ਹਰਪ ਹੰਜਰ੍ਹਾ
...ਹਵਾਲਾਤ ਕੈਦ ਸੀ ਜੋ ਨਜ਼ਮਾਂ
ਕਰ ਗਈਆਂ ਪੂਰੀਆਂ ਸਜ਼ਾਵਾਂ...
ਸੋਨੇ ਦੀਆਂ ਜੁੱਤੀਆਂ ਪਾਉਣ ਵਾਲੇ ਕਦੇ ਭੱਜ ਕੇ ਮਾਰੂਥਲ ਪਾਰ ਨਹੀਂ ਕਰ ਸਕਦੇ। ਜੇ ਸਰਮਾਏ ਦੇ ਜ਼ੋਰ ਨਾਲ ਕਰ ਵੀ ਲੈਣ ਤਾਂ ਇਹ ਉਨ੍ਹਾਂ ਦੀ ਪਹਿਲੀ ਅਤੇ ਅਖੀਰਲੀ ਦੌੜ ਹੋਵੇਗੀ। ਪਰ ਜੋ ਲੋਕ ਗ਼ੁਰਬਤ ਦੀ ਜ਼ਿੰਦਗੀ ਦੇ ਸਾਰੇ ਅੜਿੱਕਿਆਂ ਨੂੰ ਲੰਘ ਕੇ ਸਹਿਰਾ ਨੂੰ ਆਪਣੀ ਮੰਜ਼ਿਲ ਬਣਾ ਕੇ ਤੁਰਦੇ ਹਨ, ਉਨ੍ਹਾਂ ਲਈ ਸੂਰਜ ਦੀ ਤਪਸ਼ ਵੀ ਨਿੱਘ 'ਚ ਬਦਲ ਜਾਂਦੀ ਹੈ।
ਕੁਝ ਇਹੋ-ਜਿਹੀ ਵਿਧਾ ਬਣਦੀ ਦਿਸ ਰਹੀ ਹੈ ਪੋਹ ਦੀ ਕੋਸੀ ਕੋਸੀ ਧੁੱਪ ਵਰਗੇ ਮਾਸੂਮ ਜਿਹੇ ਮਾਂ ਦੇ ਪ੍ਰੀਤ, ਨਾਨਕਿਆਂ ਦੇ ਹੈਪਨ, ਦੋਸਤਾਂ ਦੇ ਬਿੱਲੇ ਅਤੇ 'ਸੌਂਹ' ਗੀਤ ਨਾਲ ਚਰਚਾ 'ਚ ਆਏ ਨੌਜਵਾਨ ਹਰਪ ਹੰਜਰ੍ਹਾ ਦੀ। ਗ਼ੁਰਬਤ ਦੇ ਢੇਰ 'ਚ ਰੁਲੀ ਪਈ ਕੁਦਰਤੀ ਗੁਣਾਂ ਦੀ ਗੁਥਲੀ ਹੈ ਹਰਪ। ਹਾਲੇ ਚੌਦਾਂ ਅਗਸਤ 2020 ਨੂੰ ਚੌਵ੍ਹੀਵਾਂ ਸੂਰਜ ਚੜ੍ਹਿਆ ਉਹਦੀ ਜ਼ਿੰਦਗੀ ਦਾ। ਉਸ ਦੇ ਮੂੰਹੋਂ ਉਸ ਦੀ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਸੁਣ ਪਿੰਡੇ 'ਤੇ ਲੂੰ-ਕੰਢੇ ਖੜ੍ਹੇ ਹੋ ਗਏ ਤੇ ਨੈਣਾਂ ਦੇ ਖੂਹਾਂ ਵਿਚ ਡੱਕਿਆ ਪਾਣੀ ਕਦੋਂ ਆਪ-ਮੁਹਾਰਾ ਵਹਿ ਤੁਰਿਆ, ਪਤਾ ਹੀ ਨਾ ਲੱਗਾ।
ਪਟਿਆਲੇ ਜ਼ਿਲ੍ਹੇ ਦੇ ਪਿੰਡ ਨਕਟਾ ਦੇ ਰਹਿਣ ਵਾਲੇ ਅਤੇ ਸ਼ੂਗਰ ਮਿੱਲ 'ਚ ਕੰਮ ਕਰਨ ਵਾਲੇ, ਇਕ ਕਿਲ੍ਹਾ ਜ਼ਮੀਨ ਦੇ ਮਾਲਕ ਗ਼ਰੀਬ ਕਿਰਸਾਨ, ਸੁਰਿੰਦਰ ਸਿੰਘ ਹੰਜਰਾ ਅਤੇ ਗੁਰਜੀਤ ਕੌਰ ਦੇ ਘਰ ਪੈਦਾ ਹੋਣ ਵਾਲੇ ਇਕਲੌਤੇ ਪੁੱਤਰ ਹਰਪ੍ਰੀਤ ਨੂੰ ਜੰਮਦਿਆਂ ਹੀ ਜ਼ਿੰਦਗੀ ਨੇ ਜਨੂੰਨ ਦੀ ਗੁੜ੍ਹਤੀ ਤਾਂ ਦਿੱਤੀ ਪਰ ਬਹੁਤ ਜਲਦ ਉਮਰ ਤੋਂ ਪਹਿਲਾਂ ਹੀ ਗ਼ਰੀਬੀ ਵਰਗੇ ਸਰਾਪ ਦੇ ਅਸਲ ਅਰਥ ਸਮਝਾਉਣੇ ਆਰੰਭ ਦਿੱਤੇ ਸਨ। ਸ਼ੂਗਰ ਮਿੱਲ ਦੀ ਮਿਠਾਸ ਵੀ ਗ਼ਰੀਬੀ ਦੀ ਜ਼ਹਿਰ ਨੂੰ ਘੱਟ ਨਾ ਕਰ ਸਕੀ ਅਤੇ ਮਾਂ ਵੱਲੋਂ ਚੱਕੀ ਤੇ ਆਟਾ ਪੀਹ ਕੇ ਕੀਤੀ ਮਿਹਨਤ ਵੀ ਪਰਿਵਾਰ ਨੂੰ ਗ਼ੁਰਬਤ ਚੋਂ ਨਾ ਕੱਢ ਸਕੀ ਉਲਟਾ ਪਰਵਾਰ ਦੀ ਹਾਲਤ ਦਿਨੋਂ-ਦਿਨ ਵਿਗੜਦੀ ਗਈ। ਪਰ ਪਿਤਾ ਦੇ ਪਿਆਰ ਅਤੇ ਮਾਂ ਦੀ ਮਮਤਾ ਦੇ ਕਵਚ ਨੇ ਹਮੇਸ਼ਾ ਪੰਜਾਬ ਦੇ ਅਤਿ ਵਿਗੜੇ ਮਾਹੌਲ ਤੋਂ ਹਰਪ ਨੂੰ ਬਚਾਈ ਰੱਖਿਆ।
ਕੁਦਰਤੀ ਕਲਾ/ਗੁਣਾਂ ਦੀ ਸੌਗਾਤ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ। ਹਰਪ ਨੂੰ ਭਾਵੇਂ ਕੁਦਰਤ ਨੇ ਖੁੱਲ੍ਹਾ ਜੁੱਸਾ ਨਹੀਂ ਦਿੱਤਾ ਪਰ ਕੁਦਰਤੀ ਖਿਡਾਰੀਆਂ ਵਾਲਾ ਸਾਰਾ ਢਾਂਚਾ ਦੇ ਕੇ ਤੋਰਿਆ। ਸੁਰਤ ਸੰਭਾਲੀ ਤਾਂ ਜਨੂੰਨ ਦਾ ਬੀਜ ਫੁੱਟਣਾ ਸ਼ੁਰੂ ਹੋਇਆ ਤੇ ਖੇਡਾਂ ਵੱਲ ਹੋ ਤੁਰਿਆ। ਸਕੂਲ ਦੌਰਾਨ ਗਿਆਰਾਂ ਅਤੇ ਚੌਦਾਂ ਸਾਲ ਦੇ ਵਰਗ ਵਿਚ ਖੋ-ਖੋ 'ਚ ਰਾਜ ਪੱਧਰ 'ਤੇ ਜਿੱਤਣਾ ਕੋਈ ਛੋਟੀ ਗੱਲ ਨਹੀਂ ਸੀ। ਜਿਵੇਂ-ਜਿਵੇਂ ਵੱਡਾ ਹੁੰਦਾ ਗਿਆ ਮਹਿੰਗੀ ਖੇਡ ਕ੍ਰਿਕੇਟ 'ਚ ਵੀ ਹੱਥ ਅਜ਼ਮਾਉਣ ਲੱਗ ਪਿਆ। ਵੱਡੇ-ਵੱਡੇ ਖਿਡਾਰੀਆਂ ਨਾਲ ਖੇਡਣ ਦੇ ਇਸ ਦੇ ਜਨੂੰਨ ਨੂੰ ਦੇਖਦਿਆਂ ਛੋਟੇ-ਛੋਟੇ ਖੰਭਾਂ ਨੂੰ ਲੰਬੀਆਂ ਪਰਵਾਜ਼ਾਂ ਦੀ ਤਿਆਰੀ ਲਈ ਪਟਿਆਲਾ ਸ਼ਹਿਰ ਦੇ ਸਰਕਾਰੀ ਮਲਟੀ-ਪਰਪਜ਼ ਸੀਨੀਅਰ ਸੈਕੰਡਰੀ ਸਕੂਲ ਵਿਚ ਭੇਜ ਦਿੱਤਾ। ਕੁਲਦੀਪ ਸਿੰਘ ਜੋ ਕਿ ਦੀਪ ਭਾਜੀ ਦੇ ਨਾਂ ਨਾਲੇ ਜਾਣੇ ਜਾਂਦੇ ਸਨ ਨੇ ਕੋਚ ਦੇ ਤੌਰ ਤੇ ਪਹਿਲੀ ਵਾਰ ਹਰਪ ਦੀ ਬਾਂਹ ਫੜੀ। ਘਰ ਦਾ ਹਰ ਜੀਅ ਸਖ਼ਤ ਪ੍ਰੀਖਿਆ ਵਿਚੋਂ ਗੁਜ਼ਰ ਰਿਹਾ ਸੀ। ਜਨੂੰਨੀ ਹਰਪ੍ਰੀਤ ਹੋਸਟਲ ਰਹਿੰਦਾ ਕਈ ਕਈ ਦਿਨ ਢਿੱਡੋਂ ਭੁੱਖਾ ਰਹਿ ਕੇ ਦੇਸ਼ ਲਈ ਖੇਡਣ ਦੇ ਸੁਪਨੇ ਲੈ ਰਿਹਾ ਸੀ। ਆਖ਼ਿਰ ਸੁਪਨਿਆਂ ਦੇ ਕ੍ਰਿਕੇਟ ਸਟੇਡੀਅਮ ਦੀ ਚੌਖਟ 'ਤੇ ਕਦਮ ਧਰਿਆ ਤਾਂ ਬਹੁਤੀਆਂ ਦੀਆਂ ਅੱਖਾਂ ਚ ਰੜਕਣਾ ਸ਼ੁਰੂ ਹੋ ਗਿਆ।
