ਆਖਿਰ ਕੀ ਬਲਾ ਹੈ ਕੈਂਸਰ..ਜਾਣੋ ਡਾ. ਅਮਨਦੀਪ ਸਿੰਘ ਟੱਲੇਵਾਲੀਆ ਦੀ ਕਲਮ ਤੋਂ
ਕੈਂਸਰ ਦਾ ਨਾਂਅ ਸੁਣਦਿਆਂ ਹੀ ਪਸੀਨੇ ਛੁੱਟਣ ਲੱਗ ਜਾਂਦੇ ਹਨ। ਕੈਂਸਰ ਤੋਂ ਪੀੜਤ ਮਰੀਜ਼ ਦੀ ਰੋਟੀ ਤਾਂ ਛੁੱਟਦੀ ਹੀ ਹੈ, ਸਗੋਂ ਪੀੜਤ ਦੇ ਪਰਿਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਦੀ ਵੀ ਨੀਂਦ ਹਰਾਮ ਹੋ ਜਾਂਦੀ ਹੈ। ਫਿਰ ਜਿੰਨਾ ਕੁ ਕਿਸੇ ਦਾ ਜ਼ੋਰ ਲੱਗਦਾ ਹੈ, ਹਰ ਕੋਈ ਆਪਣੇ-ਆਪਣੇ ਪੱਧਰ 'ਤੇ ਇਸ ਰੋਗ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਕਈ ਵਿਚਾਰੇ ਤਾਂ ਨੀਮਾਂ-ਹਕੀਮਾਂ ਦੇ ਧੱਕੇ ਚੜ੍ਹ ਜਾਂਦੇ ਹਨ ਅਤੇ ਕਈ ਡਾਕਟਰਾਂ ਦੇ। ਕਈ ਇਸ ਨੂੰ ਪੂਰਬਲੇ ਕਰਮਾਂ ਦੀ ਸਜ਼ਾ ਸਮਝ ਕੇ ਸਾਧਾਂ-ਸੰਤਾਂ ਤੋਂ ਆਪਣਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੰਦੇ ਹਨ ਪਰ ਨਤੀਜਾ ਕੀ ਨਿਕਲਦਾ ਹੈ, ਸਾਨੂੰ ਸਭ ਨੂੰ ਪਤਾ ਹੈ।
ਕੈਂਸਰ ਤੋਂ ਭਾਵ ਹੈ ਸਾਡੇ ਸਰੀਰ ਦੇ ਸੈੱਲਾਂ ਦਾ ਅਨਿਸ਼ਚਿਤ ਰੂਪ ਵਿਚ ਵਧਣਾ। ਬੇਸ਼ੱਕ ਹਰ ਪਲ ਸਾਡੇ ਸਰੀਰ ਦੇ ਸੈੱਲ ਟੁੱਟਦੇ ਅਤੇ ਬਣਦੇ ਹਨ ਪਰ ਜਦੋਂ ਕਿਸੇ ਹਿੱਸੇ ਵਿਚ ਸਰੀਰਕ ਸੈੱਲਾਂ ਦਾ ਵਧਣਾ ਇਕ ਅਨਿਸ਼ਚਿਤ ਰੂਪ ਧਾਰਨ ਕਰ ਲਵੇ ਤਾਂ ਉਸਨੂੰ ਕੈਂਸਰ ਕਹਿੰਦੇ ਹਨ, ਜੋ ਹੌਲੀ-ਹੌਲੀ ਆਲੇ-ਦੁਆਲੇ ਦੇ ਸੈੱਲਾਂ ਨੂੰ ਜਾਂ ਅੰਗਾਂ ਨੂੰ ਆਪਣੀ ਲਪੇਟ ਵਿਚ ਲੈ ਲੈਂਦਾ ਹੈ, ਜਿਸਨੂੰ ਅਸੀਂ ਆਮ ਤੌਰ 'ਤੇ 'ਕੈਂਸਰ ਫੈਲ ਗਿਆ' ਕਹਿੰਦੇ ਹਾਂ।
ਮਨੁੱਖੀ ਸਰੀਰ ਵਿਚ ਕਿਸੇ ਵੀ ਹਿੱਸੇ ਦਾ ਕੈਂਸਰ ਹੋ ਸਕਦਾ ਹੈ ਪਰ ਔਰਤਾਂ ਵਿਚ ਜ਼ਿਆਦਾਤਰ ਛਾਤੀ, ਬੱਚੇਦਾਨੀ ਅਤੇ ਅੰਡੇਦਾਨੀ ਦਾ ਕੈਂਸਰ ਆਮ ਵੇਖਣ ਨੂੰ ਮਿਲਦਾ ਹੈ। ਇਸੇ ਤਰ੍ਹਾਂ ਮਰਦਾਂ ਵਿਚ ਗਦੂਦਾਂ ਦਾ, ਜਿਗਰ ਦਾ ਅਤੇ ਫੇਫੜਿਆਂ ਦਾ ਕੈਂਸਰ ਆਮ ਪਾਇਆ ਜਾਂਦਾ ਹੈ। ਬਾਕੀ ਕੈਂਸਰ ਦਾ ਹੋਣਾ ਸਾਡੇ ਖਾਣ-ਪੀਣ ਅਤੇ ਕੰਮ ਕਰਨ ਦੇ ਢੰਗਾਂ 'ਤੇ ਵੀ ਨਿਰਭਰ ਕਰਦਾ ਹੈ।
