ਜੱਗ ਜ਼ਾਹਿਰ ਹੋ ਗਿਆ ਹੈ ਕਿ ਕੈਨੇਡਾ ਅਮਰੀਕਾ ਵਿਚ ਬੀੜਾਂ ਦੀ ਛਪਾਈ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰੀ ਸਥਿਤ ਇਕ ਸੰਸਥਾ ਵਿਚਕਾਰ ਗਲਬਾਤ ਦਾ ਸਿਲਸਿਲਾ 2014 ਤੋਂ ਹੀ ਸ਼ੁਰੂ ਹੋ ਗਿਆ ਸੀ। ਜਿਸ ਬਾਰੇ ਬ੍ਰਿਟਿਸ਼ ਕੋਲੰਬੀਆ ਦੀਆਂ ਬਹੁਤੀਆਂ ਗੁਰਦੁਆਰਾ ਸੁਸਾਇਟੀਆਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਤਾਜ਼ਾ ਪ੍ਰਾਪਤ ਜਾਣਕਾਰੀ ਅਨੁਸਾਰ ਖਾਲਸਾ ਸਕੂਲ ਸਰੀ ਅਤੇ ਇਸ ਦੀ ਸੰਚਾਲਕ ਸਤਿਨਾਮ ਐਜੂਕੇਸ਼ਨ ਸੁਸਾਇਟੀ ਵਲੋਂ ਇਸ ਬਾਰੇ ਅੱਜ ਦਾ ਚਰਚਿਤ ਵਿਸ਼ਾ ਲੁਕਵੇਂ ਛੁਪਵੇਂ ਢੰਗ ਨਾਲ 2015 ਵਿਚ ਹੀ ਸ਼ੁਰੂ ਕੀਤਾ ਗਿਆ। ਸ: ਬਲਵੰਤ ਸਿੰਘ ਪੰਧੇਰ ਵਲੋਂ ਲਿਖੀ ਹੋਈ ਤਿੰਨ ਸਫਿਆਂ ਦੀ ਇਕ ਚਿੱਠੀ ਅਨੁਸਾਰ 2014 ਵਿਚ ਸਾਢੇ ਚਾਰ ਸੌ ਸਰੂਪ ਕੰਨਟੇਨਰ ਰਾਹੀਂ ਲਿਆਉਣ ਸਮੇਂ ਸਨਮਾਨ ਅਤੇ ਮਰਿਆਦਾ ਦਾ ਮਸਲਾ ਬਹੁਤ ਭਖਣ ਨਾਲ ਹੀ ਇਥੋਂ ਦੀਆਂ ਪੰਜ ਸੰਸਥਾਵਾਂ ਜੋ ਗੁਰਦੁਆਰਾ ਅਦਾਰੇ ਵੀ ਚਲਾਉਂਦੀਆਂ ਹਨ, ਨੇ ਸਤਿਨਾਮ ਐਜੂਕੇਸ਼ਨਲ ਸੁਸਾਇਟੀ ਉਰਫ ਖਾਲਸਾ ਸਕੂਲ ਨੂੰ ਬੀੜਾਂ ਇੱਥੇ ਸਰੀ (ਕੈਨੇਡਾ) ਵਿਚ ਛਾਪਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਮਨਜ਼ੂਰੀ ਲੈ ਲੈਣ ਦੀ ਸਹਿਮਤੀ ਨਾਲ ਇਹਦੇ ਪੰਜ ਮੁਖੀਆਂ ਤੋਂ ਦਸਤਖਤੀ ਮੋਹਰ ਲੁਆ ਲਈ।
ਸ: ਪੰਧੇਰ ਦੇ ਹਵਾਲੇ ਵਾਲੇ ਪੱਤਰ ਵਿਚ ਲਿਖਿਆ ਮਿਲਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2008 ਵਿਚ ਐਲਾਨ ਕੀਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਧਿਆਨ ਵਿਚ ਰਖਦਿਆਂ ਹੋਏ ਹਰ ਮਹਾਂਦੀਪ ਵਿਚ ਬੀੜਾਂ ਦੀ ਛਪਾਈ ਕੀਤੀ ਜਾਵੇ ਅਤੇ ਸਮੁੰਦਰੀ ਸਫਰ ਬਚਾਇਆ ਜਾ ਸਕੇ (ਇਸ ਐਲਾਨ ਬਾਰੇ ਬ੍ਰਿਟਿਸ਼ ਕੋਲੰਬੀਆ ਦੀਆਂ ਗਰੁਦੁਆਰਾ ਸੁਸਾਇਟੀਆਂ ਨੂੰ ਕੋਈ ਜਾਣਕਾਰੀ ਨਹੀ ਹੈ) ਪਰ ਖਾਲਸਾ ਸਕੂਲ ਨੇ ਸਰੂਪਾਂ ਦੀ ਛਪਾਈ ਵਾਸਤੇ ਆਪਣੀ ਅਰਜ਼ੀ ਭੇਜ ਦਿੱਤੀ। ਇਸੇ ਤਰ੍ਹਾਂ ਇਹ ਵੀ ਲਿਖਿਆ ਹੋਇਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਡੈਲੀਗੇਟ 2013 ਵਿਚ ਇਥੇ ਆਇਆ ਸੀ, ਜਿਸ ਅੱਗੇ ਪ੍ਰਸਤਾਵ ਰੱਖਿਆ ਗਿਆ ਸੀ ਕਿ ਅਸੀਂ (ਖਾਲਸਾ ਸਕੂਲ) ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਬਣਾਵਾਂਗੇ ਤੇ ਖਾਲਸਾ ਸਕੂਲ ਦੀ ਬੱਸ ਰਾਹੀਂ ਕੈਨੇਡਾ, ਅਮਰੀਕਾ ਵਿਚ ਇਹ ਸਰੂਪ ਪਹੁੰਚਾਏ ਜਾਣਗੇ। ਡੈਲੀਗੇਟ ਦੇ ਵਾਪਸ ਜਾਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕੌਂਸਲ ਵਿਚ ਇਹ ਮਤਾ ਪਾਸ ਕੀਤਾ ਗਿਆ ਤੇ ਇਹ ਮਤਾ ਅਜੇ ਤੀਕ ਵਾਪਸ ਨਹੀਂ ਲਿਆ ਗਿਆ ਜਿਸ ਕਰਕੇ ਖਾਲਸਾ ਸਕੂਲ ਵਲੋਂ ਸਰੂਪ ਛਾਪਣ ਦੀ ਪੂਰੀ ਆਗਿਆ ਹੈ। ਇਸੇ ਕੜੀ ਹੇਠ ਕਿਰਪਾਲ ਸਿੰਘ ਬਡੂੰਗਰ ਨੇ ਆਪਣੇ ਨਿਜੀ ਸਹਾਇਕ ਨੂੰ ਖਾਲਸਾ ਸਕੂਲ ਵਲੋਂ ਸਰੂਪ ਛਾਪਣ ਸੰਬੰਧੀ ਇਕਰਾਰਨਾਮਾ ਕਰਨ ਲਈ ਭੇਜਿਆ। ਟਰਸਟ ਦੇ ਉਪ੍ਰੋਕਤ ਬਿਆਨ ਵਿਚ ਕਿੰਨੀ ਕੁ ਸੱਚਾਈ ਹੈ ਇਸ ਦਾ ਪ੍ਰਮਾਣ ਹਾਲੇ ਕੋਈ ਨਹੀਂ ਮਿਲ ਸਕਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ: ਹਰਜਿੰਦਰ ਸਿੰਘ ਧਾਮੀ ਨੇ ਸਪਸ਼ਟ ਕੀਤਾ ਹੈ ਕਿ ਬੇਸ਼ੱਕ ਸ਼੍ਰੋਮਣੀ ਕਮੇਟੀ ਵਲੋਂ ਪਾਵਨ ਸਰੂਪ ਕੈਨੇਡਾ ਵਿਖੇ ਛਾਪਣ ਸੰਬੰਧੀ ਲਿਖਾਪੜ੍ਹੀ ਚੱਲ ਰਹੀ ਹੈ, ਇਸ ਬਾਰੇ ਅਜੇ ਤਕ ਕੋਈ ਅੰਤਮ ਫੈਸਲਾ ਨਹੀਂ ਲਿਆ ਗਿਆ। ਕੈਨੇਡਾ ਵਿਚ ਪਾਵਨ ਸਰੂਪ ਛਾਪਣ ਦੇ ਮਾਮਲੇ ਨਾਲ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਸੰਬੰਧ ਨਹੀਂ ਹੈ। ਦੇਸ ਪ੍ਰਦੇਸ ਟਾਈਮਜ਼ ਦੀ ਖਬਰ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਵੀ ਇਹੋ ਹੀ ਸ਼ਬਦ ਦੁਹਰਾਏ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਤਿਨਾਮ ਸੁਸਾਇਟੀ ਨੇ ਪਹੁੰਚ ਜ਼ਰੂਰ ਕੀਤੀ ਹੈ, ਪਰ ਸ਼੍ਰੋਮਣੀ ਕਮੇਟੀ ਵਲੋਂ ਪਾਵਨ ਸਰੂਪ ਛਾਪਣ ਦੀ ਕੋਈ ਪ੍ਰਵਾਨਗੀ ਨਹੀਂ ਦਿਤੀ ਗਈ। ਹੁਣ ਸੁਆਲ ਉਠਦਾ ਹੈ ਕਿ ਪ੍ਰਵਾਨਗੀ ਨਾ ਮਿਲਣ ਦੇ ਬਾਵਜੂਦ ਵੀ ਇਹ 70-71 ਸਰੂਪ ਕਿਉਂ ਛਾਪੇ ਗਏ ? ਕੀ ਸਤਿਨਾਮ ਟਰਸਟ ਦੇ ਕਰਿੰਦਿਆਂ ਨੂੰ ਇਹ ਯਕੀਨ ਹੋ ਗਿਆ ਸੀ ਜਾਂ ਭਰੋਸਾ ਮਿਲ ਚੁੱਕਿਆ ਸੀ ਕਿ ਸਰੂਪਾਂ ਦੀ ਛਪਾਈ ਦਾ ਅਧਿਕਾਰ ਮਿਲਿਆ ਹੀ ਮਿਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਕੌਣ ਕੌਣ ਅਧਿਕਾਰੀ ਸਨ ਜੋ ਵਿਦੇਸ਼ਾਂ ਵਿਚ ਬੀੜਾਂ ਛਾਪਣ ਦੀ ਸਿਫਾਰਸ਼ ਕਰ ਰਹੇ ਸਨ? ਜਾਂ ਫਿਰ ਕਾਪੀ ਰਾਈਟ ਪੀਡੀਐਫ ਦੀ ਕਾਪੀ ਨੂੰ ਵਿਦੇਸ਼ ਵਿਚ ਨਿਜੀ ਤੇ ਪ੍ਰਾਈਵੇਟ ਸੰਸਥਾ ਦੇ ਹੱਥਾਂ ਵਿਚ ਕਿਸ ਨੇ ਫੜਾਇਆ? ਆਸ ਹੈ ਕਿ ਭਵਿਖ ਵਿਚ ਅਜੋਕੀ ਕਾਰਗੁਜ਼ਾਰੀ ਦੀ ਰੋਕਥਾਮ ਲਈ ਸ਼੍ਰੋਮਣੀ ਕਮੇਟੀ ਠੋਸ ਕਦਮ ਜ਼ਰੂਰ ਹੀ ੳੇਠਾਏਗੀ।
ਵਰਨਣਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪਣ ਦੇ ਸਾਰੇ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 1998 ਵਿਚ ਦੇ ਦਿਤੇ ਸਨ ਤੇ ਪ੍ਰਾਈਵੇਟ ਪਬਲਿਸ਼ਰਾਂ ਨੂੰ ਬੀੜਾਂ ਛਾਪਣ ਤੋਂ ਮਨ੍ਹਾ ਕਰ ਦਿਤਾ ਸੀ। ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਵੀ ਆਦੇਸ਼ ਦੇ ਦਿਤੇ ਗਏ ਸਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਿਨਾ ਕੋਈ ਵੀ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਗੁਰਬਾਣੀ ਦੀਆਂ ਸੈਂਚੀਆਂ ਪ੍ਰਕਾਸ਼ਤ ਨਹੀਂ ਕਰ ਸਕਦਾ। ਜੇਕਰ ਕਿਸੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪਣ ਦਾ ਹੀਆ ਕੀਤਾ ਤਾਂ ਉਸ ਵਿਰੁਧ ਪੰਥਕ ਰਹੁਰੀਤਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਛਪਾਈ ਸੰਬੰਧੀ ਸਾਰੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਸਤਿਨਾਮ ਟਰਸਟ ਵਲੋਂ ਇਹੋ ਜਿਹਾ ਗੰਭੀਰ ਕਦਮ ਚੁੱਕ ਕੇ ਸਿੱਖ ਜਗਤ ਨੂੰ ਵਿਦੇਸ਼ਾਂ ਵਿਚ ਛਪਾਈ ਸੰਬੰਧੀ ਇਕ ਰਾਇ ਬਨਾਉਣ ਦਾ ਸੱਦਾ ਦੇ ਦਿਤਾ ਹੈ। ਪਹਿਲਾਂ ਬਗੈਰ ਇਜਾਜ਼ਤੀ ਸਰੂਪਾਂ ਦੀ ਛਪਾਈ 11-15 ਵਿਚਕਾਰ, ਫਿਰ 20 ਤੇ ਹੁਣ 62 ਦੱਸੀ ਜਾਂਦੀ ਹੈ। ਸੁਆਲ ਉਠਦਾ ਹੈ ਕਿ ਕੀ ਇਸ ਟਰਸਟ ਦੇ ਕਿਸੇ ਵੀ ਬਿਆਨ ਤੇ ਕੋਈ ਯਕੀਨ ਕੀਤਾ ਜਾ ਸਕਦਾ ਹੈ?
ਸੁਆਲ ਉਠਦਾ ਹੈ ਕਿ ਕੀ ਅੰਦਰੋਂ ਅੰਦਰੀ ਅਪਣਾ ਅਸਰ ਰਸੂਖ ਵਰਤ ਕੇ ਆਪਣੇ ਹਿਤੈਸ਼ੀਆਂ ਰਾਹੀਂ ਸਰੂਪ ਛਾਪਣ ਦਾ ਪਟਾ ਖਾਲਸਾ ਸਕੂਲ ਜਾਂ ਸਤਿਨਾਮ ਚੈਰੀਟੇਬਲ ਸੁਸਾਇਟੀ ਜਾਂ ਸਤਿਨਾਮ ਪ੍ਰਚਾਰ ਰੀਲੀਜੀਅਸ ਸੁਸਾਇਟੀ ਨੇ ਬਿਨਾ ਕਿਸੇ ਭਿਣਕ ਪੈਣ ਦੇ ਆਪਣੇ ਨਾਉਂ ਕਰਵਾਉਣ ਦੀ ਅੰਦਰਖਾਤੇ ਕੋਸ਼ਿਸ਼ ਕੀਤੀ ? ਇਹ ਕੋਈ ਅਨੋਖੀ ਵਾਰਦਾਤ ਨਹੀਂ ਹੈ। ਟਾਈਮਜ਼ ਔਫ ਇੰਡੀਆ ਫਰਵਰੀ 2015 ਦੀ ਖਬਰ ਅਨੁਸਾਰ ਕੈਲੇਫੋਰਨੀਆ ਤੋਂ ਅਮਰੀਕੀ ਨਾਗਰਿਕ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਰੂਪ ਛਾਪਣ ਦੇ ਅਧਿਕਾਰ (ਕਾਪੀ ਰਾਈਟ) ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਚੁਣੌਤੀ ਵੀ ਦਿੱਤੀ ਸੀ ਕਿਉਂਕਿ ਇਸ ਅਮਰੀਕੀ ਨਾਗਰਿਕ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੀਨ ਵਿੱਚੋਂ ਗੈਰ ਕਾਨੂੰਨੀ ਢੰਗ ਨਾਲ ਛਪਵਾ ਕੇ ਹੋਰ ਮੁਲਕਾਂ (ਕੈਨੇਡਾ, ਅਮਰੀਕਾ) ਵਿਚ ਮੁਹਈਆ ਕਰਨ ਵਿਰੁੱਧ ਅੰਮ੍ਰਿਤਸਰ ਵਿਚ 28 ਨਵੰਬਰ 2014 ਨੂੰ ਕੇਸ ਵੀ ਦਾਖਲ ਕੀਤਾ ਸੀ। ਸਿੱਖ ਜਗਤ ਨੂੰ ਅੱਜ ਸਮਝਣ ਦੀ ਲੋੜ ਹੈ ਕਿ ਪਿਛਲੇ ਦੋ ਦਹਾਕਿਆਂ ਤੋਂ ਜੋ ਤਾਣਾ ਬਾਣਾ ਤਣਿਆ ਜਾ ਰਿਹਾ ਸੀ ਉਹ ਪ੍ਰਚਾਰ ਲਈ ਸੀ ਜਾਂ ਕਿ ਵਿਓਪਾਰ ਲਈ! ਖਾਸ ਕਰਕੇ ਅੱਜ ਜਦੋਂ ਗੁਰਦੁਆਰਾ ਸੁਸਾਇਟੀਆਂ ਕੋਲ ਘਰਾਂ ਵਿੱਚੋਂ ਸਰੂਪ ਵਾਪਸ ਆ ਰਹੇ ਹਨ।
