ਲੰਘੇ ਮਹੀਨਿਆਂ ਦੌਰਾਨ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਭਰ ਵਿੱਚ ਲੱਗੇ ਕਰਫ਼ਿਊ ਕਾਰਨ ਜਦ ਲੋਕ ਘਰਾਂ ਵਿੱਚ ਬੰਦ ਰਹਿਣ ਲਈ ਮਜਬੂਰ ਸਨ ਅਤੇ ਰੋਜ਼ਾਨਾ ਕਮਾ ਕੇ ਖਾਣ ਵਾਲ਼ੇ ਮਜ਼ਦੂਰ , ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਸ਼ਾਸਨ ਦੀ ਮਦਦ ਉੱਤੇ ਹੀ ਆਪਣੀ ਜ਼ਿੰਦਗੀ ਜਿਉਣ ਦੀ ਤਮੰਨਾ ਲੈ ਕੇ ਜੂਝ ਰਹੇ ਸੀ ਤਾਂ ਬਿਨਾਂ ਸ਼ੱਕ ਇਹ ਸਾਡੇ ਸਾਰਿਆਂ ਲਈ ਇਕ ਬੇਹੱਦ ਔਖਾ ਅਤੇ ਔਕੜਾਂ ਭਰਿਆ ਸਮਾਂ ਸੀ । ਇਸ ਸਮੇਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਪੁਲਿਸ ਅਤੇ ਸਮਾਜ ਸੇਵੀਆਂ ਨੇ ਭੁੱਖ ਨਾਲ ਵਿਲਕ ਰਹੇ ਲੋਕਾਂ ਤੱਕ ਖਾਣ-ਪੀਣ ਦੀਆਂ ਵਸਤੂਆਂ ਪਹੁੰਚਾ ਕੇ ਸ਼ਲਾਘਾਯੋਗ ਕੰਮ ਕੀਤਾ । ਜ਼ਿਲ੍ਹਾ ਸੰਗਰੂਰ ਦੇ ਵਿੱਚ ਵੀ ਐੱਸ.ਐੱਸ.ਪੀ. ਡਾ. ਸੰਦੀਪ ਗਰਗ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸੰਗਰੂਰ ਪੁਲਿਸ ਲੋੜਵੰਦ ਲੋਕਾਂ ਤੱਕ ਸੁੱਕਾ ਰਾਸ਼ਨ ਅਤੇ ਹੋਰ ਜ਼ਰੂਰੀ ਚੀਜ਼ਾਂ ਪਹੁੰਚਾ ਰਹੀ ਸੀ । ਉਸ ਸਮੇਂ ਬਾਬੂਸ਼ਾਹੀ ਦੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸੰਗਰੂਰ ਦੇ ਐੱਸ.ਐੱਸ.ਪੀ ਸ੍ਰੀ ਸੰਦੀਪ ਗਰਗ ਨੇ ਕਈ ਹੈਰਾਨੀਜਨਕ ਖੁਲਾਸੇ ਕੀਤੇ ਕਿ ਕਿੰਝ ਪੁਲਿਸ ਵੱਲੋਂ ਆਮ ਲੋਕਾਂ ਦੀ ਮਦਦ ਦੇ ਲਈ ਜ਼ਮੀਨੀ ਪੱਧਰ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਰਿਹੈ ।
