1965 ਦੀ ਗੱਲ ਹੈ। ਲੁਧਿਆਣਾ ਦੇ ਗੁਲਮੋਹਰ ਹੋਟਲ ਦੇ ਲਾਗੇ ਸਥਿਤ ਜੈਨ ਸਕੂਲ ਦਾ 9ਵੀਂ ਜਮਾਤ 'ਚ ਪੜ੍ਹਦਾ ਇੱਕ ਵਿਦਿਆਰਥੀ ਅੰਤਾਂ ਖ਼ੁਸ਼ੀ ਨਾਲ ਆਜ਼ਾਦੀ ਦਿਹਾੜੇ ਦੀ ਪਰੇਡ ਵਿੱਚ ਸ਼ਾਮਿਲ ਹੋ ਕੇ ਬੜੀ ਸ਼ਰਧਾ ਭਾਵ ਨਾਲ ਸਲਾਮੀ ਦੇਣ ਤੋਂ ਬਾਅਦ ਬੇਹੱਦ ਚਾਅ ਨਾਲ ਸਕੂਲ ਵੱਲੋਂ ਤਿਆਰ ਕਰਵਾਏ ਗਰੁੱਪ ਸਾਂਗ 'ਚ ਐਕਸ਼ਨ ਗੀਤ ਗਾ ਰਿਹਾ ਸੀ...
"ਐ ਪਿਆਰੀ ਭਾਰਤ ਮਾਂ
ਤੁਝੇ ਹਮ ਸੀਸ ਝੁਕਾਤੇ ਹੈ,
ਤੇਰੇ ਪਰ ਬਲਿ ਬਲਿ ਜਾਤੇ ਹੈਂ।"
1968 'ਚ ਉਹ ਵਿਦਿਆਰਥੀ ਦਸਵੀਂ ਕਰਨ ਉਪਰੰਤ ਹੁਣ ਜੇ. ਬੀ. ਟੀ. ਕਰਨ ਲੱਗਿਆ ਹੈ। ਆਜ਼ਾਦੀ ਦਿਹਾੜਾ ਸਕੂਲ ਚ ਮਨਾਇਆ ਜਾ ਰਿਹਾ ਸੀ। ਗੁਰਦਿਆਲ ਵਰਮਾ ਬੜੇ ਇਮਾਨਦਾਰ, ਸੂਝਵਾਨ ਤੇ ਸਖ਼ਤ ਅਨੁਸ਼ਾਸਨ ਪਸੰਦ ਪ੍ਰਿੰਸੀਪਲ ਸਨ।ਹਰ ਵਿਦਿਆਰਥੀ ਨੂੰ ਸਵੇਰੇ ਦੀ ਸਭਾ 'ਚ ਵਾਰੀ ਵਾਰੀ ਭਾਸ਼ਣ ਦੇਣ ਲਈ ਬੁਲਾਇਆ ਜਾਂਦਾ ਸੀ। ਬਹਾਨੇ-ਬਾਜ਼ੀ ਕਰਨ ਵਾਲੇ ਨੂੰ ਸ਼ਰਮਸਾਰ ਨੂੰ ਹੋਣਾ ਪੈਂਦਾ ਸੀ। ਦੇਸ਼ ਪਿਆਰ ਦੀਆਂ ਭਾਵਨਾਵਾਂ ਨਾਲ ਲਬਰੇਜ਼ ਇਹ ਵਿਦਿਆਰਥੀ ਆਜ਼ਾਦੀ ਦਿਹਾੜੇ 'ਤੇ ਬੋਲਣ ਲਈ ਖ਼ੁਦ ਨੂੰ ਪੇਸ਼ ਕਰਦਾ ਹੈ।