ਕਾਰਨ : ਬੇਸ਼ੱਕ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਫਿਰ ਵੀ ਬਹੁਤ ਸਾਰੀਆਂ ਬਿਮਾਰੀਆਂ ਅਜਿਹੀਆਂ ਹਨ, ਜਿਨ੍ਹਾਂ ਦੇ ਇਲਾਜ ਦੀ ਤਾਂ ਗੱਲ ਦੂਰ, ਕਾਰਨਾਂ ਦਾ ਵੀ ਪਤਾ ਨਹੀਂ ਚਲਦਾ। ਇਸੇ ਤਰ੍ਹਾਂ ਕੈਂਸਰ ਦੇ ਮੁੱਖ ਕਾਰਨਾਂ ਦਾ ਤਾਂ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਪਰ ਫਿਰ ਵੀ ਹੇਠ ਲਿਖੇ ਕੁਝ ਕਾਰਨ ਮੰਨੇ ਗਏ ਹਨ, ਜੋ ਕੈਂਸਰ ਪੈਦਾ ਕਰ ਸਕਦੇ ਹਨ।
ਪ੍ਰਦੂਸ਼ਿਤ ਵਾਤਾਵਰਣ : ਫੈਕਟਰੀਆਂ ਦਾ ਧੂੰਆਂ, ਵਾਹਨਾਂ ਦਾ ਧੂੰਆਂ, ਪਰਾਲੀ ਸਾੜਨ ਤੋਂ ਪਿੱਛੋਂ ਪੈਦਾ ਹੋਇਆ ਪ੍ਰਦੂਸ਼ਣ ਆਦਿ, ਜਿਸ ਵਿਚ ਕੈਮੀਕਲ ਜ਼ਿਆਦਾ ਮਾਤਰਾ ਵਿਚ ਹੁੰਦੇ ਹਨ, ਨਾਲ ਕੈਂਸਰ ਹੋਣ ਦੀ ਸੰਭਾਵਨਾ ਹੁੰਦੀ ਹੈ।
ਸ਼ਰਾਬ, ਮੀਟ, ਮੱਛੀ ਅਤੇ ਤੰਬਾਕੂ : ਸ਼ਰਾਬ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਜਿਗਰ ਦਾ ਅਤੇ ਖਾਣੇ ਵਾਲੀ ਨਾਲੀ ਦਾ ਕੈਂਸਰ ਹੋਣ ਦੀ ਸੰਭਾਵਨਾ ਹੁੰਦੀ ਹੈ, ਜਦੋਂਕਿ ਜ਼ਿਆਦਾਤਰ ਮੱਛੀ ਖਾਣ ਨਾਲ ਮਿਹਦੇ ਦਾ ਅਤੇ ਮੀਟ ਖਾਣ ਨਾਲ ਅੰਤੜੀਆਂ ਦਾ ਕੈਂਸਰ ਹੋ ਸਕਦਾ ਹੈ। ਸਿਗਰਟ, ਤੰਬਾਕੂ, ਜਰਦਾ, ਨਸਵਾਰ, ਹੁੱਕਾ, ਖੈਨੀ ਨਾਲ ਮਸੂੜੇ, ਮੂੰਹ, ਗਲਾ, ਫੇਫੜੇ, ਸਾਹ ਨਲੀ ਅਤੇ ਖਾਣੇ ਵਾਲੀ ਨਾਲੀ ਦਾ ਕੈਂਸਰ ਹੋਣ ਦੀ ਸੰਭਾਵਨਾ ਵਧਦੀ ਹੈ।
ਕੈਡਮੀਅਮ ਅਤੇ ਆਰਸੈਨਿਕ ਧਾਤਾਂ ਦੀਆਂ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਚਮੜੀ ਦਾ ਜਾਂ ਫੇਫੜਿਆਂ ਦਾ ਕੈਂਸਰ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ।
