ਵਾਘੇ ਵਾਲੀ ਲਕੀਰ 15 ਅਗਸਤ ਤੋਂ 2 ਦਿਨ ਮਗਰੋਂ ਖਿੱਚੀ ਗਈ ਸੀ...ਗੁਰਪ੍ਰੀਤ ਮੰਡਿਆਣੀ ਦੀ ਕਲਮ ਤੋਂ
1947 ਚ ਮੁਲਕ ਦੀ ਵੰਡ ਵੇਲੇ ਸਾਰੇ ਸੂਬੇ ਪਾਕਿਸਤਾਨ ਅਤੇ ਹਿੰਦੁਸਤਾਨ 'ਚ ਵੰਡੇ ਗਏ ਜਿੰਨਾ ਚੋਂ ਥੋੜ੍ਹੇ ਪਾਕਿਸਤਾਨ ਦੇ ਹਿੱਸੇ ਆਏ ਤੇ ਬਹੁਤੇ ਹਿੰਦੁਸਤਾਨ ਨੂੰ ਮਿਲੇ ਤੇ ਦੋ ਸੂਬਿਆਂ ਨੂੰ ਛੱਡ ਕੇ ਬਾਕੀ ਸੂਬੇ ਸਾਲਮ ਤੌਰ ਤੇ ਹੀ ਕਿਸੇ ਪਾਸੇ ਗਏ।ਸਿਰਫ਼ ਪੰਜਾਬ ਅਤੇ ਬੰਗਾਲ ਦੇ ਟੋਟੇ ਹੀ ਦੋਵੇਂ ਮੁਲਕਾਂ ਚ ਵੰਡੇ ਗਏ।ਇਨ੍ਹਾਂ ਦੀ ਵੰਡ ਖ਼ਾਤਰ ਇੱਕ ਕਮਿਸ਼ਨ ਮੁਕੱਰਰ ਕੀਤਾ ਗਿਆ।ਪੰਜਾਬ ਵਾਲੇ ਕਮਿਸ਼ਨ ਚ ਇੱਕ ਅੰਗਰੇਜ਼ ਜੱਜ ਸਰ ਸੀਰਿਲ ਰੈਡਕਲਿਫ ਦੀ ਚੇਅਰਮੈਨਸ਼ਿਪ ਹੇਠ ਬਣਿਆ ਜੀਹਦੇ ਦੋ ਮੈਂਬਰ ਜਸਟਿਸ ਦੀਨ ਮੁਹੰਮਦ ਅਤੇ ਜਸਟਿਸ ਮੁਹੰਮਦ ਮੁਨੀਰ ਮੁਸਲਿਮ ਲੀਗ ਦੇ ਨੁਮਾਇੰਦਿਆਂ ਵਜੋਂ ਪਾਏ ਗਏ ਜਦਕਿ ਕਾਂਗਰਸ ਵੱਲੋਂ ਜਸਟਿਸ ਮੇਹਰ ਚੰਦ ਮਹਾਜਨ ਤੇ ਜਸਟਿਸ ਤੇਜਾ ਸਿੰਘ ਕਮਿਸ਼ਨ ਦੇ ਮੈਂਬਰ ਬਣੇ।ਕਾਂਗਰਸ ਤੇ ਮੁਸਲਿਮ ਲੀਗ ਵੱਲੋਂ ਇਹ ਲਿਖਤੀ ਇਕਰਾਰ ਲਿਆ ਗਿਆ ਸੀ ਕਿ ਕਮਿਸ਼ਨ ਦੀ ਰਿਪੋਰਟ ਤੇ ਜੇ ਦੋਵੇਂ ਧਿਰਾਂ ਦੇ ਮੈਂਬਰਾਂ ਦੀ ਕੋਈ ਸਹਿਮਤੀ ਨਾ ਬਣੀ ਤਾਂ ਚੇਅਰਮੈਨ ਦਾ ਫ਼ੈਸਲਾ ਫਾਈਨਲ ਹੋਵੇਗਾ ਤੇ ਫ਼ੈਸਲਾ ਜੋ ਵੀ ਹੋਵੇ ਦੋਨਾਂ ਧਿਰਾਂ ਨੂੰ ਮਨਜ਼ੂਰ ਕਰਨਾ ਪਊਗਾ।
ਕਮਿਸ਼ਨ 30 ਜੂਨ 1947 ਨੂੰ ਕਾਇਮ ਹੋਇਆ ਤੇ ਇਹਦੀ ਪਹਿਲੀ ਮੀਟਿੰਗ ਲਹੌਰ ਚ 14 ਜੁਲਾਈ ਨੂੰ ਹੋਈ, 18 ਜੁਲਾਈ ਤੱਕ ਮੰਗ ਪੱਤਰ ਮੰਗੇ ਗਏ। 21 ਤੋਂ 31 ਜੁਲਾਈ ਤੱਕ ਲਹੌਰ ਚ ਹੀ ਖੁੱਲ੍ਹੀ ਪਬਲਿਕ ਸੁਣਵਾਈ ਕੀਤੀ।