ਫਰਾਂਸੀਸੀ ਔਰਤ ਦੀ ਈਮੇਲ ਨੇ ਫੇਰ ਯਾਦ ਕਰਾਇਆ 26 ਵਰ੍ਹੇ ਪੁਰਾਣਾ ਕਿੱਸਾ
3 ਅਗਸਤ , 2020 ਦੀ ਘਟਨਾ ਹੈ . ਸਵੇਰੇ ਸਾਢੇ ਕੁ 8 ਵਜੇ ਸਨ . ਮੈਂ ਆਪਣਾ ਲੈਪ ਟਾਪ ਆਨ ਕੀਤਾ . ਈਮੇਲ ਚੈੱਕ ਕਰਨ ਲੱਗਾ ਤਾਂ ਅਚਾਨਕ ਮੇਰੀ ਨਜ਼ਰ ਇੱਕ ਨਵੇਂ ਅਡਰੈਸ ਵਾਲੀ ਈਮੇਲ ਤੇ ਪਈ . ਅਡਰੈਸ ਦਾ ਪਹਿਲਾ ਸ਼ਬਦ ਦੇਖ ਕੇ ਹੀ ਮੇਰੇ ਕੰਨ ਖੜ੍ਹੇ ਹੋ ਗਏ . ਉਤਸੁਕਤਾ ਵਧ ਗਈ .ਇਹ ਸ਼ਬਦ ਸੀ ਕਾਤੀਆ . ਇਸ ਸ਼ਬਦ ਨਾਲ ਜੁੜੇ ਨਾਂ ਪਿੱਛੇ ਇੱਕ ਲੰਮੀ ਕਹਾਣੀ ਹੈ . ਅੱਗੇ ਦੇਖਿਆ , ਇਹ ਈਮੇਲ ਫਰਾਂਸੀਸੀ ਔਰਤ ਕਾਤੀਆ ਡਰਨਾਡ ਸੀ . ਬੇਹੱਦ ਤੌਖਲੇ ਅਤੇ ਕਾਹਲੀ' ਚ ਮੈਂ ਮੇਲ ਪੜ੍ਹੀ . ਬਹੁਤ ਹੈਰਾਨੀ ਜਨਕ ਵੀ ਸੀ ਤੇ ਦਿਲਚਸਪ ਵੀ .
ਈਮੇਲ ਦੀ ਸ਼ੁਰੂਆਤ ਪਿਛਲੇ ਸਤੰਬਰ 2019 'ਚ ਪੋਸਟ ਕੀਤੀ ਮੇਰੀ ਲਿਖੀ ਇੱਕ ਲਿਖਤ ਦੇ ਹਵਾਲੇ ਤੋਂ ਕੀਤੀ ਗਈ ਸੀ . ਇਸ ਦਾ ਬਾਬੂਸ਼ਾਹੀ ਲਿੰਕ ਦੇਕੇ ਲਿਖਿਆ ਸੀ :
"ਡੀਅਰ ਸਰ
ਤੁਸੀਂ ਇੱਕ ਇਹ ਲੇਖ ਲਿਖਿਆ ਸੀ ."
ਅੱਗੇ ਮੇਰੀ ਲਿਖਤ 'ਚੋਂ ਇੱਕ ਪੈਰ੍ਹਾ ਲਿਖਿਆ ਸੀ ,
" ਉਹ ਕਿਉਂ ਨਹੀਂ ਪੇਸ਼ ਹੋਈ ਇਹ ਇੱਕ ਭੇਦ ਹੀ ਰਿਹਾ . ਏਥੋਂ ਤੱਕ ਕਿ ਕਾਤੀਆ ਵੱਲੋਂ ਲਿਖੇ ਹੋਣ ਦਾ 'ਦਾਅਵਾ ਕਰ ਕੇ' ਟ੍ਰਿਬਿਊਨ ਅਖ਼ਬਾਰ ਦੇ ਪਹਿਲੇ ਸਫ਼ੇ ਤੇ 14 ਅਗਸਤ , 2017 ਨੂੰ ਪ੍ਰਕਾਸ਼ਿਤ ਖ਼ਤ ਵਿਚ ਵੀ ਇਸ ਪੱਖ ਦਾ ਕੋਈ ਜ਼ਿਕਰ ਨਹੀਂ ਸੀ . ਖ਼ੈਰ, ਕਾਤੀਆ ਕੇਸ ਵਜੋਂ ਬੇਹੱਦ ਚਰਚਿਤ ਹੋਇਆ ਇਹ ਕੇਸ ਇੱਕ ਮੇਰੇ ਮੀਡੀਆ ਕੈਰੀਅਰ ਦੀ ਰੀਪੋਰਟਿੰਗ ਦਾ ਇੱਕ ਅਭੁੱਲ ਕਿੱਸਾ ਬਣ ਗਿਆ .
