ਪੰਜਾਬ ਵਿੱਚ ਜਿਵੇਂ ਜਿਵੇਂ ਚੋਣਾਂ ਦਾ ਮੌਸਮ ਨੇੜੇ ਆ ਰਿਹਾ ਹੈ ਤਿਵੇਂ ਤਿਵੇਂ ਸੱਤਾਧਾਰੀ ਤੇ ਬਾਕੀ ਪਾਰਟੀਆਂ ਨੇ ਤਿਆਰੀਆਂ ਲਈ ਆਪਣੀ ਕਮਰ ਕਸ ਲਈ ਹੈ । ਸਭ ਤੋ ਜਿਆਦਾ ਸਰਗਰਮ ਅੱਜ ਦੇ ਸਮੇਂ ਆਮ ਆਦਮੀ ਪਾਰਟੀ ਹੈ ਜਿਸ ਨੇ ਆਪਣੇ ਲਗਪਗ ਸਾਰੇ ਵਿਧਾਇਕਾਂ ਨੂੰ ਜਨਤਾ ਵਿੱਚ ਭੇਜ ਦਿੱਤਾ ਹੈ । ਜੋ ਜਮੀਨੀ ਤੌਰ ਤੇ ਆਮ ਲੋਕਾਂ ਵਿੱਚ ਵਿਚਰ ਰਹੇ ਨੇ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਸੁਣ ਰਹੇ ਹਨ,ਪਿੰਡ ਅਤੇ ਬਲਾਕ ਪੱਧਰ ਤੇ ਵਲੰਟੀਆਰਾਂ ਨੂੰ ਅਹੁਦੇ ਦੇ ਕੇ ਪਾਰਟੀ ਪੰਜਾਬ ਵਿੱਚ ਮੁੜ ਆਪਣੀ ਹਵਾ ਬਨਾਉਣ ਵਿੱਚ ਲੱਗ ਗਈ ਹੈ ਰੋਜ਼ਾਨਾਂ ਹੋਰ ਪਾਰਟੀਆਂ ਨੂੰ ਅਲਵਿਦਾ ਕਹਿਕੇ ਆਪ ਨਾਲ ਜੁੜਨ ਵਾਲੇ ਪਰਿਵਾਰ ਆਖਵਾਰਾਂ ਦੀਆਂ ਖਬਰਾਂ ਬਣ ਰਹੇ ਹਨ।
ਉੱਧਰ ਅਕਾਲੀ ਦਲ ਦੀ ਗੱਲ ਕਰੀਏ ਤਾਂ ਇਸ ਸਮੇਂ ਪਾਰਟੀ ਪੂਰੀ ਤਰਾਂ ਬੇਹਾਲ ਪ੍ਰਤੀਤ ਹੁੰਦੀ ਹੈ ਸਿਰਕੱਢ ਨੇਤਾਵਾਂ ਵੱਲੋਂ ਕੀਤੀਆਂ ਬਗਾਵਤਾਂ ਨੇ ਇਸ ਵੇਲੇ ਪਾਰਟੀ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਪਾਰਟੀ ਪ੍ਰਧਾਨ ਜਾਂ ਹੋਰ ਸੀਨੀਅਰ ਲੀਡਰਾਂ ਦੇ ਕਿੰਨੇ ਕਿੰਨੇ ਦਿਨਾਂ ਬਾਅਦ ਹੀ ਬਿਆਨ ਪੜ੍ਹਨ ਸੁਨਣ ਨੂੰ ਮਿਲਦੇ ਹਨ ।
ਹੁਣ ਜੇਕਰ ਗੱਲ ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਗ ਦੀ ਕਰੀਏ ਤਾਂ ਇਸਦੀ ਬੇੜੀ ਵੀ ਰਾਜਨੀਤੀ ਦੇ ਸਮੁੰਦਰ ਵਿੱਚ ਗੋਤੇ ਖਾਂਦੀ ਪ੍ਰਤੀਤ ਹੁੰਦੀ ਹੈ । ਪਿਛਲੀਆਂ ਚੋਣਾ ਮੌਕੇ ਸੱਤਾ ਹਾਸਲ ਕਰਨ ਲਈ ਜਨਤਾ ਨਾਲ ਕੀਤੇ ਵਾਅਦੇ ਕਾਗਰਸ ਲਈ ਗਲੇ ਹੀ ਹੱਡੀ ਬਣ ਰਹੇ ਹਨ । ਜਿੰਨਾਂ ਵਿੱਚ ਸਹੂੰ ਖਾਕੇ ਕੀਤੇ ਮੁੱਖ ਮੁੱਦੇ ਚਾਰ ਹਫਤਿਆਂ ਵਿੱਚ ਨਸ਼ੇ ਬੰਦ ਕਰਨੇ ,ਮੁਕੰਮਲ ਕਰਜਾ ਮੁਆਫੀ, ਘਰ ਘਰ ਨੌਕਰੀ ਜਾਂ ਨੌਕਰੀ ਤੱਕ ਪੱਚੀ ਸੌ ਰੁਪਏ ਬੇਰੁਜਗਾਰੀ ਭੱਤਾ,ਇੱਕੀ ਸੋ ਰੁਪਏ ਬੁਢਾਪਾ ਪੈਨਸ਼ਨ ਅਤੇ ਮਾਫੀਂਏ ਨੂੰ ਲਗਾਮ ਪਾਉਣਾ ਆਦਿ ਸਨ ਪਰ ਜਦ ਸੱਤਾ ਹੱਥ ਆਈ ਤਾਂ ਸਰਕਾਰ ਨੇ ਦੋ-ਢਾਈ ਸਾਲਾਂ ਤੱਕ ਸਿਰਫ ਖਾਲੀ ਖਜ਼ਾਨੇ ਦਾ ਰਾਗ ਅਲਾਪੀ ਰੱਖਿਆ ਕੀਤੇ ਹੋਏ ਵਾਅਦੇ ਪੂਰੇ ਕਰਨੇ ਤਾਂ ਦੂਰ ਸਰਕਾਰ ਨੇ ਵੈਰੀਫਿਕੇਸ਼ਨਾਂ ਦੇ ਨਾਮ ਤੇ ਚੱਲ ਰਹੀਆਂ ਸਕੀਮਾਂ ਤੋਂ ਆਮ ਜਨਤਾ ਨੂੰ ਦੂਰ ਹੀ ਰੱਖਿਆ ਤੇ ਮਗਰੋਂ ਕਿੰਨੇ ਹੀ ਲੋੜਵੰਦਾਂ ਨੂੰ ਉਹਨਾਂ ਤੋਂ ਬਾਹਰ ਦਾ ਰਾਸਤਾ ਵੀ ਵਿਖਾਇਆ ਗਿਆ।
ਹੁਣ ਜਦ ਇਸੇ ਸਾਲ ਦੇ ਅਖੀਰ ਤੱਕ ਨਗਰ ਨਿਗਮ ਅਤੇ ਉਸਤੋਂ ਲਗਪਗ ਸਾਲ ਮਗਰੋਂ ਲੋਕ ਸਭਾ ਚੋਂਣਾ ਆ ਰਹੀਆਂ ਨੇ ਤਾਂ ਸਰਕਾਰ ਨੂੰ ਫਿਰ ਜਨਤਾ ਅਤੇ ਉਸ ਨਾਲ ਕੀਤੇ ਵਾਅਦਿਆਂ ਦਾ ਖਿਆਲ ਆ ਰਿਹਾ ਹੈ। ਸਮਾਰਟ ਫੋਨਾਂ ਦਾ ਵਾਅਦਾ ਭਾਂਵੇ ਸਰਕਾਰ ਨੇ ਸਾਰੇ ਨੌਜਵਾਨਾਂ ਨੂੰ ਕੀਤਾ ਸੀ ਪਰ ਪਿਛਲੇ ਦਿਨੀ ਵਿੱਤੀ ਸੰਕਟ ਨੂੰ ਵੇਖਦਿਆਂ ਸਿਰਫ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਹੀ ਫੋਨ ਵੰਡਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਪਰ ਉਸ ਵਿੱਚ ਵੀ ਮੁਖ ਮੰਤਰੀ ਸਾਬ ਨੂੰ ਲੋਕਾਂ ਦੀਆਂ ਖਰੀਆਂ ਖੋਟੀਆਂ ਸੁਣਨੀਆਂ ਪਈਆਂ, ਬੁਧੀਜੀਵੀਆਂ ਦੀ ਕਹਿੰਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੁਆਰਾ ਭਰੇ ਜਾਂਦੇ ਟੈਕਸ ਰਾਹੀਂ ਆਪਣੀ ਮਸ਼ਹੂਰੀ ਕਰ ਰਹੇ ਹਨ ਕਿਉਂਕਿ ਵੰਡੇ ਗਏ ਸਮਾਰਟ ਫੋਨਾਂ ਵਿੱਚ ਉੰਨੇ ਸ਼ਾਇਦ ਫੀਚਰ ਨਹੀਂ ਹਨ ਜਿੰਨੀਆਂ ਉਸ ਵਿੱਚ ਕੈਪਟਨ ਸਾਬ੍ਹ ਦੀਆਂ ਫੋਟੋਆਂ ਹਨ । ਜਿੰਨਾ ਸਮਾਂ ਵਿਦਿਆਰਥੀਆਂ ਕੋਲ ਉਹ ਫੋਨ ਰਹਿਣਗੇ ਤੇ ਜਦ ਜਦ ਉਹ ਫੋਨ ਚਲਾਉਣਗੇ ਉਹਨਾਂ ਨੂੰ ਨਾ ਚਹੁੰਦਿਆਂ ਹੋਇਆਂ ਵੀ ਮੁਖ-ਮੰਤਰੀ ਸਾਬ੍ਹ ਦੀ ਫੋਟੋ ਵੇਖਣੀ ਪੈਣੀ ਹੈ।
ਉਧਰ ਜਿਵੇਂ ਜਿਵੇਂ ਚੋਂਣਾ ਨੇੜੇ ਆ ਰਹੀਆਂ ਨੇ ਤਿਵੇਂ-ਤਿਵੇਂ ਪਿਛਲੇ ਕਈ ਸਾਲਾਂ ਤੋਂ ਟੁੱਟੀਆਂ ਹੋਈਆਂ ਵੱਡੀਆਂ ਤੇ ਛੋਟੀਆਂ ਸੜਕਾਂ ਨੂੰ ਵੀ ਹੁਣ ਕੁਝ ਆਸ ਹੋਈ ਹੈ ਕਿ ਸ਼ਾਇਦ ਉਹਨਾਂ ਦੇ ਦਿਨ ਬਦਲਣਗੇ ਤੇ ਸਾਲਾਂ ਤੋਂ ਪਏ ਖੱਡੇ ਟੋਏ ਪੂਰੇ ਜਾਣਗੇ ਸੜਕਾਂ ਤੇ ਸੜਕਾਂ ਹੁਣ ਤਾਂ ਕਈ ਸਾਲਾਂ ਬਾਅਦ ਮੰਤਰੀ ਸੰਤਰੀਆਂ ਤੋਂ ਲੈਕੇ ਪੰਚਾ ਸਰਪੰਚਾਂ ਸੈਕਟਰੀਆਂ ਆਦਿ ਦੇ ਚਿਹਰਿਆਂ ਤੇ ਰੋਣਕਾਂ ਦਿਖਣ ਲੱਗ ਪਈਆਂ ਹਨ ।
ਰੁਜਗਾਰ ਦੇ ਮੁੱਦੇ ਤੇ ਤਿੰਨ ਸਾਲਾਂ ਬਾਅਦ ਮੁੱਖ ਮੰਤਰੀ ਨੇ ਪਿਛਲੇ ਦਿਨੀ ਫਿਰ ਇੱਕ ਤੀਰ ਛੱਡਿਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਅਗਲੇ ਸਾਲ ਲਗਪਗ ਪੰਜਾਹ ਹਜ਼ਾਰ ਸਰਕਾਰੀ ਨੌਕਰੀਆਂ ਕੱਢੇਗੀ ਅਤੇ ਉਨ੍ਹਾਂਆਂ ਹੀ ਅਗਲੇ ਸਾਲ ਕੱਢੇਗੀ । ਹੋਰ ਪ੍ਰਈਵੇਟ ਕੰਪਨੀਆਂ ਵਿੱਚ ਰੁਜ਼ਗਾਰ ਮਹੱਈਆ ਕਰਵਾਉਣ ਲਈ ਵੱਡੇ ਪੱਧਰ ਤੇ ਰੁਜ਼ਗਾਰ ਮੇਲੇ ਲਗਾਏ ਜਾਣਗੇ ਪਰ ਇਹ ਤਾਂ ਸਮਾਂ ਹੀ ਦੱਸੇਗਾ ਕਿ ਪਹਿਲਾਂ ਵਾਗ ਕੈਪਟਨ ਸਾਬ੍ਹ ਪਾਣੀ ਵਿੱਚ ਹੀ ਡਾਂਗਾ ਮਾਰਦੇ ਨੇ ਜਾਂ ਸੱਚਮੁੱਚ ਕੁਝ ਕਰਦੇ ਨੇ ।
