ਡੇਂਗੂ ਦਾ ਡੰਗ-ਮਿੱਥਾਂ ਅਤੇ ਧਾਰਨਾਵਾਂ ਬਾਰੇ ਡਾ. ਅਮਨਦੀਪ ਸਿੰਘ ਟੱਲੇਵਾਲੀਆ ਦੀ ਲਾਹੇਵੰਦ ਜਾਣਕਾਰੀ
ਡੇਂਗੂ ਦਾ ਬੁਖ਼ਾਰ ਏਡੀਜ਼ ਏਜਿਪਟਾਈ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਇਸ ਦੇ ਮੁੱਢਲੇ ਲੱਛਣ ਇੱਕ ਆਮ ਫਲੂ ਵਰਗੇ ਹੁੰਦੇ ਹਨ ਜਿਵੇਂ ਕਿ ਨੱਕ ਵਿੱਚੋਂ ਪਾਣੀ ਆਉਣਾ ,ਸਿਰ ਦਰਦ ਤੇ ਤੇਜ਼ ਕਾਂਬੇ ਦਾ ਬੁਖ਼ਾਰ ਹੋਣਾ ਜਿਸ ਵਿੱਚ ਸਰੀਰ ਟੁੱਟਦਾ ਰਹਿੰਦਾ ਹੈ ਤੇ ਹੱਡਾਂ ਵਿੱਚ ਚੀਸਾਂ ਪੈਂਦੀਆਂ ਹਨ । ਪੰਜਾਬੀ ਵਿੱਚ ਇਸ ਬੁਖਾਰ ਨੂੰ ਹੱਡੀ ਤੋੜ ਬੁਖਾਰ ਵੀ ਕਿਹਾ ਜਾਂਦਾ ਹੈ ਇਸ ਬੁਖਾਰ ਵਿੱਚ ਸਰੀਰ ਨਿਢਾਲ ਹੋ ਜਾਂਦਾ ਹੈ ।ਇਸ ਬੁਖਾਰ ਨੂੰ ਆਮ ਲੋਕ ਸੈੱਲ ਘਟਣ ਵਾਲਾ ਬੁਖਾਰ ਵੀ ਆਖ ਦਿੰਦੇ ਹਨ ਕਿਉਂਕਿ ਡੇਂਗੂ ਬੁਖ਼ਾਰ ਵਿੱਚ ਖ਼ੂਨ ਦੇ ਪਲੇਟਲੈਟ ਸੈਲ ਬਹੁਤ ਤੇਜ਼ੀ ਨਾਲ ਘਟਦੇ ਹਨ ਅਤੇ ਕਈ ਵਾਰ ਤਾਂ ਇਹ ਸਿਰਫ ਇੱਕ ਦੋ ਹਜ਼ਾਰ ਹੀ ਰਹਿ ਜਾਂਦੇ ਹਨ ਜੋ ਕਿ ਬਹੁਤ ਹੀ ਖਤਰਨਾਕ ਹਾਲਤ ਹੁੰਦੀ ਹੈ ਅਜਿਹੇ ਵਿੱਚ ਪਲੇਟਲੈੱਟ ਲਗਵਾਉਣੇ ਪੈਂਦੇ ਹਨ ਕਈ ਕੇਸਾਂ ਵਿੱਚ ਪਲੇਟਲੈਟ ਦੇ ਘੱਟ ਜਾਣ ਕਾਰਨ ਸਰੀਰ ਦੇ ਵੱਖ ਵੱਖ ਅੰਗਾਂ ਵਿੱਚ ਖੂਨ ਵਹਿਣ ਲੱਗ ਜਾਂਦਾ ਹੈ ਤੇ ਕਈ ਵਾਰ ਸਰੀਰ ਦੇ ਅੰਦਰੂਨੀ ਅੰਗਾਂ ਵਿੱਚ ਖੂਨ ਵਹਿਣ ਕਾਰਨ ਰੋਗੀ ਦੀ ਮੌਤ ਵੀ ਹੋ ਸਕਦੀ ਹੈ ।