ਅੱਜ ਸਵੇਰੇ ਉੱਠਣ ਸਾਰ ਮੈਨੂੰ ਬਹੁਤ ਹੀ ਉਤਸ਼ਾਹੀ ਟੈਲੀਫ਼ੋਨ ਆਇਆ। ਫੋਨ ਵਾਲਾ ਸੱਜਣ ਮੈਨੂੰ ਪੁੱਛ ਰਿਹਾ ਸੀ, ਤੁਸੀਂ ਕਦੇ ਸਿਆੜ੍ਹ ਗਏ ਓ।
ਮੈਂ ਦੱਸਿਆ ਕਿ ਬੜੇ ਹਿੰਮਤੀ ਲੋਕਾਂ ਦਾ ਪਿੰਡ ਹੈ। ਕਦੇ ਕੂਕਾ ਲਹਿਰ ਦਾ ਪ੍ਰਮੁੱਖ ਕੇਂਦਰ ਸੀ। ਜਹਾਜ਼ੀਆਂ ਦੀ ਬਗਾਵਤ ਚ ਵੀ ਇਸ ਪਿੰਡ ਦਾ ਇੱਕ ਸੂਰਮਾ ਸ਼ਾਮਲ ਸੀ। ਖੇਡਾਂ, ਅਧਿਆਪਨ ਤੇ ਧਰਮ ਸ਼ਾਸਤਰ ਦੇ ਖੇਤਰ ਚ ਇਸ ਪਿੰਡ ਦੀਆਂ ਪੈੜਾਂ ਨਿਵੇਕਲੀਆਂ ਨੇ। ਪਿੰਡ ਦੇ ਕਰਮਚਾਰੀ ਨੌਕਰੀ ਭਾਵੇਂ ਕਿਤੇ ਕਰਨ, ਪਿੰਡ ਵਿਕਾਸ ਲਈ ਕਰਮਸ਼ੀਲ ਰਹਿੰਦੇ ਨੇ। ਅਸਲ ਧਰਤੀ ਪੁੱਤਰ।
ਮੈਂ ਦੱਸਿਆ ਕਿ ਇੱਕ ਵਾਰ ਮੈਂ ਡਾ: ਗੁਲਜ਼ਾਰ ਪੰਧੇਰ ਦੇ ਬੁਲਾਵੇ ਤੇ ਡਾ: ਰਮੇਸ਼ (ਨੇਤਰ ਬੈਂਕ)ਵੱਲੋਂ ਲਾਏ ਅੱਖਾਂ ਦੇ ਕੈਂਪ ਚ ਦਵਾਈਆਂ ਦਾਨ ਕਰਨ ਗਿਆ ਸਾਂ ਸ: ਭਗਵਾਨ ਸਿੰਘ (ਗੁਰਮੇਲ) ਵਾਲਿਆਂ ਦੇ ਸਹਿਯੋਗ ਨਾਲ।
ਦੂਜੀ ਵਾਰ ਇਨ੍ਹਾਂ ਉਤਸ਼ਾਹੀ ਮਿੱਤਰਾਂ ਸਦਕਾ ਪਿੰਡ ਚ ਲਾਇਬਰੇਰੀ ਖੁੱਲ੍ਹਵਾਉਣ ਗਿਆ ਸਾਂ। ਇਸ ਲਾਇਬਰੇਰੀ ਲਈ ਪਿਆਰੇ ਵੀਰ ਗੁਰਚਰਨ ਸਿੰਘ ਗਾਲਿਬ ਐੱਮ ਪੀ ਤੋਂ ਉਸਾਰੀ ਗਰਾਂਟ ਦਿਵਾਈ ਸੀ। ਸ਼ਾਇਦ ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਕੁਝ ਕਿਤਾਬਾਂ ਵੀ ਘੱਲੀਆਂ ਸਨ। ਇਸੇ ਸਮਾਗਮ ਚ ਇੱਕ ਬੜੀ ਹੀ ਪਿਆਰੀ ਬੱਚੀ ਨੇ ਗੀਤ ਸੁਣਾ ਕੇ ਸਾਡਾ ਮਨ ਜਿੱਤਿਆ।
ਪਤਾ ਲੱਗਿਆ ਕਿ ਸਕੂਲ ਚ ਸੰਗੀਤ ਤਿਆਰੀ ਲਈ ਹਾਰਮੋਨੀਅਮ ਨਹੀਂ ਹੈ।