ਅਗਲਾ ਗੰਭੀਰ ਮੁੱਦਾ ਪੰਜਾਬ ਅੰਦਰ ਨਸ਼ਿਆਂ ਦਾ ਹੈ ਜਿੰਨਾਂ ਨੂੰ ਚਾਰ ਹਫਤਿਆਂ ਵਿੱਚ ਖਤਮ ਕਰਨ ਲਈ ਕੈਪਟਨ ਸਾਬ੍ਹ ਨੇ ਭਾਂਵੇ ਕਸਮ ਖਾਧੀ ਸੀ ਪਰ ਇਸ ਨੂੰ ਬੰਦ ਕਰਨ ਵਿੱਚ ਉਹ ਤੇ ਉਹਨਾਂ ਦੀ ਕਾਂਗਰਸ ਸਰਕਾਰ ਬਿਲਕੁਲ ਨਾਕਾਮ ਰਹੀ ਹੈ । ਸਗੋਂ ਕਰ ਤੇ ਆਬਕਾਰੀ ਵਿਭਾਗ ਖੁਦ ਮੁੱਖ ਮੰਤਰੀ ਕੋਲ ਹੁੰਦਿਆਂ ਹੋਇਆ ਵੀ ਪਿਛਲੇ ਦਿਨੀ ਪੰਜਾਬ ਵਿੱਚ ਜਹਿਰੀਲੀ ਸ਼ਰਾਬ ਪੀਣ ਨਾਲ ਸੈਕੜੇ ਕੀਮਤੀ ਜਾਨਾਂ ਗਈਆਂ ਸਨ ਜਿਸ ਦਾ ਵਿਰੋਧੀ ਪਾਰਟੀਆਂ ਦੇ ਨਾਲ ਨਾਲ ਕਾਂਗਰਸ ਦੇ ਹੀ ਸੀਨੀਆਰ ਲੀਡਰਾਂ ਜਿਵੇਂ ਰਾਜਸਭਾ ਮੈਬਰ ਸ਼ਮਸ਼ੇਰ ਸਿੰਘ ਦੂਲੋਂ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਹੀ ਸਰਕਾਰ ਨੂੰ ਕਰੜੇ ਹੱਥੀ ਲਿਆ ਸੀ ਅਤੇ ਕੈਪਟਨ ਨੂੰ ਜਿੰਮੇਵਾਰ ਠਹਿਰਉਦਿਆਂ ਇਸ ਮਾਮਲੇ ਦੀ ਸੀ.ਬੀ.ਆਈ ਤੋਂ ਜਾਂਚ ਕਰਵਾਉਣ ਲਈ ਰਾਜਪਾਲ ਤੋਂ ਮੰਗ ਜਾ ਕਰੀ ਸੀ ।ਇਹ ਗੱਲ ਇਥੇ ਹੀ ਬੱਸ ਨਹੀਂ ਹੋਈ ਸੂਬਾ ਸਰਕਾਰ ਨੇ ਪ੍ਰਤਾਪ ਬਾਜਵਾ ਦੀ ਰਾਜ ਸਰਕਾਰ ਦੁਆਰਾ ਦਿਤੀ ਸਕਿਊਰਟੀ ਵਾਪਸ ਲੈਕੇ ਬਲਦੀ ਤੇ ਤੇਲ ਪਾਉਣ ਦਾ ਕੰਮ ਦਾ ਕੀਤਾ ਤਾਂ ਬਾਜਵਾ ਸਿੱਧੇ ਤੌਰ ਤੇ ਕੈਪਟਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ ਅਤੇ ਉਹਨਾਂ ਸ਼ਮਸ਼ੇਰ ਸਿੰਘ ਦੂਲੋ ਨਾਲ ਆਉਦੇ ਮਹੀਨਿਆਂ ਵਿੱਚ ਪੰਜਾਬ ਦੀ ਨਬਜ਼ ਟੋਹਣ ਅਤੇ ਲੋਕਾਂ ਵਿੱਚ ਆਪਣਾ ਦਬਦਬਾ ਮੁੜ ਕਾਇਮ ਕਰਨ ਲਈ “ ਪੰਜਾਬ ਯਾਤਰਾ ” ਦਾ ਐਲਾਨ ਕਰ ਦਿੱਤਾ ਹੈ । ਹੁਣ ਕਾਗਰਸ ਦੇ ਦੋ ਗੁੱਟਾਂ ਦੇ ਤੌਰ ਤੇ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਹਨ ਅਤੇ ਦੂਜੇ ਪਾਸੇ ਮੌਜੂਦਾ ਰਾਜਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਅਤੇ ਪ੍ਰਤਾਪ ਬਾਜਵਾ ਹਨ । ਸਿਰਫ ਬਾਜਵਾ ਜਾਂ ਦੂਲੋ ਹੀ ਨਹੀਂ ਹੋਰ ਵੀ ਬਹੁਤ ਸਾਰੇ ਅਜਿਹੇ ਵਿਧਾਇਕ ਹਨ ਜੋ ਪਹਿਲਾਂ ਸਿਆਸੀ ਦਬਾਅ ਕਰਕੇ ਮੁਖ ਮੰਤਰੀ ਖਿਲਾਫ ਪਹਿਲਾਂ ਬੋਲਣੋ ਚੁਪ ਸਨ ਪਰ ਹੁਣ ਉਹਨਾਂ ਨੇ ਵੀ ਹਵਾ ਦੇ ਹਿਸਾਬ ਨਾਲ ਆਪਣੇ ਬਗਾਵਤੀ ਜਾਂ ਵਿਰੋਧੀ ਸੁਰ ਅਲਾਪਣੇ ਸ਼ੁਰੂ ਕਰ ਦਿੱਤੇ ਹਨ ।
ਗੱਲ ਸਿਰਫ ਪੰਜਾਬ ਦੀ ਹੀ ਨਹੀਂ ,ਜਦੋਂ ਕੇਂਦਰ ਵਿੱਚ ਭਾਜਪਾ ਸਰਕਾਰ ਹੈ ਤਾਂ ਵਿਰੋਧੀ ਪਾਰਟੀ ਦੇ ਤੌਰ ਤੇ ਕਾਂਗਰਸ ਦਾ ਦਾਇਰਾ ਹੌਲੀ-ਹੌਲੀ ਘਟਦਾ ਜਾ ਰਿਹਾ ਹੈ ।ਦਹਾਕਿਆਂ ਤੱਕ ਦੇਸ਼ ਤੇ ਸੱਤਾ ਸੁੱਖ ਮਾਨਣ ਵਾਲੀ ਕਾਂਗਰਸ ਪਾਰਟੀ ਕਿਸੇ ਵੇਲੇ ਦੇਸ਼ ਦੇ ਵੀਹ-ਪੱਚੀ ਸੂਬਿਆਂ ਤੇ ਰਾਜ ਕਰਦੀ ਸੀ ਪਰ ਅੱਜ ਦੋ ਤਿੰਨ ਸੂਬਿਆਂ ਵਿੱਚ ਹੀ ਆਪਣੀ ਸ਼ਾਖ ਬਚਾਉਣ ਲਈ ਉਸਨੂੰ ਸੰਘਰਸ਼ ਕਰਨਾ ਪੈ ਰਿਹਾ ਹੈ । ਜਿਸਦਾ ਮੁੱਖ ਕਾਰਣ ਅਨੁਸ਼ਾਸਨ ਤੇ ਸਿਸਟਮ ਦੀ ਕਮੀ ਹੈ ਪਾਰਟੀ ਹਾਈਕਮਾਡ ਪੁਰਾਣੇ ਦਿਗਜ਼ ਲੀਡਰਾਂ ਅੱਗੇ ਵੀ ਬੇਬਸ ਪ੍ਰਤੀਤ ਹੁੰਦੀ ਹੈ ।