ਕਈ ਕੇਸਾਂ ਵਿੱਚ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਡੇਂਗੂ ਅਤੇ ਚਿਕਨਗੁਨੀਆ ਦੋਵੇਂ ਬੁਖਾਰ ਇੱਕੋ ਸਮੇਂ ਹੋ ਜਾਂਦੇ ਹਨ ਕਿਉਂਕਿ ਚਿਕਨਗੁਨੀਆ ਵੀ ਇਸ ਤਰ੍ਹਾਂ ਦੇ ਮੱਛਰ ਦੇ ਕੱਟਣ ਨਾਲ ਹੀ ਹੁੰਦਾ ਹੈ। ਵੈਸੇ ਤਾਂ ਕਿਸੇ ਬਿਮਾਰੀ ਦਾ ਕੋਈ ਸਮਾਂ ਨਹੀਂ ਹੁੰਦਾ ਪਰ ਫਿਰ ਵੀ ਡੇਂਗੂ ਦਾ ਸੀਜ਼ਨ ਜੋ ਕਿ ਜੁਲਾਈ -ਅਗਸਤ ਤੋਂ ਸ਼ੁਰੂ ਹੋ ਕੇ ਨਵੰਬਰ ਦੇ ਅਖੀਰ ਤੱਕ ਜਾਂਦਾ ਹੈ ਤੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਉੱਤਰੀ ਭਾਰਤ ਦੇ ਲੋਕ ਇਸ ਦੇ ਡੰਗ ਦੀ ਮਾਰ ਸਹਿਣ ਕਰਦੇ ਆ ਰਹੇ ਹਨ। ਜਿਸ ਤਰ੍ਹਾਂ ਦੱਸ ਚੁੱਕੇ ਹਾਂ ਕਿ ਇਹ ਬੁਖ਼ਾਰ ਏਡੀਜ਼ ਏਜਿਪਟਾਈ ਨਾਂਅ ਦੇ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਇਹ ਮੱਛਰ ਸਾਫ ਪਾਣੀ ਵਿੱਚ ਪਾਇਆ ਜਾਂਦਾ ਹੈ ਅਤੇ ਘਾਹ ਵਿੱਚ ਵੀ ਇਹ ਮੱਛਰ ਜ਼ਿਆਦਾ ਦੇਰ ਤੱਕ ਰਹਿ ਸਕਦਾ ਹੈ। ਇਹ ਵੀ ਮੰਨਣਾ ਹੈ ਕਿ ਇਹ ਬਹੁਤ ਉੱਚੀ ਉਡਾਰੀ ਨਹੀਂ ਭਰ ਸਕਦਾ ਸਿਰਫ ਗੋਡਿਆਂ ਤੱਕ ਇਸ ਦੀ ਮਾਰ ਹੁੰਦੀ ਹੈ । ਇਨ੍ਹਾਂ ਦਿਨਾਂ ਵਿੱਚ ਆਪਣੇ ਪੈਰਾਂ ਵਿੱਚ ਜੁਰਾਬਾਂ ਪਾ ਕੇ ਅਤੇ ਲੱਤਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ।ਘਾਹ ਉੱਤੇ ਸੈਰ ਕਰਨੀ ਜਾਂ ਘਾਹ ਵਿੱਚ ਬੈਠ ਕੇ ਸਵੇਰ ਦੀ ਚਾਹ ਦਾ ਆਨੰਦ ਲੈਣਾ ਜਾਂ ਅਖ਼ਬਾਰ ਪੜ੍ਹਨਾ ਇਨ੍ਹਾਂ ਦਿਨਾਂ ਵਿੱਚ ਬੰਦ ਕਰ ਦੇਣਾ ਚਾਹੀਦਾ ਹੈ।