ਉਸ ਨੂੰ ਮਾਣ ਹੈ ਕਿ ਉਹ ਆਜ਼ਾਦੀ ਸੰਗਰਾਮੀਏ ਦਾ ਬੇਟਾ ਹੈ। ਉਸ ਦੇ ਪਿਤਾ ਜੀ ਨੇ 23 ਮਾਰਚ ਦੇ ਸਹੀਦਾਂ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇਣ 'ਤੇ ਰੋਸ ਵਜੋਂ 1931 'ਚ ਓਵਰਸੀਅਰ ਦੀ ਨੌਕਰੀ ਨੂੰ ਲੱਤ ਮਾਰ ਦਿੱਤੀ ਸੀ ਤੇ ਅਖ਼ਬਾਰ ਵੇਚਣਾ ਕਬੂਲ ਕਰ ਲਿਆ ਸੀ। ਅਧਿਆਪਕ ਟਰੇਨਿੰਗ ਲੈ ਰਿਹਾ ਇਹ ਵਿਦਿਆਰਥੀ ਆਤਮ ਵਿਸ਼ਵਾਸ ਨਾਲ ਭਰਿਆ ਹੋਇਆ ਸੀ।
ਆਜ਼ਾਦੀ ਦਿਹਾੜੇ 'ਤੇ ਪ੍ਰਕਾਸ਼ਿਤ ਵਿਸ਼ੇਸ਼ ਅੰਕ ਅਖ਼ਬਾਰਾਂ 'ਚੋਂ ਉਸ ਨੇ ਚੰਗੀ ਭਾਸ਼ਣ ਸਮਗਰੀ ਜੁਟਾ ਲਈ ਸੀ। ਅਖ਼ਬਾਰਾਂ ਦੇ ਏਜੰਟ ਦਾ ਇਹ ਲੜਕਾ ਪਹਿਲੀ ਵਾਰ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਿਤ ਹੁੰਦਿਆਂ ਜੋਸ਼ ਨਾਲ ਭਰਿਆ ਹੋਇਆ ਸ਼ਹੀਦ ਭਗਤ ਸਿੰਘ ਤੇ ਹੋਰ ਆਜ਼ਾਦੀ ਦੇ ਪਰਵਾਨਿਆਂ ਦੀ ਸ਼ਹਾਦਤ ਨੂੰ ਬੁਲੰਦ ਕਰਦੇ ਸ਼ੇਅਰ ਗਾ ਰਿਹਾ ਸੀ।
"ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ।।
ਚਾਹੇ ਬਰਸੇ ਗੋਲੇ ਚਾਹੇ ਗੋਲੀਆਂ, ਅਬ ਨਾ ਰੁਕੇਗੀ, ਦੀਵਾਨੋ ਕੀ ਟੋਲੀਆਂ।"
ਇਹ ਬੁਲਾਰਾ ਉਸ ਸਮੇਂ ਦੇਸ਼ 'ਚ ਜੋ ਕੁਝ ਮਾੜਾ ਦਿਖ ਰਿਹਾ ਸੀ ਉਸ 'ਚੋਂ ਹਾਸਲ ਗਿਆਨ ਅਨੁਸਾਰ ਕੁਝ ਉਦਾਹਰਣਾਂ ਦੇ ਕੇ ਇਹਨਾਂ ਸ਼ਬਦਾਂ ਨਾਲ ਲੈਕਚਰ ਸਟੈਂਡ ਤੇ ਜੋਸ਼ ਨਾਲ ਮੁੱਕਾ ਮਾਰਦਿਆਂ ਆਪਣਾ ਭਾਸ਼ਣ ਖਤਮ ਕਰਦਾ ਹੈ...
