ਜਦ ਹੀ ਲਿਖਣ ਬੈਠਦਾ ਹਾਂ ਤਾਂ ਮੇਰੇ ਬਚਪਨ ਦੀਆਂ ਕਈ ਯਾਦਾਂ ਸਿਰ ਤੇ ਆ ਖੜ੍ਹਦੀਆਂ ਹਨ ।ਕੁਝ ਘਟਨਾਵਾਂ ਦਾ ਜ਼ਿਕਰ ਕਰਨਾ ਹੀ ਪਵੇਗਾ ।
ਸੰਨ: 1963,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਦੇ ਖੁੱਲ੍ਹੇ ਮੈਦਾਨ ਚ ਵਿਦਿਆਰਥੀਆਂ ਦੀ ਇੱਕ ਸੱਤਵੀਂ ਜਮਾਤ ਦਾ ਪੰਜਾਬੀ ਦਾ ਪੀਰੀਅਡ ਸ਼ੁਰੂ ਹੁੰਦਾ ਹੈ। ਪੰਜਾਬੀ ਅਧਿਆਪਕ ਦੂਰੋਂ ਹੱਥ ਚ ਡੰਡਾ ਲਹਿਰਾਂਦੇ ਪ੍ਰਵੇਸ਼ ਕਰਦੇ ਹਨ।ਹਾਂ ਵਾਈ, ਕੱਲ੍ਹ ਕਿਹੜਾ ਪਾਠ ਪੜ੍ਹਿਆ ਸੀ, "ਜੀ ਭਾਖੜਾ ਡੈਮ",ਰਾਜਿੰਦਰ ਜੋਸ਼ ਨਾਲ ਦੱਸਦਾ ਹੈ।ਹਰ ਵਿਸ਼ੇ ਚੋਂ ਫਸਟ ਆਉਣ ਵਾਲਾ ਮੇਰਾ ਪਰਮ ਆੜੀ ਸੀ ਰਾਜਿੰਦਰ।
ਮਾਸਟਰ ਜੀ ਕਿਤਾਬ ਮੰਗਦੇ ਹਨ ਤੇ ਅਚਾਨਕ ਭਾਖੜਾ ਡੈਮ ਪਾਠ ਚੋ ਇੱਕ ਸੁਆਲ ਪੁਛਦੇ ਹਨ।ਰਾਜਿੰਦਰ ਦਾ ਹੀ ਹੱਥ ਖੜ੍ਹਾ ਹੈ।
ਅੱਜ ਤੱਕ ਉਨ੍ਹਾਂ ਕਦੇ ਵੀ ਪਿੱਛਲੇ ਪਾਠ ਚੋ ਸੁਆਲ ਨਹੀਂ ਸੀ ਕੀਤਾ।ਸਾਰੀ ਜਮਾਤ ਦੀ ਸ਼ਾਮਤ ਆ ਜਾਂਦੀ ਹੈ। ਚਾਰ ਚਾਰ ਡੰਡਿਆਂ ਦਾ ਪ੍ਰਸ਼ਾਦ ਖੁੱਲ੍ਹ ਕੇ ਵੰਡਿਆ ਜਾਣ ਲੱਗਾ।ਮੈਨੂੰ ਵੀ ਮਿਲਿਆ।
ਬੜੀ ਨਫਰਤ ਹੋ ਰਹੀ ਸੀ।ਇਸ ਮਾਸਟਰ ਨੇ ਅੱਜ ਤੱਕ ਬਲੈਕ ਬੋਰਡ ਦੀ ਵਰਤੋਂ ਨਹੀ ਸੀ ਕੀਤੀ।ਕਾਪੀਆਂ ਚੈਕ ਕਰਨ ਦਾ ਤਾਂ ਉਨ੍ਹਾਂ ਕੋਲ ਸਮਾਂ ਹੀ ਨਹੀਂ ਸੀ ਹੁੰਦਾ।ਘੰਟੀ ਵੀ ਆਖਰੀ ਵਾਰੀ -।ਵਾਰੀ ਪਾਠ ਪੜੀ ਜਾਓ ਤੇ ਬੈਠੀ ਜਾਓ।
ਘੜੀ ਵੱਲ ਧਿਆਨ ਰਹਿੰਦਾ ਸੀ ਕਦ ਟਨ ਟਨ ਹੁੰਦੀ ਹੈ।ਅੱਜ ਕੀ ਹੋ ਗਿਆ? ।ਡੰਡਿਆਂ ਦੀ ਪੀੜ ਨੂੰ ਸਹਿਣ ਦੀ ਕੋਸਿਸ਼ ਕਰ ਰਿਹਾ ਮਨ ਸੋਚ ਰਿਹਾ ਸੀ।
।।।।ਮਾਸਟਰ ਜੀ ਤਿੰਨ ਵਿਦਿਆਰਥੀਆਂ ਨੂੰ ਸਭ ਤੋਂ ਬਾਅਦ ਪ੍ਰਸ਼ਾਦ ਦਿੰਦੇ ਹਨ। ਵਿਜੇ ਨੰਦ ਨੂੰ ਇੱਕ, ਗਰਚਰਨ ਨੂੰ ਦੋ ਤੇ ਦਿਆਲ ਨੂੰ ਤਿੰਨ ਡੰਡੇ
ਮੇਰਾ ਬਾਲ ਮਨ ਤੜਪ ਉਠਦਾ ਹੈ "ਕੀ ਗੱਲ ਇਹ ਜਿਆਦਾ ਪਿਆਰੇ ਹੈ। ਇਹ ਜਿਆਦਾ ਹੁਸ਼ਿਆਰ ਹੈ। ਮੈ ਉਬਲ ਪੈਂਦਾ ਹਾਂ"।ਡਰ ,ਸਤਿਕਾਰ ਸਭ ਕਾਫੂਰ।
ਹੋਰ ਵੀ ਕੁੱਝ ਸੁਣਾਇਆ ਜਾਂਦਾ ਹੈ।
ਪੰਜਾਬੀ ਮੈਂ ਚੰਗੀ ਪੜ੍ਹਦਾ ਸੀ। ਘਰ 'ਚ ਪੰਜਾਬੀ ਦੇ ਸਾਰੇ ਰਸਾਲੇ ਆਉਂਦੇ ਸਨ। ਪਿਤਾ ਜੀ ਪ੍ਰੀਤ ਲੜੀ ਸੁਣਿਆ ਕਰਦੇ ਸਨ ।ਬਿਨਾਂ ਸ਼ੱਕ ਵਿਜੇ ਤੇ ਰਾਜਿੰਦਰ ਦਾ ਮੁਕਾਬਲਾ ਚਲਦਾ ਸੀ।ਪਰ ਗੁਰਚਰਨ ਨੂੰ ਦੋ ਕਿਉਂ? ਉਨ੍ਹਾਂ ਦੀ ਕੱਪੜੇ ਦੀ ਦੁਕਾਨ ਸੀ।
"ਗੁਰਚਰਨ ਦੀ ਦੁਕਾਨ ਕੱਪੜਾ ਮੁਫਤ ਮਿਲਦਾ ਹੈ"ਮੈਂ ਰੋ ਵੀ ਰਿਹਾ ਤੇ ਬੋਲੀ ਵੀ ਗਿਆ।ਪੰਜਾਬੀ ਮਾਸਟਰ ਗੁੱਸੇ ਨਾਲ ਲਾਲ ਪੀਲਾ ਹੁੰਦਾ" ਬਕਵਾਸ ਨਾ ਕਰ, ਕੱਲ੍ਹ ਤੋਂ ਮੇਰੀ ਕਲਾਸ 'ਚ ਨਾ ਬੈਠੀਂ।"
ਗਾਲ੍ਹ ਮੂੰਹ ਚ ਹੀ ਚੱਬਾ ਜਾਂਦਾ ਹੈ।ਠੀਕ ਹੈ ,ਨਹੀ ਬੈਠਾਂਗਾ। ਰਾਜਿੰਦਰ ਅਤੇ ਵਿਜੇ ਨੰਦਨ, "ਜੋਗਿੰਦਰ ਬੱਸ,ਜੋਗਿੰਦਰ ਬੱਸ।"ਕਹਿ ਕਿ ਮੈਨੂੰ ਸਾਂਤ ਕਰਦੇ ਹਨ। ਏਨੇ ਨੂੰ ਟਨ ਟਨ ਹੋ ਜਾਂਦੀ ਹੈ।