ਪਹਿਲੀ ਵਾਰ ਹਰਪ ਦੇ ਮੂੰਹੋਂ ਸੁਣਿਆ ਕੌੜਾ ਸੱਚ ਦੇਸ਼ ਅੰਦਰ ਖਿਡਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਪ੍ਰਸ਼ਨਾਂ ਦੇ ਘੇਰੇ ਵਿਚ ਖੜ੍ਹਾ ਕਰ ਗਿਆ। ਇਕ ਖਿਡਾਰੀ ਨੂੰ ਆਮ ਨਾਲੋਂ ਜ਼ਿਆਦਾ ਖ਼ੁਰਾਕ ਤਾਂ ਮਿਲਣੀ ਕੀ ਸੀ, ਉਲਟਾ ਉਹ ਤਿੰਨ ਸੌ ਰੁਪਿਆ ਬਚਾਉਣ ਲਈ ਮਹੀਨੇ ਦੇ ਤੀਹ ਦਿਨਾਂ ਚੋਂ ਦਸ ਦਿਨ ਭੁੱਖਾ ਰਹਿ ਲੈਂਦਾ ਸੀ। ਭੁੱਖੇ ਢਿੱਡ ਰਹਿ ਕੇ ਇਕ ਖਿਡਾਰੀ ਵਜੋਂ ਰਾਜ ਪੱਧਰ ਦੀ ਸਰੀਰਕ ਸਮਰੱਥਾ ਬਣਾਉਣੀ ਤੇ ਕਾਇਮ ਰੱਖਣੀ ਉਸ ਲਈ ਸਭ ਤੋਂ ਵੱਡੀ ਚੁਨੌਤੀ ਸੀ। ਉਸ ਨੂੰ ਖੇਡ ਦੇ ਮੈਦਾਨ 'ਤੇ ਚੰਗਾ ਖੇਡਣ ਲਈ ਜੇ ਕੋਈ ਚੀਜ਼ ਅੜਿੱਕੇ ਲਾਉਂਦੀ ਸੀ ਤਾਂ ਉਹ ਬਿਨਾਂ ਖ਼ੁਰਾਕ ਦੇ ਆਈ ਸਰੀਰਕ ਕਮਜ਼ੋਰੀ ਸੀ। ਉਸ ਦੀ ਖੇਡ ਦੇਖ ਕੇ ਹਰਭਜਨ ਸਿੰਘ ਅਤੇ ਯੁਵਰਾਜ ਨੇ ਵੀ ਰਾਜ ਪੱਧਰ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਇਸ ਮੁੰਡੇ ਨੂੰ ਸੰਭਾਲ ਕੇ ਰੱਖੋ। ਉਹ ਇਕ ਚੁਸਤ ਵਿਕਟ ਕੀਪਰ ਦੇ ਨਾਲ ਨਾਲ ਇਕ ਬਹੁਤ ਵਧੀਆ ਬੱਲੇਬਾਜ਼ ਸੀ। ਉਸ ਦੇ ਸਿਦਕ ਨੂੰ ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜਦਾਨ, ਭੁਪਿੰਦਰ ਭੁੱਪੀ (ਐੱਨ.ਆਈ.ਐੱਸ.), ਮੁਨੀਸ਼ ਬਾਲੀ(ਐੱਨ.ਸੀ.ਏ.)ਅਤੇ ਦਰੋਣਾਚਾਰੀਆ ਐਵਾਰਡੀ ਗੁਰਚਰਨ ਸਿੰਘ ਵਰਗੀਆਂ ਨੇ ਪਛਾਣਿਆ। ਇਹਨਾਂ ਨੇਕਦਿਲ ਅਤੇ ਮਿਹਨਤ, ਲਗਨ ਦੀ ਇੱਜ਼ਤ ਕਰਨ ਵਾਲਿਆਂ ਵੱਲੋਂ ਮਿਲੇ ਹੌਸਲੇ ਨੇ ਛੋਟੇ-ਛੋਟੇ ਖੰਭਾਂ ਨੂੰ ਲੰਮੀ ਪਰਵਾਜ਼ ਲਈ ਤਿਆਰ ਕਰ ਦਿੱਤਾ। ਪਰ ਇਸ ਸਫ਼ਰ ਵਿਚ ਪਿੱਛੇ ਧੱਕਣ ਵਾਲੇ ਜ਼ਿਆਦਾ ਆਏ। ਅਕਸਰ ਵੱਡੇ ਮੁਕਾਬਲਿਆਂ ਤੋਂ ਪਹਿਲਾਂ ਉਸ ਦਾ ਸਰੀਰ ਜਵਾਬ ਦੇ ਜਾਂਦਾ। ਕਦੇ ਟਾਈਫ਼ਾਈਡ ਹੋ ਜਾਂਦਾ ਕਦੀ ਕੁਝ ਹੋਰ, ਪਰ ਉਸ ਦੇ ਜਨੂੰਨ ਮੂਹਰੇ ਸਭ ਫਿੱਕੇ ਪੈ ਜਾਂਦੇ।