"ਆਜ਼ਾਦੀ ਕਾ ਯਹ ਦੀਆ ਬੁਝ ਨਾ ਜਾਏ, ਬੁਝ ਨਾ ਜਾਏ
ਦੇਸ਼ ਹਮਾਰਾ ਫਿਰ ਲੁੱਟ ਨਾ ਜਾਏ। ਲੁੱਟ ਨਾ ਜਾਏ।
ਦੇਸ਼ ਹਮਾਰਾ ਫਿਰ ਲੁੱਟ ਨਾ ਜਾਏ। ਲੁੱਟ ਨਾ ਜਾਏ।"
ਤਾੜੀਆਂ ਤਾਂ ਵੱਜਣੀਆਂ ਹੀ ਸਨ। ਵਰਮਾ ਜੀ ਸ਼ਾਬਾਸ਼ ਦਿੰਦੇ ਹਨ, ਹਿੰਦੀ ਦੇ ਮੈਡਮ ਪਿੱਠ ਥਾਪੜਦੇ ਪੁੱਛਦੇ ਹਨ, "ਜੋਗਿੰਦਰ ਏਨਾ ਸੁੰਦਰ ਭਾਸ਼ਣ ਕਿਸ ਨੇ ਤਿਆਰ ਕਰਵਾਇਆ?"
ਇਹ ਹੀ ਜੋਗਿੰਦਰ 14 ਅਗਸਤ 1975 ਨੂੰ ਐਮਰਜੈਂਸੀ ਕਾਲ 'ਚ ਹਵਾਲਤ 'ਚ ਬੰਦ ਕਰ ਦਿੱਤਾ ਗਿਆ ਸੀ। ਅਖੇ ਤੁਸੀਂ ਆਜ਼ਾਦੀ ਦਿਹਾੜੇ 'ਤੇ ਕਾਲੇ ਝੰਡੇ ਦਿਖਾਉਂਦੇ ਹੋ। ਹਾਕਮਾਂ ਨੇ ਆਜ਼ਾਦੀ ਦੇ ਜਸ਼ਨ ਮਨਾਉਣ ਉਪਰੰਤ ਉਸ ਨੂੰ ਜ਼ਮਾਨਤ ਤੇ ਰਿਹਾ ਕੀਤਾ ਸੀ। ਉਸ ਨੂੰ ਆਪਣੀ ਨੌਕਰੀ ਤੋਂ ਵੀ ਹੱਥ ਧੋਣਾ ਪਿਆ ਸੀ।
ਹੁਣ ਉਹ 70 ਸਾਲ ਦਾ ਹੋ ਗਿਆ ਹੈ।
ਬੀਤੇ ਦੀਆਂ ਘਟਨਾਵਾਂ ਦੀ ਫਿਲਮ
ਉਸ ਦੀਆਂ ਅੱਖਾਂ ਅੱਗੇ ਲਗਾਤਾਰ ਘੁੰਮ ਰਹੀ ਹੈ।
ਕਿੱਥੇ ਹੈ ਆਜਾਦੀ? ਉਸ ਨੂੰ 1978 ਦੇ ਘੋਲ ਸਮੇਂ ਇੱਕ ਅਧਿਆਪਕ ਆਗੂ ਸੁਰਿੰਦਰ ਗਰੇਵਾਲ ਵੱਲੋਂ ਅਕਸਰ ਸੁਣਾਇਆ ਜਾਂਦਾ ਗੀਤ ਯਾਦ ਆਉਂਦਾ ਰਹਿੰਦਾ...
