ਰਾਮ ਸਰੂਪ ਅਣਖੀ ਦਾ ਅੱਜ ਜਨਮ ਦਿਨ ਹੈ। ਪੰਜਾਬ ਦੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ ਚਰਨਜੀਤ ਸਿੰਘ ਚੰਨੀ ਨੇ 'ਅਣਖੀ ਪਰਿਵਾਰ' ਨੂੰ ਇਸ ਦਿਨ ਉਤੇ ਮੁਬਾਰਕ ਦਿੱਤੀ ਹੈ ਤੇ ਅਣਖੀ ਜੀ ਵੱਡੀ ਸਾਹਿਤਕ ਘਾਲਣਾ ਨੂੰ ਸਿਜਦਾ ਕੀਤਾ ਹੈ।
ਉਘੇ ਕਵੀ ਪਦਮ ਸ਼੍ਰੀ ਡਾ ਸੁਰਜੀਤ ਪਾਤਰ ਨੇ ਆਖਿਆ ਹੈ ਕਿ ਰਾਮ ਸਰੂਪ ਅਣਖੀ ਕੇਵਲ ਨਾਂ ਦੇ ਹੀ "ਅਣਖੀ' ਨਹੀਂ ਸਨ, ਉਹ ਇਕ 'ਅਣਖੀ ਲੇਖਕ' ਤੇ 'ਅਣਖੀ ਇਨਸਾਨ' ਵੀ ਸਨ। ਡਾ ਪਾਤਰ ਨੇ ਆਖਿਆ ਕਿ ਅਣਖੀ ਜੀ ਦੀਆਂ ਰਚਨਾਵਾਂ ਵਿਚੋਂ ਮਾਲਵੇ ਦੇ ਦਿਲਾਂ ਦੀ ਧੜਕਣ ਅੱਜ ਵੀ ਸੁਣੀ-ਪੜੀ ਜਾ ਸਕਦੀ ਹੈ।
ਅਣਖੀ ਜੀ ਦੇ ਨਾਵਲ ਤੇ ਕਹਾਣੀਆਂ ਦੀਆਂ ਅਣਗਿਣਤ ਪੁਸਤਕਾਂ ਪੰਜਾਬੀ ਪਾਠਕਾਂ ਦੀਆਂ ਲਾਇਬਰੇਰੀਆਂ ਦਾ ਸ਼ੰਗਾਰ ਬਣੀਆਂ ਹਨ ਤੇ ਬਣੀਆਂ ਰਹਿਣਗੀਆਂ।
ਪਿੰਡ ਧੌਲਾ (ਹੁਣ ਜਿਲਾ ਬਰਨਾਲਾ) ਵਿਖੇ ਅੱਜ ਦੇ ਦਿਨ ਸੰਨ 1932 ਨੂੰ ਪੈਦਾ ਹੋਏ ਰਾਮ ਸਰਪ ਨੂੰ ਸਾਹਿਤਕ ਚੇਟਕ ਬਚਪਨ ਤੋਂ ਹੀ ਲੱਗ ਗਈ ਸੀ। ਉਹ 14 ਫਰਵਰੀ 2010 ਵਿਚ ਵਿਛੜ ਗਏ।
ਉਸਨੇ ਆਪਣਾ ਬਹੁਤਾ ਸਮਾਂ ਆਪਣੇ ਪਿੰਡ ਵਿਚ ਹੀ ਬਤੀਤ ਕੀਤਾ ਤੇ ਪੇਂਡੂ ਲੋਕਾਂ ਦੀ ਮਾਨਸਿਕਤਾ ਤੇ ਪੇਂਡੂ ਕਿਸਾਨੀ ਨੂੰ ਨੇੜਿਓ ਦੇਖਣ- ਸਮਝਣ ਦਾ ਸਫਲ ਯਤਨ ਕੀਤਾ। ਉਹ ਪਿੰਡ ਵਾਹੀ ਵੀ ਕਰਦੇ ਰਹੇ ਤੇ ਫਿਰ ਅਧਿਆਪਕ ਬਣ ਗਏ। ਸਾਰੀ ਉਮਰ ਪੜਾਇਆ ਜਾਂ ਲਿਖਿਆ। ਉਹ ਕੁਲਵਕਤੀ ਲੇਖਕ ਬਣ ਗਏ।
ਉਨਾ ਦੇ ਨਾਵਲ 'ਕੋਠੇ ਖੜਕ ਸਿੰਘ' ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ ਉਨਾ ਨੂੰ 'ਸ਼ਰੋਮਣੀ ਸਾਹਿਤਕਾਰ' ਦਾ ਪੁਰਸਕਾਰ ਪਰਦਾਨ ਕੀਤਾ। ਇਨਾਮ ਸਨਮਾਨ ਬਹੁਤ ਮਿਲੇ ਪਰ ਉਹ ਕਹਿੰਦੇ ਸਨ ਕਿ ਮੇਰਾ ਕਰਮ ਸਿਰਫ ਤੇ ਸਿਰਫ ਲਿਖਣਾ ਹੀ ਹੈ। ਉਨਾ ਦੀਆਂ ਕਹਾਣੀਆਂ ਉਤੇ ਲਘੂ ਫਿਲਮਾਂ ਵੀ ਬਣੀਆਂ।
ਉਨਾ ਦੇ ਨਾਵਲ ਤੇ ਕਹਾਣੀ ਸੰਗ੍ਰਹਿ ਗਿਣੇ ਜਾਣੇ ਔਖੇ ਹਨ। 'ਪਰਤਾਪੀ' ਨਾਵਲ ਬਹੁਤ ਪੜਿਆ ਗਿਆ। ਕਿਸਾਨੀ ਦੇ ਦੁਖਾਂਤ ਬਾਰੇ ਲਿਖਿਆ ਨਾਵਲ ' ਸਲਫਾਸ' ਵੀ ਮਸ਼ਹੂਰ ਹੋਇਆ। ਆਪਣੇ ਮੋਏ ਮਿੱਤਰਾਂ ਦੇ ਰੇਖਾ ਚਿਤਰ ਤੇ ਯਾਦਾਂ ਉਨਾ ਨੇ 'ਮੋਏ ਮਿੱਤਰਾਂ ਦੀ ਸ਼ਨਾਖਤ' ਪੁਸਤਕ ਵਿਚ ਲਿਖੀਆਂ। ਆਪਣੇ ਗੁਆਂਢੀ ਪਿੰਡਾਂ ਦੀ ਗੱਲ ਉਨਾ ' ਹੱਢੀਂ ਬੈਠੇ ਪਿੰਡ' ਕਿਤਾਬ ਵਿਚ ਬਹੁਤ ਰੌਚਕਤਾ ਭਰਪੂਰ ਕੀਤੀ। ਉਨਾ ਦੀ ਸਵੈ ਜੀਵਨੀ 'ਮਲੇ ਝਾੜੀਆਂ' ਦੇ ਕਈ ਪੂਰ ਛਪੇ ਤੇ ਕਿਤਾਬ ਸਿਲੇਬਸਾਂ ਦਾ ਹਿੱਸਾ ਵੀ ਬਣੀਂ। ਅਣਖੀ ਜੀ ਦੀਆਂ ਬਹੁਤ ਸਾਰੀਆਂ ਲਿਖਤਾਂ ਦਾ ਅਨੁਵਾਦ ਕਈ ਭਾਰਤੀ ਭਾਸ਼ਾਵਾਂ ਵਿਚ ਹੋਇਆ। ਉਹ ਕਾਲਮ ਵੀ ਲਿਖਦੇ ਰਹੇ ਤੇ ਇੰਗਲੈਂਡ ਬਾਰੇ ਸਫਰਨਾਮਾ ਵੀ ਲਿਖਿਆ।
ਅਣਖੀ ਜੀ ਨਵੇਂ ਲੇਖਕਾਂ ਵਾਸਤੇ ਪ੍ਰੇਰਨਾ ਸਰੋਤ ਬਣਦੇ ਰਹੇ। ਉਨਾ ਵਲੋਂ ਅਰੰਭ ਕੀਤਾ ਰਸਾਲਾ 'ਕਹਾਣੀ ਪੰਜਾਬ' ਉਨਾ ਦਾ ਹੋਣਹਾਰ ਪੁੱਤਰ ਡਾ ਕ੍ਰਾਂਤੀ ਪਾਲ(ਨਿਰਦੇਸ਼ਕ ਭਾਰਤੀ ਭਾਸ਼ਾਵਾਂ ਅਲੀਗੜ ਮੁਸਲਿਮ ਯੂਨੀਵਰਸਿਟੀ) ਅੱਜ ਵੀ ਚਲਾ ਰਿਹਾ ਹੈ। ਪਿੰਡ ਧੌਲਾ ਨੇ ਆਪਣੇ ਪਿੰਡ ਦੇ ਲੇਖਕ ਨੂੰ ਵਿਸਾਰਿਆ ਨਹੀਂ, ਅਣਖੀ ਯਾਦਗਾਰੀ ਕਲੱਬ ਹਰ ਸਾਲ ਉਨਾ ਦਾ ਜਨਮ ਦਿਨ ਤੇ ਬਰਸੀ ਮਨਾਉਂਦਾ ਹੈ। ਉਨਾ ਦੀ ਰਾਦ ਵਿਚ ਪੁਰਸਕਾਰ ਵੀ ਦਿੱਤੇ ਜਾਂਦੇ ਹਨ। ਨੌਜਵਾਨ ਲੇਖਕ ਬੇਅੰਤ ਬਾਜਵਾ ਉਨਾ ਦੀਆਂ ਕਿਤਾਬਾਂ ਪ੍ਰਕਾਸ਼ਤ ਕਰ ਕੇ ਸਦੀਵੀ ਯਾਦ ਬਣਾ ਰਿਹਾ ਹੈ। ਪੰਜਾਬ ਆਰਟ ਕੌਂਸਲ ਦੇ ਸਹਿਯੋਗ ਨਾਲ ਅਣਖੀ ਜੀ ਬਾਰੇ ਤਿੰਨ ਸਮਾਗਮ ਕੀਤੇ ਗਏ ਹਨ।
ਅਜੇਹੇ ਮਹਾਨ ਲੇਖਕ ਨੂੰ ਸਲਾਮ ਹੈ। ਪਰਿਵਾਰ ਤੇ ਉਨਾ ਦੇ ਪਾਠਕਾਂ ਨੂੰ ਮੁਬਾਰਕ!!
-
ਨਿੰਦਰ ਘੁਗਿਆਣਵੀ , ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.