ਲੰਬੇ ਸਮੇਂ ਦੇ ਅੱਤਵਾਦ ਤੋਂ ਬਾਅਦ ਬਣੀ ਸੀ ਬੇਅੰਤ ਸਿੰਘ ਦੀ ਅਗਵਾਈ ਹੇਠ ਲੋਕਾਂ ਦੀ ਸਰਕਾਰ
ਲੋਕ ਚਰਚਾ ਸੀ ਬੇਅੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਛੇ ਮਹੀਨਿਆਂ ਵਿਚ ਟੁੱਟ ਜਾਵੇਗੀ
ਸਰਕਾਰ ਨੇ ਅੱਤਵਾਦ ਨੂੰ ਠੱਲ੍ਹ ਪਾਉਣ ਤੇ ਲੋਕਾਂ ਦੀ ਸੇਵਾ ਕਰਨ ਨੂੰ ਬਣਾਇਆ ਨਿਸ਼ਾਨਾ
ਅੰਮ੍ਰਿਤਸਰ ਵਿਖੇ ਤਾਇਨਾਤ ਅਧਿਕਾਰੀਆਂ ਨੇ ਕਬੂਲ ਕੀਤਾ ਸਰਕਾਰ ਦਾ ਮਿਸ਼ਨ/ਚੈਲੰਜ
ਪੰਜਾਬ ਦੇ ਲੋਕਾਂ ਨੇ ਲੰਬਾ ਸਮਾਂ ਅੱਤਵਾਦ ਦੇ ਦੌਰ ਵਿਚ ਗੁਜ਼ਰਿਆ। ਅੱਤਵਾਦ ਦੀ ਹਨੇਰੀ ਝੁਲ ਰਹੀ ਸੀ। ਦਿਨ ਦਿਹਾੜੇ ਬੱਸਾਂ ਵਿਚ ਉਤਾਰ ਕੇ ਕਤਲ ਤੇ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਸਨ। ਪੰਜਾਬ ਦਾ ਹਰ ਇਨਸਾਨ ਮੌਤ ਦੇ ਛਾਏ ਹੇਠ ਸੀ। ਪੰਜਾਬ ਵਿਚ ਗਵਰਨਰੀ ਰਾਜ ਸੀ। ਬਾਹਰਲਿਆਂ ਸੂਬਿਆਂ ਦੇ ਚੋਟੀ ਦੇ ਸਿਆਸਤਦਾਨਾਂ,ਫ਼ੌਜ,ਪੁਲਿਸ ਤੇ ਸਿਵਲ ਉੱਚ ਅਫ਼ਸਰਾਂ ਨੂੰ ਪੰਜਾਬ ਵਿਚ ਰਾਜਪਾਲ/ਸਲਾਹਕਾਰ ਨਿਯੁਕਤ ਕੀਤਾ ਜਾਂਦਾ ਸੀ। ਸ਼ਾਮ ਢਲਦਿਆਂ ਹੀ ਰਸਤੇ ਸੁੰਨੇ ਹੋ ਜਾਂਦੇ ਸਨ। ਸ਼ਹਿਰਾਂ/ਪਿੰਡਾਂ ਅਤੇ ਢਾਣੀਆਂ ਵਿਚ ਹਨੇਰਾ ਛਾ ਜਾਂਦਾ ਸੀ। ਰਾਤ ਦੇ ਹਨੇਰੇ ਵਿਚ ਕਿਸ ਵਿਅਕਤੀ ਦੇ ਘਰ ਲਾਸ਼ਾਂ ਦਾ ਸੱਥਰ ਵਿਛ ਜਾਣਾ ਕੋਈ ਨਹੀਂਂ ਸੀ ਜਾਣਦਾ। ਅੱਤਵਾਦ ਦੇ ਦੌਰ ਦੌਰਾਨ ਚੋਟੀ ਦੇ ਸਿਆਸਤਦਾਨ,ਧਾਰਮਿਕ ਆਗੂ, ਸਿਵਲ ਤੇ ਪੁਲਿਸ ਅਧਿਕਾਰੀ, ਜੱਜ,ਪੱਤਰਕਾਰ ਅਤੇ ਆਮ ਵਿਅਕਤੀ ਹਜ਼ਾਰਾਂ ਦੀ ਗਿਣਤੀ ਵਿਚ ਆਪਣੀ ਕੁਰਬਾਨੀ ਦੇ ਗਏ। ਅੱਤਵਾਦੀ ਪੰਜਾਬ ਵਿਚ ਆਪਣੀਆਂ ਮਨ ਮਾਨੀਆਂ ਕਰ ਰਹੇ ਸਨ ਅਤੇ ਆਪਣੀ ਮੁਤਵਾਜ਼ੀ ਸਰਕਾਰ ਚਲਾ ਰਹੇ ਸਨ। ਆਪਣੇ ਹੁਕਮ ਜਾਰੀ ਕਰ ਰਹੇ ਸਨ। ਅੱਤਵਾਦੀਆਂ ਨੇ ਮੱਤਵਾਦੀ ਉੱਪਰ ਵੀ ਆਪਣਾ ਕਬਜ਼ਾ ਕਰ ਲਿਆ ਸੀ। ਆਪਣੇ ਅਧਿਕਾਰੀ ਵੀ ਤਾਇਨਾਤ ਕਰ ਦਿੱਤੇ ਸਨ। ਸਰਕਾਰ ਦਾ ਕੰਮ ਠੱਪ ਹੋ ਕੇ ਰਹਿ ਗਿਆ ਸੀ। ਸਰਕਾਰੀ ਕੰਮਾਂ ਦੇ ਠੇਕੇਦਾਰ ਵੀ ਠੇਕੇ ਲੈਣ ਤੋਂ ਕੰਨੀ ਕਤਰਾਉਂਦੇ ਸੀ। ਫ਼ਰੌਤੀਆਂ ਮੰਗੀਆਂ ਜਾ ਰਹੀਆਂ ਸਨ। ਬੱਚਿਆਂ ਨੂੰ ਅਗਵਾ ਕਰ ਲੈਣਾ ਤੇ ਫਿਰ ਰਕਮਾਂ ਬਟੋਰ ਕੇ ਛੱਡ ਦੇਣਾ ਆਮ ਰਿਵਾਜ ਬਣ ਗਿਆ ਸੀ। ਇੱਕ ਸਮਾਂ ਅਜਿਹਾ ਆਇਆ ਜਦੋਂ ਅੱਤਵਾਦ ਵਿਚ ਸ਼ਾਮਲ ਸਾਥੀਆਂ ਦੇ ਘਰਾਂ ਦੀ ਇੱਜ਼ਤ ਲੁੱਟੀ ਜਾਣ ਲੱਗੀ। ਮੁਕਬਰੀਆਂ ਦਾ ਦੌਰ ਸ਼ੁਰੂ ਹੋਇਆ, ਹਜ਼ਾਰਾਂ ਦੀ ਗਿਣਤੀ ਵਿਚ ਅੱਤਵਾਦ ਵਿਚ ਸ਼ਾਮਲ ਨੌਜਵਾਨ ਪੁਲਿਸ/ਸੁਰੱਖਿਆ ਬਲਾਂ/ਫ਼ੌਜ ਦੀ ਗੋਲੀ ਦਾ ਨਿਸ਼ਾਨਾ ਬਣੇ। ਕੇਂਦਰ ਸਰਕਾਰ ਲਈ ਪੰਜਾਬ ਵਿਚ ਅਮਨ ਕਨੂੰਨ ਦਾ ਰਾਜ ਸਥਾਪਿਤ ਕਰਨਾ ਵੱਡੀ ਚੁਨੌਤੀ ਬਣੀ ਹੋਈ ਸੀ। ਕੇਂਦਰ ਸਰਕਾਰ ਨੇ ਅਖੀਰ 1991 ਵਿਚ ਚੋਣਾਂ ਦਾ ਐਲਾਨ ਕਰ ਦਿੱਤਾ। ਕੁਝ ਸਿਆਸੀ ਪਾਰਟੀਆਂ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ। ਚੋਣਾਂ ਦੀਆਂ ਤਿਆਰੀਆਂ ਚਲ ਰਹੀਆਂ ਸਨ। ਨਾਮਜ਼ਦਗੀਆਂ ਸ਼ੁਰੂ ਹੋਈਆਂ ਸਨ ਕਿ ਅਚਾਨਕ ਚੋਣਾਂ ਦੇ ਕੁਝ ਸੰਭਾਵੀ ਉਮੀਦਵਾਰਾਂ ਨੂੰ ਅੱਤਵਾਦੀਆਂ ਨੇ ਗੋਲੀਆਂ ਮੌਤ ਦੇ ਘਾਟ ਉਤਾਰ ਦਿੱਤਾ। ਚੋਣਾਂ ਕੈਂਸਲ ਹੋ ਗਈਆਂ। ਅਖੀਰ ਦੁਬਾਰਾ ਪੂਰੇ ਸੁਰੱਖਿਆ ਪ੍ਰਬੰਧ ਕਰਕੇ 1992 ਦੇ ਸ਼ੁਰੂ ਵਿਚ ਚੋਣਾਂ ਕਰਵਾਈਆਂ ਜਿਨ੍ਹਾਂ ਵਿਚ ਕੁਝ ਸਿਆਸੀ ਪਾਰਟੀਆਂ ਨੇ ਡਰਦਿਆਂ ਹਿੱਸਾ ਨਾ ਲਿਆ। ਇਸ ਚੋਣ ਦੌਰਾਨ ਕੁਝ ਘਟਨਾਵਾਂ ਵੀ ਵਾਪਰੀਆਂ,ਵੋਟਰਾਂ ਨੇ ਕੋਈ ਉਤਸ਼ਾਹ ਨਹੀਂ ਵਿਖਾਇਆ। ਵਿਧਾਨ ਸਭਾ ਹਲਕਿਆਂ ਵਿਚੋਂ ਉਮੀਦਵਾਰਾਂ ਨੂੰ ਵੋਟਾਂ ਸਰਪੰਚਾਂ/ਪੰਚਾਂ ਜਿੰਨੀਆਂ ਵੀ ਨਹੀਂ ਮਿਲੀਆਂ। ਲੋਕਾਂ ਦੇ ਨੁਮਾਇੰਦੇ ਚੁਣੇ ਗਏ। ਲੰਬੇ ਸਮੇਂ ਦੇ ਅੱਤਵਾਦ ਤੋਂ ਬਾਅਦ ਬੇਅੰਤ ਸਿੰਘ ਦੀ ਅਗਵਾਈ ਹੇਠ ਲੋਕਾਂ ਦੀ ਸਰਕਾਰ ਬਣੀ ਸੀ। ਚੋਣਾਂ ਤੋਂ ਪਿੱਛੋਂ ਲੋਕ ਚਰਚਾ ਸੀ ਬੇਅੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਛੇ ਮਹੀਨਿਆਂ ਵਿਚ ਟੁੱਟ ਜਾਵੇਗੀ।
ਕਾਂਗਰਸ ਪਾਰਟੀ ਦੀ ਸ ਬੇਅੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਅੱਤਵਾਦ ਨੂੰ ਠੱਲ੍ਹ ਪਾਉਣ ਤੇ ਲੋਕਾਂ ਦੀ ਸੇਵਾ ਕਰਨ ਦਾ ਨਿਸ਼ਾਨਾ ਬਣਾਇਆ ਹੋਇਆ ਸੀ। ਅੱਤਵਾਦ ਅਜੇ ਖ਼ਤਮ ਨਹੀਂ ਹੋਇਆ ਸੀ। ਅੱਤਵਾਦੀਆਂ ਦੀਆਂ ਕਾਰਵਾਈ ਨਿਰੰਤਰ ਜਾਰੀ ਸੀ ਭਾਵੇਂ ਲੋਕਾਂ ਦੀ ਚੁਣੀ ਸਰਕਾਰ ਬਹਾਲ ਹੋ ਗਈ ਸੀ। ਮਾਝਾ ਖੇਤਰ ਤੇ ਖ਼ਾਸਕਰ ਅੰਮ੍ਰਿਤਸਰ, ਤਰਨਤਾਰਨ, ਖੇਮਕਰਨ, ਪੱਟੀ, ਹਰੀਕੇ,ਅਜਨਾਲਾ, ਬਟਾਲਾ,ਬਾਬਾ ਬਕਾਲਾ,ਬਿਆਸ ਦੇ ਇਲਾਕੇ ਵਿਚ ਕਤਲ ਤੇ ਲੁੱਟਾਂ ਖੋਹਾਂ ਜਾਰੀ ਸਨ। ਸਰਕਾਰ ਨੇ ਆਪਣੀ ਵਚਨ ਨੂੰ ਸਾਹਮਣੇ ਰੱਖਦਿਆਂ ਅੰਮ੍ਰਿਤਸਰ ਨੂੰ ਮੁੱਖ ਧੁਰਾ ਮੰਨਕੇ ਮੁੱਖ ਮੰਤਰੀ,ਮੰਤਰੀਆਂ ਨੇ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ। ਸਰਕਾਰ ਦੇ ਮੰਤਰੀਆਂ ਨੂੰ ਪਿੰਡਾਂ ਵਿਚ ਲੈ ਕੇ ਜਾਣਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ। ਉਸ ਵੇਲੇ ਅੰਮ੍ਰਿਤਸਰ ਵਿਖੇ ਤਾਇਨਾਤ ਕਰਨਬੀਰ ਸਿੰਘ ਸਿੱਧੂ ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਹਰਦੀਪ ਸਿੰਘ ਢਿੱਲੋਂ ਨੇ ਫ਼ੌਜ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਯੋਜਨਾ ਤਿਆਰ ਕੀਤੀ। ਫ਼ੌਜ ਦੀ ਸਹਾਇਤਾ ਨਾਲ ਸਰਹੱਦੀ ਪਿੰਡਾਂ ਵਿਚ ਸਦਭਾਵਨਾ ਲਹਿਰ ਸਿਹਤ ਚੈੱਕਅਪ ਕੈਂਪ ਲਗਾਉਣੇ ਸ਼ੁਰੂ ਕੀਤੇ,ਇਨ੍ਹਾਂ ਕੈਂਪਾਂ ਦਾ ਉਦਘਾਟਨ ਕਰਨ ਲਈ ਮੰਤਰੀ ਪੁੱਜਣ ਲੱਗੇ। ਉਸ ਵੇਲੇ ਤਰੱਕੀ ਉਪਰੰਤ ਮੇਰੀ ਪਹਿਲੀ ਨਿਯੁਕਤੀ ਬਤੌਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਅੰਮ੍ਰਿਤਸਰ ਹੋਈ ਸੀ।
ਸ ਬੇਅੰਤ ਸਿੰਘ ਮੁੱਖ ਮੰਤਰੀ, ਪੰਜਾਬ ਦਾ ਪੁਲੀਸ ਦੇ ਡਾਇਰੈਕਟਰ ਜਨਰਲ ਕੇ ਪੀ ਐਸ ਨੂੰ ਥਾਪੜਾ ਤੇ ਪੁਲਿਸ ਦੇ ਕੰਮ ਵਿਚ ਸਿਆਸੀ ਦਖ਼ਲਅੰਦਾਜ਼ੀ ਬੰਦ ਹੋਣ ਨਾਲ ਸਰਕਾਰ ਦਾ ਅੱਤਵਾਦੀਆਂ 'ਤੇ ਦਬਦਬਾ ਬਣਨਾ ਸ਼ੁਰੂ ਹੋ ਗਿਆ। ਪਹਿਲੀ ਜੁਲਾਈ 1992 ਨੂੰ ਸ ਬੇਅੰਤ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਰੇਲਵੇ ਸਟੇਸ਼ਨ ਤੇ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਦੀ ਸਥਾਪਨਾ ਕੀਤੀ ਗਈ।ਪੰਜਾਬ ਸਰਕਾਰ ਦੀ ਛਤਰ ਛਾਇਆ ਹੇਠ ਕਾਂਗਰਸ ਪਾਰਟੀ ਵੱਲੋਂ ਜੁਲਾਈ ਦੇ ਪਹਿਲੇ ਦਸ ਦਿਨ ਲੋਕਾਂ ਵਿਚ ਜਾਣ ਲਈ ਸਦਭਾਵਨਾ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੁਹਿੰਮ ਦੌਰਾਨ ਕਿਸੇ ਵੀ ਥਾਂ ਤੇ ਖੜ੍ਹੇ ਹੋ ਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਨਹੀਂ ਕੀਤਾ ਗਿਆ। ਮੁੱਖ ਮੰਤਰੀ/ਮੰਤਰੀਆਂ ਨੇ ਖੁੱਲ੍ਹੀਆਂ ਜੀਪਾਂ ਦੀ ਵਰਤੋਂ ਕੀਤੀ। ਹੌਲੀ ਹੌਲੀ ਹਾਲਾਤ ਬਦਲਣੇ ਸ਼ੁਰੂ ਹੋ ਗਏ। ਲੋਕ ਵੀ ਮੰਤਰੀਆਂ ਤਕ ਪਹੁੰਚ ਕਰਨ ਲੱਗ ਪਏ,ਜਿਹੜਾ ਸਹਿਮ ਵੋਟਾਂ ਵੇਲੇ ਸੀ ਉਹ ਨਹੀ ਰਿਹਾ ਸੀ। ਮੰਤਰੀਆਂ ਦੀ ਅਖ਼ਬਾਰਾਂ ਤੇ ਦੂਰਦਰਸ਼ਨ ਤੇ ਕਵਰੇਜ ਲਈ ਜਲੰਧਰ ਜਾਣਾ ਪੈਂਦਾ ਸੀ,ਪਰ ਡਰ ਦੇ ਮਾਰੇ ਦਫ਼ਤਰ ਦੇ ਕਰਮਚਾਰੀ ਜਲੰਧਰ ਵਲ ਮੂੰਹ ਨਹੀਂ ਸਨ ਕਰਦੇ। ਅਖੀਰ ਜਲੰਧਰ ਜਾਣ ਦੀ ਸ਼ੁਰੂਆਤ ਜਾਨ ਦੀ ਬਾਜ਼ੀ ਲਾ ਕੇ ਮੈਨੂੰ ਖ਼ੁਦ ਨੂੰ ਕਰਨੀ ਪਈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ ਕਰਨਬੀਰ ਸਿੰਘ ਸਿੱਧੂ ਅਤੇ ਸ੍ਰੀ ਹਰਦੀਪ ਸਿੰਘ ਢਿੱਲੋਂ ਉੱਚ ਪੁਲਿਸ ਕਪਤਾਨ ਅਤੇ ਹੋਰ ਅਧਿਕਾਰੀ ਵੀ ਹਰ ਤਰ੍ਹਾਂ ਦਾ ਜੋਖ਼ਮ ਉਠਾ ਰਹੇ ਸਨ।
ਪੰਜਾਬ ਲੋਕਾਂ ਦੀ ਚੁਣੀ ਸਰਕਾਰ ਵੱਲੋਂ 1992 ਦੌਰਾਨ ਅੱਤਵਾਦ ਦੇ ਲੰਬੇ ਦੌਰ ਤੋਂ ਬਾਅਦ ਪਹਿਲੀ ਵਾਰ ਅਜ਼ਾਦੀ ਦਿਵਸ ਮਨਾਇਆ ਜਾਣਾ ਸੀ। ਬੇਅੰਤ ਸਿੰਘ ਨੇ ਅੰਮ੍ਰਿਤਸਰ ਨੂੰ ਤਰਜ਼ੀਹ ਦਿੱਤੀ ਅਤੇ ਰਾਜ ਪੱਧਰੀ ਸਮਾਗਮ ਰੱਖ ਲਿਆ। ਮੰਤਰੀਆਂ ਦੀਆਂ ਡਿਊਟੀਆਂ ਦੂਜਿਆਂ ਜ਼ਿਲ੍ਹਿਆਂ ਵਿਚ ਲਗਾ ਦਿੱਤੀਆਂ। ਮੁੱਖ ਮੰਤਰੀ ਨੇ ਅੱਤਵਾਦ ਤੋਂ ਪ੍ਰਭਾਵਿਤ ਜ਼ਿਲ੍ਹਾ ਅੰਮ੍ਰਿਤਸਰ ਵਿਚ ਸ਼ਾਂਤੀ ਦੀ ਸਥਾਪਨਾ ਨੂੰ ਪਹਿਲ ਦਿੱਤੀ ਕਿਉਂਕਿ ਇੱਥੋਂ ਉੱਠੀ ਆਵਾਜ਼ ਦਾ ਸੁਨੇਹਾ ਅੰਤਰਰਾਸ਼ਟਰੀ ਪੱਧਰ ਤੱਕ ਪੁੱਜਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਰਾਜ ਪੱਧਰੀ ਸਮਾਗਮ ਲਈ ਤਿਆਰੀਆਂ ਅਰੰਭ ਦਿੱਤੀਆਂ।ਡਰ ਦੇ ਕਾਰਨ ਕਾਲਜਾਂ/ਸਕੂਲਾਂ ਦੇ ਅਧਿਆਪਕ ਤੇ ਵਿਦਿਆਰਥੀ ਇਸ ਸਮਾਗਮ ਵਿਚ ਸ਼ਾਮਲ ਹੋਣ ਤੋਂ ਗੁਰੇਜ਼ ਕਰਦੇ ਸਨ। ਅਖੀਰ ਪ੍ਰਸ਼ਾਸਨ ਦੀ ਹੱਲਾਸ਼ੇਰੀ ਤੇ ਯੋਗ ਅਗਵਾਈ ਕਾਰਨ ਸਾਰੇ ਕਾਲਜ/ਸਕੂਲ ਸਰਗਰਮ ਹੋ ਗਏ ਸਨ। ਅਖੀਰ ਆਜ਼ਾਦੀ ਦਿਵਸ ਦੀ ਸੋਹਣੀ ਸਵੇਰ ਆ ਗਈ। ਬੇਅੰਤ ਸਿੰਘ ਪੰਜਾਬ ਰਾਤ ਸਮੇਂ ਹੀ ਅੰਮ੍ਰਿਤਸਰ ਪੁੱਜ ਗਏ ਸਨ।