ਮੈਰਿਜ ਪੈਲੇਸਾਂ ਵਿੱਚ ਓਪਨ ਵਿੱਚ ਜਿੱਥੇ ਟੇਬਲ ਲੱਗੇ ਹੁੰਦੇ ਹਨ ਘਾਹ ਉਪਰ ਕੁਰਸੀਆਂ ਡਾਹੀਆਂ ਹੁੰਦੀਆਂ ਹਨ ਉੱਥੇ ਵੀ ਬਹੁਤ ਬਚਤ ਰੱਖਣੀ ਚਾਹੀਦੀ ਹੈ ਕਿਉਂਕਿ ਇਹ ਮੱਛਰ ਘਾਹ ਵਿੱਚ ਲੁਕ ਜਾਂਦਾ ਹੈ ਤੇ ਆਪਣੇ ਸ਼ਿਕਾਰ ਦੀ ਭਾਲ ਕਰਦਾ ਹੈ। ਪਿੱਛੇ ਜਿਹੇ ਇਹ ਵੀ ਸੁਣਨ ਅਤੇ ਵੇਖਣ ਵਿੱਚ ਆਇਆ ਹੈ ਕਿ ਜਿਹੜੇ ਘਰਾਂ ਦੇ ਕਮਰਿਆਂ ਵਿੱਚ ਮਨੀ ਪਲਾਂਟ ਦੇ ਪੌਦੇ ਹੁੰਦੇ ਹਨ ਉੱਥੇ ਇਸ ਮੱਛਰ ਦਾ ਲਾਰਵਾ ਬਹੁਤਾਤ ਵਿੱਚ ਪਾਇਆ ਗਿਆ ਹੈ ਆਮ ਘਰਾਂ ਵਿੱਚ ਕੂਲਰਾਂ ਚ ਪਿਆ ਪਾਣੀ ਜਾਂ ਗਮਲਿਆਂ ਵਿਚ ਖੜ੍ਹਾ ਪਾਣੀ ਇਸ ਦਾ ਮੁੱਖ ਸਰੋਤ ਹਨ ।ਇਸ ਕਰਕੇ ਸਾਨੂੰ ਸਮੇਂ ਸਮੇਂ ਸਿਰ ਆਪਣੇ ਘਰਾਂ ਵਿਚ ਕੂਲਰਾਂ, ਗਮਲਿਆਂ ਅਤੇ ਹੋਰ ਉਹ ਥਾਵਾਂ ਜਿੱਥੇ ਸਾਫ਼ ਪਾਣੀ ਖੜਦਾ ਹੈ ਉੱਥੇ ਸਾਫ਼ ਸਫ਼ਾਈ ਰੱਖਣੀ ਬਹੁਤ ਜ਼ਰੂਰੀ ਹੈ ਹੋ ਸਕੇ ਤਾਂ ਮਿੱਟੀ ਦੇ ਤੇਲ ਦੀ ਸਪਰੇਅ ਕਰਦੇ ਰਹਿਣਾ ਚਾਹੀਦਾ ਹੈ ।
ਡੇਂਗੂ ਦਾ ਡੰਗ ਵਜਦੇ ਹੀ ਸਰੀਰ ਟੁੱਟਣਾ ਸ਼ੁਰੂ ਹੋ ਜਾਂਦਾ ਹੈ ਅਤੇ ਤੇਜ਼ ਬੁਖ਼ਾਰ ਨਾਲ ਰੋਗੀ ਬੇਹਾਲ ਹੋ ਜਾਂਦਾ ਹੈ ।ਫੇਰ ਸ਼ੁਰੂ ਹੁੰਦੀ ਹੈ ਨੁਸਖਿਆਂ ਦੀ ਬਰਸਾਤ ।
ਜਦੋਂ ਕੋਈ ਵੀ ਬੀਮਾਰੀ ਵੱਡੇ ਪੱਧਰ ਉੱਤੇ ਪਨਪਦੀ ਹੈ ਤਾਂ ਉਸ ਸਬੰਧੀ ਬਹੁਤ ਸਾਰੀਆਂ ਗਲਤ ਧਾਰਨਾਵਾਂ /ਰਵਾਇਤਾਂ ਪ੍ਰਚਲਤ ਹੋ ਜਾਂਦੀਆਂ ਹਨ ਅਤੇ ਤਰ੍ਹਾਂ ਤਰ੍ਹਾਂ ਦੇ ਨੁਸਖੇ ਵੀ ਹੋਂਦ ਵਿੱਚ ਆਉਂਦੇ ਹਨ। ਇਸੇ ਤਰ੍ਹਾਂ ਡੇਂਗੂ ਦੇ ਹੱਲ ਲਈ ਵੀ ਬਹੁਤ ਸਾਰੇ ਨੁਸਖੇ ਹੋਂਦ ਵਿੱਚ ਆਏ ਹਨ ਉਹ ਕਿੰਨੇ ਕੁ ਕਾਰਗਰ ਹੁੰਦੇ ਹਨ ਇਹ ਤਾਂ ਅਜ਼ਮਾ ਕੇ ਹੀ ਪਤਾ ਲੱਗਦਾ ਹੈ ਪਰ ਜਿਸ ਤਰ੍ਹਾਂ ਦੀ ਭੇਡ ਚਾਲ ਸਾਡੇ ਲੋਕਾਂ ਵਿੱਚ ਚੱਲ ਰਹੀ ਹੈ ਉਸ ਤੋਂ ਸਹਿਜੇ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕ ਬਿਨਾਂ ਕਿਸੇ ਵਿਗਿਆਨਕ ਆਧਾਰ ਦੇ ਇਹ ਨੁਸਖੇ ਅਜ਼ਮਾਉਂਦੇ ਹਨ ਅਤੇ ਆਪਣੀ ਬਿਮਾਰੀ ਨੂੰ ਵਧਾ ਵੀ ਲੈਂਦੇ ਹਨ ।ਆਮ ਤੌਰ ਤੇ ਵੇਖਣ ਵਿੱਚ ਆਇਆ ਹੈ ਜਦੋਂ ਕਿਸੇ ਨੂੰ ਡੇਂਗੂ ਹੋ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਪਪੀਤੇ ਦੇ ਪੱਤੇ ਜਾਂ ਗਿਲੋ ਨੂੰ ਉਬਾਲ ਕੇ ਪੀਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਪੀਤੇ ਦੇ ਪੱਤਿਆਂ ਅਤੇ ਗਿਲੋ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਨ ਦੀ ਸਮਰੱਥਾ ਹੈ ਪਰ ਕੀ ਉਹ ਹਰੇਕ ਮਰੀਜ਼ ਤੇ ਆਪਣਾ ਅਸਰ ਦਿਖਾਉਂਦੀ ਹੈ ਜ਼ਿਆਦਾ ਮਾਤਰਾ ਵਿੱਚ ਪਪੀਤੇ ਦੇ ਪੱਤੇ ਤੇ ਗਿਲੋ ਪੀਣ ਨਾਲ ਪੇਟ ਦੀਆਂ ਸਮੱਸਿਆਵਾਂ ਸ਼ੁਰੂ ਹੋ ਸਕਦੀਆਂ ਹਨ ।ਇਸ ਤੋਂ ਇਲਾਵਾ ਤੁਲਸੀ ਵੀ ਇਸ ਬੁਖਾਰ ਦੀ ਇੱਕ ਦਵਾਈ ਮੰਨੀ ਜਾਂਦੀ ਹੈ ਜਿਸ ਦੀ ਤਾਸੀਰ ਵੀ ਬਹੁਤ ਗਰਮ ਹੁੰਦੀ ਹੈ। ਹੁਣ ਗੱਲ ਕਰਦੇ ਹਾਂ ਬੱਕਰੀ ਦੇ ਦੁੱਧ ਦੀ ਕਿਹਾ ਜਾਂਦਾ ਹੈ ਕਿ ਡੇਂਗੂ ਵਾਲੇ ਮਰੀਜ਼ ਨੂੰ ਬੱਕਰੀ ਦਾ ਦੁੱਧ ਬਹੁਤ ਹੀ ਫਾਇਦਾ ਪਹੁੰਚਾਉਂਦਾ ਹੈ ਅਤੇ ਸੈੱਲਾਂ ਦੇ ਵਧਣ ਵਿੱਚ ਸਹਾਈ ਹੁੰਦਾ ਹੈ ਇਸ ਵਿੱਚ ਕੋਈ ਵੀ ਵਿਗਿਆਨਕ ਤੱਥ ਨਜ਼ਰ ਨਹੀਂ ਆਉਂਦਾ ਕਿ ਬੱਕਰੀ ਦਾ ਦੁੱਧ ਪਲੇਟਲੈੱਟ ਸੈੱਲਾਂ ਨੂੰ ਵਧਾਉਂਦਾ ਹੈ ਹਾਂ ਇਹ ਜ਼ਰੂਰ ਹੈ ਕਿ ਬੱਕਰੀ ਦਾ ਦੁੱਧ ਦੂਸਰੇ ਦੁੱਧ ਨਾਲੋਂ ਹਲਕਾ ਹੁੰਦਾ ਹੈ ਇਸ ਵਿੱਚ ਪ੍ਰੋਟੀਨ ਜ਼ਿਆਦਾ ਹੁੰਦੀ ਹੈ ਅਤੇ ਫੈਟ ਬਹੁਤ ਘੱਟ ਮਾਤਰਾ ਵਿੱਚ ਹੁੰਦੀ ਹੈ ।ਇਹ ਵੀ ਸੱਚਾਈ ਹੈ ਕਿ ਟਾਈਫ਼ਾਈਡ ,ਡੇਂਗੂ ਜਾਂ ਕਿਸੇ ਵੀ ਬੁਖ਼ਾਰ ਦੇ ਵਿੱਚ ਡਾਕਟਰ ਹਮੇਸ਼ਾ ਮਰੀਜ਼ ਨੂੰ ਹਲਕਾ ਫੁਲਕਾ ਖਾਣ ਦੀ ਸਲਾਹ ਦਿੰਦੇ ਹਨ ਸੋ ਇਸੇ ਤਰ੍ਹਾਂ ਡੇਂਗੂ ਦੇ ਬੁਖ਼ਾਰ ਵਿੱਚ ਵੀ ਬੱਕਰੀ ਦਾ ਦੁੱਧ ਪੀਣਾ ਕੋਈ ਮਾੜੀ ਗੱਲ ਤਾਂ ਨਹੀਂ ਪਰ ਇਹ ਕਹਿਣਾ ਬਿਲਕੁਲ ਗ਼ਲਤ ਹੋਵੇਗਾ ਕਿ ਬੱਕਰੀ ਦਾ ਦੁੱਧ ਪਲੇਟਲੈੱਟ ਵਧਾਉਣ ਵਿੱਚ ਸਹਾਈ ਹੁੰਦਾ ਹੈ। ਇਸੇ ਤਰ੍ਹਾਂ ਫਲਾਂ ਦੀ ਗੱਲ ਕਰਦੇ ਹਾਂ ਡੇਂਗੂ ਦੇ ਬੁਖ਼ਾਰ ਵਿੱਚ ਜਿੱਥੇ ਸਾਡੇ ਦੇਸੀ ਫਲ ਸੇਬ, ਅਨਾਰ,ਬੇਰ ਚੀਕੂ ਜਾਂ ਹੋਰ ਫਲ ਖਾਣ ਦੇ ਕੰਮ ਆਉਂਦੇ ਹਨ ਉੱਥੇ ਵਿਦੇਸ਼ੀ ਫਲਾਂ ਵਿੱਚੋਂ ਕੀਵੀ ਅਤੇ ਡਰੈਗਨ ਫਲ ਜਿਸ ਦਾ ਕਿ ਕਿਸੇ ਨੇ ਕਦੇ ਨਾਂਅ ਵੀ ਨਹੀਂ ਸੀ ਸੁਣਿਆ ਤੇ ਜੇ ਕਹਿ ਲਈਏ ਕਿ ਲੋਕ ਬੇਰਾਂ ਵੱਟੇ ਵੀ ਨਹੀਂ ਸਨ ਸਿਆਣਦੇ । ਇਨ੍ਹਾਂ ਦੋਹਾਂ ਫਲਾਂ ਦੀ ਵਿਕਰੀ ਵੀ ਡੇਂਗੂ ਦੇ ਸੀਜ਼ਨ ਵਿਚ ਧੜਾ ਧੜ ਹੁੰਦੀ ਹੈ ਤੇ ਲਗਭਗ ਡੂਢੇ ਜਾਂ ਦੁੱਗਣੇ ਰੇਟ ਉੱਤੇ ਇਹ ਫਲ ਵੇਚੇ ਜਾਂਦੇ ਹਨ ।