ਮਹਾਨ ਪੰਜਾਬੀ ਸਾਹਿਤਕਾਰ ਡਾ. ਹਰਿਭਜਨ ਸਿੰਘ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀਆਂ ਵਿੱਚੋਂ ਇਕ ਸਨ। ਉਹ ਸਿਰਫ ਕਵੀ ਹੀ ਨਹੀਂ ਸਗੋਂ ਉੱਚਕੋਟੀ ਦੇ ਵਾਰਤਕ ਲੇਖਕ, ਆਲੋਚਕ ਅਤੇ ਅਨੁਵਾਦਕ ਸਨ। 100 ਤੋਂ ਵੱਧ ਮਿਆਰੀ ਪੁਸਤਕਾਂ ਦਾ ਯੋਗਦਾਨ ਪਾ ਕੇ ਉਨ੍ਹਾਂ ਪੰਜਾਬੀ ਸਾਹਿਤ ਨੂੰ ਬੇਹੱਦ ਅਮੀਰੀ ਪ੍ਰਦਾਨ ਕੀਤੀ ਹੈ। ਉਹ ਪੰਜਾਬੀ ਤੋਂ ਇਲਾਵਾ ਹਿੰਦੀ, ਅੰਗਰੇਜ਼ੀ ਅਤੇ ਫਾਰਸੀ ਜ਼ੁਬਾਨ ਦੇ ਵੀ ਮਾਹਰ ਸਨ। ਉਨ੍ਹਾਂ ਦਾ ਜਨਮ 18 ਅਗਸਤ 1920 ਨੂੰ ਹੋਇਆ ਅਤੇ ਇਹ ਸਾਲ ਉਨ੍ਹਾਂ ਦੇ ਜਨਮ ਸ਼ਤਾਬਦੀ ਵਰ੍ਹੇ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ। ਸਾਰਾ ਸਾਲ ਉਨ੍ਹਾਂ ਦੀ ਯਾਦ ਵਿਚ ਦੁਨੀਆਂ ਭਰ ਵਿਚ ਸਾਹਿਤਕ ਸਮਾਰੋਹ ਰਚਾਏ ਜਾਣਗੇ। ਇਸ ਵਿਸ਼ੇਸ਼ ਮੌਕੇ ਤੇ ਡਾ. ਸਾਹਿਬ ਨੂੰ ਯਾਦ ਕਰਦਿਆਂ ਅਸੀਂ ਉਨ੍ਹਾਂ ਦੀਆਂ ਕੁਝ ਕਾਵਿ-ਰਚਨਾਵਾਂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ-
ਫੌਜਾਂ ਕੌਣ ਦੇਸ ਤੋਂ ਆਈਆਂ
(1)
ਫੌਜਾਂ ਕੌਣ ਦੇਸ ਤੋਂ ਆਈਆਂ ?
ਕਿਹੜੇ ਦੇਸ ਤੋਂ ਕਹਿਰ ਲਿਆਈਆਂ,
ਕਿੱਥੋਂ ਜ਼ਹਿਰ ਲਿਆਈਆਂ
ਕਿਸ ਫਨੀਅਰ ਦੀ ਫੂਕ ਕਿ
ਜਿਸ ਨੇ ਪੱਕੀਆਂ ਕੰਧਾਂ ਢਾਹੀਆਂ
ਸੱਚ ਸਰੋਵਰ ਡੱਸਿਆ
ਅੱਗਾਂ ਪੱਥਰਾਂ ਵਿਚ ਲਾਈਆਂ
ਹਰਿ ਕੇ ਮੰਦਰ ਵਿਹੁ ਦੀਆਂ ਨਦੀਆਂ
ਬੁੱਕਾਂ ਭਰ ਵਰਤਾਈਆਂ
ਫੌਜਾਂ ਕੌਣ ਦੇਸ ਤੋਂ ਆਈਆਂ?
(2)
ਸਿਮਰਨ ਬਾਝੋਂ ਜਾਪ ਰਿਹਾ ਸੀ
ਅਹਿਲੇ ਜਨਮ ਗਵਾਇਆ
ਕਰ ਮਤਾ ਹੈ ਆਖਰ ਉਮਰੇ
ਇਸ ਕਾਫਰ ਰੱਬ ਨੂੰ ਧਿਆਇਆ।
ਦਿੱਲੀ ਨੇ ਜਦ ਅੰਮ੍ਰਿਤਸਰ ’ਤੇ
ਜਮ ਕਰ ਮੁਗਲ ਚੜ੍ਹਾਇਆ
ਹੈਵਰ ਗੈਵਰ ਤੋਂ ਵੀ ਤਕੜਾ
ਜਦ ਲੌਹੇਯਾਨ ਦੁੜਾਇਆ
ਮੈਂ ਰੱਬ ਨੂੰ ਬਹੁਤ ਧਿਆਇਆ।
ਫੌਜਾਂ ਨੇ ਜਦ ਸੋਨਕਲਸ਼ ’ਤੇ
ਤੁਪਕ ਤਾਨ ਚਲਾਇਆ
ਖਖੜੀ ਖਖੜੀ ਹੋ ਕੇ ਡਿੱਗਾ
ਜਦ ਮੇਰੇ ਸਿਰ ਦਾ ਸਾਇਆ
ਮੈਂ ਰੱਬ ਨੂੰ ਬਹੁਤ ਧਿਆਇਆ।
ਸੱਚ ਤਖਤ ਜਿਨ੍ਹੇ ਢਾਇਆ ਸੀ
ਉਸੇ ਜਦੋਂ ਬਣਾਇਆ
ਤਾਂ ਅਪਰਾਧੀ ਦੂਣਾ ਨਿਵਦਾ
ਮੈਨੂੰ ਨਜ਼ਰੀਂ ਆਇਆ
ਮੈਂ ਰੱਬ ਨੂੰ ਬਹੁਤ ਧਿਆਇਆ।
ਸਤਿਗੁਰ ਇਹ ਕੀ ਕਲਾ ਵਿਖਾਈ।
ਤੂੰ ਕੀ ਭਾਣਾ ਵਰਤਾਇਆ
ਮੈਂ ਪਾਪੀ ਦੀ ਸੋਧ ਲਈ ਤੂੰ
ਆਪਣਾ ਘਰ ਢਠਾਇਆ
ਮੈਂ ਰੱਬ ਨੂੰ ਬਹੁਤ ਧਿਆਇਆ।
(3)
ਸ਼ਾਮ ਪਈ ਤਾਂ ਸਤਿਗੁਰ ਬੈਠੇ
ਇਕੋ ਦੀਵਾ ਬਾਲ ਕੇ
ਪ੍ਰਕਰਮਾ ’ਚੋਂ ਜਖ਼ਮ ਬੁਲਾ ਲਏ
ਸੁੱਤੇ ਹੋਏ ਉਠਾਲ ਕੇ
ਜ਼ਹਿਰੀ ਰਾਤ ਗਜ਼ਬ ਦੀ ਕਾਲੀ
ਕਿਤੇ ਕਿਤੇ ਕੋਈ ਤਾਰਾ ਸੀ
ਭਿੰਨੜੇ ਬੋਲ ਗੁਰੂ ਜੀ ਬੋਲੇ
ਚਾਨਣ ਵਿਚ ਨੁਹਾਲ ਕੇ
ਅੱਜ ਦੀ ਰਾਤ ਕਿਸੇ ਨਹੀਂ ਸੌਣਾ
ਹਾਲੇ ਦੂਰ ਸ਼ਹੀਦੀ ਹੈ
ਅਜੇ ਤਾਂ ਸੂਰਜ ਰੌਸ਼ਨ ਕਰਨਾ
ਆਪਣੇ ਹੱਥੀਂ ਬਾਲ ਕੇ
ਨਾ ਕੋ ਬੈਰੀ ਨਾਹਿ ਬੇਗਾਨਾ
ਸਤਿਗੁਰ ਦਾ ਸਭ ਸਦਕਾ ਹੈ
(ਪਰ) ਵੇਖੋ ਜਾਬਰ ਲੈ ਨਾ ਜਾਏ
ਪਰ-ਪਰਤੀਤ ਉਧਾਲ ਕੇ
ਗ਼ਜ਼ਲ
ਪਰਾਂ ਨੂੰ ਬੰਨ੍ਹ ਕੇ ਪਰਬਤ ਬੇਬਸੀ ਦਾ
ਹਵਾਵਾਂ ਨੇ ਕਿਹਾ ਪੰਛੀ ਉੜੀ ਜਾ
ਕਿਸੇ ਸਾਗਰ ਦੀ ਹਿੱਕ ਚੁੰਮਣ ਤੋਂ ਪਹਿਲਾਂ,
ਥਲਾਂ ਨੇ ਪੀ ਲਿਆ ਪਾਣੀ ਨਦੀ ਦਾ
ਤੇਰੇ ਖੁਲ੍ਹੇ ਹੋਏ ਦਰ ਦੀ ਸ਼ਰਮ ਸੀ,
ਨਹੀਂ ਅਜ਼ਾਦ ਹੋ ਜਾਂਦਾ ਕਦੀ ਦਾ
ਜੇ ਫ਼ਰਸ਼ਾਂ ਨੂੰ ਨਹੀਂ ਹੈ ਅਰਸ਼ ਮਾਫ਼ਕ,
ਇਹਦੇ ਵਿੱਚ ਦੋਸ਼ ਕੀ ਹੈ ਆਦਮੀ ਦਾ
ਮੇਰੀ ਨੇਕੀ 'ਚ ਤਾਂ ਕੁਝ ਦਮ ਨਹੀਂ ਹੈ,
ਭਰੋਸਾ ਹੈ ਮੈਨੂੰ ਤੇਰੀ ਬਦੀ ਦਾ
ਸਮੁੰਦਰ ਹੁਸਨ ਦਾ ਤੂੰ ਜਾਣਦਾ ਹਾਂ,
ਲੈ ਮੈਥੋਂ ਪਿਆਸ ਦਾ ਤੁਬਕਾ ਲਈ ਜਾ
ਜੋ ਕਰਨਾ ਈ ਜ਼ੁਲਮ ਕਰ ਲੈ ਹੁਣੇ ਈ,
ਭਰੋਸਾ ਕੀ ਹੈ ਮੇਰੀ ਜ਼ਿੰਦਗੀ ਦਾ ?