ਹਾਰਮੋਨਜ਼ ਅਤੇ ਦਵਾਈਆਂ : ਜਿਹੜੀਆਂ ਔਰਤਾਂ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਣ ਤੋਂ ਗੁਰੇਜ਼ ਕਰਦੀਆਂ ਹਨ ਜਾਂ ਜਿਹੜੀਆਂ ਔਰਤਾਂ ਆਪਣੇ ਨਿੱਤ ਦੇ ਖਾਣੇ ਵਿਚ ਫੈਟ ਵਾਲੀਆਂ ਚੀਜ਼ਾਂ ਦੀ ਵਧੇਰੇ ਵਰਤੋਂ ਕਰਦੀਆਂ ਹਨ ਜਾਂ ਗਰਭ-ਰੋਕੂ ਗੋਲੀਆਂ, ਜਿਨ੍ਹਾਂ ਵਿਚ ਓਸਟਰੋਜਿਨ ਦੀ ਮਾਤਰਾ ਵਧੇਰੇ ਹੁੰਦੀ ਹੈ ਅਤੇ ਪਸ਼ੂਆਂ ਨੂੰ ਦੁੱਧ ਚੋਣ ਵੇਲੇ ਲਾਇਆ ਜਾਣ ਵਾਲਾ ਟੀਕਾ ਛਾਤੀ ਦਾ ਕੈਂਸਰ ਹੋਣ ਦਾ ਖ਼ਤਰਾ ਵਧਾਉਂਦਾ ਹੈ।
ਬਹੁਤੀਆਂ ਤੇਜ਼ ਦਵਾਈਆਂ, ਜਿਵੇਂਕਿ ਆਰਸੈਨਿਕ, ਬੈਨਜੀਨ ਵਗੈਰਾ ਨਾਲ ਬਲੱਡ ਕੈਂਸਰ ਦੀ ਸੰਭਾਵਨਾ ਵਧੇਰੇ ਹੈ।
ਪਰਾਵੈਂਗਣੀ ਕਿਰਨਾਂ : ਬਾਹਰਲੇ ਮੁਲਕਾਂ ਜਿਵੇਂ ਕੈਨੇਡਾ ਆਦਿ ਜਿਥੇ ਓਜ਼ੋਨ ਪਰਤ ਵਿਚ ਛੇਕ ਹੋਣ ਕਾਰਨ ਪਰਾਵੈਂਗਣੀ ਕਿਰਨਾਂ ਸਿੱਧੇ ਰੂਪ ਵਿਚ ਪੈਦਾ ਹੁੰਦੀਆਂ ਹਨ, ਉਥੇ ਚਮੜੀ ਦਾ ਕੈਂਸਰ ਵਧੇਰੇ ਪਾਇਆ ਜਾਂਦਾ ਹੈ।
ਇਸੇ ਤਰ੍ਹਾਂ ਮਨੁੱਖੀ ਸਰੀਰ ਦੀ ਜਾਂਚ ਕਰਨ ਲਈ ਆਈਆਂ ਆਧੁਨਿਕ ਤਕਨੀਕਾਂ ਜਿਵੇਂਕਿ ਐਕਸ-ਰੇਅ ਜਾਂ ਕੰਪਿਊਟਰ, ਮੋਬਾਈਲ ਤੋਂ ਪੈਦਾ ਹੋਣ ਵਾਲੀਆਂ ਤਰੰਗਾਂ ਵੀ ਕੈਂਸਰ ਨੂੰ ਸੱਦਾ ਦਿੰਦੀਆਂ ਹਨ।
ਹੈਪੇਟਾਈਟਸ-ਸੀ ਅਤੇ ਏਡਜ਼ ਵਰਗੀਆਂ ਬਿਮਾਰੀਆਂ ਵੀ ਕੈਂਸਰ ਦਾ ਕਾਰਨ ਬਣ ਸਕਦੀਆਂ ਹਨ।
ਕੀਟਨਾਸ਼ਕ ਦਵਾਈਆਂ ਦੀ ਹੋ ਰਹੀ ਅੰਨ੍ਹੇਵਾਹ ਦੁਰਵਰਤੋਂ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਮੰਨੀ ਜਾ ਰਹੀ ਹੈ। ਖ਼ਾਸ ਕਰਕੇ ਮਾਲਵੇ ਇਲਾਕੇ ਦੇ ਨਰਮਾ ਪੱਟੀ ਵਾਲੇ ਖੇਤਰਾਂ ਵਿਚ ਜਿੰਨੇ ਵੀ ਕੈਂਸਰ ਦੇ ਕੇਸ ਪਾਏ ਗਏ ਹਨ, ਉਨ੍ਹਾਂ ਦਾ ਸਭ ਤੋਂ ਵੱਡਾ ਕਾਰਨ ਕੀਟਨਾਸ਼ਕ ਦਵਾਈਆਂ ਦੀ ਹੋ ਰਹੀ ਦੁਰਵਰਤੋਂ ਨੂੰ ਹੀ ਮੰਨਿਆ ਗਿਆ ਹੈ।
