ਭਰੂਣ ਹੱਤਿਆ ਦਾ ਮਾਮਲਾ ਕੋਈ ਨਵੀਂ ਗੱਲ ਨਹੀਂ। ਯੁੱਗਾਂ ਤੋਂ ਹੀ ਭਰੂਣ ਹੱਤਿਆ ਦਾ ਮਾਮਲਾ ਹੋਂਦ ਵਿਚ ਆਉਂਦਾ ਰਿਹਾ ਹੈ। ਬੇਸ਼ੱਕ ਹੁਣ ਮਾਦਾ ਭਰੂਣ ਹੱਤਿਆ ਨੇ ਸਭ ਦਾ ਖ਼ਿਆਲ ਆਪਣੇ ਵੱਲ ਖਿੱਚਿਆ ਹੈ ਪਰ ਇਹ ਹਰਗਿਜ਼ ਨਹੀਂ ਕਿਹਾ ਜਾ ਸਕਦਾ ਕਿ ਪਹਿਲਾਂ ਭਰੂਣ ਹੱਤਿਆ ਨਹੀਂ ਸੀ ਹੁੰਦੀ, ਉਦੋਂ ਢੰਗ ਹੋਰ ਹੁੰਦੇ ਸਨ, ਹੁਣ ਹੋਰ ਹਨ।
ਭਰੂਣ ਹੱਤਿਆ ਪਿੱਛੇ ਕਈ ਕਾਰਨ ਹਨ (ਬੇਸ਼ੱਕ ਮਾਦਾ ਭਰੂਣ ਹੱਤਿਆ ਦੇ ਕਾਰਨ ਹੋਰ ਹਨ)। ਸਭ ਤੋਂ ਪਹਿਲਾ ਅਤੇ ਅਹਿਮ ਕਾਰਨ ਤਾਂ ਇਹ ਹੈ ਕਿ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਕੁੱਝ ਨਾਅਰੇ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੇ ਜਾ ਰਹੇ ਹਨ, 'ਦੋ ਹੀ ਕਾਫ਼ੀ, ਹੋਰ ਤੋਂ ਮਾਫ਼ੀ', 'ਉਹ ਮਾਪੇ ਹਨ ਕਿੰਨੇ ਸਿਆਣੇ, ਜਿਨ੍ਹਾਂ ਦੇ ਨੇ ਦੋ ਨਿਆਣੇ', 'ਛੋਟਾ ਪਰਿਵਾਰ, ਸੁਖੀ ਪਰਿਵਾਰ', 'ਹਮ ਦੋ, ਹਮਾਰੇ ਦੋ' ਆਦਿ। ਵਧ ਰਹੀ ਆਬਾਦੀ ਨੂੰ ਕੰਟਰੋਲ ਕਰਨ ਲਈ ਕੀਤਾ ਜਾ ਰਿਹਾ ਪ੍ਰਚਾਰ ਵੀ ਭਰੂਣ ਹੱਤਿਆ ਲਈ ਜ਼ਿੰਮੇਵਾਰ ਹੈ।
ਇਸਤੋਂ ਇਲਾਵਾ ਸਭ ਤੋਂ ਵੱਧ ਪਾਇਆ ਜਾਣ ਵਾਲਾ ਇਕ ਹੋਰ ਕਾਰਨ ਇਹ ਹੈ ਕਿ ਜਦੋਂ ਵਿਆਹ ਹੋ ਜਾਂਦਾ ਹੈ ਅਤੇ ਵਿਆਹਿਆ ਜੋੜਾ ਅਜੇ ਪੈਰਾਂ ਸਿਰ ਨਹੀਂ ਹੁੰਦਾ, ਉਸ ਵੇਲੇ ਗਰਭ ਠਹਿਰ ਜਾਵੇ ਤਾਂ ਉਸਦਾ ਗਰਭਪਾਤ ਕਰਵਾ ਦਿੱਤਾ ਜਾਂਦਾ ਹੈ ਜਾਂ ਪਤੀ-ਪਤਨੀ ਵਿਚੋਂ ਪਤਨੀ ਨੇ ਕੋਈ ਪ੍ਰੀਖਿਆ ਵਗੈਰਾ ਦੇਣੀ ਹੋਵੇ ਤਾਂ ਇਹ ਕਦਮ ਪੁੱਟ ਲਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਜੇਕਰ ਵਿਆਹ ਤੋਂ ਬਾਅਦ ਵਿਆਹੇ ਜੋੜੇ ਦਾ ਮਨ ਵਿਦੇਸ਼ੀ ਧਰਤੀ 'ਤੇ ਵਸਣ ਲਈ ਕਾਹਲਾ ਹੋ ਜਾਵੇ ਪਰ ਦੋਨਾਂ ਵਿਚੋਂ ਇਕ ਵੀ ਉਧਰ ਨਾ ਗਿਆ ਹੋਵੇ, ਤਦ ਵੀ ਇਹ ਭਾਣਾ ਵਾਪਰ ਸਕਦਾ ਹੈ। ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਜੇਕਰ ਤਲਾਕ ਹੋ ਜਾਵੇ ਅਤੇ ਉਧਰ ਗਰਭ ਵਿਚ ਬੱਚਾ ਪਲ ਰਿਹਾ ਹੋਵੇ, ਤਦ ਵੀ ਇਹ ਕਦਮ ਪੁੱਟਿਆ ਜਾਂਦਾ ਹੈ।
