- ਹਰਿਆਣਾ ਵਿੱਚ ਹਾਕੀ ਓਲੰਪੀਅਨ ਖੇਡ ਮੰਤਰੀ ਦੀ ਟੌਹਰ ਹੈ ਵੱਖਰੀ, ਸਾਡੇ ਵਿਧਾਇਕ ਹਾਕੀ ਓਲੰਪੀਅਨ ਦੀ ਘੁਮਾਈ ਪਈ ਹੈ ਚੱਕਰੀ
ਹਰਿਆਣਾ ਨੇ ਪਿਛਲੇ ਦੋ ਤਿੰਨ ਦਹਾਕਿਆਂ ਵਿੱਚ ਵੱਖ ਵੱਖ ਖੇਤਰਾਂ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ ਖ਼ਾਸ ਕਰਕੇ ਖੇਡਾਂ ਦੇ ਖੇਤਰ ਵਿੱਚ ਤਾਂ ਹਰਿਆਣਾ ਭਾਰਤ ਦੀ ਖੇਡ ਰਾਜਧਾਨੀ ਬਣ ਗਿਆ ਹੈ ਕਿਉਂਕਿ ਹਰਿਆਣਾ ਦੀ ਆਬਾਦੀ ਮੁਲਕ ਵਿੱਚ ਸਿਰਫ਼ 1:9 ਪ੍ਰਤੀਸ਼ਤ ਹੈ ਪਰ ਖੇਡਾਂ ਵਿੱਚ ਹਰਿਆਣਾ ਦੀ ਬੇਹਤਰ ਕਾਰਗੁਜ਼ਾਰੀ 18 ਪ੍ਰਤੀਸ਼ਤ ਆਉਂਦੀ ਹੈ ਜੋ ਆਪਣੇ ਆਪ ਵਿੱਚ ਇੱਕ ਨਿਵੇਕਲਾ ਰਿਕਾਰਡ ਜਾਂ ਇਤਿਹਾਸ ਹੈ ।
ਇੱਕ ਵਕਤ ਸੀ ਜਦੋਂ ਪੰਜਾਬ ਦਾ ਵੈਸੇ ਤਾਂ ਸਾਰੇ ਖੇਤਰਾਂ ਵਿੱਚ ਖ਼ਾਸ ਕਰਕੇ ਖੇਡਾਂ ਦੇ ਖੇਤਰ ਵਿੱਚ ਇੱਕ ਵੱਡਾ ਜੇਤੂ ਦਬਦਬਾ ਸੀ ਪਰ ਅੱਜ ਦੀ ਘੜੀ ਗੱਲ ਭਾਵੇਂ ਸਿੱਖਿਆ ਦੀ ਹੋਵੇ, ਸਨਅਤ ਦੀ ਹੋਵੇ ,ਕਿਸਾਨੀ ਦੀ ਹੋਵੇ, ਜਾਂ ਖੇਡਾਂ ਦੀ ਹੋਵੇ ਪੰਜਾਬ ਦਿਨੋਂ ਦਿਨ ਬੁਰੀ ਤਰ੍ਹਾਂ ਪਛੜਦਾ ਜਾ ਰਿਹਾ ਹੈ ਜੇਕਰ ਪਿਛਲੀਆਂ ਤਿੰਨ ਓਲੰਪਿਕ ਖੇਡਾਂ ,ਕਾਮਨਵੈਲਥ ਖੇਡਾਂ ,ਏਸ਼ੀਅਨ ਖੇਡਾਂ ਜਾਂ ਕੌਮੀ ਪੱਧਰ ਦੇ ਖੇਡ ਮੁਕਾਬਲਿਆਂ ਦੇ ਕਾਰਗੁਜ਼ਾਰੀ ਵੇਖੀਏ ਤਾਂ ਹਰਿਆਣਾ ਹਰ ਜਗ੍ਹਾ ਤੇ ਪੰਜਾਬ ਨਾਲੋਂ ਕਾਫੀ ਅੱਗੇ ਹੈ । 