ਤੇਰੇ ਬੁੱਲ੍ਹਾਂ ਨੂੰ ਮੈਂ ਚੁੰਮਦਾ ਨਹੀਂ ਹਾਂ,
ਮੇਰੇ ਬੁੱਲ੍ਹਾਂ 'ਚ ਹੈ ਕਿਣਕਾ ਖੁਦੀ ਦਾ
ਗ਼ਜ਼ਲ
ਜਦੋਂ ਤੱਕ ਦਮ 'ਚ ਦਮ ਬਾਕੀ ਰਹੇਗਾ ।
ਮਿਰੇ ਨੈਣਾਂ 'ਚ ਨਮ ਬਾਕੀ ਰਹੇਗਾ ।
ਹੁਣੇ ਮਰ ਜਾਂ ਰਤਾ ਵਿਸ਼ਵਾਸ਼ ਹੋਵੇ,
ਮਿਰੇ ਪਿਛੋਂ ਨ ਗਮ ਬਾਕੀ ਰਹੇਗਾ ।
ਤਿਰੇ ਹੰਝੂ ਹੁਣੇ ਆ ਪੂੰਝ ਦੇਵਾਂ,
ਨਹੀਂ ਤਾਂ ਇੱਕ ਜਨਮ ਬਾਕੀ ਰਹੇਗਾ ।
ਮੈਂ ਖੁਸ਼ਬੋ ਹਾਂ ਨ ਮੈਨੂੰ ਤੇਗ਼ ਪੋਹੇ,
ਸਦਾ ਜ਼ੁਲਫ਼ਾਂ 'ਚ ਖਮ ਬਾਕੀ ਰਹੇਗਾ ।
ਮਿਲੇਗੀ ਲਾਸ਼ ਮੰਜ਼ਿਲ ਕੋਲ ਮੇਰੀ,
ਕੋਈ ਇੱਕ ਅਧ ਕਦਮ ਬਾਕੀ ਰਹੇਗਾ ।
ਤੂੰ ਲਾਸਾਂ ਪਾ ਕੇ ਮੇਰੀ ਰੂਹ ਜਗਾਈ,
ਹਮੇਸ਼ਾਂ ਇਹ ਕਰਮ ਬਾਕੀ ਰਹੇਗਾ ।
ਜੇ ਮੈਨੂੰ ਅਰਸ਼ ਤਕ ਕੇ ਮੁਸਕਰਾ ਦੇ,
ਮੈਨੂੰ ਤਾਂ ਵੀ ਭਰਮ ਬਾਕੀ ਰਹੇਗਾ ।
ਨੀ ਸਈਓ ! ਸੂਰਜ ਕੌਣ ਬੁਝਾਏ
ਧੂਫ਼ ਵਾਂਗ ਮੇਰੀ ਧੁਖੇ ਜਵਾਨੀ
ਹੰਢੇ ਬਣ ਖੁਸ਼ਬੋਆਂ
ਸੱਜਣ ਮੇਰਾ ਪੌਣਾਂ ਦਾ ਬੁੱਲਾ
ਮੰਗਦਾ ਰੋਆਂ ਰੋਆਂ
ਜੇ ਕੁਲ ਉਮਰਾ ਹੋਇ ਹਨੇਰਾ
ਸਗਲੀ ਤੈਂਡੀ ਹੋਆਂ
ਚਾਨਣ ਵਿਚ ਹਰ ਪੰਧ ਲੰਮੇਰਾ
ਸ਼ੌਂਕ ਮੇਰਾ ਲਲਚਾਏ
ਨੀ ਸਈਓ ! ਸੂਰਜ ਕੌਣ ਬੁਝਾਏ
ਅੰਬਰਾ ਵੇ ! ਤੇਰੇ ਤਾਰੇ ਡੋਬਾਂ
ਸ਼ੌਹ ਸਮੁੰਦਰ ਖਾਰੇ
ਭੋਏਂ ਨੀ ਤੇਰੇ ਨੈਣ ਬੁਝਾਵਾਂ
ਨਿੰਦਿਆ ਦੇ ਵਣਜਾਰੇ
ਚੰਨ ਧੁਆਂਖਾ, ਦੀਪ ਹਿਸਾਵਾਂ
