ਬੰਦਾ ਤੁਰ ਜਾਂਦਾ ਏ। ਗੱਲਾਂ ਰਹਿ ਜਾਂਦੀਆਂ ਨੇ। ਕਦੇ ਵਕਤ ਸੀ ਕਿ ਸਮਾਣਾ ਪੰਜਾਬੀ ਸਟੇਜੀ ਕਵਿਤਾ ਦਾ ਮੁੱਖ ਕੇਂਦਰ ਸੀ। ਕਾਰਨ ਪਤਾ ਨਹੀਂ ਕੀ ਸੀ?
ਗੁਰਚਰਨ ਸਿੰਘ ਚਰਨ, ਹਰਦਿਆਲ ਸਿੰਘ ਬਾਗ਼ੀ ਤੇ ਮਹਿੰਦਰ ਸਿੰਘ ਦਰਦ ਵਰਗੇ ਸਮਰੱਥ ਕਵੀ ਬਿਨ ਕੋਈ ਕਵੀ ਦਰਬਾਰ ਨਾ ਹੁੰਦਾ। ਲੁਧਿਆਣਾ ਚ ਅਕਸਰ ਗਿਆਨੀ ਰਾਮ ਨਾਰਾਇਣ ਸਿੰਘ ਦਰਦੀ ਕਵੀ ਦਰਬਾਰਾਂ ਚ ਇਸ ਤਿੱਕੜੀ ਨੂੰ ਬੁਲਾਉਂਦੇ। ਸਭ ਦਾ ਅੰਦਾਜ਼ ਪ੍ਰਭਾਵਸ਼ਾਲੀ , ਪਰ ਆਪੋ ਆਪਣਾ ਸੀ।
ਬਾਗ਼ੀ ਜੀ ਵਿਅੰਗ ਲਿਖਦੇ ਸਨ। ਮਹਿੰਦਰ ਦਰਦ ਦਾ ਅੰਦਾਜ਼ ਗੀਤ ਵਾਲਾ ਸੀ ਤੇ ਚਰਨ ਜੀ ਸਿੱਖ ਇਤਿਹਾਸ ਦੀਆਂ ਤਰਬਾਂ ਛੇੜਦੇ ਨਿਵੇਕਲੀਆਂ।
ਮਗਰੋਂ ਪਤਾ ਲੱਗਾ ਕਿ ਉਹ ਸਾਡੇ ਸਮਕਾਲੀ ਸਮਰੱਥ ਸ਼ਾਇਰ ਕਵਿੰਦਰ ਚਾਂਦ ਦੇ ਪਿਤਾ ਜੀ ਸਨ। ਨਿਰੰਜਨ ਸਿੰਘ ਨਾਕਿਸ(ਨੂਰ) ਉਨ੍ਹਾਂ ਦੇ ਚਚੇਰੇ ਭਰਾ ਸਨ। ਸ਼ਾਇਰੀ ਚ ਵਿਸ਼ਵ ਪਛਾਣ ਦੇ ਅਧਿਕਾਰੀ। ਵਲਾਇਤ ਚ ਪੰਜਾਬੀ ਦੀ ਪਹਿਰੇਦਾਰੀ ਕਰਨ ਵਾਲੇ ਨਾਕਿਸ ਜੀ 1999 ਚ ਸਾਨੂੰ ਸਦੀਵੀ ਅਲਵਿਦਾ ਕਹਿ ਗਏ। ਮੇਰਾ ਸੁਭਾਗ ਹੈ ਕਿ ਮੈਂ ਉਨ੍ਹਾਂ ਨੂੰ ਪੰਜਾਬੀ ਭਵਨ ਲੁਧਿਆਣਾ ਚ ਡਾ: ਸ ਨ ਸੇਵਕ ਜੀ ਦੀ ਪ੍ਰੇਰਨਾ ਸਦਕਾ ਸਾਹਮਣੇ ਬੈਠ ਕੇ ਸੁਣਿਆ।
ਚਰਨ ਜੀ ਦੀ ਇੱਕ ਯਾਦਗਾਰੀ ਨਜ਼ਮ ਭੈਣ ਨਾਨਕੀ ਅੱਜ ਸਵੇਰੇ ਕਵਿੰਦਰ ਨੇ ਕੈਨੇਡਾ ਤੋਂ ਘੱਲੀ ਤਾਂ ਲਾਲਚ ਆ ਗਿਆ ਕਿ ਮੇਰੇ ਸੱਜਣ ਪਿਆਰੇ ਵੀ ਪੜ੍ਹਨ।
ਇਸ ਅੰਦਾਜ਼ ਦੀ ਸੁਲੱਖਣੀ ਕਵਿਤਾ ਕਦੇ ਕਦੇ ਹੀ ਲੱਭਦੀ ਹੈ। (ਗੁਰਭਜਨ ਗਿੱਲ)
ਕਵਿਤਾ ਨਾਲ ਸਾਂਝ ਪਾਉ।
ਬੇਬੇ ਨਾਨਕੀ
ਸ੍ਵ: ਚਰਨ ਸਿੰਘ ‘ਚਰਨ’
ਜੀਹਦੀ ਕੁੱਖ ਚੋਂ ਪ੍ਰਗਟਿਆ ਨੂਰ ਨਾਨਕ
ਉੱਚ ਮਰਤਬਾ ਤੇ ਉੱਚੀ ਥਾਂ ਤ੍ਰਿਪਤਾ।
ਜੀਹਨੇ ਜਗਤ ਜਲੰਦੇ ਨੂੰ ਠੰਡ ਬਖ਼ਸ਼ੀ
ਜੋ ਸੀ ਮਿਹਰ ਮੁਹੱਬਤ ਦੀ ਛਾਂ ਤ੍ਰਿਪਤਾ।
ਅੱਜ ਉਹ ਮੂਰਤ ਉਡੀਕਾਂ,ਉਦਾਸੀਆਂ ਦੀ
ਜੀਵੇ ਨਾਨਕ ਦਾ ਲੈ ਕੇ ਨਾਂ ਤ੍ਰਿਪਤਾ।
ਭਰੇ ਹੋਏ ਗਲੇਡੂ ਤੇ ਮੋਹ ਮਾਰੀ
ਧੀ ਨਾਨਕੀ ਨੂੰ ਪੁੱਛੇ ਮਾਂ ਤ੍ਰਿਪਤਾ।
ਧੀਏ ਦੱਸ ਕੋਈ ਕੰਨੀਂ ਪਈ ਕਿ ਨਹੀਂ
ਮੇਰੇ ਪੁੱਤ -ਪਰਦੇਸੀ ਦੀ ਸੋ ਕਿੱਧਰੇ?
ਮਹਿਕਾਂ ਵੰਡਦੇ ਉਸ ਚੰਦਨ ਬੂਟੜੇ ਦੀ,
ਕੋਈ ਪੌਣ ਲਿਆਈ ਖੁਸ਼ਬੋ ਕਿਧਰੇ।
ਕਿਧਰੇ ਹੈ ਕੋਈ ਰੇਖ ਵਿੱਚ ਮੇਖ ਵੱਜੀ
ਓਸ ਮਾਲਕ ਢੁਕਾਇਆ ਕੋਈ ਢੋ ਕਿਧਰੇ?
ਸਾਰਾ ਚਾਨਣ ਜ਼ਮਾਨੇ ਨੂੰ ਵੰਡ ਦਊ ਜਾਂ
ਮੇਰੀਆਂ ਅੱਖੀਆਂ ਲਈ ਬਚੂ ਲੋ ਕਿਧਰੇ?
ਜਿੱਦਾਂ ਕਦੇ ਪਹਾੜ ਨਹੀਂ ਝੁਕ ਸਕਦਾ
ਪਾਣੀ ਨਹੀਂ ਸਮੁੰਦਰ ਚੋਂ ਸੁੱਕ ਸਕਦਾ
ਏਦਾਂ ਤੱਤੀਆਂ ਮਾਂਵਾਂ ਦੀਆਂ ਆਂਦਰਾਂ ਚੋਂ
ਕਦੀ ਮੋਹ ਨਹੀਂ ਪੁੱਤਾਂ ਦਾ ਮੁੱਕ ਸਕਦਾ।
ਧੀਏ ਵੀਰ ਜਹਾਨ ਤੇ ਬੜੀ ਦੌਲਤ
ਵੱਡੀ ਭੈਣ ਸੀ ਉਹਨੂੰ ਸਮਝਾ ਲੈਂਦੀ।
ਕਿਹੜੀ ਚੀਜ਼ ਦੀ ਘਾਟ ਸੀ ਘਰ ਮੇਰੇ,
ਜਿੱਦਾਂ ਪਰਚਦਾ ਉਹਨੂੰ ਪਰਚਾ ਲੈਂਦੀ।
ਭੈਣਾਂ ਵੀਰਾਂ ਲਈ ਔਸੀਆਂ ਪਾ ਪਾ ਕੇ,
ਚੁੱਕ ਚੁੱਕ ਅੱਡੀਆਂ ਪੰਧ ਨਿਹਾਰਦੀਆਂ।
ਭੈਣਾਂ ਹੁੰਦੀਆਂ ਪੁਤਲੀਆਂ ਪਿਆਰ ਦੀਆਂ
ਵੀਰ ਹੁੰਦੇ ਨੇ ਸਾਂਝਾਂ ਸੰਸਾਰ ਦੀਆਂ।
ਆਖਰ ਨਾਨਕੀ ਨਾਨਕ ਦੀ ਗੱਲ ਛੇੜੀ
ਨੀਵਾਂ ਸਿਰ ਕਰਕੇ ਨਮਸਕਾਰ ਦੇ ਵਿੱਚ।
ਕਿਰੇ ਬਿਰਹੋਂ ਵੈਰਾਗ ਦੇ ਚਾਰ ਹੰਝੂ
ਕਿਸੇ ਪਿਆਰ ਦੇ ਵਿੱਚ ਸਤਿਕਾਰ ਦੇ ਵਿੱਚ।
ਉਹਦੀ ਰੂਹ ਮਜੀਠੀ ਏ ਰੰਗ ਰੰਗੀ,
ਬੱਝੀ ਕਿਸੇ ਰਬਾਬ ਦੀ ਤਾਰ ਦੇ ਵਿੱਚ।
ਸ਼ਰਧਾ,ਪ੍ਰੇਮ,ਇਖਲਾਕ,ਨਿਰਮਾਣ,ਭਗਤੀ
ਏਨੀ ਹੋਣੀ ਨਹੀਂ ਸਾਰੇ ਸੰਸਾਰ ਦੇ ਵਿੱਚ।
ਕਹਿੰਦੀ ਮਾਏ,ਮੈਨੂੰ ਸਭ ਕੁਝ ਪਤੈ ਐਪਰ,
ਮੈਂ ਸੀ ‘ਕੱਲੀ ਤੇ ਓਧਰ ਸੰਸਾਰ ਦੀ ਪੀੜ।
ਕਿੱਦਾਂ ਝੱਲਦਾ ਰੱਬੀ ਸੁਭਾਅ ਵਾਲਾ,
ਇੱਕ ਫੁੱਲ ਲਈ ਸਾਰੇ ਗੁਲਜ਼ਾਰ ਦੀ ਪੀੜ।
ਕਿਹੜੀ ਥਾਂ ਤੇ ਰਹਿਮਤਾਂ ਵਰ੍ਹਨੀਆਂ ਨੇ,
ਇਹ ਘਨਘੋਰ ਘਟਾਵਾਂ ਕਦ ਕੈਦ ਹੋਈਆਂ।
ਕੌਣ ਬੰਨਦੈ ਮਹਿਕ ਤੇ ਚਾਨਣੀ ਨੂੰ ,
ਮਾਏ ਕਦੇ ਹਵਾਵਾਂ ਨਹੀਂ ਕੈਦ ਹੋਈਆਂ।
ਕੋਈ ਪਲ ਲਾਡਿੱਕੜੇ ਵੀਰ ਬਾਝੋਂ’
ਮੇਰਾ ਦਿਲ ਜਾਣੇਂ ਸੁੰਨਾ ਰਿਹਾ ਏ ਕਦ?