ਕੁਦਰਤ ਆਪਣੀ ਖੇਡ ਖੇਡ ਰਹੀ ਸੀ, ਅੰਤਰਰਾਸ਼ਟਰੀ ਖੇਡ ਮੈਦਾਨ 'ਚ ਚਮਕਣ ਤੋਂ ਪਹਿਲਾਂ ਹੀ ਉਸ ਦੇ ਸਿਤਾਰੇ ਉਦੋਂ ਡੁੱਬ ਗਏ ਜਦੋਂ ਮੁਹਾਲੀ 'ਚ ਹੋਣ ਵਾਲੇ ਇਕ ਮੈਚ ਤੋਂ ਪਹਿਲਾਂ ਹਰਪ ਇਕ ਗੇਂਦ ਨੂੰ ਰੋਕਣ ਦੇ ਚੱਕਰ 'ਚ ਆਪਣਾ ਪੈਰ ਤੁੜਵਾ ਬੈਠਾ। ਹਰਪ ਨੂੰ ਜਾਣਨ ਵਾਲੇ ਦੱਸਦੇ ਹਨ ਕਿ ਉਸ ਦੇ ਜਨੂੰਨ ਮੂਹਰੇ ਉਸ ਦਾ ਸਰੀਰ ਜਵਾਬ ਦੇ ਗਿਆ।
ਲੁਕਾਈ ਭਾਣੇ ਇਹ ਉਸ ਦੀ ਨਹੀਂ ਬਲਕਿ ਹਰ ਉਸ ਬੰਦੇ ਦੀ ਹਾਰ ਸੀ ਜੋ ਰੋਜ਼ ਸਵੇਰੇ ਉੱਠ ਕੇ ਪ੍ਰਮਾਤਮਾ ਦਾ ਨਾਲ ਲੈਂਦਾ, ਪਾਠ ਕਰਦਾ 'ਸਭਿ ਮਹਿ ਜੋਤਿ ਜੋਤਿ ਹੈ ਸੋਇ' ਉਚਾਰਦਾ। ਪਰਮ ਸ਼ਕਤੀ ਨੂੰ ਮੰਨਦਾ। ਪਰ ਇਨਸਾਨ ਤਾਂ ਇਕ ਇਨਸਾਨ ਹੈ ਉਸ ਦੀ ਸੋਚ ਸੀਮਤ ਹੈ। ਉਹ ਕਿੱਥੇ ਜਾਣਦਾ ਹੈ ਕਿ ਅਕਾਲ ਪੁਰਖ ਨੇ ਭਵਿੱਖ ਦੇ ਗਰਭ ਵਿਚ ਉਸ ਲਈ ਕੀ-ਕੀ ਸਾਂਝ ਰੱਖਿਆ ਹੈ। ਕਿਉਂਕਿ ਰੱਬ ਦੀਆਂ ਰਹਿਮਤਾਂ ਅਦਿੱਖ ਹੁੰਦੀਆਂ ਹਨ ਤੇ ਉਹ ਕਦੇ ਕਿਸੇ ਦੇ ਮੋਢੇ 'ਤੇ ਹੱਥ ਰੱਖ ਇਹ ਨਹੀਂ ਆਖਦਾ- "ਕੋਈ ਨਾ ਤੂੰ ਫ਼ਿਕਰ ਨਾ ਕਰ , ਮੈਂ ਤੇਰੇ ਨਾਲ ਆ।"
ਆਖ਼ਿਰ ਇਕ ਦਰਵਾਜ਼ਾ ਬੰਦ ਹੋਣ 'ਤੇ ਜਨੂੰਨੀ ਲੋਕ ਟਿੱਕ ਕੇ ਕਿੱਥੇ ਬਹਿੰਦੇ ਹੁੰਦੇ ਹਨ। ਉਸ ਦਾ ਬਚਪਨ ਤੋਂ ਦੂਜਾ ਜਨੂੰਨ ਗਾਉਣਾ ਸੀ। ਸ਼ੂਗਰ ਮਿੱਲ ਦੀ ਨੌਕਰੀ ਚਲੀ ਜਾਣ ਪਿੱਛੋਂ ਪਿਤਾ ਗੁਰੂਘਰ 'ਚ ਸੇਵਾ ਨਿਭਾਉਣ ਲੱਗ ਪਏ। ਹਰਪ ਨੇ ਜਦੋਂ ਇਸ ਗਾਇਕੀ ਦੇ ਬੀਜਾਂ ਨੂੰ ਪਿਆਰ ਤੇ ਮਿਹਨਤ ਨਾਲ ਸਿੰਜਣ ਦੀ ਜ਼ਿੱਦ ਕੀਤੀ ਕਿ ਮੈਂ ਵੀ ਵਾਜਾ ਵਜਾਉਣਾ ਸਿੱਖਣਾ ਹੈ ਤਾਂ ਉੱਥੇ ਵੀ ਗ਼ਰੀਬੀ ਆੜੇ ਆ ਗਈ। ਸਿਖਾਉਣ ਵਾਲਾ ਮੁਨਕਰ ਹੋ ਗਿਆ। ਹਰਪ ਦੱਸਦਾ ਹੈ ਕਿ ਉਹ ਫੇਰ ਆਪ ਹੀ ਵਾਜੇ ਨਾਲ ਅਠਖੇਲੀਆਂ ਕਰਨ ਲੱਗ ਪਿਆ ਤੇ ਇਕ ਦਿਨ ਲੋੜ ਮੁਤਾਬਿਕ ਵਜਾਉਣਾ ਸਿੱਖ ਗਿਆ। ਕੁਝ ਕੁ ਸਮੇਂ 'ਚ ਗੀਤਾਂ ਦੇ ਬੀਜ ਪੁੰਗਰਨੇ ਆਰੰਭ ਹੋ ਗਏ। ਗੀਤਕਾਰੀ ਦੇ ਨਾਜ਼ੁਕ ਬੂਟਿਆਂ ਨੂੰ ਸ਼ਬਦਾਂ ਦਾ ਜਾਮਾ ਪਹਿਨਾ ਤਿਆਰ ਕਰਦਾ ਤੇ ਤੁਰ ਪੈਂਦਾ ਨਵੇਂ ਸਫ਼ਰ ਤੇ। ਜਿੱਥੇ ਜਾਂਦਾ ਅਗਲਾ ਗਾਣੇ ਸੁਣਦਾ, ਕਾਪੀ ਰੱਖ ਲੈਂਦਾ ਤੇ ਕਹਿ ਦਿੰਦਾ ਬਈ, ਪੈਸੇ ਲੈ ਆਵੀਂ ਕਰਾ ਦੇਵਾਂਗੇ ਤੇਰੇ ਗੀਤ। ਦੁਨੀਆਦਾਰੀ ਦੀ ਪੜ੍ਹਾਈ ਦਾ ਹਰ ਰੋਜ਼ ਨਵਾਂ ਸਬਕ ਸਿੱਖ ਘਰ ਪਰਤਦਾ।
ਤਬਦੀਲੀ ਕੁਦਰਤ ਦਾ ਅਟੱਲ ਨਿਯਮ ਹੈ। ਆਖ਼ਿਰ ਕੁਦਰਤ ਨੇ ਉਹ ਖੇਡ ਖੇਡੀ, ਵੱਡੇ-ਵੱਡੇ ਗ੍ਰਹਿਆਂ ਤੇ ਜਾਣ ਦੇ ਦਾਅਵੇ ਕਰਨ ਵਾਲੇ ਪਲਾਂ ਵਿਚ ਹੀ ਚਾਰ ਦੀਵਾਰੀ 'ਚ ਡੱਕ ਦਿੱਤੇ। ਡਰ ਅਤੇ ਸੁੰਨਸਾਨ ਪਸਰ ਗਈ ਹਰ ਤਰਫ਼। ਦਿਲੋਂ ਆਵਾਜ਼ ਆਈ :-
" ਹਰਪ੍ਰੀਤ, ਇਹ ਲਾੱਕ ਡਾਊਨ ਤੇਰੇ ਲਈ ਬਣਿਆ।"
ਬਾਹਰੀ ਸਫ਼ਰ ਰੁਕ ਜਾਣ 'ਤੇ ਸ਼ੁਰੂ ਹੋਇਆ ਆਪਣੇ ਆਪ ਨੂੰ ਕੁਦਰਤ ਦੇ ਹਵਾਲੇ ਕਰ ਆਤਮ-ਚਿੰਤਨ ਦਾ ਸਫ਼ਰ, ਅੰਦਰ ਦੀ ਯਾਤਰਾ। ਅੰਦਰੂਨੀ ਸਫ਼ਰ ਦੌਰਾਨ ਜੋ ਕੁਝ ਸ਼ਬਦਾਂ ਰੂਪੀ ਮੋਤੀ ਚੁਣ ਕੇ ਪੰਨਿਆਂ 'ਤੇ ਉੱਕਰੇ ਉਹ ਸਨ:-
ਮੈਂ ਬੰਦ ਦਰਵਾਜ਼ਿਆਂ 'ਚੋਂ ਗੁਨਾਹਗਾਰ ਰੂਹ ਬੋਲਦੀ,
ਤੇਰੇ ਬੇ ਜ਼ੁਬਾਨਾਂ ਨੂੰ ਜੋ ਸੀ ਤੱਕੜੀ 'ਚ ਤੋਲਦੀ।
ਬੰਦ ਕੀਤੇ ਧੰਦੇ ਮੇਰੇ, ਜੋ ਵੀ ਚੰਗੇ ਮੰਦੇ ਮੇਰੇ
ਮਾਣ ਦੇ ਨੇ ਪੰਛੀ ਹਵਾ, ਸਮੇਂ ਆਲ਼ੇ ਦੌਰ ਦੀ
ਝੂਠੀਆਂ ਜੋ ਦੌਲਤਾਂ ਦੇ ਨਿੱਘ ਵਿਚ ਸੁੱਤਿਆਂ ਦੀ
ਇਕ ਦਮ ਕੁੰਡੀ ਖੜਕਾਈ,
ਤੇਰੀ ਰਜ਼ਾ ਪਾਤਸ਼ਾਹ ਮੈਨੂੰ ਬੜੀ ਰਾਸ ਆਈ।
ਆਤਮ-ਚਿੰਤਨ ਜਾਰੀ ਸੀ। ਸੋ ਕੁਦਰਤ ਨੇ ਉਂਗਲਾਂ ਦੇ ਪੋਟਿਆਂ 'ਚ ਹਲਚਲ ਕੀਤੀ 'ਤੇ ਫ਼ੋਨ ਦੀ ਸਕਰੀਨ 'ਤੇ ਜੋ ਪਵਿੱਤਰ ਸ਼ਬਦ ਲਿਖਿਆ ਗਿਆ, ਉਹ ਸੀ 'ਪ੍ਰੋਫ਼ੈਸਰ'।'