ਕਰਨ ਹਨੇਰਾ ਸਾਰੇ
ਇੱਕ ਚਾਨਣ ਮੇਰੇ ਲੂੰ ਲੂੰ ਜਾਗੇ
ਉਸਨੂੰ ਕੌਣ ਸੁਆਏ
ਨੀ ਸਈਓ ਸੂਰਜ ਕੌਣ ਬੁਝਾਏ
ਅੱਖੀਆਂ 'ਚ ਅੱਖੀਆਂ ਨੂੰ ਪਾ
ਅੱਖੀਆਂ 'ਚ ਅੱਖੀਆਂ ਨੂੰ ਪਾ
ਮੰਨਿਆਂ ਇਹ ਅੱਖੀਆਂ ਨੇ ਟੂਣੇਹਾਰੀਆਂ
ਲੈਂਦੀਆਂ ਨੇ ਦਿਲ ਭਰਮਾ
ਮੰਨਿਆਂ ਇਹ ਅੱਖੀਆਂ ਨੇ ਰੁੱਗ ਭਰ ਲੈਂਦੀਆਂ
ਲੁੱਟ ਪੁੱਟ ਪੈਂਦੀਆਂ ਨੇ ਰਾਹ
ਮੰਨਿਆਂ ਇਹ ਦੀਨੋ ਕਰਨ ਬੇਦੀਨਾ
ਰੱਬ ਨੂੰ ਦੇਣ ਭੁਲਾ
ਮੰਨਿਆਂ ਕਿ ਦਾਰੂ ਦਾ ਪੀਣ ਨਾ ਚੰਗਾ
ਤੇ ਅੱਖੀਆਂ 'ਚ ਰਹਿੰਦੈ ਨਸ਼ਾ
ਫੇਰ ਵੀ ਅੱਖੀਆਂ 'ਚ ਅੱਖੀਆਂ ਨੂੰ ਪਾ
ਅੱਖੀਆਂ ਨੂੰ, ਜੀਵੇਂ, ਸਾਰ ਹਿਜਰ ਦੀ
ਅੱਖੀਆਂ ਦੇ ਦੁਖ ਅਸਗਾਹ
ਅੱਖੀਆਂ ਦੇ ਬਾਝੋਂ ਕਿਹੜਾ ਮਹਿਰਮ
ਗ਼ਮ ਦਾ ਕੌਣ ਗਵਾਹ
ਅੱਖੀਆਂ 'ਚ ਜੀਵੇਂ ਸੂਹੇ ਸੂਹੇ ਸੁਫ਼ਨੇ
ਅੱਖੀਆਂ 'ਚ ਲੰਮੇ ਲੰਮੇ ਰਾਹ
ਅੱਖੀਆਂ ਦੇ ਬਾਝੋਂ ਸਹਿਸ ਹਨੇਰੇ
ਨੇਰ੍ਹਿਆਂ ਦਾ ਕੌਣ ਵਸਾਹ
ਸਜਨ ਵੇ ਅੱਖੀਆਂ 'ਚ ਅੱਖੀਆਂ ਨੂੰ ਪਾ
ਸੜਕ ਦੇ ਸਫ਼ੇ ਉੱਤੇ
ਸੜਕ ਦੇ ਸਫ਼ੇ ਉੱਤੇ
ਇੱਕ ਖ਼ਤ ਮੈਂ ਤੇਰੇ ਨਾਮ ਲਿਖ ਕੇ
ਖੰਭੇ ਤੇ ਟੰਗ ਦਿੱਤਾ ਹੈ
ਤਾਂ ਕਿ ਤੂੰ ਪੜ੍ਹ ਲਵੇਂ
ਸੜਕ ਦੇ ਸਫ਼ੇ ਉੱਤੇ
ਜੋ ਖ਼ਤ ਵੀ ਲਿਖਿਆ ਜਾਂਦਾ ਹੈ
ਤਹਿ ਕਰਕੇ ਜੇਬ ਵਿਚ ਨਹੀਂ ਰਖਿਆ ਜਾ ਸਕਦਾ
ਖ਼ਤ ਕੋਈ ਈਸਾ ਨਹੀਂ
ਕਿ ਸ਼ੌਂਕੀਆ ਸਲੀਬ ਤੇ ਲਟਕ ਜਾਵੇ