ਮੇਰੇ ਖ਼ਤ ਬਾਰੇ ਦਾਅਵਾ ਹੀ ਨਹੀਂ .... ਇਹ ਖ਼ਤ ਮੈਂ ਹੀ ਲਿਖਿਆ ਸੀ ਅਤੇ ਮੈਨੂੰ ਇਸ ਤੇ ਮਾਣ ਹੈ ...ਤੇ ਜੇਕਰ ਤੁਸੀਂ ਇਸ ਨੂੰ ਗ਼ੌਰ ਨਾਲ ਪੜ੍ਹੋ ਤਾਂ ਤੁਹਾਨੂੰ ਇਸ ਸਵਾਲ ਦਾ ਜਵਾਬ ਵੀ ਮਿਲ ਜਾਵੇਗਾ ਕਿ " ਉਹ ਕਿਉਂ ਨਹੀਂ ਪੇਸ਼ ਹੋਈ .. "
ਕਾਤੀਆ ਦੀ ਅਗਲੀ ਲਾਈਨ ਹੋਰ ਵੀ ਦਿਲਚਸਪ ਸੀ . ਉਸ ਨੇ ਲਿਖਿਆ " ਜੇਕਰ ਫਿਰ ਵੀ ਤੁਹਾਨੂੰ ਮੇਰੀ ਪਛਾਣ ਬਾਰੇ ਕੋਈ ਸ਼ੱਕ ਹੈ ਤਾਂ ਇਹ ਹੈ ਮੇਰੀ ਫ਼ੋਟੋ ਜਿਸ ਨੂੰ ਤੁਸੀਂ ਸਿਰਫ਼ ਆਪਣੇ ਕੋਲ ਹੀ ਰੱਖਣਾ. "
ਕਾਤੀਆਂ ਦੀ ਈਮੇਲ ਪੜ੍ਹ ਕੇ ਕਾਫ਼ੀ ਦੇਰ ਮੈਂ ਸੋਚਦਾ ਰਿਹਾ . 1994 'ਚ ਮੈਂ ਅਤੇ ਮੇਰੇ ਸਾਥੀ ਫ਼ੋਟੋ ਜਰਨਲਿਸਟ ਟੀ ਐਸ ਬੇਦੀ ਵੱਲੋਂ ਅਜੀਤ ਅਖਬਾਰ ਲਈ ਬਰੇਕ ਕੀਤੀ ਸਟੋਰੀ ਤੋਂ ਲੈ ਕੇ ਹੁਣ ਤੱਕ ਇਸ ਕੇਸ ਨਾਲ ਜੁੜੀਆਂ ਮੀਡੀਆ ਦੀਆਂ ਸੁਰਖ਼ੀਆਂ , ਇਸ 'ਚ ਕਸੂਤਾ ਫਸਦਾ ਰਿਹਾ ਬੇਅੰਤ ਸਿੰਘ ਪਰਿਵਾਰ ਅਤੇ ਕਾਤੀਆ ਕੇਸ 'ਤੇ ਹੁੰਦੀ ਰਹੀ ਰਾਜਨੀਤੀ ਦੀ ਸਾਰੀ ਰੀਲ੍ਹ ਮੇਰੀਆਂ ਅੱਖਾਂ ਅੱਗੇ ਘੁੰਮ ਗਈ .
ਖ਼ੈਰ , ਮੈਂ ਕਾਤੀਆ ਦੀ ਈਮੇਲ ਦਾ ਜਵਾਬ ਦਿੱਤਾ . ਉਸ ਦਾ ਸ਼ੁਕਰੀਆ ਅਦਾ ਕੀਤਾ . ਮੈ ਲਿਖਿਆ ਕਿ ਮੇਰੇ ਲਈ ਉਸਦਾ ਇਹ ਸੁਨੇਹਾ ਅਚੰਭੇ ਭਰੀ ਖ਼ੁਸ਼ੀ ਵਾਲਾ ਸੀ ਕਿਓਂਕਿ 1994 'ਚ ਉਸ ਨਾਲ ਵਾਪਰੇ ਦੁਖਾਂਤ ਮੌਕੇ ਹੋਈਆਂ ਆਹਮੋ ਸਾਹਮਣੇ ਹੋਈਆਂ ਦੋ ਮੁਲਾਕਾਤਾਂ ਤੋਂ ਬਾਅਦ ਕਦੇ ਉਸ ਨਾਲ ਰਾਬਤਾ ਨਹੀਂ ਹੋਇਆ ਸੀ .
ਨਾਲ ਹੀ ਉਸ ਨੂੰ ਪੁੱਛਿਆ, "ਕੀ ਮੈਂ ਹੁਣ ਇਹ ਤੱਥ ਸਪਸ਼ਟ ਕਰ ਦੇਵਾਂ ਕਿ ਉਹ ਟ੍ਰਿਬਿਊਨ ਵਾਲਾ ਖ਼ਤ ਵਾਕਿਆ ਹੀ ਕਾਤੀਆ ਦਾ ਸੀ ਅਤੇ ਉਹ ਅੱਜ ਵੀ ਉਹ ਆਪਣੇ ਉਸੇ ਸਟੈਂਡ ਤੇ ਕਾਇਮ ਹੈ ."