ਕੀਵੀ ਦੇ ਫਲ ਵਿਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਅਤੇ ਇਸ ਵਿੱਚ ਐਂਟੀ ਆਕਸੀਡੈਂਟ ਪਦਾਰਥ ਵੀ ਮੌਜੂਦ ਹੁੰਦੇ ਹਨ ਪਰ ਜੇਕਰ ਵੇਖਿਆ ਜਾਵੇ ਮੁਸੰਮੀ ਅਤੇ ਨਿੰਬੂ ਵਿੱਚ ਵੀ ਵਿਟਾਮਿਨ ਸੀ ਹੁੰਦਾ ਹੈ ਤੇ ਮੁਕਾਬਲਤਨ ਕੀਵੀ ਨਾਲੋਂ ਸਸਤਾ ਵੀ ਪੈਂਦਾ ਹੈ ਤੇ ਅਸੀਂ ਉਹ ਕਿਉਂ ਨਹੀਂ ਖਾਂਦੇ ਇਸੇ ਤਰ੍ਹਾਂ ਡਰੈਗਨ ਫਲ ਵੀ ਸਾਡੀ ਇਮਿਊਨਿਟੀ ਨੂੰ ਵਧਾਉਂਦਾ ਹੈ ਨਾ ਕਿ ਉਹ ਪਲੇਟਲੈੱਟ ਵਧਾਉਣ ਵਿੱਚ ਸਹਾਈ ਹੁੰਦਾ ਹੈ ।ਇਹ ਸਾਰਾ ਵਰਤਾਰਾ ਵਪਾਰੀਆਂ ਵੱਲੋਂ ਪੈਦਾ ਕੀਤਾ ਹੋਇਆ ਹੈ ।ਉਹ ਫਲ ਜਿਸ ਤਰ੍ਹਾਂ ਅਸੀ ਕਹਿ ਚੁੱਕੇ ਹਾਂ ਕਿ ਜਿੰਨ੍ਹਾਂ ਬਾਰੇ ਲੋਕ ਜਾਣਦੇ ਹੀ ਨਹੀਂ ਸਨ ਉਨ੍ਹਾਂ ਨੂੰ ਦੁੱਗਣੇ ਰੇਟਾਂ ਉੱਤੇ ਲੈ ਕੇ ਖਾਂਦੇ ਹਨ ਇਸ ਤੋਂ ਵੱਡੀ ਤ੍ਰਾਸਦੀ ਹੋਰ ਕੀ ਹੋ ਸਕਦੀ ਹੈ ।ਨਾਰੀਅਲ ਦਾ ਪਾਣੀ ਵੀ ਡੇਂਗੂ ਦੇ ਬੁਖਾਰ ਲਈ ਵਧੀਆ ਮੰਨਿਆ ਗਿਆ ਹੈ ਨਾਰੀਅਲ ਦਾ ਪਾਣੀ ਬਿਨਾਂ ਸ਼ੱਕ ਇੱਕ ਉੱਤਮ ਦਵਾਈ ਦਾ ਕੰਮ ਕਰਦਾ ਹੈ ਕਿਉਂਕਿ ਨਾਰੀਅਲ ਦੇ ਪਾਣੀ ਵਿੱਚ ਕਿਸੇ ਤਰ੍ਹਾਂ ਦੀ ਮਿਲਾਵਟ ਨਹੀਂ ਹੁੰਦੀ ਨਾਰੀਅਲ ਦਾ ਪਾਣੀ ਸਿਰਫ ਡੇਂਗੂ ਦੇ ਬੁਖਾਰ ਲਈ ਹੀ ਨਹੀਂ ਸਗੋਂ ਹੋਰ ਬਹੁਤ ਸਾਰੀਆਂ ਬੀਮਾਰੀਆਂ ਲਈ ਵੀ ਲਾਹੇਵੰਦ ਹੈ ਪਰ ਸਿਤਮਜ਼ਰੀਫੀ ਇਹ ਹੈ ਕਿ ਇੱਕ ਤਾਂ ਡੇਂਗੂ ਦਾ ਮਰੀਜ਼ ਵੈਸੇ ਦੁਖੀ ਹੁੰਦਾ ਹੈ ਤੇ ਦੂਸਰਾ ਵਪਾਰੀ ਅਤੇ ਡਾਕਟਰ ਲੋਕ ਇਸ ਦਾ ਲਾਹਾ ਲੈਂਦੇ ਹਨ ਜੋ ਕਿ ਜੋ ਕਿ ਨਿੰਦਣਯੋਗ ਵਰਤਾਰਾ ਹੈ ।