ਲਾਗਲੇ ਸਕੂਲ ਚ ਮੇਰੀ ਇੱਕ ਭੈਣ ਜੇ.ਬੀ.ਟੀ.ਕਰ ਰਹੀ ਸੀ। ਮੇਰੇ ਹੱਥ ਦੇਖ ਕੇ ਉਹ ਵੀ ਤੜਪ ਉੱਠਦੀ ਹੈ
"ਮੈ ਚੱਲੂੰ,ਤੇਰੇ ਨਾਲ ਕੱਲ੍ਹ ਨੂੰ।ਦੇਖਦੀ ਹਾਂ –---- ਵੱਡੇ ਨੂੰ"। ਮਾਂ ਰਾਹੀਂ ਪਿਤਾ ਜੀ ਤੱਕ ਗੱਲ ਪਹੁੰਚਦੀ ਹੈ।ਉਹ ਪਹਿਲਾ ਵੀ ਇਸ ਦੇ ਇੱਕ ਭਰਾ ਜੋ ਪ੍ਰਾਈਵੇਟ ਹਾਈ ਸਕੂਲ ਚ ਹਿੰਦੀ ਅਧਿਆਪਕ ਲੱਗਿਆ ਸੀ ਉਸ ਦੀ ਸ਼ਿਕਾਇਤ ਕਰ ਚੁੱਕੇ ਸਨ। ਇੱਕ ਗੁਪਤਾ ਬਰਾਦਰੀ ਦੇ ਬੰਦੇ ਦੀ ਦੁਕਾਨ ਤੋਂ ਹੀ ਕਾਪੀਆਂ ਲੈਣ ਲਈ ਮਜਬੂਰ ਕਰਨ ਕਾਰਨ ਹੈਡਮਾਸਟਰ ਤੋਂ ਲਾਹ ਪਾਹ ਹੋਈ ਸੀ ਉਸ ਦੀ।
"ਕਿਉਂ ਨਹੀਂ ਆਇਆ ਇਹਨੂੰ ਸੋਖੇ ਸੁਆਲ ਦਾ ਜੁਆਬ ? ਰੋਜ਼ ਤਾ ਭਾਖੜੇ ਬਾਰੇ ਅਖਬਾਰਾਂ ਚ ਛਪਦਾ ਰਹਿੰਦਾ ਅਖਬਾਰਾਂ ਵਾਲਿਆਂ ਦੇ ਮੁੰਡੇ ਨੂੰ ਜੁਆਬ ਨਹੀਂ ਆਇਆ ,ਡੁੱਬ ਮਰ।"
ਪਿਤਾ ਜੀ ਦਾ ਜੁਆਬ ਸੁਣ ਸਭ ਦੇ
ਹੌਸਲਾ ਪਸਤ। ਭੈਣ ਸਲਾਹ ਦਿੰਦੀ ਹੈ। "ਤੂੰ ਕਲਾਸ ਚ ਬੈਠੀਂ। ਜੇ ਉਸ ਨੇ ਨਿਕਲਣ ਨੂੰ ਕਿਹਾ ਤਾਂ ਕਹਿ ਦੀ ਲਿਖ ਕੇ ਦਿਓ।"
ਅਗਲੇ ਦਿਨ ਮਾਸਟਰ ਜੀ ਆਉਂਦੇ ਹਨ ।ਅੱਜ ਡੰਡਾ ਨਹੀ ਹੈ ਹੱਥ ਚ। "ਕੱਢੋ ਕਿਤਾਬਾਂ।ਅਗਲਾ ਪਾਠ ਪੜ੍ਹੀਏ।"ਉਹ ਮੈਨੂੰ ਦੇਖ ਕੇ ਕੁੱਝ ਦੇਰ ਅਣਡਿੱਠ ਕਰਦੇ ਹਨ। ਕੱਲ੍ਹ ਦੇ ਜ਼ਖਮ ਅਜੇ ਸੁੱਕੇ ਨਹੀਂ ਸਨ।"ਕਿਉਂ ਓਏ, ਕੱਲ੍ਹ ਤਾਂ ਕਹਿੰਦਾ ਸੀ ,ਨਹੀਂ ਬੈਠਾਂਗਾ ਹੁਣ ਕਿਉਂ ਬੈਠਾ ਹੈਂ'
?ਆਵਾਜ਼ 'ਚ ਦਮ ਨਹੀਂ ਸੀ। ਮੈਨੂੰ ਲਗਿਆ ਕਹਿਣਗੇ,"ਚੱਲ ਬਸਤਾ ਚੱਕ।"ਨਹੀਂ ਜਾਂਦਾ।ਮੇਰੀ ਮਰਜ਼ੀ। ਫੀਸ ਦਿੰਦਾ ਹਾਂ ਨਹੀਂ ਬੈਠਣ ਦੇਣਾ ਤਾਂ ਲਿੱਖ ਕੇ ਦੇਵੋ।
ਤਮੀਜ਼ ਨਾਲ ਬੋਲਦਾ ਹਾਂ।
ਮਾਸਟਰ ਸਮਝ ਗਿਆ ਸੀ ਕਿ ਇਸ ਚ "'ਕੋਈ' ਬੋਲਦਾ ਹੈ। ਮੇਰੇ ਪਿਤਾ ਜੀ ਬਾਰੇ ਜਾਣਦੇ ਹੀ ਸੀ। ਉਸ ਨੂੰ ਨਹੀਂ ਪਤਾ ਸੀ ਕਿ ਇਸ ਮਸਲੇ ਤੇ ਉਹ ਮੇਰੇ ਨਾਲ ਨਹੀਂ ਖੜ੍ਹੇ ਸਨ।
"ਦੇਖ ਲੈ ਰਾਜਿੰਦਰ, ਤੇਰਾ ਦੋਸਤ ਸੁਧਰ ਨਹੀ ਰਿਹਾ।ਸਮਝਾਓ ਇਸ ਨੂੰ।" ਮਾਸਟਰ ਜੀ ਪੈਂਤਰਾ ਬਦਲਦੇ ਹਨ। ਉਹ ਇਹ ਵੀ ਨਹੀ ਕਹਿੰਦੇ ਕੱਲ੍ਹ ਆਪਣੇ ਪਿਓ ਨੂੰ ਲੈ ਕੇ ਆਈਂ।
ਨਾਟਕ ਦੀ ਗਤੀ ਅੱਜ ਧੀਮੀ ਹੈ।
ਅਗਲੇ ਦਿਨ ਮੈਂ ਸਕੂਲ ਪ੍ਰਿੰਸੀਪਲ ਸਾਹਿਬ ਦੇ ਦਫਤਰ ਪੇਸ਼ ਹੋ ਕੇ ਸੈਕਸ਼ਨ ਬਦਲਣ ਦੀ ਅਰਜੀ ਦਿੰਦਾ ਹਾਂ। ਪ੍ਰਿੰਸੀਪਲ ਸਾਹਿਬ ਅਰਜ਼ੀ ਪੜ੍ਹਦੇ ਹਨ।ਮੈਨੂੰ ਜਾਣਦੇ ਹਨ।"ਸੱਚ ਸੱਚ ਦੱਸ ਬੱਚੂ, ਕੀ ਗੱਲ ਹੈ ? ਤੂੰ ਲਿਖਿਆ ਹੈ ਕਿ ਇਸ ਕਲਾਸ ਚ ਮੇਰਾ ਕੋਈ ਦੋਸਤ ਨਹੀ।ਮੈਨੂੰ ਠੀਕ ਨਹੀਂ ਲਗਦਾ ।ਅਖਬਾਰਾਂ ਵਾਲਿਆਂ ਦੇ ਤਾਂ ਸਾਰੇ ਦੋਸਤ ਹੁੰਦੇ ਨੇ।"
ਪੰਜ ਮਹੀਨੇ ਪਹਿਲਾਂ ਪਿਤਾ ਜੀ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ
ਆਏ ਸਨ।ਸਵੇਰੇ ਅਖਬਾਰਾਂ ਵੰਡ ਕੇ ਸਕੂਲ ਜਾਣਾ ਹੁੰਦਾ ਸੀ।ਅਕਸਰ ਅਖਬਾਰਾਂ ਵਾਲੀ ਟਰੇਨ ਦੇਰ ਨਾਲ ਆਉਣ ਕਾਰਨ ਸਮੇਂ ਸਿਰ ਸਕੂਲ ਪਹੁੰਚਣ ਦੀ ਸਮਸਿਆ ਬਣੀ ਰਹਿੰਦੀ ਸੀ ਪਰ ਸਾਹਿਬ ਨੇ ਇਹ ਕਹਿ ਕੇ " ਜਦੋਂ ਕੰਮ ਨਿਬੜ ਜਾਏ ਆ ਜਾਇਆ ਕਰ ਮੈਂ