ਅਗਲੇ ਦਿਨ ਹੀ ਕਾਤੀਆ ਦਾ ਜਵਾਬ ਆ ਗਿਆ ਕਿ ਮੈਂ ਜ਼ਰੂਰ ਇਹ ਸਪਸ਼ਟ ਕਰਾਂ . ਕਾਤੀਆ ਦੇ ਕਹਿਣ 'ਤੇ ਹੀ ਮੈਂ ਇਹ ਜਾਣਕਾਰੀ ਤੁਹਾਨੂੰ ਸਭ ਨੂੰ ਦੇ ਰਿਹਾ ਹਾਂ. ਉਂਞ ਮੇਰਾ ਇਸ ਮਸਲੇ ਨੂੰ ਛੇੜਨ ਦਾ ਕੋਈ ਇਰਾਦਾ ਨਹੀਂ ਸੀ ਕਿਓਂਕਿ ਜਦੋਂ ਕਦੇ ਇਸ ਦੀ ਚਰਚਾ ਹੁੰਦੀ ਹੈ ਤਾਂ ਰਾਜਨੀਤੀ ਸ਼ੁਰੂ ਹੋ ਜਾਂਦੀ ਹੈ .
ਉਸ ਦੀ ਫ਼ੋਟੋ ਨਾ ਪੋਸਟ ਕਰਨਾ ਮੇਰੀ ਮਜਬੂਰੀ ਹੈ ਕਿਉਂਕਿ ਉਸ ਨੇ ਮਨ੍ਹਾ ਕੀਤਾ ਹੋਇਆ ਹੈ .
ਉੱਪਰ ਜ਼ਿਕਰ ਕੀਤਾ ਟ੍ਰਿਬਿਊਨ ਵਾਲਾ ਖ਼ਤ ਉਸ ਨੇ ਉਨ੍ਹਾਂ ਦਿਨਾਂ 'ਚ ਲਿਖਿਆ ਸੀ ਜਦੋਂ ਹਰਿਆਣੇ ਦੇ ਆਈ ਏ ਐਸ ਅਫ਼ਸਰ ਦੀ ਧੀ ਵਰਨਿਕਾ ਕੰਦੂ ਨਾਲ ਹਰਿਆਣਾ ਬੀ ਜੇ ਪੀ ਦੇ ਪ੍ਰਧਾਨ ਦੇ ਬੇਟੇ 'ਤੇ ਛੇੜਖ਼ਾਨੀ ਕਰਨ ਦੇ ਮਕਸਦ ਨਾਲ ਪਿੱਛਾ ਕਰਨ ਦੇ ਦੋਸ਼ ਲੱਗੇ ਸਨ .
ਸਤੰਬਰ 2019 ਦੀ ਮੇਰੀ ਉਹ ਲਿਖਤ ਅਤੇ ਹੁਣ ਟ੍ਰਿਬਿਊਨ ਦੇ ਧੰਨਵਾਦ ਸਾਹਿਤ ਇਹ ਖ਼ਤ ਸਾਂਝਾ ਕਰਨਾ ਵੀ ਜ਼ਰੂਰੀ ਹੋ ਗਿਆ ਹੈ .
ਕਾਤੀਆ ਦੀ ਮੈਨੂੰ ਆਈ ਈਮੇਲ ਦੀ ਕਾਪੀ :
ਕਾਤੀਆ ਵੱਲੋਂ ਹਵਾਲੇ ਵਜੋਂ ਵਰਤੀ ਗਈ ਮੇਰੀ ਲਿਖਤ ਦਾ ਲਿੰਕ ਜਿਸ ਵਿਚ ਘਟਨਾ ਦਾ ਪੂਰਾ ਵੇਰਵਾ ਵੀ ਹੈ :
ਟ੍ਰਿਬਿਊਨ ਅਖ਼ਬਾਰ 'ਚ ਪਰਕਾਸ਼ਿਤ ਉਸਦੇ ਖ਼ਤ ਦੀ ਕਾਪੀ ਦੀ ਇੱਕ ਝਲਕ ਅਤੇ ਇਸਦਾ ਨੈੱਟ ਲਿੰਕ :
https://www.tribuneindia.com/news/archive/punjab/might-isn-t-right-defend-rights--katia-speaks-up-451790
3 ਸਤੰਬਰ , 19194 ਨੂੰ ਅਜੀਤ ਵਿਚ ਪ੍ਰਕਾਸ਼ ਹੋਈ ਕਾਤੀਆ ਦੀ ਤਸਵੀਰ ਜੋ ਟੀ ਐਸ ਬੇਦੀ ਨੇ ਮੁਹਾਲੀ ਪੁਲਿਸ ਥਾਣੇ 'ਚ ਲਈ ਸੀ :
08 ਅਗਸਤ , 2020
-
ਬਲਜੀਤ ਬੱਲੀ, ਸੰਪਾਦਕ, ਬਾਬੂਸ਼ਾਹੀ ਨੈਟਵਰਕ
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.