ਡਾ ਹਰਿਭਜਨ ਸਿੰਘ ਪੰਜਾਬੀ ਪਾਠਕਾਂ ਦੇ ਮਨਾਂ ਵਿਚ ਵਸੇ ਹੋਏ ਨੇ ਤੇ ਵਸਦੇ ਰਹਿਣਗੇ। ਅਜ ਵੀ ਸਾਹਿਤਕ ਸਮਾਗਮਾਂ,ਸੈਮੀਨਾਰਾਂ ਤੇ ਵਿਚਾਰ ਗੋਸ਼ਟੀਆਂ ਵਿਚ ਡਾ ਹਰਿਭਜਨ ਸਿੰਘ ਦੀ ਚਰਚਾ ਹੁੰਦੀ ਹੈ। ਉਨਾ ਦੇ ਸਮਕਾਲੀ ਉਨਾ ਨੂੰ ਹੁਭ ਕੇ ਚੇਤੇ ਕਰਦੇ ਹਨ।
ਪੰਜਾਬ ਕਲਾ ਪਰਿਸ਼ਦ ਅਜ ਉਨਾ ਦੇ ਸੌ ਸਾਲਾ ਜਨਮ ਸ਼ਤਾਬਦੀ ਉਤੇ ਪਾਠਕ ਜਗਤ ਨੂੰ ਵਧਾਈ ਦਿੰਦੀ ਹੈ। ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਡਾ ਹਰਿਭਜਨ ਸਿੰਘ ਜਿਹੇ ਸਾਹਿਤਕ ਮਹਾਂ ਪੁਰਸ਼ ਇਸ ਧਰਤੀ ਉਤੇ ਵਾਰ ਵਾਰ ਪੈਦਾ ਨਹੀਂ ਹੁੰਦੇ। ਉਨਾ ਨੂੰ ਸਿਜਦਾ ਹੈ। ਉਘੇ ਸ਼ਾਇਰ ਪਦਮ ਸ਼੍ਰੀ ਡਾ ਸੁਰਜੀਤ ਪਾਤਰ ਨੇ ਆਖਿਆ ਡਾ ਸਾਹਬ ਦੀ ਸੰਗਤ ਸੁਖ ਦੇਣ ਵਾਲੀ ਸੀ। ਉਹ ਹਰ ਇਕ ਨੂੰ ਆਪਣੇ ਆਪਣੇ ਲਗਦੇ ਸਨ। ਉਹਨਾ ਦੀ ਸ਼ਖਸੀਅਤ ਰੰਗੀਲੜੀ ਵੀ ਸੀ ਤੇ ਮਿਲਾਪੜੀ ਵੀ। ਡਾ ਪਾਤਰ ਨੇ ਕਿਹਾ ਕਿ ਉਹਨਾ ਨਾਲ ਹੋਈਆਂ ਮਿਲਣੀਆਂ ਅਭੁੱਲ ਹਨ।
21 ਅਕਤੂਬਰ 2002 ਨੂੰ ਚਲ ਵਸੇ ਡਾ ਹਰਿਭਜਨ ਸਿੰਘ ਦੀਆਂ ਪੁਸਤਕਾਂ ਅਜ ਵੀ ਪਾਠਕਾਂ ਦੇ ਬੈਡਰੂਮਾਂ ਤੇ ਲਾਇਬ੍ਰੇਰੀਆਂ ਦਾ ਸ਼ੰਗਾਰ ਬਣੀਆਂ ਹੋਈਆਂ ਹਨ। 