ਤੇ ਜਿਸ ਪਾਕ ਰੂਹ ਦੇ ਬੋਲਾਂ ਨੇ ਕੰਨਾਂ ਵਿਚ ਅੰਮ੍ਰਿਤ ਘੋਲਿਆ ਤੇ ਵਕਤ ਰੁਕ ਗਿਆ ਜਾਪਿਆ, ਉਹ ਇਕ ਦਰਵੇਸ਼ ਰੂਪੀ, ਚਿੱਟੀ ਸਫ਼ੇਦ ਭਰਵੀਂ ਦਾੜ੍ਹੀ, ਸਕੂਨ ਨਾਲ ਦਮਕਦੇ ਚਿਹਰੇ 'ਤੇ ਮਿੱਠੀ ਜਿਹੀ ਮੁਸਕਾਨ, ਸ਼ਾਂਤ, ਵਿਸ਼ਾਲ, ਗਹਿਰ ਗੰਭੀਰ ਸਾਗਰ ਪ੍ਰੋ: ਹਰਪਾਲ ਸਿੰਘ ਪੰਨੂ ਜੀ। ਜੋ 'ਪੇਂਡੂ ਆਸਟ੍ਰੇਲੀਆ' ਨਾਂ ਦੇ ਚੈਨਲ ਤੇ ਆਪਣੀ ਜ਼ਿੰਦਗੀ ਵਿਚ ਲਿਖਣ ਨਾਲੋਂ ਸੁਣਨ ਨੂੰ ਮਹੱਤਤਾ ਦੇਣ ਦੀਆਂ ਗਿਆਨ ਭਰਪੂਰ ਗੱਲਾਂ ਦੱਸ ਰਹੇ ਸਨ। ਬੱਸ ਉਸ ਤੋਂ ਬਾਅਦ ਹਰਪ ਕਹਿੰਦਾ, "ਮੈਂ ਅਗਲੇ ਕੁਝ ਕੁ ਦਿਨਾਂ ਵਿਚ ਪੇਂਡੂ ਆਸਟ੍ਰੇਲੀਆ ਦਾ ਸਾਰਾ ਚੈਨਲ ਦੇਖ ਕੇ ਸਾਹ ਲਿਆ। ਮੈਨੂੰ ਲੱਗਿਆ ਕਿ ਇਨ੍ਹਾਂ ਨੂੰ ਸੰਪਰਕ ਕਰਨਾ ਚਾਹੀਦਾ ਹੈ। ਇਹ ਜ਼ਰੂਰ ਮਦਦ ਕਰਨਗੇ।ਆਖ਼ਿਰ ਅਨੇਕਾਂ ਜ਼ਿੰਦਗੀਆਂ ਨੂੰ ਸਫਲਤਾ ਦੀਆਂ ਮੰਜ਼ਿਲਾਂ ਦੇ ਸਿਰਨਾਵੇਂ ਦੇਣ ਵਾਲੇ ਪਿਆਰੇ ਮਿੰਟੂ ਬਰਾੜ ਜੀ ਦਾ ਨੰਬਰ ਮਿਲਿਆ, ਉਨ੍ਹਾਂ ਨੂੰ ਅਤੇ ਪ੍ਰੋ: ਪੰਨੂ ਜੀ ਨੂੰ ਆਪਣੀ ਰਚਨਾ ਭੇਜੀ। ਪਾਕ ਰੂਹਾਂ ਦੇ ਦਰ ਮੇਰੀ ਅਰਜ਼ ਕਬੂਲ ਹੋ ਚੁੱਕੀ ਸੀ।"
ਇਕ ਸੰਕਲਪ/ਇਕ ਵਾਅਦਾ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਵੇਲੇ ਕਿ ਜੇ ਚੰਗਾ ਲਿਖਿਆਂ ਏਨੀਆਂ ਦੁਆਵਾਂ ਤਾਂ ਮਾੜਾ ਕਿਉਂ ਲਿਖਣਾ? ਸ਼ੁਹਰਤ ਹਾਸਿਲ ਕਰਨ ਲਈ ਚੰਗਿਆਂ ਨੂੰ ਮਾੜੇ ਬਣਦੇ ਬਹੁਤ ਦੇਖਿਆ ਪਰ ਹਰਪ ਦਾ ਸੰਪੂਰਨ ਰੂਪ ਵਿਚ ਮਾੜੀ/ਕਮਰਸ਼ੀਅਲ ਗੀਤਕਾਰੀ ਨੂੰ ਛੱਡ ਕੇਵਲ ਤੇ ਕੇਵਲ ਚੰਗਾ ਲਿਖਣ ਦਾ ਪ੍ਰਣ ਹੈਰਾਨ ਕਰਨ ਵਾਲਾ ਸੀ, ਉਹ ਵੀ ਇਹੋ ਜਿਹੇ ਸਮੇਂ ਜਦੋਂ ਉਸ ਨੂੰ ਅੱਜ ਦੇ ਮਾਹੌਲ ਵਿਚ ਪੈਸੇ ਲਈ ਚੱਲ ਰਹੇ ਭੜਕਾਊ ਗੀਤਾਂ ਬਾਰੇ ਚੰਗੀ ਤਰ੍ਹਾਂ ਪਤਾ ਹੈ।
ਪੇਂਡੂ ਆਸਟ੍ਰੇਲੀਆ ਚੈਨਲ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਢੀਂਡਸਾ ਦੀ ਸੰਗਤ ਨੇ ਕੁਦਰਤੀ ਸਬਰ ਅਤੇ ਸੰਤੋਖ ਉਸ ਦੀ ਨਵੀਂ ਜ਼ਿੰਦਗੀ ਦਾ ਆਧਾਰ ਬਣਾ ਦਿੱਤਾ। ਇਕ ਦਿਨ ਮਨਪ੍ਰੀਤ ਪਿਆਰ ਨਾਲ ਕਹਿੰਦੇ, "ਯਾਰ, ਤੁਸੀਂ ਕੁਝ ਵੰਡ ਦੇ ਸੰਤਾਪ 'ਤੇ ਵੀ ਲਿਖਿਆ?"