ਨਹੀਂ ਦੇਣਾ ਸਰਟੀਫਿਕੇਟ".।ਮੇਰੇ ਪਿਤਾ ਜੀ ਨੂੰ ਨਿਰਾਸ਼ ਕਰ ਦਿੱਤਾ ਸੀ।(ਇਹ ਇੱਕ ਪੂਰਾ ਚੈਪਟਰ ਹੈ ਇਸ ਬਾਰੇ ਫਿਰ)
ਮੇਰੇ ਲਈ ਤਾਂ ਦੇਵਤਾ ਹੀ ਸਨ ਸਾਹਿਬ । ਵਿਸ਼ਵਾਸ ਚ ਲੈ ਕੇ ਸਾਰਾ ਘਟਨਾ ਚੱਕਰ ਸਹਿਜ ਨਾਲ ਸੁਣਦੇ ਹਨ ।"ਬੱਸ, ਆਹ ਹੀ ਗਲ ਹੈ, ਆਇਆ ਪਾਲਾ ਅੱਜ ।"(ਬਦਲਿਆ ਨਾਮ) "ਜੀ ਦੇਖੇ ਤਾਂ ਹਨ।"
"ਹੁਣ ਕੋਈ ਸਿਕਾਇਤ ਦੀ ਲੋੜ ਨਹੀਂ ਰਹੇਗੀ,ਭੱਜ ਜਾ ਕਲਾਸ ਚ"।
ਜਦੋਂ ਮੈ ਸ਼ਬਦ ਲਿੱਖ ਰਿਹਾ ਹਾਂ ਤਾਂ ਇੰਜ ਮਹਿਸੂਸ ਹੋ ਰਿਹਾ ਹੈ ਕਿ ਸਰਦਾਰ ਨਰੰਜਣ ਸਿੰਘ ਨਿਰਮਲ ਸਾਖਸ਼ਾਤ ਮੇਰੇ ਸਾਹਮਣੇ ਖੜ੍ਹੇ ਮੇਰੀਆਂ ਅੱਖਾਂ ਚੋਂ ਸਾਰੀ ਇਬਾਰਤ ਪੜ੍ਹ ਰਹੇ ਹੋਣ।
ਨੱਤ ਮਸਤਕ!ਨੱਤ ਮਸਤਕ। ਪੰਜਾਬੀ ਦੀ ਘੰਟੀ ਅੱਜ ਸਾਂਤ ਹੈ।
ਮਾਸਟਰ ਜੀ ਸਹਿਜ ਦਿੱਖ ਰਹੇ ਹਨ।
ਇਸ ਲਿਖਤ ਦਾ ਮਕਸਦ ਕਿਸੇ ਨੂੰ ਬਦਨਾਮ ਕਰਨਾ ਨਹੀਂ ਸਗੋ ਬਾਲ ਮਨ ਤੇ ਨਜਾਇਜ਼ ਸਜ਼ਾ ਦਾ ਕੀ ਅਸਰ ਹੁੰਦਾ ਹੈ ਦਰਸ਼ਾਉਂਣਾ ਅਤੇ ਵਿਤਕਰੇ ਬਾਜ਼ੀ ਤੋਂ ਅਧਿਆਪਕ ਨੂੰ ਸੁਚੇਤ ਕਰਨਾ ਹੈ।
-
ਜੋਗਿੰਦਰ ਆਜ਼ਾਦ, ਟਰੇਡ ਯੂਨੀਅਨ ਆਗੂ
Joinder.azad@Yahoo.com
9646335309
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.