ਅੱਜ ਕੱਲ੍ਹ ਅਖ਼ਬਾਰਾਂ ਵਿਚ ਪੜ੍ਹਨ ਜਾਂ ਆਮ ਸੁਣਨ ਵਿਚ ਆਉਂਦਾ ਹੈ ਕਿ ਫਲਾਣਾ ਚੰਗਾ ਭਲਾ ਸੁੱਤਾ ਸੀ, ਸਵੇਰੇ ਉੱਠਿਆ ਹੀ ਨਹੀਂ, ਜਦੋਂ ਵੇਖਿਆ ਤਾਂ ਨਬਜ਼ ਬੰਦ ਹੋਈ ਪਈ ਸੀ। ਪਹਿਲੀ ਗੱਲ ਤਾਂ ਇਹ ਧਿਆਨ ਭਾਲਦੀ ਹੈ ਕਿ ਕੀ ਸੌਣ ਵੇਲੇ ਉਹ ਆਦਮੀ ਜਾਂ ਔਰਤ ਸੱਚਮੁੱਚ ਹੀ ਚੰਗਾ ਭਲਾ ਸੀ ? ਦੂਜਾ ਕੀ ਉਹ ਕਿਸੇੇ ਨਸ਼ੇ ਦਾ ਆਦੀ ਤਾਂ ਨਹੀਂ ਸੀ ? ਜਦੋਂ ਗੱਲਬਾਤ ਕਰਦੇ ਹਾਂ ਤਾਂ ਪਤਾ ਚਲਦਾ ਹੈ ਕਿ ਕੋਈ ਵੀ ਮਨੁੱਖ ਅਜਿਹਾ ਨਹੀਂ ਮਰਿਆ, ਜਿਹੜਾ ਚੰਗਾ ਭਲਾ ਸੁੱਤਾ ਹੋਵੇ ਤੇ ਉੱਠੇ ਹੀ ਨਾ। ਹਾਂ, ਕੋਈ ਬਹੁਤੀ ਵੱਡੀ ਉਮਰ 80 ਜਾਂ 90 ਸਾਲ ਦੀ ਉਮਰ ਤੋਂ ਉਪਰ ਤਾਂ ਇਹ ਘਟਨਾ ਵਾਪਰ ਸਕਦੀ ਹੈ ਪਰ ਜਵਾਨ ਉਮਰ ਵਿਚ ਨਹੀਂ।
ਸਾਡੇ ਸਮਾਜ ਵਿਚ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਦਿਲ ਦੀ ਤਕਲੀਫ਼ ਹੁੰਦੀ ਹੈ। ਕੁਝ ਕੁ ਤਾਂ ਮਜ਼ਬੂਰੀ-ਵੱਸ ਉਸਦਾ ਇਲਾਜ ਨਹੀਂ ਕਰਵਾ ਸਕਦੇ ਪਰ ਕਈ ਜਾਣ-ਬੁੱਝ ਕੇ ਹੀ ਅਣਜਾਣ ਬਣੇ ਰਹਿੰਦੇ ਹਨ। ਜੇ ਡਾਕਟਰ ਦੱਸਦਾ ਹੈ, ਉਸਦੇ ਆਖੇ ਨਹੀਂ ਲਗਦੇ, ਸਗੋਂ ਜੋ ਹੱਥ ਆਇਆ ਛਕੀ ਗਏ ਜਾਂ 'ਡਾਕਟਰ ਤਾਂ ਕਹਿੰਦੇ ਹੀ ਹੁੰਦੇ ਨੇ' ਵਰਗੀਆਂ ਗੱਲਾਂ ਅਜਿਹੀ ਸਥਿਤੀ ਨੂੰ ਜਨਮ ਦਿੰਦੀਆਂ ਹਨ।
ਜਦੋਂ ਹਾਰਟ ਅਟੈਕ ਹੁੰਦਾ ਹੈ ਤਾਂ ਛਾਤੀ ਦੇ ਵਿਚਾਲਿਉਂ ਤਿੱਖਾ ਦਰਦ ਉਠਦਾ ਹੈ। ਉਹ ਦਰਦ ਜੁਬਾੜ੍ਹੇ ਜਾਂ ਖੱਬੀ ਬਾਂਹ ਵਿਚ ਜਾਂਦਾ ਹੈ। ਨਾਲ ਨੂੰ ਖੰਘ ਛਿੜਦੀ ਹੈ, ਉਲਟੀ ਲੱਗਦੀ ਹੈ। ਹੋਰ ਬਹੁਤ ਸਾਰੇ ਲੱਛਣ ਅਜਿਹੇ ਹੁੰਦੇ ਹਨ, ਜਿਹੜੇ ਕਿਸੇ ਡਾਕਟਰ ਦੀ ਉਡੀਕ ਕਰਦੇ ਹਨ ਪਰ ਉਹ ਲੋਕ ਜੋ ਰਾਤ ਨੂੰ ਸੌਣ ਲੱਗੇ ਕਿਸੇ ਨਸ਼ੇ, ਬੇਸ਼ੱਕ ਉਹ ਨੀਂਦ ਵਾਲੀ ਗੋਲੀ ਜਾਂ ਦਰਦ ਰਹਿਤ ਦਵਾਈ ਦਾ ਸੇਵਨ ਕਰਦੇ ਹੋਣ, ਸ਼ਰਾਬ, ਭੁੱਕੀ, ਅਫ਼ੀਮ ਤਾਂ ਹੈ ਹੀ ਨਸ਼ਾ ਤਾਂ ਅਜਿਹੇ ਲੋਕਾਂ ਨੂੰ ਛਾਤੀ 'ਚ ਉੱਠਣ ਵਾਲਾ ਦਰਦ ਮਹਿਸੂਸ ਹੀ ਨਹੀਂ ਹੁੰਦਾ। ਕੁਦਰਤ ਨੇ ਸਾਡੀ ਸਰੀਰਕ ਪ੍ਰਣਾਲੀ ਅਜਿਹੀ ਘੜੀ ਹੈ ਕਿ ਮਨੁੱਖੀ ਸਰੀਰ ਵਿਚ ਪੈਦਾ ਹੋਈ ਥੋੜ੍ਹੀ ਜਿਹੀ ਹਲਚਲ ਹੀ ਫੱਟ ਆਪਣੇ ਲੱਛਣਾਂ ਰਾਹੀਂ ਮੁਖ਼ਾਤਿਬ ਹੁੰਦੀ ਹੈ। ਮਨੁੱਖੀ ਸਰੀਰ ਅੰਦਰ ਕਿਤੇ ਵੀ ਕੋਈ ਨੁਕਸ ਪੈ ਜਾਵੇ ਤਾਂ ਉਹ 'ਦਰਦ' ਰਾਹੀਂ ਮਨੁੱਖ ਨੂੰ ਜਗਾਉਂਦੀ ਹੈ ਪਰ ਜਿਹੜਾ ਦਾਰੂ ਦੀ ਬੋੋਤਲ ਪੀ ਕੇ ਜਾਂ ਨੀਂਦ ਦੀਆਂ ਗੋਲੀਆਂ ਖਾ ਕੇ ਸੁੱਤਾ ਪਿਆ ਹੁੰਦਾ ਹੈ, ਫਿਰ ਕੁਦਰਤ ਉਸ ਨੂੰ ਸਦਾ ਦੀ ਨੀਂਦ ਸੁਆ ਦਿੰਦੀ ਹੈ ਕਿਉਂਕਿ ਜਦੋਂ ਅਸੀਂ ਨਸ਼ਾ ਕਰ ਲੈਂਦੇ ਹਾਂ ਤਾਂ ਸਾਡੇ ਦਿਮਾਗ ਦਾ ਉਹ ਹਿੱਸਾ ਜਿਥੇ ਦਰਦ ਮਹਿਸੂਸ ਹੁੰਦਾ ਹੈ, ਉਹ ਸੁੰਨ ਹੋ ਜਾਂਦਾ ਹੈ। ਜਦੋਂ ਉਸ ਹਿੱਸੇ ਨੂੰ ਦਰਦ ਦਾ ਪਤਾ ਹੀ ਨਹੀਂ ਲੱਗਦਾ ਤਾਂ ਜਾਗ ਕਿਵੇਂ ਖੁੱਲ੍ਹੇ ? ਨਾਲੇ ਸੁੱਤਾ ਪਿਆ ਮਨੁੱਖ ਤਾਂ ਅੱਧਾ ਮਰਿਆ ਹੁੰਦਾ ਹੈ, ਜਿਵੇਂ ਕਿ ਅਸੀਂ ਆਮ ਹੀ ਕਹਿ ਦਿੰਦੇ ਹਾਂ।