ਹਾਲਾਂਕਿ ਉਸ ਦੇ ਦਾਦਕੇ ਵੰਡ ਦਾ ਸੰਤਾਪ ਭੋਗ ਚੁੱਕੇ ਸਨ ਪਰ ਉਸ ਲਈ 1947 ਆਜ਼ਾਦੀ ਜਸ਼ਨਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ। ਮਨਪ੍ਰੀਤ ਦੇ ਮੂੰਹੋਂ ਅਸਲੀਅਤ ਸੁਣੀ ਤਾਂ ਸੁੰਨ ਹੋ ਗਿਆ ਸੀ ਹਰਪ। ਉਸ ਨੂੰ ਆਪਣੇ ਆਪ ਤੇ ਗ਼ੁੱਸਾ ਆਇਆ ਕਿ ਅਸੀਂ ਕਾਹਦੇ ਜਸ਼ਨ ਮਨਾਉਂਦੇ ਰਹੇ ਹਾਂ ਹੁਣ ਤੱਕ?
ਮਨਪ੍ਰੀਤ ਦੇ ਕਹਿਣ 'ਤੇ ਅਗਲੇ ਕੁਝ ਦਿਨ ਇਸ ਬਾਰੇ ਜਿੰਨਾ ਜਾਣ ਸਕਦਾ ਸੀ ਖੋਜ ਕੀਤੀ। ਏਨਾ ਵਿਸ਼ਾਲ, ਸੰਵੇਦਨਸ਼ੀਲ, ਨਾਜ਼ੁਕ ਵਿਸ਼ਾ, ਏਨੀ ਵੱਡੀ ਤ੍ਰਾਸਦੀ, ਏਨਾ ਵੱਡਾ ਕਤਲੇਆਮ, ਚਾਰੋ ਪਾਸੇ ਬੰਦਿਆਂ ਦੀਆਂ ਸ਼ਕਲਾਂ ਵਾਲੇ ਹੈਵਾਨ, ਲੱਖਾਂ ਲੋਕ ਸੱਤਾ ਦੇ ਲਾਲਚੀਆਂ ਦੀਆਂ ਕੋਝੀਆਂ ਚਾਲਾਂ ਦੀ ਭੇਂਟ ਚੜ੍ਹ ਗਏ, ਇਨਸਾਨੀਅਤ ਸ਼ਰਮਸਾਰ ਹੋਈ, ਹਿੰਦੁਸਤਾਨ-ਪਾਕਿਸਤਾਨ ਦੇ ਨਾਂ 'ਤੇ ਪੰਜਾਬ ਦਾ ਉਜਾੜਾ ਹੋਇਆ। ਆਖ਼ਿਰ ਏਨਾ ਕੁਝ ਦੇਖ ਆਤਮਾ ਵਲੂੰਧਰੀ ਗਈ ਸੀ ਹਰਪ ਦੀ।ਆਪਣੀ ਜਨਮ-ਭੋਇੰ ਅਤੇ ਆਪਣਿਆਂ ਲਈ ਤਰਸਦਿਆਂ ਦੇ ਹੰਝੂਆਂ, ਹੌਂਕਿਆਂ, ਤਰਸੇਵਿਆਂ ਨੂੰ ਦਿਲ ਦੀ ਕੁਠਾਲੀ ਪਾ ਰੂਹ ਦੇ ਲਹੂ 'ਚ ਤਪਾਇਆ ਤਾਂ ਵਰ੍ਹਿਆ ਤੋਂ ਟਸ-ਟਸ ਕਰਦੇ ਦਿਲਾਂ ਨੂੰ ਠੰਢਕ ਦੇਣ ਵਾਲਾ 'ਸੌਂਹ' ਨਾਮੀ ਚੰਦਰਮਾ ਚੜ੍ਹਿਆ। ਹੁਣ ਜ਼ਖ਼ਮੀ ਖੰਭ ਪੂਰੀ ਤਰ੍ਹਾਂ ਨਾਲ ਲੰਬੀ ਪਰਵਾਜ਼ ਲਈ ਬਿਲਕੁਲ ਤਿਆਰ ਸਨ।
ਫਿਰ ਉਹ ਦਿਨ ਆਇਆ ਜਦੋਂ 'ਪੇਂਡੂ ਆਸਟ੍ਰੇਲੀਆ' ਦੀ ਟੀਮ ਵੱਲੋਂ ਤਿਆਰ ਕੀਤਾ ਗੀਤ 'ਸੌਂਹ' ਲੋਕਾਂ ਦੇ ਦਿਲਾਂ 'ਤੇ ਦਸਤਕ ਦੇਣ ਪਹੁੰਚ ਗਿਆ। ਭਾਵੇਂ ਦੇਖਣ ਵਾਲਿਆਂ ਦੀ ਗਿਣਤੀ ਹਜ਼ਾਰਾਂ 'ਚ ਰਹਿ ਗਈ ਪਰ ਜੋ ਮਸ਼ਹੂਰ ਅਤੇ ਸੁਲਝੇ ਹੋਏ ਲੋਕਾਂ ਦੇ ਸੁਨੇਹੇ ਆਏ ਉਨ੍ਹਾਂ ਨੇ ਗ਼ੁਰਬਤ ਨਾਲ ਬੋਦੇ ਹੋ ਚੁੱਕੇ ਸਰੀਰ 'ਚ ਫੇਰ ਜਾਨ ਪਾ ਦਿੱਤੀ। ਹਰਪ ਕਹਿੰਦਾ ਅੱਗੇ ਵਧਣ ਦੇ ਬਹੁਤ ਮੌਕੇ ਮਿਲੇ ਪਰ ਮੰਜ਼ਿਲ ਦੇ ਨੇੜੇ ਆ ਕੇ ਤਿਲਕ ਜਾਂਦਾ। ਪਰ ਕਦੇ ਉਦਾਸ ਨਹੀਂ ਸੀ ਹੁੰਦਾ। ਆਪਣੇ ਆਪ ਨੂੰ ਕਹਿੰਦਾ ਕਿ ਇਕ ਹੋਰ ਹਾਦਸਾ ਜੁੜ ਗਿਆ ਤੇਰੇ ਤੇ ਬਣਨ ਵਾਲੀ ਫ਼ਿਲਮ ਲਈ। ਭਾਵੇਂ ਹਰਪ ਕਈ ਬਾਰ ਟੀਸੀ ਦੇ ਨੇੜਿਉਂ ਮੁੜਿਆ ਪਰ ਉਸ ਨਾਲ ਗੱਲ ਕਰਦਿਆਂ ਨੂੰ ਕਿਤੇ ਅਹਿਸਾਸ ਨਹੀਂ ਹੋਇਆ ਕਿ ਇਹ ਇਕ ਹਾਰਿਆ ਹੋਇਆ ਖਿਡਾਰੀ ਹੈ। ਸਗੋਂ ਹਰ ਬਾਰ ਉਹ ਇਕ ਨਵੇਂ ਜੋਸ਼ 'ਚ ਕੁਝ ਸੁਣਾਉਂਦਾ। ਉਹ ਦੱਸਦਾ ਹੈ ਕਿ ਜਦੋਂ ਵੀ ਉਸ ਨੇ ਆਪਣੀ ਮਾਂ ਨੂੰ ਕਹਿਣਾ ਕਿ ਵੱਡੇ ਮੈਚਾਂ 'ਚ ਖੇਡਣ ਲਈ ਸਿਫ਼ਾਰਿਸ਼ ਚਾਹੀਦੀ ਹੈ ਤਾਂ ਮਾਂ ਨੇ ਕਹਿਣਾ "ਪ੍ਰੀਤ ਤੈਨੂੰ ਕਿਸੇ ਸਿਫ਼ਾਰਿਸ਼ ਦੀ ਲੋੜ ਨਹੀਂ ਤੂੰ ਤਾਂ ਖ਼ੁਦ ਹੀ ਇਕ ਸਿਫ਼ਾਰਿਸ਼ ਏਂ ।" ਪਹਿਲਾਂ ਗੀਤ ਆਉਣ ਉਸ ਦੀ ਕਲਮ ਆਪਣੀ ਮਾਂ ਨੂੰ ਸੰਬੋਧਨ ਹੁੰਦੀ ਕਹਿੰਦੀ ਹੈ ਕਿ:-
ਸ਼ੁਰੂਆਤ ਗਈ ਏ ਮਾਏ ਹੋ ਨੀ
ਕੰਨ ਪਿੱਛੇ ਲਾ ਦੇ ਰਤਾ ਲੋਅ ਨੀ
ਰਹਿਮਤਾਂ ਨੇ ਕੁੰਡਾ ਖੜਕਾ ਲਿਆ
ਬੂਹੇ 'ਚ ਖਲੋ ਕੇ ਤੇਲ ਚੋਅ ਨੀ
ਲੰਘਿਆ ਜੋ ਮਾੜਾ ਕਿਵੇਂ ਕਹਿ ਦੇਵਾਂ
ਉਸੇ ਦੀਆਂ ਉਹ ਵੀ ਸੀ ਰਜਾਵਾਂ
ਹਵਾਲਾਤ ਕੈਦ ਸੀ ਜੋ ਨਜ਼ਮਾਂ
ਕਰ ਗਈਆਂ ਪੂਰੀਆਂ ਸਜ਼ਾਵਾਂ।
ਦੇਖ ਲੈ ਜ਼ੁਬਾਨਾਂ ਲਿਆ ਛੋਹ ਨੀ
ਕੰਨ ਪਿੱਛੇ ਲਾ ਦੇ ਰਤਾ ਲੋਅ ਨੀ
-
ਡਾ. ਸਿਮਰਨ ਸੇਠੀ, ਅਸਿਸਟੈਂਟ ਪ੍ਰੋਫੈਸਰ, ਰਾਮਾਨੁਜਨ ਕਾਲਜ,ਦਿੱਲੀ ਯੂਨੀਵਰਸਿਟੀ
simraaj13@gmail.com
+91 99588 03313
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.