ਤੂੰ ਇਹ ਪੁੱਛਦੀ ਹੈਂ ਨਾਨਕ ਆਏਗਾ ਕਦ
ਮੈਂ ਇਹ ਸੋਚਦੀ ਹਾਂ ਏਥੋਂ ਗਿਆ ਹੈ ਕਦ?
ਭਾਵੇਂ ਵੇਈਂ ਵੇਖਾਂ ਭਾਵੇਂ ਹੱਟ ਵੇਖਾਂ
ਹਰ ਥਾਂ ਉਹਦੀਆਂ ਰਹਿਮਤਾਂ ਵਰ੍ਹਦੀਆਂ ਨੇ
ਮੇਰਾ ਦਿਲ ਦਿਮਾਗ ਹੈ ਜੂਹ ਉਹਦੀ,
ਅੱਖਾਂ ਵਿੱਚ ਉਹਦੀਆਂ ਮੱਝਾਂ ਚਰਦੀਆਂ ਨੇ।
ਐਸੀ ਪ੍ਰੀਤ ਦੀ ਭੁੱਖ ਹੈ ਦੋਹੀਂ ਪਾਸੀਂ,
ਨਾ ਮੈਂ ਭੁੱਲਦੀ ਹਾਂ ਨਾ ਉਹ ਭੁੱਲਦਾ ਹੈ।
ਮੇਰੀ ਤੌਣ ਚੋਂ ਨਿੱਤ ਆਟਾ ਬੁੜ੍ਹਕਦਾ ਹੈ
ਰੋਜ਼ ਤਵੇ ਉੱਤੇ ਫੁਲਕਾ ਫੁੱਲਦਾ ਹੈ।
ਉਹ ਨਿਰੰਕਾਰੀਆ ਸਤਿਕਰਤਾਰੀਆ ਹੈ,
ਬੇਸ਼ਕ ਰੂਪ ਉਹ ਆਮ ਇਨਸਾਨ ਦਾ ਹੈ।
ਅਸੀਂ ਇੱਕ ਕੁੱਖੋਂ ਜਨਮ ਲਿਆ ਬੇਸ਼ਕ,
ਰਿਸ਼ਤਾ ਅਸਾਂ ਦਾ ਭਗਤ ਭਗਵਾਨ ਦਾ ਹੈ।
ਮੈਨੂੰ ਕਹਿ ਗਿਆ ਅੰਗ ਸੰਗ ਸਮਝੀਂ,
ਕੱਚਾ ਧਾਗਾ ਨਹੀਂ ਪੱਕੀ ਜ਼ੰਜੀਰ ਹੈ ਉਹ।
ਘਰ ਦੇ ਜੋਗੀ ਨੂੰ ਜੋਗੀੜਾ ਸਮਝਿਆ ਤੂੰ,
ਤੇਰਾ ਪੁੱਤ ਨਹੀਂ ਪੀਰਾਂ ਦਾ ਪੀਰ ਹੈ ਉਹ ।
‘ਚਰਨ’ ਨਾਨਕੀ ਦੀ ਕਥਾ ਕਹਿ ਰਹੀ ਹੈ,
ਹੈ ਸੀ ਸੂਝ ਸੋਝੀ ਵੱਖ ਨਾਨਕੀ ਦੀ।
ਜੀਹਨੇ ਨਾਨਕ ਦੇ ਹੋਣ ਦੀਦਾਰ ਕਰਨੇ,
ਉਹਨੂੰ ਚਾਹੀਦੀ ਹੈ ਅੱਖ ਨਾਨਕੀ ਦੀ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.