ਗੁਰੂ ਨਾਨਕ ਸਟੇਡੀਅਮ ਵਿਚ ਲੱਗੀਆਂ ਰੌਣਕਾਂ, ਮੁੱਖ ਮੰਤਰੀ ਰਾਸ਼ਟਰੀ ਝੰਡਾ ਲਹਿਰਾਇਆ,ਪਰੇਡ ਦੀ ਸਲਾਮੀ ਲਈ। ਆਪਣੇ ਸੰਬੋਧਨ ਵਿਚ ਬੇਅੰਤ ਸਿੰਘ ਨੇ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ਨੂੰ ਯਾਦ ਕਰਦਿਆਂ ਆਪਣੀ ਸਰਕਾਰ ਵੱਲੋਂ ਲੋਕਾਂ ਦੀ ਸੇਵਾ ਕਰਨ ਤੇ ਅੱਤਵਾਦ ਨੂੰ ਖ਼ਤਮ ਕਰਕੇ ਸ਼ਾਂਤੀ ਸਥਾਪਿਤ ਕਰਨ ਦਾ ਪ੍ਰਣ ਦੁਹਰਾਇਆ। ਉਨ੍ਹਾਂ ਕਿਹਾ ਸਰਕਾਰ ਹਰ ਤਰ੍ਹਾਂ ਦੀ ਕੁਰਬਾਨੀ ਕਰਕੇ ਸੂਬੇ ਵਿਚ ਅਮਨ ਤੇ ਖ਼ੁਸ਼ਹਾਲੀ ਲਿਆਵੇਗੀ। ਇਸ ਮੌਕੇ ਦੇਸ਼-ਭਗਤੀ ਦੇ ਗੀਤਾਂ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੌਕੇ ਤੇ ਬੇਅੰਤ ਸਿੰਘ ਦੇ ਪਰਿਵਾਰ ਮੈਂਬਰ ਵੀ ਪ੍ਰੋਗਰਾਮ ਵੇਖੇ ਬਹੁਤ ਪ੍ਰਭਾਵਿਤ ਹੋਏ। ਉਸ ਸਮੇਂ ਸਟੇਜ ਦੀ ਜ਼ਿੰਮੇਵਾਰੀ ਜ਼ਿੰਮੇਵਾਰੀਮੈਨੂੰ ਖ਼ੁਦ ਨੂੰ ਨਿਭਾਉਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਪੰਜਾਬ ਵਿਚ ਕਾਂਗਰਸ ਦੀ ਸਰਕਾਰ ਨੂੰ ਲੀਹ ਤੇ ਪਾਉਣ ਅਤੇ ਲੋਕਾਂ ਦੀ ਸੇਵਾ ਵਿਚ ਅੱਗੇ ਵੱਲ ਕਦਮ ਉਠਾਉਣ ਲਈ ਕੇ ਬੀ ਐਸ ਸਿੱਧੂ ਤੇ ਹਰਦੀਪ ਢਿੱਲੋਂ ਦੇ ਯਤਨ ਸਫਲ ਹੋਏ ਕਿਓਂਕਿ ਇਹ ਸਮਾਗਮ ਖਾਲਿਸਤਾਨੀਆਂ ਦੀ ਦਹਿਸ਼ਤ ਨੂੰ ਤੋੜਨ ਦੀ ਸ਼ੁਰੂਆਤ ਸਾਬਤ ਹੋਇਆ ਸੀ .
-
ਗਿਆਨ ਸਿੰਘ , ਮੋਗਾ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ (ਸੇਵਾ ਮੁਕਤ)
gyankhiva@gmail.com
9815784100
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.