2012 ਲੰਡਨ ਓਲੰਪਿਕ ਵਿੱਚ ਮੁਲਕ ਨੇ ਕੁੱਲ 6 ਤਗ਼ਮੇ ਜਿੱਤੇ 4 ਇਕੱਲੇ ਹਰਿਆਣਾ ਦੇ ਹਿੱਸੇ ਆਏ 2016 ਬਰਾਜ਼ੀਲ ਓਲੰਪਿਕ ਖੇਡਾਂ ਵਿੱਚ ਵੀ ਭਾਰਤ ਦੀ ਜੇਤੂ ਕਾਰਗੁਜ਼ਾਰੀ ਵਿੱਚ ਹਰਿਆਣਾ ਦਾ ਜੇਤੂ ਰੋਲ 50 ਪ੍ਰਤੀਸ਼ਤ ਰਿਹਾ ਇਹੀ ਹਾਲ ਕਾਮਨਵੈਲਥ ਖੇਡਾਂ ਏਸ਼ੀਅਨ ਖੇਡਾਂ ਅਤੇ ਹੋਰ ਮੁਕਾਬਲਿਆਂ ਵਿੱਚ ਹਰਿਆਣਾ ਪੰਜਾਬ ਨਾਲੋਂ ਕੋਹਾਂ ਦੂਰ ਅੱਗੇ ਰਿਹਾ ਹੈ ਹੁਣ ਕੌਮੀ ਪੱਧਰ ਦੇ ਜੇਤੂ ਖੇਡ ਐਵਾਰਡਾਂ ਵਿੱਚ ਵੀ ਹਰਿਆਣਾ ਨੇ ਨਾ ਸਿਰਫ਼ ਪੰਜਾਬ ਨਾਲੋਂ ਅੱਗੇ ਨਿਕਲਿਆ ਸਗੋਂ ਪੂਰੇ ਮੁਲਕ ਵਿੱਚ ਹਰਿਆਣਾ ਖੇਡ ਰਤਨ ਐਵਾਰਡ ਜੇਤੂ ਰਹਿਣ ਵਿੱਚ ਨੰਬਰ ਇੱਕ ਸੂਬਾ ਬਣ ਗਿਆ ਹੈ । 1991-92 ਵਿੱਚ ਸ਼ੁਰੂ ਹੋਏ ਦੇਸ਼ ਦੇ ਵਡਮੁੱਲੇ ਖੇਡ ਰਤਨ ਐਵਾਰਡ ਵਿੱਚ ਹਰਿਆਣਾ ਦੇ ਖਿਡਾਰੀ ਅੱਠ ਵਾਰ ਖੇਡ ਰਤਨ ਅੈਵਾਰਡ ਜਿੱਤਣ ਵਿੱਚ ਕਾਮਯਾਬ ਰਹੇ ਜਦਕਿ ਮਹਾਰਾਸ਼ਟਰ ਦੇ ਜੇਤੂ ਖਿਡਾਰੀ 6 ਵਾਰ ਖੇਡ ਰਤਨ ਐਵਾਰਡ ਹਾਸਲ ਕਰਕੇ ਦੂਸਰੇ ਸਥਾਨ ਤੇ ਰਹੇ ਪੰਜਾਬ ਦੇ ਸਿਰਫ ਤਿੰਨ ਖਿਡਾਰੀ ਹੀ ਅਜੇ ਤੱਕ ਖੇਡ ਰਤਨ ਬਣੇ ਹਨ ਇਹ ਤਿੰਨੇ ਖਿਡਾਰੀ ਨਿਸ਼ਾਨੇਬਾਜ਼ੀ ਖੇਡ ਨਾਲ ਸੰਬੰਧਿਤ ਹਨ ਅਭੀਨਵ ਬਿੰਦਰਾ , ਮਾਨਵਜੀਤ ਸਿੰਘ ਸੰਧੂ ਅਤੇ ਰਾਜਨ ਸੋਢੀ ਪੰਜਾਬ ਵੱਲੋਂ ਖੇਡ ਰਤਨ ਬਣੇ ਜਦ ਕਿ ਹਰਿਆਣਾ ਵੱਲੋਂ ਮੁੱਕੇਬਾਜ਼ ਵਜਿੰਦਰ ਸਿੰਘ ,ਯੋਗੇਸ਼ਵਰ ਦੱਤ ਪਹਿਲਵਾਨ, ਸਾਕਸ਼ੀ ਮਲਿਕ ਪਹਿਲਵਾਨ ,ਸਰਦਾਰਾ ਸਿੰਘ ਹਾਕੀ, ਬਜਰੰਗ ਪੂਨੀਆ ਪਹਿਲਵਾਨ ,ਦੀਪਾ ਮਲਿਕ ਪਹਿਲਵਾਨ, ਵਿਨੇਸ਼ ਫੋਗਟ ਪਹਿਲਵਾਨ ,ਰਾਣੀ ਰਾਮਪਾਲ ਹਾਕੀ ਖੇਡ ਜ਼ਰੀਏ ਖੇਡ ਰਤਨ ਐਵਾਰਡ ਜਿੱਤਣ ਦੇ ਵਿੱਚ ਕਾਮਯਾਬ ਹੋਏ ਹਨ ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਜੋ ਹਾਕੀ ਖੇਡ ਦਾ ਸਰਦਾਰ ਹੈ ਸਰਦਾਰ ਸੀ ਪਰ ਪੰਜਾਬ ਦਾ ਇੱਕ ਵੀ ਹਾਕੀ ਖਿਡਾਰੀ ਖੇਡ ਰਤਨ ਐਵਾਰਡ ਜਿੱਤਣ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਇਆ ਹਰਿਆਣਾ ਦੇ ਕਸਬਾ ਸ਼ਾਹਬਾਦ ਮਾਰਕੰਡਾ ਨੇ ਹਾਕੀ ਲੜਕੀਆਂ ਦੇ ਵਿੱਚ ਇਤਿਹਾਸ ਦੀ ਇੱਕ ਨਵੀਂ ਤਵਾਰੀਖ ਲਿਖ ਦਿੱਤੀ ਹੈ ਇੱਕ ਛੋਟੇ ਜਿਹੇ ਕਸਬੇ ਸ਼ਾਹਬਾਦ ਮਾਰਕੰਡਾ ਨੇ ਪੰਜਾਬ ਦੇ ਕੋਚ ਬਲਦੇਵ ਸਿੰਘ ਦੀ ਮਿਹਨਤ ਸਦਕਾ ਇਸ ਕਸਬੇ ਵਿੱਚੋਂ ਅਰਜਨਾ ਐਵਾਰਡ ਜਿੱਤਣ ਅਤੇ ਅੰਤਰਰਾਸ਼ਟਰੀ ਖਿਡਾਰੀ ਤੇ ਖਿਡਾਰਨਾਂ ਪੈਦਾ ਕਰਨ ਵਿੱਚ ਪੰਜਾਬ ਦੇ ਹਾਕੀ ਦੇ ਘਰ ਸੰਸਾਰਪੁਰ ਨੂੰ ਵੀ ਮਾਤ ਪਾ ਦਿੱਤੀ ਹੈ । ਸੰਸਾਰਪੁਰ ਨੇ ਹਾਕੀ ਦੇ 14 ਓਲੰਪੀਅਨ ਪੈਦਾ ਕੀਤੇ ਹਨ ਪਰ ਸ਼ਾਹਬਾਦ ਮਾਰਕੰਡਾ ਹਾਕੀ ਸੈਂਟਰ ਨੇ 70 ਦੇ ਕਰੀਬ ਅੰਤਰਰਾਸ਼ਟਰੀ ਪੱਧਰ ਦੀਆਂ ਹਾਕੀ ਖਿਡਾਰਨਾਂ ਅਤੇ ਓਲੰਪੀਅਨ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ ।ਅਰਜਨਾ ਐਵਾਰਡ, ਦਰੋਣਾਚਾਰੀਆ ਅਤੇ ਖੇਡ ਰਤਨ ਐਵਾਰਡ ਜਿੱਤਣ ਵਿੱਚ ਵੀ ਵਿੱਚ ਵੀ ਕਾਸਾਬਾਦ ਮਾਰਕੰਡਾ ਸੰਸਾਰਪੁਰ ਨਾਲੋਂ ਅੱਗੇ ਨਿਕਲ ਗਿਆ ਹੈ । ਹਰਿਆਣਾ ਦੇ ਖੇਡ ਮੰਤਰੀ ਭਾਰਤੀ ਹਾਕੀ ਟੀਮ ਦਾ ਸਾਬਕਾ ਕਪਤਾਨ ਓਲੰਪੀਅਨ ਸੰਦੀਪ ਸਿੰਘ ਵੀ ਸ਼ਾਹਬਾਦ ਮਾਰਕੰਡਾ ਹਾਕੀ ਸੈਂਟਰ ਦੀ ਹੀ ਪੈਦਾਇਸ਼ ਹੈ ਹਰਿਆਣਾ ਵਿੱਚ ਭਾਜਪਾ ਨੇ ਓਲੰਪੀਅਨ ਸੰਦੀਪ ਸਿੰਘ ਨੂੰ ਵਿਧਾਇਕ ਬਣਾ ਕੇ ਫਿਰ ਖੇਡ ਮੰਤਰੀ ਬਣਾਕੇ ਖਿਡਾਰੀਆਂ ਨੂੰ ਇੱਕ ਵੱਡਾ ਮਾਣ ਦਿੱਤਾ ਹੈ ਜਦਕਿ ਦੂਸਰੇ ਪਾਸੇ ਪੰਜਾਬ ਦੇ ਹਾਕੀ ਓਲੰਪੀਅਨ ਪ੍ਰਗਟ ਸਿੰਘ ਜੋ ਕਿ ਜਲੰਧਰ ਤੋਂ ਦੋ ਵਾਰ ਵਿਧਾਇਕ ਬਣੇ ਹਨ ਪਹਿਲਾਂ ਅਕਾਲੀਆਂ ਨੇ ਅਤੇ ਫੇਰ ਕਾਂਗਰਸ ਨੇ ਉਸ ਨੂੰ ਖੇਡ ਮੰਤਰੀ ਬਣਾਉਣਾ ਤਾਂ ਰਿਹਾ ਦੂਰ ਦੀ ਗੱਲ ਉਲਟਾ ਉਸ ਦੀ ਚੰਗੀ ਰਾਜਨੀਤਿਕ ਚੱਕਰੀ ਕਮਾਈ ਹੈ।ਇਹ ਰਾਜਨੀਤਿਕ ਆਕਾ ਨੇ ਉਸ ਨੂੰ ਨਾ ਘਰਦਾ ਰਹਿਣ ਦੇਣਾ ਨਾ ਘਾਟ ਦਾ , ਇਸੇ ਰਾਜਨੀਤਕ ਝਮੇਲਿਆਂ ਵਿੱਚ ਕ੍ਰਿਕਟਰ ਨਵਜੋਤ ਸਿੱਧੂ ਵੀ ਉਲਝ ਕੇ ਰਹਿ ਗਿਆ ਹੈ ।
ਕੇਂਦਰੀ ਖੇਡ ਮੰਤਰਾਲੇ ਵੱਲੋਂ ਐਲਾਨੇ ਸਾਲ 2020 ਦੇ ਐਵਾਰਡਾਂ ਵਿੱਚ ਪੰਜਾਬ ਦਾ ਹਾਕੀ ਓਲੰਪੀਅਨ ਆਕਾਸ਼ਦੀਪ ਸਿੰਘ ਹੀ ਸਿਰਫ਼ ਇੱਕ ਅਜਿਹਾ ਖਿਡਾਰੀ ਹੈ ਜੋ ਆਪਣੇ ਵਰਤਮਾਨ ਕਾਰਗੁਜ਼ਾਰੀ ਦੇ ਆਧਾਰ ਤੇ ਅਰਜਨਾਵਾਡੀ ਬਣਿਆ ਹੈ ਜਦਕਿ ਬਾਕੀ ਦੇ ਸਾਰੇ ਉਹ ਖਿਡਾਰੀ ਹਨ ਜਿਨ੍ਹਾਂ ਨੇ ਦੋ ਤਿੰਨ ਦਹਾਕੇ ਪਹਿਲਾਂ ਆਪਣੀ ਵਧੀਆ ਕਾਰਗੁਜ਼ਾਰੀ ਵਿਖਾਈ ਸੀ ਉਨ੍ਹਾਂ ਨੂੰ ਐਵਾਰਡ ਹੁਣ ਮਿਲ ਰਹੇ ਹਨ ਜਿਨ੍ਹਾਂ ਵਿੱਚ 1972 ਓਲੰਪਿਕ ਦਾ ਕਾਂਸੀ ਤਗ਼ਮਾ ਜੇਤੂ ਖਿਡਾਰੀ ਅਜੀਤ ਸਿੰਘ ਫਿਰੋਜ਼ਪੁਰ ਰੇਲਵੇ ਇਸ ਤੋਂ ਇਲਾਵਾ ਕੁਲਦੀਪ ਸਿੰਘ ਭੁੱਲਰ ਰੋਇੰਗ ,ਮਨਜੀਤ ਸਿੰਘ ਫੁੱਟਬਾਲਰ, ਸੁਖਵਿੰਦਰ ਸਿੰਘ ਸੰਧੂ ਅਤੇ ਮਨਪ੍ਰੀਤ ਸਿੰਘ ਮਾਨਾ ਕਬੱਡੀ, ਨਿਸ਼ਾਨੇਬਾਜ਼ ਜਸਪਾਲ ਸਿੰਘ ਰਾਣਾ ਨੂੰ ਵੱਖ ਵੱਖ ਐਵਾਰਡਾਂ ਨਾਲ ਸਨਮਾਨਿਆ ਜਾਵੇਗਾ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਅੱਜ ਦੇ ਮੌਜੂਦਾ ਦੌਰ ਵਿੱਚ ਖੇਡਾਂ ਦੇ ਖੇਤਰ ਵਿੱਚ ਪੰਜਾਬ ਦੇ ਪੱਲੇ ਕੁਝ ਵੀ ਦੇਖਣ ਨੂੰ ਨਹੀਂ ਮਿਲਦਾ ਸਿਰਫ ਰਾਜਨੀਤਕ ਆਗੂਆਂ ਦੀ ਬਿਆਨਬਾਜ਼ੀ ਅਤੇ ਗੱਲਾਂ ਬਾਤਾਂ ਨਾਲ ਇਹ ਪੰਜਾਬ ਖੇਡਾਂ ਦਾ ਕਾਗਜ਼ੀ ਸ਼ੇਰ ਹੈ ਨਾ ਹੀ ਪੰਜਾਬ ਸਰਕਾਰ ਦੀ ਖੇਡ ਨੀਤੀ ਖਿਡਾਰੀਆਂ ਦੇ ਅਨੁਕੂਲ ਹੈ ਨਾ ਕੋਈ ਨੌਜਵਾਨ ਇੱਥੇ ਖੇਡਣਾ ਚਾਹੁੰਦਾ ਹੈ ਨਾ ਹੀ ਕੋਈ ਇੱਥੇ ਰਹਿਣਾ ਚਾਹੁੰਦਾ ਹੈ ਪੰਜਾਬ ਕੋਲ ਗੱਲਾਂਬਾਤਾਂ ਦੇ ਫਰਾਟੇ ਮਾਰਨ ਨੂੰ ਸਿਰਫ ਪੁਰਾਣੇ ਜੇਤੂ ਖੇਡ ਇਤਿਹਾਸ ਦਾ ਇੱਕ ਫੰਡਾ ਹੈ ਜਦਕਿ ਹਰਿਆਣਾ ਕੋਲ ਖਿਡਾਰੀਆਂ ਦੇ ਭਵਿੱਖ ਦਾ ਜੇਤੂ ਝੰਡਾ ਹੈ । ਭਾਵੇਂ ਹੋਵੇ ਹਰਿਆਣਾ ਜਾਂ ਹੋਵੇ ਦਿੱਲੀ ਜਿਸ ਦੀਆਂ ਖੇਡ ਨੀਤੀਆਂ ਸਾਡੇ ਨਾਲੋਂ ਵਧੀਆਂ ਹਨ ਉਸ ਰਾਜ ਦੇ ਖਿਡਾਰੀ ਤਾਂ ਸਾਡੇ ਨਾਲੋਂ ਅੱਗੇ ਵਧਣਗੇ ਹੀ ਪਰ ਪੰਜਾਬ ਦੀ ਖੇਡਾਂ ਅਤੇ ਖਿਡਾਰੀਆਂ ਦਾ ਤਾਂ ਰੱਬ ਹੀ ਰਾਖਾ !
-
ਜਗਰੂਪ ਸਿੰਘ ਜਰਖੜ, ਖੇਡ ਲੇਖਕ ਤੇ ਪ੍ਰਬੰਧਕ
jagroopjarkhar@gmail.com
9814300722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.