ਅਗਰ ਪਹਿਲੇ ਬੱਚੇ ਤੋਂ ਥੋੜ੍ਹੇ ਸਮੇਂ ਬਾਅਦ ਦਿਨ ਟੱਪ ਜਾਣ (ਅਣਗਹਿਲੀ ਕਰਕੇ) ਤਾਂ ਮਾਪੇ ਬਹਾਨਾ ਬਣਾ ਕੇ ਡਾਕਟਰ ਕੋਲ ਜਾਂਦੇ ਹਨ ਅਤੇ ਆਪਣੀ ਬੇਵਸੀ ਜ਼ਾਹਿਰ ਕਰਦੇ ਹਨ, 'ਜੀ ਅਜੇ ਪਹਿਲਾ ਬੱਚਾ ਕੁਝ ਹੀ ਮਹੀਨਿਆਂ ਦਾ, ਦਿਨ ਟੱਪ ਗਏ, ਇਸ ਕਰਕੇ ਅਬੌਰਸ਼ਨ ਕਰ ਦਿਓ'। ਭਲਾਂ ਪੁੱਛਣ ਵਾਲਾ ਹੋਵੇ, ਜੇ ਜੁੜਵੇਂ ਬੱਚੇ ਪੈਦਾ ਹੋ ਜਾਂਦੇ, ਉਹ ਵੀ ਸਾਂਭਣੇ ਪੈਂਦੇ ਪਰ ਨਾ ਡਾਕਟਰ ਅਜਿਹੇ ਕੁਕਰਮ ਤੋਂ ਰੋਕਦਾ ਹੈ ਅਤੇ ਨਾ ਹੀ ਮਾਪੇ ਰੋਕੇ ਤੋਂ ਰੁਕਦੇ ਹਨ। ਅਗਰ ਸਿਆਣਾ ਡਾਕਟਰ ਚੰਗੀ ਸਲਾਹ ਦਿੰਦਾ ਹੈ ਤਾਂ ਉਹਦੀ ਗੱਲ ਮੰਨੀ ਨਹੀਂ ਜਾਂਦੀ। 'ਤੂੰ ਨਾ ਸਹੀ, ਕੋਈ ਹੋਰ ਸਹੀ' ਵਾਲੀ ਕਹਾਵਤ ਸੱਚ ਹੁੰਦੀ ਹੈ।
ਕਈ ਮਾਪੇ ਅਜਿਹੇ ਹਨ, ਜਿਨ੍ਹਾਂ ਦੇ ਪਹਿਲਾ ਬੱਚਾ ਮੁੰਡਾ ਹੋ ਜਾਂਦਾ ਹੈ। ਉਹ ਹੋਰ ਬੱਚਾ ਲੈਣਾ ਹੀ ਨਹੀਂ ਚਾਹੁੰਦੇ। ਅਗਰ ਦਿਨ ਟੱਪ ਜਾਂਦੇ ਹਨ ਤਾਂ ਫਟਾਫਟ ਡਾਕਟਰ ਕੋਲ ਜਾ ਹਾਜ਼ਰ ਹੁੰਦੇ ਹਨ। ਇਸੇ ਤਰ੍ਹਾਂ ਜਿਨ੍ਹਾਂ ਦੇ ਦੋ ਬੱਚੇ ਇਕ ਮੁੰਡਾ, ਇਕ ਕੁੜੀ ਜਾਂ ਦੋਵੇਂ ਮੁੰਡੇ ਹਨ, ਉਹ ਤੀਸਰਾ ਬੱਚਾ ਲੈਣਾ ਨਹੀਂ ਚਾਹੁੰਦੇ, ਉਹ ਗਰਭਪਾਤ ਕਰਵਾ ਦਿੰਦੇ ਹਨ ਪਰ ਜੇਕਰ ਪਹਿਲਾਂ ਹੀ ਪੂਰੇ ਧਿਆਨ ਨਾਲ ਚੱਲਿਆ ਜਾਵੇ, ਗਰਭ ਰੋਕੂ ਦਵਾਈਆਂ, ਕਾਪਰ-ਟੀ, ਬੱਚਿਆਂ ਵਾਲਾ ਉਪਰੇਸ਼ਨ ਆਦਿ ਕਰਵਾ ਲਿਆ ਜਾਵੇ ਤਾਂ ਅਜਿਹੇ ਪਾਪ ਤੋਂ ਬਚਿਆ ਜਾ ਸਕਦਾ ਹੈ।
ਜਿਥੇ ਮਾਦਾ ਭਰੂਣ ਹੱਤਿਆ ਦਾ ਮਾਮਲਾ ਦਿਨੋ-ਦਿਨ ਜ਼ੋਰ ਫੜ ਰਿਹਾ ਹੈ, ਉਥੇ ਇਹ ਮਾਮਲਾ ਵੀ ਬਹੁਤ ਗੰਭੀਰ ਹੁੰਦਾ ਜਾ ਰਿਹਾ ਹੈ ਕਿਉਂਕਿ ਵਿਆਹੇ ਜੋੜੇ ਜਿਥੇ ਇਹ ਕਾਰਾ ਕਰਦੇ ਹਨ, ਉਥੇ ਅਣਵਿਆਹੇ ਜੋੜੇ ਵੀ ਅੱਜਕੱਲ੍ਹ ਪਿੱਛੇ ਨਹੀਂ ਰਹੇ। ਬਲਾਤਕਾਰ ਜਾਂ ਨਾਜਾਇਜ਼ ਸਬੰਧਾਂ ਕਾਰਨ ਗਰਭ ਠਹਿਰ ਜਾਣ 'ਤੇ ਵੀ ਇਹ ਕਦਮ ਪੁੱਟਣਾ ਇਕ ਮਜ਼ਬੂਰੀ ਬਣ ਜਾਂਦਾ ਹੈ।