"ਜਦ ਕਲਮ ਨਹੀਂ ਮੇਰੀ ਆਖਦੀ,
ਭਾਰਤ ਆਜ਼ਾਦੀ ਮਾਣਦਾ,
ਫਿਰ ਮੈਂ ਕਿੱਦਾਂ ਕਹਿ ਦੇਵਾਂ
ਮੇਰਾ ਦੇਸ਼ ਭਾਰਤ ਆਜ਼ਾਦ ਹੈ।"
ਕਿੱਥੇ ਗਈ ਪਿਆਰੀ ਭਾਰਤ ਮਾਂ ਜਿਸ ਤੋਂ ਬਲਿਹਾਰੇ ਜਾਈਏ। ਆਜ਼ਾਦੀ ਦਾ ਉਹ ਦੀਵਾ ਕਿਧਰੇ ਨਹੀਂ ਦਿਖਾਈ ਦਿੰਦਾ ਜਿਸ ਨੂੰ ਬੁਝਣ ਨਾ ਦੇਣ ਦੀ ਗੁਹਾਰ ਕੀਤੀ ਗਈ ਸੀ।
ਮਨ ਉਦਾਸ ਹੈ ਰੋਸ ਤੇ ਆਕਰੋਸ਼ ਨਾਲ ਭਰਿਆ ਪਿਆ ਹੈ। ਅੰਬੇਦਕਰ ਬਾਬਾ ਸਾਹਿਬ ਦੇ ਸੰਵਿਧਾਨ ਦੀ ਥਾਂ ਭਾਗਵਤ ਦਾ ਸੰਵਿਧਾਨ ਤੇਜ਼ੀ ਨਾਲ ਕਾਨੂੰਨੀ ਸ਼ਕਲ ਲੈਣ ਲਈ ਅਜਗਰ ਵਾਂਗ ਅਗਾਂਹ ਵਧ ਰਿਹਾ ਹੈ। ਅਖੌਤੀ ਚਾਰ ਥੰਮ ਮਹਿਜ਼ ਧੋਖਾ ਸਾਬਤ ਹੋ ਗਏ ਹਨ। ਫਾਸ਼ੀਵਾਦ ਦੇ ਪੈਰਾਂ ਨੂੰ ਮਾਲਸ਼ ਹੋ ਰਹੀ ਹੈ। ਸੁਪਰੀਮ ਕੋਰਟ ਪੂਰੀ ਆਜ਼ਾਦੀ ਨਾਲ ਲਿਖਣ ਬੋਲਣ ਦੀ ਆਜ਼ਾਦੀ ਤੇ ਜ਼ਾਹਰ ਰੂਪ ਵਿਚ ਝੱਪਟ ਰਹੀ ਹੈ।
ਪ੍ਰਸ਼ਾਤ ਭੂਸ਼ਣ ਨੂੰ ਸਜਾ ਦੇਣ ਦੀਆਂ ਤਿਆਰੀਆਂ ਨੰਗਾ ਚਿੱਟਾ
ਜਮਹੂਰੀ ਲਹਿਰ ਤੇ ਵੱਡਾ ਹਮਲਾ ਹੈ।
ਐਮਰਜੈਂਸੀ ਸ਼ਬਦ ਮੋਦੀ ਰਾਜ ਅੱਗੇ ਬੌਣਾ ਪੈ ਗਿਆ ਹੈ।
ਹਾਕਮ ਜਮਾਤਾਂ ਤੇ ਸਾਰੀਆਂ ਮੌਕਾ ਪ੍ਰਸਤ ਧਿਰਾਂ
ਕਰੋਨਾ ਦੀ ਆੜ 'ਚ ਆਪਣੀਆਂ ਲਾਲਸਾਵਾਂ ਪੂਰੀਆਂ ਕਰਨ ਲਈ ਗਲਤਾਨ ਹਨ। ਸਾਡੀ ਆਜ਼ਾਦੀ ਬਹੁਤ ਦੂਰ ਹੈ। ਵਿਸ਼ਾਲ ਲੋਕ ਲਹਿਰ ਜਰੂਰ ਉਸਲਵੱਟੇ ਲਵੇਗੀ ।
ਅਸਾਰ ਸਾਫ ਦਿਖਾਈ ਦੇ ਰਹੇ ਹਨ।
ਜੋਗਿੰਦਰ ਆਜਾਦ 15-8-20201
-
ਜੋਗਿੰਦਰ ਅਜ਼ਾਦ, ਟਰੇਡ ਯੂਨੀਅਨ ਆਗੂ
Joinder.azad@Yahoo.com
9646335309
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.