31 ਜੁਲਾਈ ਨੂੰ ਹੀ ਕਮਿਸ਼ਨ ਸ਼ਿਮਲੇ ਲਈ ਰਵਾਨਾ ਹੋ ਗਿਆ ਉੱਥੇ 6 ਅਗਸਤ ਤੱਕ ਮੀਟਿੰਗਾਂ ਕੀਤੀਆਂ । ਸਹਿਮਤੀ ਨਾ ਹੋਣ ਕਰਕੇ ਚੇਅਰਮੈਨ ਸਰ ਰੈਡਕਲਿਫ ਨੇ ਆਪਣੀ ਮਰਜ਼ੀ ਦਾ ਐਵਾਰਡ ਸੁਣਾਉਣ ਦਾ ਫ਼ੈਸਲਾ ਕੀਤਾ। ਰੈਡਕਲਿਫ ਨੇ ਇਹ ਐਵਾਰਡ ਨਵੀਂ ਦਿੱਲੀ ਦੀ ਡੇਟ ਲਾਈਨ ਤਹਿਤ 12 ਅਗਸਤ 1947 ਨੂੰ ਵਾਇਸ ਰਾਏ ਲਾਰਡ ਮਾਊਂਟਬੈਟਨ ਨੂੰ ਲਿਖੇ ਫਾਰਵਾਰਡਿੰਗ ਨੋਟ ਦੇ ਨਾਲ ਨੱਥੀ ਕਰਕੇ ਭੇਜਿਆ। ਪਾਕਿਸਤਾਨ ਨੂੰ ਅਜ਼ਾਦੀ 14 ਅਗਸਤ ਨੂੰ ਮਿਲੀ ਤੇ ਭਾਰਤ 15 ਅਗਸਤ ਨੂੰ ਅਜ਼ਾਦ ਹੋਇਆ , ਇਹ ਦੋਵੇਂ ਤਰੀਕਾਂ 18 ਜੁਲਾਈ 1947 ਨੂੰ ਬ੍ਰਿਟਿਸ਼ ਪਾਰਲੀਮੈਂਟ ਵੱਲੋਂ ਪਾਸ ਕੀਤੇ ਇੰਡੀਅਨ ਇੰਡੀਪੈਂਡੈਂਸ ਐਕਟ ਵਿੱਚ ਹੀ ਮਿਥ ਦਿੱਤੀਆਂ ਗਈਆਂ ਸਨ। ਪਰ ਰੈਡਕਲਿਫ ਕਮਿਸ਼ਨ ਦੀ ਰਿਪੋਰਟ ਵਾਇਸਰਾਏ ਨੇ 17 ਅਗਸਤ ਨੂੰ ਨਸ਼ਰ ਕੀਤੀ। ਇਹਦੇ ਨਾਲ ਜੋ ਇੰਟਰਨੈਸ਼ਨਲ ਬਾਊਂਡਰੀ ਬਣੀ ਉਹ ਪੁਲਿਟੀਕਲ ਹਿਸਟਰੀ ਵਿੱਚ ਰੈਡਕਲਿਫ ਲਾਈਨ ਦੇ ਨਾਂਅ ਨਾਲ ਮਸ਼ਹੂਰ ਹੋਈ।
ਸ਼ਾਇਦ ਬਹੁਤੇ ਲੋਕਾਂ ਨੂੰ ਪਤਾ ਜਾਂ ਯਾਦ ਨਾ ਹੋਵੇ ਕਿ ਪਰ ਹੈ ਇਹ ਦਿਲਚਸਪ ਹਕੀਕਤ ਹੈ ਕਿ ਪਾਕਿਸਤਾਨ ਅਤੇ ਭਾਰਤ ਨੂੰ ਵੰਡਣ ਵਾਲੀ ਵਾਹਗੇ ਦੀ ਲਕੀਰ ਭਾਰਤ ਦੀ ਆਜ਼ਾਦੀ ਦੇ ਦਿਨ ਭਾਵ 15 ਅਗਸਤ 1947 ਤੋਂ ਦੌਣ ਦਿਨ ਬਾਅਦ ਖਿੱਚੀ ਗਈ ਸੀ .
ਪਰ ਦੋਵੇਂ ਪਾਸੇ ਦੇ ਪੰਜਾਬੀਆਂ ਨੇ ਇਸ ਸਰਹੱਦ ਨੂੰ ਵਾਘੇ ਵਾਲੀ ਲਕੀਰ ਆਖਿਆ।
-
ਗੁਰਪ੍ਰੀਤ ਸਿੰਘ ਮੰਡਿਆਣੀ, ਲੇਖਕ ਤੇ ਖੋਜੀ ਪੱਤਰਕਾਰ
gurpreetmandiani@gmail.com
+91- 8872664000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.