ਇਕ ਸਮਾਂ ਸੀ ਕਿ ਕੁਆਰੀਆਂ ਕੁੜੀਆਂ ਆਪਣੇੇ ਪ੍ਰੇਮੀ ਨਾਲ ਸੈਕਸ ਕਰਨਾ ਇਕ ਗੁਨਾਹ ਸਮਝਦੀਆਂ ਸਨ। ਜੇ ਕਰਦੀਆਂ ਵੀ ਸਨ ਤਾਂ ਡਰ-ਡਰ ਕੇ ਕਿਉਂਕਿ ਪਿਛਲੇ ਜ਼ਮਾਨੇ ਵਿਚ ਜੇਕਰ ਦਿਨ ਟੱਪ ਜਾਂਦੇ ਤਾਂ ਡਾਕਟਰ ਕੋਲੋਂ ਅਬੌਰਸ਼ਨ ਹੀ ਕਰਵਾਉਣਾ ਪੈਂਦਾ ਸੀ ਪਰ ਅੱਜਕੱਲ੍ਹ ਪ੍ਰੇਮੀ ਜੋੜਿਆਂ ਉੱਪਰ ਸਾਇੰਸ ਐਨੀ ਮਿਹਰਬਾਨ ਹੋਈ ਹੈ ਕਿ ਪ੍ਰੇਮੀ ਜੋੜੇ ਬਿਨਾਂ ਝਿਜਕ, ਕੁਝ ਵਰਤਿਆਂ ਸੈਕਸ ਦਾ 'ਆਨੰਦ' ਲੈਂਦੇ ਹਨ ਕਿਉਂਕਿ ਬਹੱਤਰ ਘੰਟਿਆਂ ਵਾਲੀ ਗੋਲੀ ਜੋ ਦੁਕਾਨਾਂ 'ਤੇ ਸ਼ਰ੍ਹੇਆਮ ਮਿਲ ਜਾਂਦੀ ਹੈ। ਜੇਕਰ ਇਹ ਬਹੱਤਰ ਘੰਟੇ ਵੀ ਲੰਘ ਜਾਣ ਤਾਂ ਬਿਨਾਂ ਕਿਸੇ ਡਾਕਟਰ ਦੀ ਸਲਾਹ ਲਿਆਂ 'ਅਬੌਰਸ਼ਨ ਕਿੱਟਾਂ' ਆਮ ਮਿਲ ਜਾਂਦੀਆਂ ਹਨ, ਜੋ ਕੁਆਰੀਆਂ ਕੁੜੀਆਂ ਖਾ ਕੇ ਜਿਥੇ ਮਾਪਿਆਂ ਦੀ ਇੱਜ਼ਤ ਨਾਲ ਖਿਲਵਾੜ ਕਰਦੀਆਂ ਹਨ, ਉਥੇ ਆਪਣੇ ਸਰੀਰ ਦਾ ਵੀ ਖ਼ਿਆਲ ਨਹੀਂ ਰੱਖਦੀਆਂ ਕਿਉਂਕਿ ਅਜਿਹੀਆਂ ਦਵਾਈਆਂ ਖਾ ਕੇ ਜਿਥੇ ਬਹੁਤ ਸਾਰੇ ਰੋਗ ਚਿੰਬੜ ਜਾਂਦੇ ਹਨ, ਉਥੇ ਵਿਆਹ ਤੋਂ ਪਿੱਛੋਂ ਅਨੇਕਾਂ ਕੁੜੀਆਂ ਬੱਚਿਆਂ ਨੂੰ ਤਰਸਦੀਆਂ ਰਹਿੰਦੀਆਂ ਹਨ। ਸਿਤਮ-ਜ਼ਰੀਫੀ ਇਹ ਹੈ ਕਿ ਇਹ ਅਬੌਰਸ਼ਨ ਕਿੱਟਾਂ ਬਿਨਾਂ ਕਿਸੇ ਰੋਕ-ਟੋਕ ਤੋਂ ਮੈਡੀਕਲ ਦੀਆਂ ਦੁਕਾਨਾਂ ਉੱਪਰ ਆਮ ਮਿਲਦੀਆਂ ਹਨ। ਜਿਥੇ ਸਮਾਜ ਸੇਵੀ ਸੰਸਥਾਂਵਾਂ ਅੱਜਕੱਲ੍ਹ ਮਾਦਾ ਭਰੂਣ ਹੱਤਿਆ, ਨਸ਼ਿਆਂ ਦੇ ਵਗਦੇ ਦਰਿਆ ਬਾਰੇ ਗੰਭੀਰਤਾ ਨਾਲ ਸੋਚ ਰਹੀਆਂ ਹਨ, ਉਥੇ ਇਹ ਵੀ ਇਕ ਬਹੁਤ ਗੰਭੀਰ ਮੁੱਦਾ ਹੈ, ਜਿਸਨੂੰ ਲੋਕਾਂ ਸਾਹਮਣੇ ਲਿਆਉਣਾ ਚਾਹੀਦਾ ਹੈ। ਮਾਦਾ ਭਰੂਣ ਹੱਤਿਆ ਨੂੰ ਰੋਕਣ ਲਈ ਭਰੂਣ ਹੱਤਿਆ ਨੂੰ ਰੋਕਣਾ ਜ਼ਰੂਰੀ ਹੈ।
ਬੇਸ਼ੱਕ ਕਾਨੂੰਨ ਤਹਿਤ ਇਹ 'ਪਾਪ' ਮਾਨਤਾ ਪ੍ਰਾਪਤ ਹੈ ਪਰ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਇਹ ਕਾਨੂੰਨ, ਜਿਸਨੂੰ ਮੈਡੀਕਲ ਟਰਮੀਨੇਸ਼ਨ ਆਫ਼ ਪਰੈਗਨੈਂਸੀ ਕਿਹਾ ਜਾਂਦਾ ਹੈ, ਇਹ ਬਣਾਇਆ ਤਾਂ ਇਸ ਲਈ ਸੀ ਕਿ ਜੇਕਰ ਗਰਭ ਦੌਰਾਨ ਮਾਂ ਨੂੰ ਕੋਈ ਬਹੁਤ ਵੱਡੀ ਸਮੱਸਿਆ ਆ ਜਾਵੇ ਤਾਂ ਅਬੌਰਸ਼ਨ ਕਰ ਦਿੱਤੀ ਜਾਵੇ ਜਾਂ ਗਰਭ ਦੌਰਾਨ ਪੇਟ 'ਚ ਪਲ ਰਹੇ ਬੱਚੇ ਦੇ ਸਰੀਰ 'ਚ ਕੋਈ ਅੰਦਰੂਨੀ ਨੁਕਸ ਨਜ਼ਰ ਆਵੇ ਤਾਂ ਅਬੌਰਸ਼ਨ ਕਰਨੀ ਕਾਨੂੰਨ ਦੇ ਦਾਇਰੇ ਵਿਚ ਆਉਂਦਾ ਹੈ ਪਰ ਕਿਤੇ ਵੀ ਇਹ ਹਰਗਿਜ਼ ਨਹੀਂ ਲਿਖਿਆ ਮਿਲਦਾ ਕਿ 'ਪਰਿਵਾਰ ਨਿਯੋਜਨ' ਲਈ ਅਬੌਰਸ਼ਨ ਦਾ ਕਾਨੂੰਨ ਮਾਨਤਾ ਪ੍ਰਾਪਤ ਹੋਵੇ ਪਰ ਇਸਦੇ ਬਾਵਜੂਦ ਹਰ ਗਾਇਨੀ ਡਾਕਟਰ ਭਾਵੇਂ ਉਹ ਸਰਕਾਰੀ ਹੈ ਜਾਂ ਗੈਰ-ਸਰਕਾਰੀ, ਧੜਾ-ਧੜ ਅਬੌਰਸ਼ਨ ਕਰੀ ਜਾ ਰਹੇ ਹਨ। ਹੁਣ ਤਾਂ ਇਨ੍ਹਾਂ ਡਾਕਟਰਾਂ ਦਾ ਕੰਮ ਅਬੌਰਸ਼ਨ ਕਿੱਟਾਂ ਨੇ ਹੋਰ ਵੀ ਸੌਖਾ ਕਰ ਦਿੱਤਾ ਹੈ ਕਿ ਨਾ ਛੁਰੀ ਚੁੱਕਣ ਦੀ ਲੋੜ ਨਾ ਕਾਂਟਾ, ਬੱਸ ਕਿੱਟ ਲਿਖ ਦਿਓ ਅਤੇ ਆਪਣੀ ਫੀਸ ਲੈ ਲਵੋ।
ਇਨ੍ਹਾਂ ਡਾਕਟਰਾਂ ਨੂੰ ਇਹ ਇਲਮ ਨਹੀਂ ਕਿ ਮਨੁੱਖ ਦਾ ਕਾਨੂੰਨ ਕੁਦਰਤ ਦੇ ਕਾਨੂੰਨ ਤੋਂ ਛੋਟਾ ਹੈ। ਕੁਦਰਤ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਅਜਿਹੇ ਘਿਨਾਉਣੇ ਅਪਰਾਧ ਗੈਰ-ਕਾਨੂੰਨੀ ਹਨ। ਇਨ੍ਹਾਂ ਡਾਕਟਰਾਂ ਵੱਲੋਂ ਲੋਕਾਂ ਨੂੰ ਸੁਚੇਤ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ, ਜਿਵੇਂਕਿ ਅੱਜਕੱਲ੍ਹ ਬਹੁਤੇ ਬੱਚੇ ਹਸਪਤਾਲਾਂ ਵਿਚ ਹੀ ਹੁੰਦੇ ਹਨ। ਉਸ ਹਸਪਤਾਲ ਦੇ ਡਾਕਟਰ ਜਾਂ ਨਰਸ ਦਾ ਫ਼ਰਜ਼ ਬਣਦਾ ਹੈ ਕਿ ਉਹ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਨੂੰ ਜ਼ਰੂਰ ਪੁੱਛੇ ਕਿ ਤੁਸੀਂ ਕਿੰਨੇ ਬੱਚੇ ਲੈਣੇ ਹਨ ਜਾਂ ਕਿੰਨਾ ਫ਼ਾਸਲਾ ਬੱਚਿਆਂ ਵਿਚਕਾਰ ਰੱਖਣਾ ਹੈ। ਉਸ ਅਨੁਸਾਰ ਹੀ ਉਸ ਔਰਤ ਨੂੰ ਗਰਭ ਰੋਕੂ ਤਕਨੀਕਾਂ ਬਾਰੇ ਜਾਣੂੰ ਕਰਵਾ ਕੇ ਉਸਨੂੰ ਸਿੱਖਿਆ ਦਿੱਤੀ ਜਾਵੇ ਤਾਂ ਕਿ ਮਾਂ-ਪਿਓ ਆਪਣੇ ਬੱਚਿਆਂ ਦੇ ਕਾਤਲ ਨਾ ਬਣਨ।
ਇਕ ਹੋਰ ਨਾਂਅ ਜੋ ਅੱਜਕੱਲ੍ਹ ਬਹੁਤ ਵਰਤਿਆ ਜਾ ਰਿਹਾ ਹੈ, ਉਹ ਹੈ ਮਿਸਕੈਰੀਅਜ਼, ਜਿਸਦਾ ਮਤਲਬ ਹੈ ਕਿ ਆਪਣੇ ਆਪ ਅਬੌਰਸ਼ਨ ਹੋ ਜਾਣੀ। ਕੁਝ ਦਿਨਾਂ ਤੋਂ ਲੈ ਕੇ ਤੀਜੇ ਮਹੀਨੇ ਤੱਕ ਜਾਂ ਕਿਸੇ ਵੀ ਸਮੇਂ ਮਿਸਕੈਰਿਜ਼ ਹੋਣ ਦੀ ਸੰਭਾਵਨਾ ਹੁੰਦੀ ਹੈ ਪਰ ਜੇਕਰ ਦੇਖਿਆ ਜਾਵੇ ਤਾਂ ਇਥੇ ਵੀ ਖ਼ੁਦ ਮਨੁੱਖ ਹੀ ਦੋਸ਼ੀ ਹੈ ਕਿਉਂਕਿ ਕਈ ਵਾਰ ਗਰਭ ਠਹਿਰਨ ਤੋਂ ਪਿੱਛੋਂ ਵੀ ਸੈਕਸ ਕਰਨਾ ਲਗਾਤਾਰ ਜਾਰੀ ਰੱਖਿਆ ਜਾਂਦਾ ਹੈ। ਇਸ ਕਰਕੇ ਕਈ ਔਰਤਾਂ, ਜਿਨ੍ਹਾਂ ਦੀ ਬੱਚੇਦਾਨੀ ਕਮਜ਼ੋਰ ਹੁੰਦੀ ਹੈ ਜਾਂ ਜੇਕਰ ਬੱਚੇਦਾਨੀ ਕਮਜ਼ੋਰ ਨਾ ਵੀ ਹੋਵੇ, ਸੈਕਸ ਕਰਨ ਲੱਗਿਆਂ ਜ਼ੋਰ ਲੱਗਣ ਨਾਲ ਵੀ ਖ਼ੂਨ ਪੈਣ ਲੱਗ ਜਾਂਦਾ ਹੈ। ਇਸੇ ਤਰ੍ਹਾਂ ਗਰਭ ਠਹਿਰਨ ਤੋਂ ਥੋੜ੍ਹਾ ਚਿਰ ਬਾਅਦ ਜ਼ਿਆਦਾ ਜ਼ੋਰ ਦਾ ਕੰਮ ਕਰ ਲੈਣਾ, ਕੋਈ ਝਟਕਾ ਪੈ ਜਾਣਾ, ਸ਼ਰਾਬ ਜਾਂ ਸਿਗਰਟ ਦਾ ਸੇਵਨ (ਅਜਿਹਾ ਪੱਛਮੀ ਮੁਲਕਾਂ ਵਿਚ ਜ਼ਿਆਦਾ ਵਾਪਰਦਾ ਹੈ), ਇਸ ਸਭ ਦਾ ਜ਼ਿੰਮੇਵਾਰ ਮਨੁੱਖ ਖ਼ੁਦ ਹੈ। ਇਹ ਵੀ ਨਾ-ਸਮਝੀ ਦਾ ਸਿੱਟਾ ਹੈ।
ਇਸਤੋਂ ਇਲਾਵਾ ਕੋਈ ਵਾਇਰਲ ਰੋਗ ਜਿਵੇਂ ਟੌਕਸੋਪਲਾਜ਼ਮਾ, ਥਾਇਰਾਇਡ ਦੀ ਬਿਮਾਰੀ, ਕਾਲਾ ਪੀਲੀਆ ਆਦਿ ਕਈ ਰੋਗ ਅਜਿਹੇ ਹਨ, ਜਿਥੇ ਗਰਭ ਠਹਿਰਨ ਤੋਂ ਪਿੱਛੋਂ ਅਬੌਰਸ਼ਨ ਹੋਣ ਦੇ ਮੌਕੇ ਬਣੇ ਰਹਿੰਦੇ ਹਨ। ਅਸੂਲਨ ਤੌਰ 'ਤੇ ਗਰਭ ਧਾਰਨ ਕਰਨ ਤੋਂ ਪਹਿਲਾਂ ਇਹ ਟੈਸਟ ਕਰਵਾਉਣੇ ਜ਼ਰੂਰੀ ਹੁੰਦੇ ਹਨ ਪਰ ਜਿੰਨਾ ਚਿਰ ਕੰਨਾਂ ਨੂੰ ਹੱਥ ਨਹੀਂ ਲੱਗਦੇ, ਓਨਾ ਚਿਰ ਕੋਈ ਵੀ ਇਨ੍ਹਾਂ ਟੈਸਟਾਂ ਨੂੰ ਨਹੀਂ ਕਰਵਾਉਂਦਾ। ਜਦੋਂ ਇਕ ਕੇਸ ਖ਼ਰਾਬ ਹੋ ਜਾਂਦਾ ਹੈ ਤਾਂ ਡਾਕਟਰਾਂ ਦਾ ਚੇਤਾ ਆਉਂਦਾ ਹੈ। ਕਹਿਣ ਤੋਂ ਭਾਵ 'ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੀ ਨਾ-ਸਮਝੀ ਜਾਂ ਅਣਗਹਿਲੀ ਬੰਦਿਆ'।
ਭਰੂਣ ਹੱਤਿਆ ਦਾ ਇਕ ਹੋਰ ਭਿਆਨਕ ਵਰਤਾਰਾ ਜੋ ਅੱਜਕੱਲ੍ਹ ਆਮ ਵੇਖਣ ਨੂੰ ਮਿਲਦਾ ਹੈ, ਉਹ ਮਾਪੇ ਜਿਨ੍ਹਾਂ ਦੇ ਕੋਈ ਔਲਾਦ ਨਹੀਂ ਹੁੰਦੀ, (ਨੁਕਸ ਚਾਹੇ ਔਰਤ ਵਿਚ ਹੋਵੇ ਜਾਂ ਮਰਦ ਵਿਚ) ਤਾਂ ਥਾਂ-ਥਾਂ ਖੁੱਲ੍ਹੇ ਵੱਡੇ-ਵੱਡੇ ਇਨਫਰਟੀਲਿਟੀ ਸੈਂਟਰਾਂ ਵਿਚ ਲੁੱਟ ਕਰਵਾਉਣ ਤੋਂ ਬਾਅਦ ਆਰਟੀਫੀਸ਼ੀਅਲ ਇਨਸੈਮੀਨੇਸ਼ਨ (ਨਕਲੀ ਵਿਧੀ) ਰਾਹੀਂ ਮਾਂ ਦੇ ਗਰਭ ਵਿਚ ਪਿਉ ਦਾ ਵੀਰਜ਼ ਜਾਂ ਕਿਸੇ ਹੋਰ ਡੋਨਰ ਦੇ ਸ਼ੁਕਰਾਣੂ ਅਤੇ ਅੰਡੇ ਨੂੰ ਪਲਣ ਲਈ ਰੱਖਿਆ ਜਾਂਦਾ ਹੈ। ਅਜਿਹਾ ਕਰਦਿਆਂ ਘੱਟੋ-ਘੱਟ ਪੰਜ ਜਾਂ ਛੇ ਅੰਡਿਆਂ ਅਤੇ ਸ਼ੁਕਰਾਣੂਆਂ ਨੂੰ ਮਿਲਾ ਕੇ ਪਲਣ ਦਿੱਤਾ ਜਾਂਦਾ ਹੈ। ਜਿਵੇਂ-ਜਿਵੇਂ ਸੈੱਲਾਂ ਵਿਚ ਵਾਧਾ ਹੁੰਦਾ ਜਾਂਦਾ ਹੈ ਤਾਂ ਵੇਖਿਆ ਜਾਂਦਾ ਹੈ ਕਿ ਕਿਹੜਾ-ਕਿਹੜਾ ਬੱਚਾ ਵਧ ਰਿਹਾ ਹੈ। ਜੇਕਰ ਸਾਰੇ ਸੈੱਲਾਂ ਵਿਚ ਵਾਧਾ ਹੁੰਦਾ ਹੈ ਤਾਂ ਡਾਕਟਰ ਸਬੰਧਿਤ ਇਕ ਜਾਂ ਦੋ ਬੱਚੇ ਰੱਖ ਕੇ ਬਾਕੀ ਦੀ ਸਫ਼ਾਈ ਕਰ ਦਿੰਦਾ ਹੈ। ਇਸ ਪ੍ਰਕਾਰ ਬੇ-ਔਲਾਦ ਮਾਪਿਆਂ ਨੂੰ ਔਲਾਦ ਨਸੀਬ ਹੁੰਦੀ ਹੈ। ਭਾਵੇਂਕਿ ਵੱਡੇ ਹੋ ਕੇ ਅਜਿਹੇ ਬੱਚੇ ਮਾਪਿਆਂ ਨੂੰ ਪਾਣੀ ਤੱਕ ਨਾ ਪੁੱਛਣ ਕਿਉਂਕਿ ਜਿਹੜੇ ਹੋਏ ਹੀ ਗੈਰ-ਕੁਦਰਤੀ ਹਨ, ਉਨ੍ਹਾਂ ਦਾ ਵਰਤਾਰਾ ਵੀ ਗੈਰ-ਕੁਦਰਤੀ ਹੁੰਦਾ ਹੈ।
ਸਾਇੰਸ ਦੀ ਤਰੱਕੀ ਨਾਲ ਜਿਥੇ ਮਨੁੱਖ ਨੇ ਬਹੁਤ ਸਾਰੀਆਂ ਸੁੱਖ-ਸਹੂਲਤਾਂ ਦਾ ਆਨੰਦ ਮਾਣਿਆ ਹੈ, ਉਥੇ ਸਾਇੰਸ ਨੇ ਮਨੁੱਖਤਾ ਨੂੰ ਖ਼ਤਮ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਸਾਇੰਸ ਨੇ ਹਮੇਸ਼ਾ ਕੁਦਰਤ ਨਾਲ ਆਢਾ ਲਾਇਆ ਹੈ ਪਰ ਇਸ ਜੰਗ ਵਿਚ ਕੁਦਰਤ ਹਮੇਸ਼ਾ ਜੇਤੂ ਰਹੀ ਹੈ ਅਤੇ ਰਹੇਗੀ ਕਿਉਂਕਿ ਕੁਦਰਤ ਸਾਇੰਸ ਦੀ ਮਾਂ ਹੈ।
ਬਹੁਤ ਸਾਰੇ ਕਬੀਲੇ ਅਜਿਹੇ ਹਨ, ਜਿਥੇ ਅੱਜ ਵੀ ਮਾਦਾ ਭਰੂਣ ਹੱਤਿਆ ਤਾਂ ਦੂਰ ਦੀ ਗੱਲ, ਇਹ ਲੋਕ ਪਰਿਵਾਰ ਨਿਯੋਜਨ ਲਈ ਅਬੌਰਸ਼ਨ ਕਰਵਾਉਣਾ ਪਾਪ ਸਮਝਦੇ ਹਨ। ਵੈਸੇ ਤਾਂ ਹਰ ਧਰਮ ਹਿੰਸਾ ਦੇ ਖਿਲਾਫ਼ ਹੈ ਪਰ ਹੁਣ ਲੋਕ ਧਰਮੀ ਨਹੀਂ ਰਹੇ ਪਰ ਕੁਝ ਵੀ ਹੋਵੇ, ਹਾਲੇ ਵੀ ਕੁਝ ਅਜਿਹੇ ਕਬੀਲੇ ਹਨ, ਜਿਥੇ ਕਿਸੇ ਵੀ ਔਰਤ ਦੀ ਅਬੌਰਸ਼ਨ ਨਹੀਂ ਹੁੰਦੀ। ਹਾਂ ਜੇਕਰ ਕੁਦਰਤੀ ਤੌਰ 'ਤੇ ਕੇਸ ਖ਼ਰਾਬ ਹੋ ਜਾਵੇ ਤਾਂ ਗੱਲ ਵੱਖਰੀ ਹੈ। ਉਸ ਕਬੀਲੇ ਦੀਆਂ ਔਰਤਾਂ ਦੇ ਬੱਚਿਆਂ ਵਾਲਾ ਓਪਰੇਸ਼ਨ ਕਰਵਾਇਆ ਹੁੰਦਾ ਹੈ। ਇਸਤੋਂ ਇਲਾਵਾ ਵੇਖਣ ਵਿਚ ਆਇਆ ਹੈ ਕਿ ਅਨਪੜ੍ਹ ਅਤੇ ਗਰੀਬ ਲੋਕ ਅਖੌਤੀ ਪੜ੍ਹੇ-ਲਿਖੇ ਅਤੇ ਅਮੀਰ ਲੋਕਾਂ ਨਾਲੋਂ ਇਸ ਪਾਪ ਦੇ ਘੱਟ ਭਾਗੀਦਾਰ ਹਨ।
ਜਿਥੇ ਅੱਜਕੱਲ੍ਹ ਵਧ ਰਹੀ ਆਬਾਦੀ ਦਾ ਡਰ ਮਨੁੱਖੀ ਹੋਂਦ ਨੂੰ ਖ਼ਤਰੇ ਦਾ ਅਹਿਸਾਸ ਕਰਵਾ ਰਿਹਾ ਹੈ, ਉਥੇ ਭਰੂਣ ਹੱਤਿਆ ਵਰਗਾ ਗੈਰ-ਕੁਦਰਤੀ ਵਰਤਾਰਾ ਵੀ ਮਨੁੱਖੀ ਹੋਂਦ ਲਈ ਖ਼ਤਰੇ ਦੀ ਨਿਸ਼ਾਨੀ ਬਣ ਸਕਦਾ ਹੈ।