ਇਹ ਸਾਜ਼ ਮੋਹਨ ਮਿਉਜ਼ਕ ਹਾਊਸ ਤੋਂ ਖ਼ਰੀਦ ਕੇ ਲੁਧਿਆਣਿਉਂ ਸਕੂਲ ਲਈ ਘੱਲਿਆ ਸੀ ਗੁਲਜ਼ਾਰ ਰਾਹੀਂ। ਉਦੋਂ ਇਸੇ ਪਿੰਡ ਦਾ ਸ਼ਿੰਗਾਰਾ ਸਿੰਘ ਪੰਧੇਰ ਵੀ ਸਾਡਾ ਪੰਜਾਬ ਖੇਤੀ ਯੂਨੀਵਰਸਿਟੀ ਚ ਸਹਿਕਰਮੀ ਸੀ। ਉਹ ਵੀ ਪਿੰਡ ਚ ਰਹਿਣ ਕਰਕੇ ਚੰਗੀ ਅਗਵਾਈ ਦੇ ਰਿਹਾ ਸੀ।
ਪਿੰਡ ਚ ਬਣੇ ਧਾਰਮਿਕ ਸਥਾਨ ਚ ਜਦ ਕਲੇਸ਼ ਪਿਆ ਤਾਂ ਬਾਬਾ ਮੀਹਾਂ ਸਿੰਘ ਸਿਆੜ੍ਹ ਵਾਲਿਆਂ ਦੇ ਪੁੱਤਰ ਨੂੰ ਵੀ ਸਾਥ ਦਿੱਤਾ, ਸਹੀ ਸਲਾਹ ਦੇ ਕੇ। ਮਗਰੋਂ ਰਾਬਤਾ ਨਹੀਂ ਰਿਹਾ ਕਿਸੇ ਨਾਲ ਵੀ। ਸਭ ਆਪੋ ਆਪਣੇ ਮਾਰਗ ਦੇ ਪਾਂਧੀ ਹਨ।
ਸੱਜਣ ਨੇ ਦੱਸਿਆ ਕਿ ਅੰਕਲ! ਕੱਲ੍ਹ ਸਿਆੜ੍ਹ ਪਿੰਡ ਦਾ ਸਮਾਰਟ ਸਕੂਲ ਵੇਖ ਕੇ ਆਇਆਂ। ਨਿਜੀ ਸੈਕਟਰ ਦੇ ਸਕੂਲਾਂ ਨੂੰ ਮਾਤ ਪਾਉਂਦੈ। ਢਾਂਚਾ ਵੀ ਸੋਹਣਾ ਤੇ ਸਕੂਲ ਚ ਰੂਹ ਵੀ ਹਾਜ਼ਰ ਨਾਜ਼ਰ ਲੱਗੀ। ਪਿੰਡ ਤੇ ਸਕੂਲ ਸਟਾਫ਼ ਦਾ ਸਹਿਯੋਗ ਗੂੜ੍ਹਾ ਲੱਗਿਆ। ਬੱਚੇ ਵੀ ਚਮਕਦੇ ਨੇਤਰਾਂ ਵਾਲੇ, ਸੁਪਨੇ ਲੱਭਦੇ। ਕਿਆਰੀਆਂ ਚ ਬੂਟੇ ਬੋਲਦੇ ਜਿਵੇਂ।
ਮੈਂ ਕਿਹਾ ਕਿ ਨਵਾਂ ਪੰਜਾਬ ਏਦਾਂ ਹੀ ਉੱਸਰ ਸਕਦੈ ਜੇ ਪਿੰਡ ਏਕੇ ਨਾਲ ਸਰਕਾਰੀ ਧਨ ਨੂੰ ਸਕਾਰਥਾ ਅੰਦਾਜ਼ ਨਾਲ ਵਰਤਣ। ਸਰਕਾਰਾਂ ਵੀ ਪਿਆਸੀਆਂ ਧਰਤੀਆਂ ਪਛਾਣੇ। ਸਮੁੰਦਰ ਤੇ ਨਾ ਵਰ੍ਹੇ।
ਮੈਂ ਕਿਹਾ, ਪੁੱਤਰਾ! ਅਜੇ ਆਸ ਦੀਆਂ ਬਹੁਤ ਹਰੀਆਂ ਕਰੂੰਬਲਾਂ ਜਿਉਂਦੀਆਂ ਨੇ। ਸਰਪ੍ਰਸਤੀ ਤੇ ਸਨੇਹ ਦਾ ਪਾਣੀ ਦੇਣ ਦੀ ਲੋੜ ਹੈ। ਪਿਆਰ ਦਾ ਪਾਣੀ ਮਿਲਦਾ ਰਹੇ ਤਾਂ ਸਰਕਾਰੀ ਤੰਤਰ ਦੇ ਅਦਾਰੇ ਅੱਜ ਵੀ ਲਿਆਕਤਵਾਨ ਅਧਿਆਪਕਾਂ ਸਹਾਰੇ ਆਪਣੀ ਪੁਰਾਣੀ ਸ਼ਾਨ ਤੇ ਮਾਣ ਮਰਿਆਦਾ ਬਹਾਲ ਕਰ ਸਕਦੇ ਨੇ।