ਪਿਛਲੇ ਸਾਲ ਤੱਕ ਕਾਂਗਰਸ ਦੇ ਪੰਜੇ ਵਿੱਚ ਤਿੰਨ ਸੂਬਿਆਂ ਦੀ ਸੱਤਾ ਕਾਇਮ ਸੀ ਪਰ ਆਪਣਿਆਂ ਹੱਥੋਂ ਬਗਾਵਤ ਕਰਕੇ ਮੱਧ ਪ੍ਰਦੇਸ਼ ਤਾਂ ਉਸਦੇ ਪੰਜੇ ਵਿੱਚੋ ਨਿੱਕਲ ਗਿਆ ਸੀ । ਪਰ ਮਗਰੋਂ ਸਚਿਨ ਪਾਇਲਟ ਦੀ ਨਰਾਜ਼ਗੀ ਕਰਕੇ ਰਾਜਸਥਾਨ ਦੀ ਸੱਤਾ ਵੀ ਹੱਥੋਂ ਜਾਂਦੀ ਜਾਂਦੀ ਬਚੀ ਹੈ । ਇਸ ਨਾਜੁਕ ਸਮੇਂ ਰਾਜਸਥਾਨ ਦੇ ਮੁਖ ਮੰਤਰੀ ਅਸ਼ੋਕ ਗਹਿਲੋਤ ਨੇ ਸੂਝਬੂਝ ਤੋਂ ਕੰਮ ਲੈਦਿਆਂ ਫਿਲਹਾਲ ਸਰਕਾਰ ਦੀ ਬੇੜੀ ਡੁਬਣੋ ਬਚਾ ਲਈ ਹੈ ।
ਰਾਜਸਥਾਨ ਦੀ ਬਗਾਵਤ ਦਾ ਸੇਕ ਹਾਲੇ ਠੰਡਾ ਵੀ ਨਹੀਂ ਹੋਇਆ ਸੀ ਕਿ ਹੁਣ ਇਹ ਚਿੰਗਾੜੀ ਪੰਜਾਬ ਦੀ ਸਿਆਸਤ ਵਿੱਚ ਵੀ ਆ ਪਈ ਹੈ । ਜੋ ਧੂੰਏ ਤੋਂ ਹੋਲੀ ਹੋਲੀ ਅੱਗ ਦਾ ਰੂਪ ਧਾਰਨ ਕਰ ਰਹੀ ਹੈ । ਹੁਣ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਹਾਈਕਮਾਂਡ ਪੰਜਾਬ ਕਾਂਗਰਸ ਨੂੰ ਦੋ ਫਾੜ ਹੋਣ ਤੋਂ ਕਿਵੇਂ ਬਚਾਏਗੀ । ਰਾਜਸਭਾ ਵਿੱਚ ਪਹਿਲਾਂ ਹੀ ਮੈਬਰਾਂ ਦੀ ਘਾਟ ਹੋਣ ਕਰਕੇ ਪਾਰਟੀ ਇਹ ਕਦੇ ਵੀ ਨਹੀਂ ਚਾਹੇਗੀ ਕਿ ਬਾਜਵਾ ਅਤੇ ਦੂਲੋ ਨੂੰ ਨਰਾਜ਼ ਕਰਕੇ ਦੋ ਹੋਰ ਮੈਬਰਾਂ ਦੀ ਗਿਣਤੀ ਘਟੇ । ਖੈਰ ਇਹ ਤਾਂ ਹਾਲੇ ਚੁਣਾਵੀ ਮੌਸਮ ਦੀ ਸ਼ੁਰੂਆਤ ਹੀ ਹੈ ਸਾਲਾਂ ਤੋਂ ਖੂਹਾਂ ਵਿੱਚ ਛੁਪੇ ਬਰਸਾਤੀ ਡੱਡੂ ਹੁਣ ਬਾਹਰ ਨਿਕਲਣਗੇ,ਇੱਕ ਅੱਧੀ ਨਵੀਂ ਪਾਰਟੀ ਸ਼ਾਇਦ ਇਸ ਵਾਰ ਵੀ ਬਣੇਗੀ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦਲਬਦਲੂਆਂ ਨੇ ਇੱਕ ਦੂਜੇ ਪਾਸੇ ਛਾਲਾਂ ਮਾਰਨੀਆਂ ਨੇ।
-
ਸੁਖਵਿੰਦਰ ਚਹਿਲ, ਲੇਖਕ
sukhwindersangat10@gmail.com
85590-86235
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.