ਅਬੌਰਸ਼ਨ ਦੇ ਸਿੱਟੇ : ਜਿਥੇ ਅਬੌਰਸ਼ਨ ਕਰਵਾਉਣਾ ਕੁਦਰਤ ਦੇ ਨਿਯਮਾਂ ਦੇ ਖਿਲਾਫ਼ ਹੈ, ਉਥੇ ਇਸਦੇ ਸਿੱਟੇ ਵੀ ਬੜੇ ਭਿਆਨਕ ਹਨ, ਜੋ ਔਰਤ ਨੂੰ ਭੁਗਤਣੇ ਹੀ ਪੈਂਦੇ ਹਨ। ਖ਼ਾਸ ਤੌਰ 'ਤੇ ਅਬੌਰਸ਼ਨ ਕਿੱਟਾਂ ਤੋਂ ਬਾਅਦ ਸਰੀਰ ਅੰਦਰ ਹਾਰਮੋਨਜ਼ ਦੀ ਸਮੱਸਿਆ ਆ ਜਾਂਦੀ ਹੈ ਅਤੇ ਸਰੀਰ ਦੀ ਰੱਖਿਆ ਪ੍ਰਣਾਲੀ ਉੱਪਰ ਇਸਦੇ ਬਹੁਤ ਭਿਆਨਕ ਅਸਰ ਪੈਂਦੇ ਹਨ। ਸਿੱਟੇ ਵਜੋਂ ਬਹੁਤ ਸਾਰੀਆਂ 'ਐਲਰਜ਼ੀ' ਲਈ ਸਰੀਰ ਸੈਂਸੇਟਿਵ ਹੋ ਜਾਂਦਾ ਹੈ। ਅਬੌਰਸ਼ਨ ਕਰਵਾਉਣ ਤੋਂ ਬਾਅਦ ਬੱਚੇਦਾਨੀ ਕਮਜ਼ੋਰ ਹੋ ਜਾਂਦੀ ਹੈ ਅਤੇ ਕਈ ਵਾਰ ਮੁੜ ਕੇ ਬੱਚਾ ਹੁੰਦਾ ਹੀ ਨਹੀਂ। ਵਾਰ-ਵਾਰ ਗਰਭ ਗਿਰਦਾ ਰਹਿੰਦਾ ਹੈ। ਅਬੌਰਸ਼ਨ ਤੋਂ ਪਿੱਛੋਂ ਕਈ ਹਾਲਤਾਂ ਵਿਚ ਟਿਊਬਾਂ ਬੰਦ ਹੋ ਜਾਂਦੀਆਂ ਹਨ। ਬੱਚੇਦਾਨੀ ਵਿਚ ਜ਼ਖ਼ਮ ਹੋ ਜਾਂਦੇ ਹਨ। ਪਾਣੀ ਪੈਣਾ, ਭਾਰ ਪੈਣਾ, ਮਾਹਵਾਰੀ ਦੀ ਅਨਿਯਮਤਾ ਆਦਿ ਅਜਿਹੇ ਰੋਗ ਹਨ, ਜੋ ਅਬੌਰਸ਼ਨ ਦੇ ਸਿੱਟੇ ਵਜੋਂ ਉਪਜਦੇ ਹਨ, ਭਾਵ ਸਹੇੜ ਲਏ ਜਾਂਦੇ ਹਨ। 'ਲਮਹੋਂ ਨੇ ਖ਼ਤਾ ਕੀ, ਸਦੀਓਂ ਨੇ ਸਜ਼ਾ ਪਾਈ'।
ਅਬੌਰਸ਼ਨ ਤੋਂ ਕਿਵੇਂ ਬਚਿਆ ਜਾਵੇ : ਜਿਵੇਂ ਪਿੱਛੇ ਗੱਲ ਕਰ ਚੁੱਕੇ ਹਾਂ ਕਿ ਭਾਵੇਂ ਅਬੌਰਸ਼ਨ ਜਾਣ-ਬੁੱਝ ਕੇ ਕਰਵਾਈ ਜਾਵੇ ਜਾਂ ਮਿਸਕੈਰੀਜ਼ ਹੋ ਜਾਵੇ, ਇਸਦਾ ਜ਼ਿੰਮੇਵਾਰ ਤਾਂ ਖ਼ੁਦ ਇਨਸਾਨ ਹੀ ਹੈ। ਮਿਸਕੈਰੀਜ਼ ਵੀ ਮਨੁੱਖੀ ਅਣਗਹਿਲੀ ਦਾ ਸਿੱਟਾ ਹੈ। ਅਸੂਲਨ ਗਰਭ ਧਾਰਨ ਕਰਨ ਤੋਂ ਪਹਿਲਾਂ ਜਿਹੜੇ ਟੈਸਟ ਕਰਵਾਉਣੇ ਹੁੰਦੇ ਹਨ, ਉਨ੍ਹਾਂ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਗਰਭ ਦੇ ਨੌਂ ਮਹੀਨੇ ਤਪੱਸਿਆ ਵਾਂਗ ਬਤੀਤ ਕਰਨੇ ਚਾਹੀਦੇ ਹਨ। ਇਸਤੋਂ ਇਲਾਵਾ ਜਿਹੜੇ ਮਾਪਿਆਂ ਨੇ ਹੋਰ ਬੱਚਾ ਨਹੀਂ ਲੈਣਾ, ਉਨ੍ਹਾਂ ਨੂੰ ਗਰਭ ਰੋਕੂ ਤਕਨੀਕਾਂ ਤੋਂ ਵਾਕਿਫ਼ ਹੋਣਾ ਚਾਹੀਦਾ ਹੈ। ਸਭ ਤੋਂ ਵਧੀਆ ਤਕਨੀਕ ਬੱਚਿਆਂ ਵਾਲਾ ਉਪਰੇਸ਼ਨ ਹੁੰਦਾ ਹੈ ਪਰ ਇਹ ਉਪਰੇਸ਼ਨ ਜਿਥੇ ਪਹਿਲਾਂ ਕੋਈ ਬੱਚਾ ਵੱਡੇ ਉਪਰੇਸ਼ਨ ਨਾਲ ਹੋਇਆ ਹੁੰਦਾ ਹੈ, ਉਥੇ ਕਰਨਾ ਥੋੜ੍ਹਾ ਔਖਾ ਹੁੰਦਾ ਹੈ ਕਿਉਂਕਿ ਇਸ ਤਰ੍ਹਾਂ ਦੇ ਕੇਸਾਂ ਵਿਚ ਦੁਬਾਰਾ ਵੱਡਾ ਉਪਰੇਸ਼ਨ ਕਰਨਾ ਪੈਂਦਾ ਹੈ। ਨਹੀਂ ਤਾਂ ਇਹ ਬਹੁਤ ਸੌਖਾ ਉਪਰੇਸ਼ਨ ਹੁੰਦਾ ਹੈ। ਦੋ-ਚਾਰ ਦਿਨ ਦੇ ਰੈਸਟ ਕਰਨ ਮਗਰੋਂ ਹਾਲਤ ਸਥਿਰ ਬਣ ਜਾਂਦੀ ਹੈ ਪਰ ਬਹੁਤੀਆਂ ਔਰਤਾਂ ਡਰਦੀਆਂ ਮਾਰੀਆਂ ਉਪਰੇਸ਼ਨ ਕਰਵਾਉਣ ਤੋਂ ਕੰਨੀਂ ਕਤਰਾ ਜਾਂਦੀਆਂ ਹਨ।
ਇਸਤੋਂ ਇਲਾਵਾ ਮਰਦਾਂ ਦੀ ਨਸਬੰਦੀ ਵੀ ਸਫ਼ਲ ਗਰਭ ਰੋਕੂ ਸਾਧਨ ਹੈ ਪਰ ਮਰਦ ਡਰਦੇ ਮਾਰੇ ਇਹ ਕਰਵਾਉਣ ਤੋਂ ਆਨਾ-ਕਾਨੀ ਕਰਦੇ ਰਹਿੰਦੇ ਹਨ ਕਿ ਕਿਤੇ ਕਮਜ਼ੋਰ ਹੀ ਨਾ ਹੋ ਜਾਈਏ ਪਰ ਅਜਿਹਾ ਕੁਝ ਵੀ ਨਹੀਂ ਹੁੰਦਾ। ਬਾਕੀ ਗਰਭ ਰੋਕੂ ਤਕਨੀਕਾਂ, ਜਿਵੇਂ ਕਾਪਰ-ਟੀ, ਮਾਲਾ ਡੀ ਜਾਂ ਮਾਲਾ ਐਨ ਜਾਂ ਓਵਰਿਲ ਗੋਲੀਆਂ ਅਤੇ ਨਿਰੋਧ ਦੀ ਵਰਤੋਂ ਵੀ ਗਰਭ ਰੋਕਣ ਵਿਚ ਸਹਾਈ ਹੁੰਦੀਆਂ ਹਨ।
ਜਿਥੋਂ ਤੱਕ ਸੇਫ਼ ਪੀਰੀਅਡ ਦੀ ਗੱਲ ਹੈ ਕਿ ਜਿਵੇਂ ਕਿਹਾ-ਸੁਣਿਆ ਜਾਂਦਾ ਹੈ ਕਿ ਮਾਹਵਾਰੀ ਆਉਣ ਤੋਂ ਇਕ ਹਫ਼ਤਾ ਪਹਿਲਾਂ ਅਤੇ ਇਕ ਹਫ਼ਤਾ ਬਾਅਦ ਸੇਫ਼ ਪੀਰੀਅਡ ਹੁੰਦਾ ਹੈ ਭਾਵ ਗਰਭ ਨਹੀਂ ਠਹਿਰਦਾ। ਇਹ ਬਿਲਕੁਲ ਗਲਤ ਹੈ। ਇਸ ਵਿਚ ਗਰਭ ਠਹਿਰਨ ਦਾ ਰਿਸਕ ਹੁੰਦਾ ਹੈ।
ਸੋ ਅੰਤ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਬਚਾਅ ਵਿਚ ਹੀ ਬਚਾਅ ਹੈ। 'ਸਾਵਧਾਨੀ ਹਟੀ, ਦੁਰਘਟਨਾ ਘਟੀ' ਵਰਗੀਆਂ ਲਾਈਨਾਂ ਸਿਰਫ਼ ਸੜਕਾਂ 'ਤੇ ਹੀ ਨਹੀਂ, ਬਲਕਿ ਬੈੱਡ-ਰੂਮ ਵਿਚ ਵੀ ਲਿਖ ਕੇ ਲਾ ਲੈਣੀਆਂ ਚਾਹੀਦੀਆਂ ਹਨ ਤਾਂ ਕਿ ਭਰੂਣ ਹੱਤਿਆ ਵਰਗੇ ਪਾਪ ਤੋਂ ਬਚਿਆ ਜਾ ਸਕੇ ਕਿਉਂਕਿ ਅਜਿਹੀਆਂ ਦੁਰਘਟਨਾਵਾਂ ਜਿਥੇ 'ਅਨਵਾਂਟਡ ਚਾਇਲਡ' (ਅਣਚਾਹੇ ਬੱਚੇ) ਦੇ ਕਤਲ ਦਾ ਕਾਰਨ ਬਣਦੀਆਂ ਹਨ, ਉਥੇ ਮਾਪਿਆਂ ਦੀ ਸਮੱਸਿਆ ਵਿਚ ਵੀ ਵਾਧਾ ਹੁੰਦਾ ਹੈ ਅਤੇ ਕਈ ਮਾਪੇ ਅਜਿਹੀਆਂ ਗਲਤੀਆਂ ਦੀ ਸਜ਼ਾ ਵੀ ਭੁਗਤਦੇ ਹਨ।
-
ਡਾ ਅਮਨਦੀਪ ਸਿੰਘ ਟੱਲੇਵਾਲੀਆ, ਹੋਮਿਓਪੈਥਿਕ ਡਾਕਟਰ, ਬਰਨਾਲਾ
tallewalia@gmail.com
+91-98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.