਖ਼੍ਵਾਬ ਸੁਆਹ ਕਰਦੀ ਹੈ।
ਅੰਨ੍ਹੇ ਖੂਹ ਦਾ ਖ਼ਾਰਾ ਪਾਣੀ
ਰੀਝਾਂ ਦੀ ਪੈਲੀ ਨਾ ਲਾਵੀਂ
ਖ਼ੁਦ ਸਮਝੀ, ਕੁੱਲ ਜੱਗ ਸਮਝਾਵੀਂ
ਤੇਜ਼ ਤੁਰਦਿਆਂ ਬੰਦਾ ਅਕਸਰ
ਆਪਣਾ ਅਸਲਾ ਭੁੱਲ ਜਾਂਦਾ ਹੈ।
ਦੌਲਤ ,ਸ਼ੋਹਰਤ, ਕੁਰਸੀ ਨਿਕਸੁਕ
ਨਿੱਕੀਆਂ ਗਰਜ਼ਾਂ ਪਿੱਛੇ ਅਕਸਰ
ਵੇਖਦਿਆਂ ਹੀ ਡੁੱਲ ਜਾਂਦਾ ਹੈ।
ਸਹਿਜ ਤੋਰ , ਸੰਤੋਖੀ ਜੀਵਨ
ਘੁੰਮਣ ਘੇਰ ‘ਚੋਂ ਕੱਢ ਸਕਦਾ ਹੈ।
ਸਭ ਧਰਤੀ ਦੇ ਜਾਏ ਜੇਕਰ
ਸਰਮਾਏ ਦੀ ਚਾਲ ਸਮਝ ਕੇ
ਚੂਹੇ ਦੌੜ ‘ਚੋਂ ਬਾਹਰ ਨਿਕਲ ਕੇ,
ਧਰਮ ,ਜ਼ਾਤ ਗੋਤਾਂ ਦੀ ਤਖ਼ਤੀ
ਗਲ਼ ‘ਚੋਂ ਲਾਹ ਕੇ
ਸਰਬੱਤ ਬਣ ਕੇ
ਸਰਬੱਤ ਦੇ ਲਈ
ਚਿੰਤਾ ਛੱਡ ,ਚਿੰਤਨ ਦਾ ਪੱਲਾ,
ਪਕੜ ਲਵੇ ਤਾਂ, ਹਰ ਇਕ ਵਾਇਰਸ
ਸਾਡਾ ਪਿੱਛਾ ਛੱਡ ਸਕਦਾ ਹੈ।
ਰਲ ਮਿਲ ਕੇ ਹੀ
ਜੂੜ ਏਸ ਦਾ ਵੱਢ ਸਕਦਾ ਹੈ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.