1956 ਵਿਚ ਛਪੀ ਪਹਿਲੀ ਪੁਸਤਕ "ਲਾਸ਼ਾਂ" ਤੇ ਫਿਰ ਅਧਰੈਣੀ, ਨਾ ਧੁੱਪੇ ਨਾ ਛਾਵੇਂ, ਸੜਕ ਦੇ ਸਫੇ ਉਤੇ, ਮੈਂ ਜੋ ਬੀਤ ਗਿਆ, ਅਲਫ ਦੁਪੈਹਰਿ, ਟੁੱਕੀਆਂ ਜੀਵਾਂ ਵਾਲੇ, ਮਹਿਕਾਂ ਨੂੰ ਜੰਦਰੇ ਨਾ ਮਾਰੀ, ਅਲਵਿਦਾ ਤੋਂ ਪਹਿਲਾਂ, ਮਾਵਾਂ ਧੀਆਂ, ਨਿੱਕ ਸੁਕ, ਰੁਖ ਤੇ ਰਿਸ਼ੀ, ਮੇਰਾ ਨਾਉਂ ਕਬੀਰ ਤੇ ਸਵੈ ਜੀਵਨੀ "ਚੋਲਾ ਟਾਕੀਆਂ ਵਾਲਾ" ਸਮੇਤ ਕਈ ਹੋਰ ਕਿਤਾਬਾਂ ਚਰਚਿਤ ਰਹੀਆਂ। ਖੋਜ ਤੇ ਆਲੋਚਨਾ ਵਿਚ ਆਪ ਦਾ ਕੀਤਾ ਕਰਾਇਆ ਵਡਮੁੱਲਾ ਕਾਰਜ ਯਾਦਗਾਰੀ ਹੈ। ਅਨੁਵਾਦ ਵੀ ਕਾਫੀ ਕੀਤਾ ਤੇ ਕਮਾਲ ਦਾ ਕੀਤਾ। ਆਪਣਾ ਸਮੁੱਚਾ ਆਪਾ ਹੀ ਸਮਰਪਿਤ ਕਰੀ ਬੈਠੇ ਸਨ ਸਾਹਿਤ ਕਲਾ ਨੂੰ।
ਆਪ ਨੂੰ ਅਣਗਿਣਤ ਮਾਨਾਂ ਸਨਮਾਨਾਂ ਨਾਲ ਨਿਵਾਜਿਆ ਗਿਆ। ਫੱਕਰ ਰੂਹ ਦੇ ਮਾਲਕ ਸਨ। ਹਰੇਕ ਸਮਾਰੋਹ ਵਿਚ ਛਾਅ ਜਾਣ ਵਾਲੇ। ਕਵਿਤਾ ਪੜਨ ਦਾ ਅੰਦਾਜ ਅਨੋਖਾ। ਦਿਲ ਟੁੰਬਦੀ ਸੀ ਸਰੀਰਕ ਭਾਸ਼ਾ। ਬੋਲਦੇ ਵੀ ਕਮਾਲ। ਗੁਣਾਂ ਦੇ ਗੁਥਲੇ ਸਨ। ਕਿਸੇ ਵੀ ਲੇਖਕ ਦੀ ਕੋਈ ਰਚਨਾ ਚੰਗੀ ਲਗਦੀ,ਚਿਠੀ ਪਾ ਕੇ ਉਤਸ਼ਾਹਿਤ ਕਰਨਾ ਉਨਾ ਦਾ ਵੱਡਾ ਗੁਣ ਹਮੇਸ਼ਾ ਚੇਤੇ ਕੀਤਾ ਜਾਂਦਾ ਹੈ।
"ਵੇ ਮੈਂ ਭਰੀ ਸੁਗੰਧੀਆਂ ਪੌਣ ਸਜਣ ਤੇਰੇ ਬੂਹੇ"
ਵੇ ਤੂੰ ਇਕ ਵਾਰ ਤੱਕ ਲੈ ਕੌਣ
ਸਜਣ ਤੇਰੇ ਬੂਹੇ"
ਉਨਾ ਅਮਰ ਗੀਤ ਅਣਗਿਣਤ ਕਲਾਕਾਰਾਂ ਨੇ ਗਾਇਆ। ਹੋਰ ਗੀਤ ਵੀ ਗਾਏ ਗਏ।
ਅਜਿਹੇ ਰੰਗੀਲੜੇ ਸੱਜਣ ਕਦੀ ਨਹੀਂ ਭੁਲਦੇ।
ਨਿੰਦਰ ਘੁਗਿਆਣਵੀ
ਮੀਡੀਆ ਕੋਆ:
ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.