ਫ਼ਿਕਰ, ਚਿੰਤਾ, ਹਉਕੇ, ਜੋ ਹਰੇਕ ਬਿਮਾਰੀ ਦਾ ਕਾਰਨ ਹਨ ਪਰ ਮਾਹਿਰਾਂ ਅਨੁਸਾਰ ਦਿਮਾਗ ਦਾ ਕੈਂਸਰ ਅਤੇ ਸਾਹ ਨਾਲੀ ਦਾ ਕੈਂਸਰ ਬਹੁਤਾ ਫ਼ਿਕਰ ਕਰਨ ਨਾਲ ਬਣ ਸਕਦਾ ਹੈ ਕਿਉਂਕਿ ਜਦੋਂ ਅਸੀਂ ਹਉਕਾ ਲੈਂਦੇ ਹਾਂ ਤਾਂ ਸਭ ਤੋਂ ਵੱਧ ਖਿੱਚ ਸਾਹ ਨਾਲੀ 'ਤੇ ਪੈਂਦੀ ਹੈ, ਜਿਸ ਕਾਰਨ ਸਾਹ ਨਾਲੀ ਤੰਗ ਹੋ ਜਾਂਦੀ ਹੈ ਜਾਂ ਇਸਦੇ ਨਾਲ-ਨਾਲ ਖਾਣੇ ਵਾਲੀ ਨਾਲੀ 'ਤੇ ਵੀ ਦਬਾਅ ਵਧ ਸਕਦਾ ਹੈ, ਜਿਸ ਕਾਰਨ ਖਾਣੇ ਵਾਲੀ ਨਾਲੀ ਦਾ ਤੰਗ ਹੋਣਾ ਵੀ ਸੁਭਾਵਿਕ ਹੈ।
ਏਅਰਪੋਰਟ ਵਿਸ਼ਵ ਕੈਂਸਰ ਖੋਜ ਫੰਡ ਅਤੇ ਅਮਰੀਕਨ ਕੈਂਸਰ ਖੋਜ ਸੰਸਥਾ ਦੇ ਵਿਗਿਆਨੀਆਂ ਦੀ ਟੀਮ ਨੇ ਇਕ ਅਧਿਐਨ ਅਨੁਸਾਰ ਨਤੀਜਾ ਕੱਢਿਆ ਹੈ ਕਿ ਮਾਸਾਹਾਰੀਆਂ ਵਿਚ ਸ਼ਾਕਾਹਾਰੀਆਂ ਨਾਲੋਂ ਕੈਂਸਰ ਹੋਣ ਦਾ ਖ਼ਤਰਾ ਵਧੇਰੇ ਹੁੰਦਾ ਹੈ। ਜਿਹੜੇ ਲੋਕ ਮਸਾਲੇ ਰਹਿਤ ਫਲਾਂ ਅਤੇ ਸਪਰੇਅ ਰਹਿਤ ਸਬਜ਼ੀਆਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਕੈਂਸਰ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਸੰਸਥਾ ਮੁਤਾਬਿਕ ਭਾਰੀ ਵਜ਼ਨ ਵਾਲੇ ਅਤੇ ਲੰਬੇ ਕੱਦ ਵਾਲੇ ਲੋਕਾਂ ਵਿਚ ਕੈਂਸਰ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ।
ਕੀ ਕੈਂਸਰ ਸਾਰਿਆਂ ਨੂੰ ਹੋ ਸਕਦਾ ਹੈ? : ਜਿਸ ਤਰ੍ਹਾਂ ਨਾਰੀਅਲ ਦਾ ਦਰੱਖ਼ਤ ਮਾਰੂਥਲ ਵਿਚ ਨਹੀਂ ਉੱਗ ਸਕਦਾ ਜਾਂ ਨਮੀ ਵਾਲੀ ਜ਼ਮੀਨ ਵਿਚ ਛੋਲੇ ਨਹੀਂ ਹੁੰਦੇ, ਉਸੇ ਤਰ੍ਹਾਂ ਕੈਂਸਰ ਵੀ ਹਰੇਕ ਮਨੁੱਖ ਨੂੰ ਨਹੀਂ ਹੋ ਸਕਦਾ। ਜਦੋਂ ਕਿਸੇ ਮਨੁੱਖ ਅੰਦਰ ਕੈਂਸਰ ਨੂੰ ਪੈਦਾ ਕਰਨ ਅਤੇ ਵਧਾਉਣ-ਫੈਲਾਉਣ ਵਾਲੇ ਹਾਲਾਤ ਬਣ ਜਾਂਦੇ ਹਨ ਤਾਂ ਕੈਂਸਰ ਪੈਦਾ ਹੋ ਸਕਦਾ ਹੈ। ਉਦਾਹਰਣ ਦੇ ਤੌਰ 'ਤੇ ਅਸੀਂ ਆਪਣੇ ਰੋਜ਼ਾਨਾ ਜੀਵਨ ਵਿਚ ਵੇਖਦੇ ਹਾਂ ਕਿ ਕੀ ਸਾਰੇ ਸ਼ਰਾਬ ਪੀਣ ਵਾਲੇ ਕੈਂਸਰ ਨਾਲ ਹੀ ਮਰਦੇ ਹਨ? ਨਹੀਂ! ਕਈਆਂ ਨੂੰ ਤਾਂ ਹਾਰਟ ਅਟੈਕ ਹੁੰਦਾ ਹੈ। ਕਈਆਂ ਦੇ ਗੁਰਦੇ ਫੇਲ੍ਹ ਹੋ ਜਾਂਦੇ ਹਨ। ਕਈਆਂ ਨੂੰ ਬਰੇਨ ਹੈਮਰੇਜ਼ ਵਗੈਰਾ। ਸੋ ਇਹੀ ਕਹਿਣਾ ਵਾਜਿਬ ਹੋਵੇਗਾ ਕਿ ਅਗਰ ਕੋਈ ਇਨਸਾਨ ਕੈਂਸਰ ਦੀ ਖੇਤੀ ਲਈ ਜ਼ਮੀਨ ਤਿਆਰ ਕਰੀ ਬੈਠਾ ਹੈ ਤਾਂ ਹੀ ਉਸ ਜ਼ਮੀਨ 'ਤੇ ਕੈਂਸਰ ਦਾ ਬੀਜ ਉੱਗ ਸਕੇਗਾ।
ਹਰੇਕ ਰਸੌਲੀ ਕੈਂਸਰ ਨਹੀਂ ਹੁੰਦੀ ਅਤੇ ਮਾਮੂਲੀ ਰਿਸਦਾ ਜ਼ਖ਼ਮ ਵੀ ਕੈਂਸਰ ਹੋ ਸਕਦਾ ਹੈ :
ਅੱਜਕੱਲ੍ਹ ਕੈਂਸਰ ਦਾ ਐਨਾ ਸਹਿਮ ਲੋਕ ਮਨਾਂ ਵਿਚ ਪਾਇਆ ਜਾ ਰਿਹਾ ਹੈ ਕਿ ਜੇਕਰ ਕਿਸੇ ਦੇ ਮਾਮੂਲੀ ਜਿਹੀ ਕਿਤੇ ਕੋਈ ਗੰਢ ਬਣ ਜਾਵੇ ਤਾਂ ਫੱਟ ਮਨ ਵਿਚ ਉਲਟੇ ਖ਼ਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ। ਬਹੁਤੇ ਲੋਕੀਂ ਤਾਂ ਕੈਂਸਰ ਦਾ ਨਾਮ ਲੈਣ ਤੋਂ ਵੀ ਡਰਦੇ ਹਨ। ਉਹ ਡਾਕਟਰ ਨੂੰ ਆਪਣੀ ਭਾਸ਼ਾ ਵਿਚ ਇੰਝ ਸੰਬੋਧਿਤ ਹੁੰਦੇ ਹਨ ਕਿ ''ਡਾਕਟਰ ਸਾਹਿਬ, ਮੇਰੇ ਇਹ ਗੰਢ ਬਣ ਗਈ ਹੈ। ਕਿਤੇ ਇਹ ਦੂਜਾ ਹੀ ਨਾ ਹੋਵੇ?'' ਮਤਲਬ ਕਿ ਕੈਂਸਰ ਦਾ ਨਾਮ ਲੈਣਾ ਵੀ ਬੁਰਾ ਮੰਨਿਆ ਜਾਂਦਾ ਹੈ। ਰੋਜ਼ਾਨਾ ਜੀਵਨ ਵਿਚ ਕਈ ਲੋਕ ਅਜਿਹੇ ਵੀ ਮਿਲ ਜਾਣਗੇ, ਜਿਨ੍ਹਾਂ ਨੂੰ ਕੈਂਸਰ ਤਾਂ ਨਹੀਂ ਹੁੰਦਾ ਪਰ ਉਨ੍ਹਾਂ ਅੰਦਰ ਕੈਂਸਰ ਦਾ ਡਰ ਬੈਠ ਜਾਂਦਾ ਹੈ, ਜੋ ਹੌਲੀ-ਹੌਲੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਕਿਉਂਕਿ ਅੱਜਕੱਲ੍ਹ ਲੋਕ ਮਨਾਂ ਵਿਚ ਕੈਂਸਰ ਦਾ ਡਰ ਸਭ ਤੋਂ ਭਿਆਨਕ ਰੂਪ ਧਾਰਨ ਕਰ ਰਿਹਾ ਹੈ। ਇਸਤੋਂ ਉਲਟ ਕਈ ਵਾਰ ਇਹ ਵੀ ਦੇਖਣ ਨੂੰ ਮਿਲ ਜਾਂਦਾ ਹੈ ਕਿ ਕਿਸੇ ਮਰੀਜ਼ ਦੇ ਮਾੜੀ-ਮੋਟੀ ਸੱਟ ਲੱਗ ਗਈ, ਜ਼ਖ਼ਮ ਰਿਸਦਾ ਰਿਹਾ, ਜੋ ਬਾਅਦ ਵਿਚ ਕੈਂਸਰ ਬਣ ਗਿਆ।
ਕੀ ਕੈਂਸਰ ਦਾ ਇਲਾਜ ਸੰਭਵ ਹੈ : ਮਾਹਿਰਾਂ ਅਨੁਸਾਰ ਕੈਂਸਰ ਦੇ ਤਿੰਨ ਜਾਂ ਕਈਆਂ ਅਨੁਸਾਰ ਚਾਰ ਪੜਾਅ ਨਿਸ਼ਚਿਤ ਕੀਤੇ ਹਨ। ਪਹਿਲੇ ਪੜਾਅ ਵਿਚ ਕੈਂਸਰ ਜਿੱਥੇ ਉੱਗਦਾ ਹੈ, ਉਥੇ ਹੀ ਖੜ੍ਹਾ ਰਹਿੰਦਾ ਹੈ। ਦੂਜੇ ਪੜਾਅ ਵਿਚ ਕੈਂਸਰ ਨੇੜੇ-ਤੇੜੇ ਦੇ ਸੈੱਲਾਂ ਨੂੰ ਆਪਣੀ ਲਪੇਟ ਵਿਚ ਲੈ ਲੈਂਦਾ ਹੈ। ਤੀਸਰੇ ਪੜਾਅ ਵਿਚ ਜਾਂ ਕਈਆਂ ਅਨੁਸਾਰ ਚੌਥੇ ਪੜਾਅ ਵਿਚ ਕੈਂਸਰ ਫੈਲਦਾ-ਫੈਲਦਾ ਸਰੀਰ ਦੇ ਜ਼ਰੂਰੀ ਅੰਗਾਂ ਜਿਵੇਂਕਿ ਜਿਗਰ, ਫੇਫੜੇ ਅਤੇ ਫਿਰ ਹੱਡੀਆਂ ਨੂੰ ਆਪਣੀ ਲਪੇਟ ਵਿਚ ਲੈ ਲੈਂਦਾ ਹੈ। ਕੈਂਸਰ ਦਾ ਇਲਾਜ ਇਸਦੀ ਸਟੇਜ (ਪੜਾਅ) 'ਤੇ ਨਿਰਭਰ ਕਰਦਾ ਹੈ। ਅਗਰ ਤਾਂ ਕੈਂਸਰ ਪਹਿਲੇ ਪੜਾਅ ਵਿਚ ਹੈ ਤਾਂ ਇਸਦਾ ਇਲਾਜ ਸੰਭਵ ਹੈ ਪਰ ਕੋਈ ਕਰਮਾਂ ਵਾਲਾ ਹੀ ਹੁੰਦਾ ਹੈ, ਜਿਸ ਨੂੰ ਕੈਂਸਰ ਦੀ ਪਹਿਲੀ ਅਵਸਥਾ ਵਿਚ ਕੈਂਸਰ ਦਾ ਪਤਾ ਲੱਗ ਜਾਂਦਾ ਹੈ। ਨਹੀਂ ਤਾਂ ਸਮਾਂ ਲੰਘੇ ਤੋਂ ਹੀ ਇਸ ਦੇ ਲੱਛਣ ਆਉਣੇ ਸ਼ੁਰੂ ਹੁੰਦੇ ਹਨ। ਦੂਸਰੇ ਪੜਾਅ ਵਿਚ ਕੈਂਸਰ ਦਾ ਕੋਈ ਬਹੁਤਾ ਇਲਾਜ ਸੰਭਵ ਨਹੀਂ। ਉਦਾਹਰਣ ਦੇ ਤੌਰ 'ਤੇ ਅਗਰ ਕਿਸੇ ਔਰਤ ਦੀ ਇਕ ਛਾਤੀ ਵਿਚ ਕੈਂਸਰ ਹੈ ਤਾਂ ਉਸਦੀ ਛਾਤੀ ਕੱਟ ਦਿੱਤੀ ਜਾਂਦੀ ਹੈ ਪਰ ਪੰਜ ਜਾਂ ਦਸ ਸਾਲ ਪਿੱਛੋਂ ਉਹੀ ਕੈਂਸਰ ਦੂਜੀ ਛਾਤੀ ਵਿਚ ਆ ਜਾਂਦਾ ਹੈ। ਫਿਰ ਦੂਜੀ ਛਾਤੀ ਨੂੰ ਕੱਟ ਦਿੱਤਾ ਜਾਂਦਾ ਹੈ। ਸੋ ਕੈਂਸਰ ਪੂਰੀ ਤਰ੍ਹਾਂ ਸਾਡੇ ਸਰੀਰ ਵਿਚੋਂ ਖ਼ਤਮ ਨਹੀਂ ਹੋ ਸਕਦਾ। ਸਿਰਫ਼ ਕੁਝ ਸਮੇਂ ਲਈ ਰੁਕ ਸਕਦਾ ਹੈ। ਭਾਵੇਂ ਲੱਖ ਕੀਮੋਥਰੈਪੀ ਜਾਂ ਰੇਡੀਓਥਰੈਪੀ ਕਰ ਲਵੋ। ਤੀਸਰੇ ਜਾਂ ਚੌਥੇ ਪੜਾਅ ਵਿਚ ਤਾਂ ਇਲਾਜ ਕਰਵਾਉਣਾ ਸਿਰਫ਼ ਪੈਸੇ ਪੱਟਣ ਵਾਲੀ ਗੱਲ ਹੁੰਦੀ ਹੈ। ਪਤਾ ਤਾਂ ਮਰੀਜ਼ ਦੇ ਵਾਰਿਸਾਂ ਨੂੰ ਵੀ ਹੁੰਦਾ ਹੈ ਪਰ ਉਹ ਸਿਰਫ਼ ਸਮਾਜਿਕ ਤਾਅਨਿਆਂ-ਮਿਹਣਿਆਂ ਤੋਂ ਡਰਦੇ ਮਰੀਜ਼ ਨੂੰ ਵੱਡੇ-ਵੱਡੇ ਹਸਪਤਾਲਾਂ ਵਿਚ ਚੱਕੀ ਫਿਰਦੇ ਹਨ ਪਰ ਪੱਲੇ ਕੁਝ ਨਹੀਂ ਪੈਂਦਾ। ਇਸ ਪੜਾਅ 'ਤੇ ਮਰੀਜ਼ ਨੂੰ ਸਿਰਫ਼ ਦਰਦ ਰਹਿਤ ਮੌਤ ਹੀ ਦਿੱਤੀ ਜਾ ਸਕਦੀ ਹੈ।
ਬੇਸ਼ੱਕ ਸੁਣਨ ਜਾਂ ਵੇਖਣ ਵਿਚ ਆਉਂਦਾ ਹੈ ਕਿ ਬਹੁਤ ਸਾਰੇ ਡਾਕਟਰ ਜਾਂ ਵੈਦ ਆਪਣੇ ਆਪ ਨੂੰ ਕੈਂਸਰ ਮਾਹਿਰ ਦੱਸ ਕੇ ਕੈਂਸਰ ਦੇ ਇਲਾਜ ਦਾ ਦਾਅਵਾ ਕਰਦੇ ਹਨ ਪਰ ਜੇਕਰ ਬਾਰੀਕੀ ਨਾਲ ਇਸਦੀ ਜਾਂਚ ਕੀਤੀ ਜਾਵੇ ਤਾਂ ਜੋ ਤੱਥ ਸਾਹਮਣੇ ਆਉਂਦੇ ਹਨ, ਉਹ ਬੜੇ ਨਿਰਾਸ਼ਾਜਨਕ ਹੁੰਦੇ ਹਨ। ਫ਼ਰਜ਼ ਕਰੋ ਕਿਸੇ ਡਾਕਟਰ ਜਾਂ ਵੈਦ ਕੋਲੋਂ ਕੋਈ ਇਕ ਅੱਧਾ ਕੈਂਸਰ ਦਾ ਰੋਗੀ ਠੀਕ ਹੋ ਵੀ ਗਿਆ ਤਾਂ ਉਹ ਕੈਂਸਰ ਦਾ ਮਾਹਿਰ ਬਣ ਬਹਿੰਦਾ ਹੈ।
ਇਥੇ ਵੀ ਮੈਂ ਇਕ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਕਈ ਵਾਰ ਕਿਸੇ ਮਰੀਜ਼ ਨੂੰ ਕੈਂਸਰ ਹੁੰਦਾ ਹੀ ਨਹੀਂ। ਉਸਨੂੰ ਸਿਰਫ਼ ਸ਼ੱਕ ਦੇ ਘੇਰੇ ਵਿਚ ਹੀ ਕੈਂਸਰ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ। ਜਿਸਨੂੰ ਕੈਂਸਰ ਹੈ ਹੀ ਨਹੀਂ, ਉਸਨੇ ਤਾਂ ਠੀਕ ਹੋਣਾ ਹੀ ਹੈ। ਬਾਕੀ ਜਿਸ ਤਰ੍ਹਾਂ ਪਹਿਲਾਂ ਲਿਖ ਚੁੱਕੇ ਹਾਂ ਕਿ ਕੈਂਸਰ ਰੁਕ ਸਕਦਾ ਹੈ ਪਰ ਇਸ ਦਾ ਜੜ੍ਹੋਂ ਖ਼ਤਮ ਹੋਣ ਦਾ ਦਾਅਵਾ ਖੋਖਲਾ ਸਾਬਿਤ ਹੁੰਦਾ ਹੈ। ਬੇਸ਼ੱਕ ਮਾਡਰਨ ਸਾਇੰਸ ਨੇ ਬਹੁਤ ਖੋਜਾਂ ਕਰਕੇ ਕੈਂਸਰ ਦੇ ਹੱਲ ਲਈ ਨਵੀਆਂ ਤਕਨੀਕਾਂ ਕੱਢੀਆਂ ਹਨ ਪਰ ਬਹੁਤੀਆਂ ਕਾਰਗਾਰ ਸਾਬਿਤ ਨਹੀਂ ਹੋ ਸਕੀਆਂ। ਦਿਨ-ਬ-ਦਿਨ ਕੈਂਸਰ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਜੇਕਰ ਇਨ੍ਹਾਂ ਤਕਨੀਕਾਂ ਵਿਚ ਦਮ ਹੁੰਦਾ ਤਾਂ ਐਨੀਆਂ ਕੀਮਤੀ ਜਾਨਾਂ ਅਜਾਈਂ ਮੌਤ ਦੇ ਮੂੰਹ ਨਾ ਪੈਂਦੀਆਂ।