ਅਜਿਹੀ ਘਟਨਾ ਕਈ ਵਾਰ ਉਥੇ ਵੀ ਵਾਪਰਦੀ ਹੈ, ਜਿਥੇ ਅਸੀਂ ਸੁਣਦੇ ਹਾਂ ਕਿ ਫਲਾਣਾ ਦਿਨੇ ਥੋੜ੍ਹੀ-ਥੋੜ੍ਹੀ ਤਕਲੀਫ਼ ਮਹਿਸੂਸ ਕਰਦਾ ਸੀ। ਗੈਸ ਤੇਜ਼ਾਬ ਵਾਲੀ ਗੋਲੀ ਲੈ ਕੇ ਇਕ ਵਾਰ ਟਿਕ ਗਿਆ, ਚਲੋ ਕੋਈ ਗੱਲ ਨਹੀਂ ਕਹਿ ਕੇ ਫਿਰ ਪੈ ਗਿਆ, ਜਦੋੋਂ ਦੇਖਿਆ ਤਾਂ ਮੁੜ ਕੇ ਉਠਿਆ ਹੀ ਨਹੀਂ। ਕਹਿਣ ਤੋਂ ਭਾਵ ਜੇਕਰ ਪੇਟ ਦੇ ਨਾਲ ਛਾਤੀ ਵਿਚ ਘੁਟਣ ਮਹਿਸੂਸ ਹੋਵੇ ਤਾਂ ਇਹ ਹਰਗਿਜ਼ ਨਹੀਂ ਮੰਨਿਆ ਜਾਂਦਾ ਕਿ ਇਹ ਹਾਰਟ ਅਟੈਕ ਹੋਵੇਗਾ ਪਰ ਜੇਕਰ ਅਜਿਹੀ ਸਥਿਤੀ ਪਹਿਲਾਂ ਕਦੇ ਨਹੀਂ ਕੋਈ ਜਾਂ ਤੁਹਾਡੇ ਪਰਿਵਾਰ ਵਿਚ ਹਾਰਟ ਅਟੈਕ ਦੀ ਬਿਮਾਰੀ ਹੈ, ਤੁਸੀਂ ਖ਼ੁਦ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਦੇ ਮਰੀਜ਼ ਹੋ ਤਾਂ ਬਜਾਏ ਕਿਸੇ ਨੀਮ-ਹਕੀਮ ਦੇ, ਕਿਸੇ ਡਾਕਟਰ ਕੋਲ ਪਹੁੰਚੋ ਕਿਉਂਕਿ ਕੁਦਰਤ ਨੇ ਤੁਹਾਨੂੰ ਜ਼ਿੰਦਗੀ ਜਿਉਣ ਦਾ ਇਕ ਮੌਕਾ ਬਖ਼ਸ਼ਿਆ ਹੈ। ਜੇਕਰ ਤੁਸੀਂ ਉਸ ਮੌਕੇ ਨੂੰ ਖੁੰਝਾ ਰਹੇ ਹੋ ਤਾਂ ਮੌਤ ਦੇ ਮੂੰਹ ਜਾ ਰਹੇ ਹੋ।
ਸੋ, ਅੰਤ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਚੰਗੇ ਭਲੇ ਕਿਸੇ ਨੂੰ ਮੌਤ ਨਹੀਂ ਆਉਂਦੀ। ਕੁੱਝ ਨਾ ਕੁੱਝ ਤਾਂ ਜ਼ਰੂਰ ਹੁੰਦਾ ਹੈ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ ਹੈ,
ਵਿੱਚੋ-ਵਿੱਚੀ ਬਹੁਤ ਚਿਰ ਦਾ ਢਹਿ ਰਿਹਾ ਸੀ ਉਹ ਮਕਾਨ
ਲੋਕ ਕਹਿੰਦੇ ਨੇ ਕਿ ਹੁਣ ਉਹ ਬਾਰਿਸ਼ਾਂ ਵਿਚ ਢਹਿ ਗਿਆ
-
ਡਾ ਅਮਨਦੀਪ ਸਿੰਘ ਟੱਲੇਵਾਲੀਆ, ਹੋਮਿਓਪੈਥਿਕ ਡਾਕਟਰ, ਬਰਨਾਲਾ
tallewalia@gmail.com
+91-98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.