ਹਰ ਸਲੀਬ ਸਥਾਪਤੀ ਹੈ
ਇਸ ਤੇ ਜੋ ਵੀ ਚੜ੍ਹਦਾ ਹੈ ਬੌਣਾ ਹੋ ਜਾਂਦਾ ਹੈ
ਖੰਭਾ ਚੰਗਾ ਹਰਕਾਰਾ
ਇਸ ਰਾਹੀਂ ਡਾਕ ਸਹਿਜੇ ਹੀ ਪਹੁੰਚ ਜਾਂਦੀ ਹੈ
ਤੇ ਫੌਰਨ ਪੜ੍ਹੀ ਜਾਂਦੀ ਹੈ
ਸੌਂ ਜਾ ਮੇਰੇ ਮਾਲਕਾ
ਸੌਂ ਜਾ ਮੇਰੇ ਮਾਲਕਾ ਵੇ ਵਰਤਿਆ ਹਨੇਰ
ਵੇ ਕਾਲਖਾਂ ਚ ਤਾਰਿਆਂ ਦੀ ਡੁੱਬ ਗਈ ਸਵੇਰ।
ਵੇ ਪੱਸਰੀ ਜਹਾਨ ਉੱਤੇ ਮੌਤ ਦੀ ਹਵਾੜ
ਵੇ ਖਿੰਡ ਗਈਆਂ ਮਹਿਫਲਾਂ ਤੇ ਛਾ ਗਈ ਉਜਾੜ।
ਹੈ ਖੂਹਾਂ ਵਿੱਚ ਆਦਮੀ ਦੀ ਜਾਗਦੀ ਸੜ੍ਹਾਂਦ
ਤੇ ਸੌਂ ਗਏ ਨੇ ਆਦਮੀ ਤੋਂ ਸੱਖਣੇ ਗਵਾਂਢ।
ਵੇ ਸੀਤ ਨੇ ਮੁਆਤੇ ਤੇ ਗਸ਼ ਹੈ ਜ਼ਮੀਨ,
ਵੇ ਸੀਨਿਆਂ ਵਿੱਚ ਸੁੰਨ ਦੋਵੇਂ ਖ਼ੂਨ ਤੇ ਸੰਗੀਨ।
ਵੇ ਜ਼ਿੰਦਗੀ ਬੇਹੋਸ਼ ਤੇ ਖ਼ਾਮੋਸ਼ ਕਾਇਨਾਤ
ਵਿਹਲਾ ਹੋਕੇ ਸੌਂ ਗਿਆ ਐ ਲੋਹਾ ਇਸਪਾਤ।
ਸੌਂ ਜਾ ਇੰਜ ਅੱਖੀਆਂ ਚੋਂ ਅੱਖੀਆਂ ਨਾ ਕੇਰ,
ਸਿਤਾਰਿਆਂ ਦੀ ਸਦਾ ਨਹੀਂ ਡੁੱਬਣੀ ਸਵੇਰ।
ਹਮੇਸ਼ ਨਹੀਂ ਮਨੁੱਖ ਤੇ ਕੁੱਦਣਾ ਜਨੂੰਨ
ਹਮੇਸ਼ ਨਹੀਂ ਡੁੱਲਣਾ ਜ਼ਮੀਨ ਉੱਤੇ ਖ਼ੂਨ।
ਹਮੇਸ਼ ਨਾ ਵਰਾਨ ਹੋਣੀ ਅੱਜ ਵਾਂਗ ਰਾਤ
ਸੌਂ ਜਾ ਮੇਰੇ ਮਾਲਕਾ ਵਰਾਨ ਹੋਈ ਰਾਤ।
-
ਹਰਦਮ ਸਿੰਘ ਮਾਨ, ਲੇਖਕ ਤੇ ਪੱਤਰਕਾਰ
maanhardam@gmail.com
+1 604 308 6663
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.