ਕੈਂਸਰ ਦੇ ਨਾਮ 'ਤੇ ਬਹੁਤ ਸਾਰੇ ਨੀਮ-ਹਕੀਮਾਂ ਨੇ ਆਪਣੇ ਡੇਰੇ ਚਲਾਏ ਹੋਏ ਹਨ। ਹਿਮਾਚਲ ਪ੍ਰਦੇਸ਼ ਵਿਚ ਪਹਾੜੀਆਂ 'ਤੇ ਇਕ ਸਾਧ ਰਹਿੰਦਾ ਹੈ, ਜੋ ਦਵਾਈ ਲਾ ਕੇ ਕੈਂਸਰ ਦਾ ਇਲਾਜ ਕਰਦਾ ਹੈ ਜਾਂ ਕਿਸੇ ਜਗ੍ਹਾ ਇਸ਼ਨਾਨ ਕਰਕੇ ਜਾਂ ਕਿਸੇ ਜਗ੍ਹਾ ਜਿਥੇ ਸੱਤ ਵਾਰ ਫੇਰਾ ਪਾਉਣ ਨਾਲ ਕੈਂਸਰ ਖ਼ਤਮ ਹੋ ਜਾਂਦਾ ਹੈ, ਮਜ਼ਬੂਰੀ ਵੱਸ ਲੋਕ ਆਪਣਾ ਇਲਾਜ ਕਰਵਾਉਣ ਲਈ ਕੁਝ ਵੀ ਕਰਨ ਨੂੰ ਤਿਆਰ ਹੁੰਦੇ ਹਨ। ਜਦ ਵੱਡੇ-ਵੱਡੇ ਹਸਪਤਾਲਾਂ ਵਿਚ ਲੁੱਟ ਕਰਵਾ ਕੇ ਕੁਝ ਵੀ ਪੱਲੇ ਨਹੀਂ ਪੈਂਦਾ ਤਾਂ ਲੋਕ ਇਨ੍ਹਾਂ ਸਾਧਾਂ-ਸੰਤਾਂ ਦੇ ਡੇਰਿਆਂ 'ਤੇ ਚੱਕਰ ਕੱਟਣ ਲਈ ਮਜ਼ਬੂਰ ਹੋ ਜਾਂਦੇ ਹਨ ਪਰ ਮੇਰੀ ਕੈਂਸਰ ਦੇ ਮਰੀਜ਼ਾਂ ਨੂੰ ਨਿੱਜੀ ਰਾਇ ਹੈ ਕਿ ਕੈਂਸਰ ਦਾ ਨਾਮ ਸੁਣ ਕੇ ਘਬਰਾਓ ਨਾ, ਜਿਹੜੀ ਬਿਮਾਰੀ ਸਰੀਰ ਵਿਚ ਵੜ ਗਈ, ਉਸਨੂੰ ਦੇਖ ਕੇ ਡਰੋ ਨਾ, ਸਗੋਂ ਲੜਨ ਦੀ ਹਿੰਮਤ ਰੱਖੋ। ਆਪਣੇ ਆਤਮ-ਵਿਸ਼ਵਾਸ ਨੂੰ ਵਧਾਓ, ਨਾ ਕਿ ਕੈਂਸਰ ਦਾ ਨਾਮ ਸੁਣ ਕੇ ਹੀ ਮਰ ਜਾਓ। ਬਿਮਾਰੀਆਂ ਨਾਲ ਲੜਨਾ ਸਿੱਖੋ। ਹੋ ਸਕਦਾ ਹੈ ਕਿ ਤੁਸੀਂ ਕੈਂਸਰ ਨਾਲ ਜੂਝਦੇ-ਜੂਝਦੇ ਦਸ ਜਾਂ ਵੀਹ ਸਾਲ ਕੱਟ ਜਾਓ ਪਰ ਜੇਕਰ ਆਤਮ-ਵਿਸ਼ਵਾਸ ਛੱਡ ਦਿੱਤਾ ਤਾਂ ਦੁਨੀਆਂ ਦੀ ਕੋਈ ਦਵਾਈ ਤੁਹਾਨੂੰ ਠੀਕ ਨਹੀਂ ਕਰ ਸਕਦੀ।
21-08-2020
-
ਡਾ. ਅਮਨਦੀਪ ਸਿੰਘ ਟੱਲੇਵਾਲੀਆ, ਹੋਮਿਓਪੈਥਿਕ ਡਾਕਟਰ, ਬਰਨਾਲਾ
tallewalia@gmail.com
98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.