ਕੈਨੇਡਾ ਦੇ ਸ਼ਹਿਰ ਸਰੀ ਵਿਚ ਸਰੂਪਾਂ ਦੀ ਛਪਾਈ ਦੀ ਖਬਰ ਜੱਗ ਜ਼ਾਹਰ ਹੋਣ ਨਾਲ ਸਿੱਖ ਜਗਤ ਵਿਚ ਮਾਨੋ ਭੁਚਾਲ ਹੀ ਆ ਗਿਆ ਹੈ। ਕਿਉਂਕਿ ਸਿੱਖਾਂ ਦੇ ਮਨਾਂ ਵਿਚ ਸ੍ਰੀ ਗੁਰੁ ਗ੍ਰੰਥ ਜੀ ਦੇ ਸਰੂਪ ਵਿਚ ਗੁਰਬਾਣੀ ਛਪਾਈ ਦੀ ਪ੍ਰਮਾਣਤਾ ਨਾਲ ਆਸਥਾ ਜੁੜੀ ਹੋਈ ਹੈ। ਕਿਸੇ ਨੂੰ ਵੀ ਇਸ ਵਿਚ ਵਾਧ ਘਾਟ ਕਰਨ ਦਾ ਅਧਿਕਾਰ ਨਹੀਂ ਹੈ। ਤੇ ਇਹ ਆਸਥਾ ਇਕ ਪ੍ਰਵਾਨਤ ਸਿਖ ਸੰਸਥਾ ਦੀ ਰੇਖਦੇਖ ਹੀ ਕਾਇਮ ਰੱਖੀ ਜਾ ਸਕਦੀ ਹੈ। ਸਾਡਾ ਸਾਰਿਆਂ ਦਾ ਅੱਜ ਫਰਜ਼ ਬਣਦਾ ਹੈ ਕਿ ਪ੍ਰਚਾਰ ਨੂੰ ਵਪਾਰਕ ਅਦਾਰਿਆਂ ਦੇ ਹੱਥ ਵਿਚ ਨਾ ਜਾਣ ਦੇਈਏ। ਭਾ: ਚਤਰ ਸਿੰਘ ਜੀਵਨ ਸਿੰਘ ਪ੍ਰਕਾਸ਼ਕਾਂ ਕੋਲੋਂ ਮਸਾਂ ਜਿਹੇ 1998 ਵਿਚ ਸਰੂਪਾਂ ਦੀ ਛਪਵਾਈ ਬੰਦ ਕਰਵਾਈ ਸੀ ਤੇ ਉਸ ਨੂੰ ਹੁਣ ਦੁਬਾਰਾ ਪ੍ਰਾਈਵੇਟ ਹੱਥਾਂ ਵਿਚ ਨਾ ਜਾਣ ਦੇਈਏ। ਆਓ! ਸ੍ਰੀ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਹਰਪਰੀਤ ਸਿੰਘ ਜੀ ਨੂੰ ਬੇਨਤੀ ਕਰੀਏ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦੇਣ ਅਤੇ ਆਪਾਂ ਸਾਰੇ ਰਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁਰਜ਼ੋਰ ਅਪੀਲ ਕਰੀਏ ਕਿ ਵਿਦੇਸ਼ਾਂ ਵਿਚ ਛਪ ਰਹੇ ਸਰੂਪਾਂ ਦੀ ਛਪਾਈ ਰੋਕਣ ਲਈ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਹਰ ਸੰਭਵ ਹੀਲੇ ਚਾਰੇ ਅਪਣਾਏ।
-
ਸੁਰਿੰਦਰ ਸਿੰਘ ਜਬਲ, ਸਰੀ, ਕੈਨੇਡਾ, ਪ੍ਰਧਾਨ, ਗੁਰਦੁਆਰਾ ਸਾਹਿਬ ਬਰੁੱਕਸਾਈਡ, ਸਰੀ (ਕੈਨੇਡਾ)
president@ramgarhiabc.com
+1 778 836 2543
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.