ਉਸ ਹੁੰਗਾਰਾ ਭਰਿਆ ਤੇ ਕਿਹਾ! ਹਾਂ ਅੰਕਲ, ਮੈਂ ਪੂਰੀ ਕੋਸ਼ਿਸ਼ ਕਰਾਂਗਾ ਚੰਗੇ ਹਿੰਮਤੀ ਸੰਸਥਾ ਚਾਲਕਾਂ ਦੀ ਧਿਰ ਬਣਨ ਦੀ। ਪੂਰੇ ਪੰਜਾਬ ਚ ਇਹੋ ਜਹੇ ਸਕੂਲ ਨਾਇਕ ਵਾਂਗ ਪੇਸ਼ ਕਰਾਂਗੇ।
ਮੈਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਚ ਬੀਹਲਾ ਪਿੰਡ ਦਾ ਪ੍ਰਾਇਮਰੀ ਸਕੂਲ ਵੀ ਇਸੇ ਤਰਜ਼ ਤੇ ਪਰਦੇਸੀ ਭਰਾਵਾਂ ਦੀ ਮਦਦ ਨਾਲ ਅੱਗੇ ਵਧ ਰਿਹੈ। ਸਰਕਾਰੀ ਸੈਕੰਡਰੀ ਸਕੂਲ ਮੂੰਮ (ਬਰਨਾਲਾ)ਲੁਧਿਆਣਾ ਦੀ ਹੱਦ ਤੇ ਨਹਿਰ ਕੰਢੇ ਵੀ ਵੇਖਣ ਵਾਲਾ ਹੀ ਹੈ। ਮੈਂ ਤਾਂ ਬਹੁਤ ਪ੍ਰਭਾਵਤ ਹੋਇਆ ਸਾਂ,ਪਿਛਲੇ ਸਾਲ ਗਿਆ ਸਾਂ ਉਥੇ ਦੇਸ਼ ਵੰਡ ਬਾਰੇ ਸੈਮੀਨਾਰ ਚ।
ਸਕੂਲ ਦੀਆਂ ਚੰਗੀਆਂ ਗੱਲਾਂ ਦੱਸਣ ਵਾਲਾ ਸੱਜਣ ਪੰਜਾਬ ਦਾ ਮੰਤਰੀ ਭਾਰਤ ਭੂਸ਼ਨ ਆਸ਼ੂ ਸੀ, ਜਿਸ ਨੇ ਕੱਲ੍ਹ ਦੁਪਹਿਰੇ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਇਸ ਸਕੂਲ ਦਾ ਦੌਰਾ ਕੀਤਾ ਸੀ।
ਪਿੱਛੋਂ ਸੁੱਝੀ:
ਮੇਰੇ ਬਾਪੂ ਜੀ ਕਹਿੰਦੇ ਹੁੰਦੇ ਸਨ,
ਜੱਟ ਜੇ ਪੈਲੀ ਬੰਨੇ ਵੱਲ ਹਰ ਰੋਜ਼ ਗੇੜਾ ਰੱਖੇ ਤਾਂ ਫ਼ਸਲ ਚੰਗੀ ਹੁੰਦੀ ਹੈ।
ਫ਼ਸਲ ਵੀ ਬੀਜਣ ਵਾਲੇ ਨੂੰ ਪੁੱਤਰ ਧੀਆਂ ਵਾਂਗ ਉਡੀਕਦੀ ਹੈ।
ਗੁਰਭਜਨ ਗਿੱਲ
16 ਅਗਸਤ, 2020
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.