ਉਨ੍ਹਾਂ ਦੱਸਿਆ ਕਿ ਸੰਗਰੂਰ ਪੁਲਿਸ ਲੋਕਾਂ ਤੱਕ ਸਿਰਫ਼ ਰਾਸ਼ਨ ਹੀ ਨਹੀਂ ਪਹੁੰਚਾ ਰਹੀ ਸਗੋਂ ਲੋੜ ਪੈਣ ਤੇ ਰੋਜ਼ ਮਰਾਂ ਦੀਆਂ ਜ਼ਰੂਰੀ ਵਸਤਾਂ ਜਿਵੇਂ ਪਲੰਬਰ ਤੇ ਇਲੈਕਟ੍ਰੀਸ਼ੀਅਨ ਦਾ ਹੱਲ ਵੀ ਪੁਲਿਸ ਵੱਲੋਂ ਹੀ ਕੀਤਾ ਗਿਆ , ਇਸ ਨੂੰ ਆਪਣੇ ਆਪ ਵਿੱਚ ਇਸ ਮਹਿਕਮੇ ਅੰਦਰ ਪੈਦਾ ਕੀਤੀ ਵੱਡੀ ਮਿਸਾਲ ਜ਼ਰੂਰ ਆਖ ਸਕਦੇ ਹਾਂ । ਸੰਦੀਪ ਗਰਗ ਨੇ ਅੱਗੇ ਦੱਸਿਆ ਇਸ ਤੋਂ ਇਲਾਵਾ ਕਿਸੇ ਦਾ ਪਾਲਤੂ ਪਸ਼ੂ ਬਿਮਾਰ ਹੋ ਜਾਣ ਤੇ ਵੀ ਸੰਗਰੂਰ ਪੁਲਿਸ ਪੂਰੀ ਮਦਦ ਕਰ ਰਹੀ ਸੀ । ਪੁਲਿਸ ਨੇ ਪ੍ਰਾਈਵੇਟ ਹਸਪਤਾਲਾਂ ਅਤੇ ਐਂਬੂਲੈਂਸਾਂ ਨਾਲ਼ ਵੀ ਸੰਪਰਕ ਸਾਧ ਕੇ ਆਪਣੇ ਮਿਸ਼ਨ ਦੀ ਪੂਰਤੀ ਦੇ ਲਈ ਡਟਵੀਂ ਜੱਦੋ ਜਹਿਦ ਕਰਨ ਦੇ ਨਾਲ ਇਨਸਾਨੀ ਕਦਰਾਂ ਕੀਮਤਾਂ ਨੂੰ ਵੀ ਕਾਇਮ ਰੱਖਿਆ ਤਾਂ ਜੋ ਕਿਸੇ ਵੀ ਤਰਾਂ ਦੀ ਮੈਡੀਕਲ ਐਮਰਜੈਂਸੀ ਵਿੱਚ ਦੇਰੀ ਨਾ ਹੋ ਸਕੇ । ਮੈਡੀਕਲ ਐਮਰਜੈਂਸੀ ਨਾਲ਼ ਜੁੜੇ ਇੱਕ ਕੇਸ ਦੀ ਉਦਾਹਰਨ ਦੇਂਦੇ ਹੋਏ ਸ੍ਰੀ ਗਰਗ ਨੇ ਦੱਸਿਆ ਕਿ ਇੱਕ ਬਜ਼ੁਰਗ ਮਾਤਾ ਦੀਆਂ ਘਰ ਦੇ ਵਿੱਚ ਹੀ ਦੁਰਘਟਨਾ ਕਰਕੇ ਉਂਗਲਾਂ ਕੱਟੀਆਂ ਗਈਆਂ ਸਨ ਸੰਗਰੂਰ ਪੁਲਿਸ ਨੇ ਬਿਨਾ ਦੇਰੀ ਡਾਕਟਰੀ ਸਹੂਲਤਾਂ ਮੁਹੱਈਆ ਕਰਵਾ ਕੇ ਬਾਕੀ ਕੰਮਾਂ ਤੋਂ ਪਹਿਲਾਂ ਤੁਰੰਤ ਉਸ ਮਾਤਾ ਦਾ ਇਲਾਜ ਕਰਵਾਉਣ ਨੂੰ ਤਰਜੀਹ ਦਿੱਤੀ ਇਸ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਪੁਲਿਸ ਦਾ ਇੱਕ ਨਿੱਗਰ ਸੁਨੇਹਾ ਹੀ ਆਖਿਆ ਜਾਵੇਗਾ । ਇੱਥੋਂ ਤੱਕ ਕਿ ਹਸਪਤਾਲ ਅੰਦਰ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਇਨਸਾਨਾਂ ਲਈ ਖ਼ੂਨ ਦਾ ਪ੍ਰਬੰਧ ਵੀ ਸੰਗਰੂਰ ਪੁਲੀਸ ਨੇ ਲੰਬੀ ਜੱਦੋ-ਜਹਿਦ ਨਾਲ ਕੀਤਾ ।
ਇੱਕ ਹੋਰ ਬੇਹੱਦ ਸ਼ਲਾਘਾਯੋਗ ਉਦਾਹਰਨ ਦਿੰਦੇ ਹੋਏ ਐੱਸ.ਐੱਸ.ਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਸਮੇਂ ਤੋਂ ਪਹਿਲਾਂ ਪੈਦਾ ਹੋਏ ਇੱਕ ਬੱਚੇ ਨੂੰ ਡਾਕਟਰਾਂ ਵੱਲੋਂ ਤੁਰੰਤ ਬੱਕਰੀ ਦਾ ਦੁੱਧ ਪਿਲਾਏ ਜਾਣ ਦੀ ਸਲਾਹ ਦਿੱਤੀ ਤਾਂ ਪੁਲਿਸ ਨੇ ਬਿਨਾਂ ਦੇਰੀ ਕੀਤਿਆਂ ਉਸ ਮਸੂਮ ਬੱਚੇ ਲਈ ਬੱਕਰੀ ਦਾ ਦੁੱਧ ਵੀ ਹਾਜ਼ਰ ਕਰ ਦਿੱਤਾ । ਇਸ ਔਖੀ ਘੜੀ ਅੰਦਰ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਇਸ ਲਈ ਪੁਲਿਸ ਵੱਲੋਂ 5 ਹੈਲਪ ਲਾਈਨ ਨੰਬਰ ਜਾਰੀ ਕਰ ਦਿੱਤੇ ਗਏ ਸਨ ਅਤੇ ਇਕ ਮੋਬਾਈਲ ਐਪ ਵੀ ਜਾਰੀ ਕੀਤਾ । ਜ਼ਿਕਰਯੋਗ ਹੈ ਕਿ ਇਹ ਐਪ ਡੀ.ਜੀ.ਪੀ ਪੰਜਾਬ ਨੇ ਲਾਂਚ ਕੀਤੀ ਤਾਂ ਜੋ ਕਰਫ਼ਿਊ ਦੌਰਾਨ ਲੋਕਾਂ ਦੀ ਸਹਾਇਤਾ ਹੋਰ ਵੀ ਵਧੀਆ ਤੇ ਸੌਖੇ ਤਰੀਕੇ ਨਾਲ਼ ਕੀਤੀ ਜਾਵੇ । ਅੱਜ ਦੇ ਇਸ ਤਕਨੀਕੀ ਯੁੱਗ ਵਿੱਚ ਤਕਨੀਕ ਨੂੰ ਕਿਵੇਂ ਵਰਤਿਆ ਜਾਵੇ, ਪੰਜਾਬ ਪੁਲਿਸ ਨੂੰ ਇਹ ਨੌਜਵਾਨ ਆਈ.ਪੀ.ਐੱਸ ਸੰਦੀਪ ਗਰਗ ਤੋਂ ਸਿੱਖਣਾ ਚਾਹੀਦਾ ਹੈ ।
ਕਰਫ਼ਿਊ ਦੌਰਾਨ ਵਰਤੀ ਗਈ ਸਖ਼ਤੀ ਕਾਰਨ ਜਿੱਥੇ ਪੰਜਾਬ ਪੁਲਿਸ ਕੁੱਝ ਥਾਵਾਂ ਤੇ ਅਲੋਚਨਾ ਦਾ ਸਾਹਮਣਾ ਕਰ ਰਹੀ ਸੀ ਅਤੇ ਪੁਲੀਸ ਦੀ ਸਖ਼ਤੀ ਦੀਆਂ ਤਸਵੀਰਾਂ ਜਨਤਾ ਸਾਹਮਣੇ ਆ ਰਹੀਆਂ ਸਨ ਉੱਥੇ ਹੀ ਸੰਦੀਪ ਗਰਗ ਵਰਗੇ ਪੁਲਿਸ ਅਫ਼ਸਰ ਆਧੁਨਿਕ ਤਕਨੀਕਾਂ ਨੂੰ ਵਰਤ ਕੇ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਕੇ ਪੰਜਾਬ ਪੁਲਿਸ ਲਈ ਪੜ੍ਹਨ ਅਤੇ ਸਿੱਖਣਯੋਗ ਨਵਾਂ ਕਿਤਾਬਚਾ ਬਣ ਕੇ ਉੱਭਰ ਰਹੇ ਸਨ । ਪੱਤਰਕਾਰਾਂ ਦੀਆਂ ਅੱਖਾਂ ਦੇ ਸਾਹਮਣੇ ਕਈ ਦਿਨਾਂ ਤੋਂ ਕੁੱਪ ਕਲਾਂ ਦੇ ਮੁੱਖ ਚੌਕ ਵਿੱਚ ਰੁਲ ਰਹੇ ਅਪਾਹਜ ਬਜ਼ੁਰਗ ਨੂੰ ਪੁਲਿਸ ਨੇ ਆਪਣੀ ਗੱਡੀ ਵਿੱਚ ਬਿਠਾ ਕੇ ਸੰਗਰੂਰ ਦੇ ਪਿੰਗਲਵਾੜੇ ਤੱਕ ਕਿਵੇਂ ਪਹੁੰਚਾਇਆ , ਉਸ ਬਜ਼ੁਰਗ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੇ ਰੂਪ ਵਿੱਚ ਵਗ ਰਹੀਆਂ ਅਸੀਸਾਂ ਇਸ ਪੁਲਿਸ ਅਫਸਰ ਵੱਲੋਂ ਕੀਤੇ ਜਾ ਰਹੇ ਨਵੇਂ ਯੁੱਗ ਦੀ ਸ਼ੁਰੂਆਤ ਦੀ ਦਾਸਤਾਨ ਬਿਆਨ ਰਹੀਆਂ ਸਨ , ਬਿਨਾਂ ਸੱਕ ਜ਼ਿਲ੍ਹਾ ਸੰਗਰੂਰ ਦੇ ਕਪਤਾਨ ਪੁਲਿਸ ਡਾ. ਸੰਦੀਪ ਗਰਗ ਦਾ 'ਕਿਰਦਾਰ' ਕਰਫਿਊ ਦੌਰਾਨ ਘਰਾਂ ਵਿੱਚ ਤੜਫ ਰਹੀਆਂ 'ਇਨਸਾਨੀ ਜ਼ਿੰਦਗੀਆਂ' ਲਈ ਇੱਕ ਮਸੀਹੇ ਵਾਲਾ ਸੀ ਅਤੇ ਆਸ ਹੈ ਕਿ ਇਹ ਅਕਸ ਸਦਾ ਕਾਇਮ ਰਹੇਗਾ
ਲੋੜਵੰਦਾਂ ਨੂੰ ਆਪ ਰਾਸ਼ਨ ਵੰਡਦੇ ਹੋਏ ਐਸ.ਐਸ.ਪੀ. ਸੰਗਰੂਰ ਡਾ. ਸੰਦੀਪ ਗਰਗ
ਲੋੜਵੰਦਾਂ ਨੂੰ ਵੱਡੀ ਮਾਤਰਾ ਵਿੱਚ ਦੁੱਧ ਵੀ ਵੰਡਿਆ ਸੰਗਰੂਰ ਪੁਲਿਸ ਨੇ
-
ਮਨਜਿੰਦਰ ਸਿੰਘ ਕਾਲਾ ਸਰੋਦ , ਮੁੱਖ ਪ੍ਰਚਾਰ ਸਕੱਤਰ ( ਵਿਸ਼ਵ ਪੰਜਾਬੀ ਲੇਖਕ ਮੰਚ )
manjindersinghkalasaroud@gmail.com
9463463136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.