ਡੇਂਗੂ ਦੇ ਬੁਖਾਰ ਵਿੱਚ ਮਰੀਜ਼ ਨੂੰ ਬੇਵਜ੍ਹਾ ਹਸਪਤਾਲ ਵਿੱਚ ਦਾਖਲ ਕਰਕੇ ਬਹੁਤਾ ਨਹੀਂ ਤਾਂ ਘੱਟੋ ਘੱਟ ਚਾਲੀ ਚਾਲੀ ਹਜ਼ਾਰ ਰੁਪਏ ਦਾ ਬਿਲ ਬਣਾ ਦਿੱਤਾ ਜਾਂਦਾ ਹੈ ਜਦੋਂ ਕਿ ਡੇਂਗੂ ਦੇ ਮਰੀਜ਼ ਦੇ ਸਿਰਫ਼ ਅਤੇ ਸਿਰਫ਼ ਗੁਲੂਕੋਜ਼ ਦੀ ਡਰਿੱਪ ਲੱਗਦੀ ਹੈ ਜਾਂ ਉਸ ਨੂੰ ਬੁਖਾਰ ਦੀ ਕੋਈ ਗੋਲੀ ਦਿੱਤੀ ਜਾਂਦੀ ਹੈ ਇਸ ਤੋਂ ਵੱਧ ਕੁਝ ਦਿੱਤਾ ਹੀ ਨਹੀਂ ਜਾਂਦਾ ਤੇ ਫਿਰ ਤੀਹ ਜਾਂ ਚਾਲੀ ਹਜ਼ਾਰ ਰੁਪਈਆ ਕਿਸ ਗੱਲ ਦਾ। ਮੇਰੇ ਪਿਆਰੇ ਲੋਕੋ ਜੇਕਰ ਥੋੜ੍ਹਾ ਜਿਹਾ ਸਿਆਣਪ ਤੋਂ ਕੰਮ ਲੈ ਕੇ ਘਰ ਵਿੱਚ ਹੀ ਆਰਾਮ ਕੀਤਾ ਜਾਵੇ ਕਿਉਂਕਿ ਡੇਂਗੂ ਦਾ ਬੁਖਾਰ ਹੀ ਨਹੀਂ ਸਗੋਂ ਕੋਈ ਵੀ ਬਿਮਾਰੀ ਸਭ ਤੋਂ ਪਹਿਲਾਂ ਆਰਾਮ ਭਾਲਦੀ ਹੈ ਦਾਖਲ ਕਰਨ ਦਾ ਮਤਲਬ ਆਰਾਮ ਕਰਨਾ ਹੀ ਹੁੰਦਾ ਹੈ ਸੋ ਫਿਰ ਕਿਉਂ ਨਾ ਘਰਾਂ ਵਿੱਚ ਹੀ ਦਾਖਲ ਹੋ ਕੇ ਆਪਣਾ ਇਲਾਜ ਆਪ ਕੀਤਾ ਜਾਵੇ। ਡੇਂਗੂ ਦਾ ਬੁਖਾਰ ਪੰਜ ਤੋਂ ਸੱਤ ਦਿਨ ਜ਼ਰੂਰ ਰਹਿੰਦਾ ਹੈ ।ਇਸ ਦੌਰਾਨ ਹਲਕਾ ਭੋਜਨ ਦਲੀਆ ਖਿੱਚੜੀ ਜਾਂ ਕੋਈ ਵੀ ਸਸਤਾ ਫ਼ਲ ਖਾਧਾ ਜਾ ਸਕਦਾ ਹੈ ਨਿੰਬੂ ਪਾਣੀ ,ਮੁਸੰਮੀ ਅਤੇ ਵਿਟਾਮਿਨ ਸੀ ਭਰਪੂਰ ਚੀਜ਼ਾਂ ਵਧ ਤੋਂ ਵੱਧ ਖਾਣੀਅਾਂ ਚਾਹੀਦੀਆਂ ਹਨ ।ਬੱਕਰੀ ਦਾ ਦੁੱਧ ਇਹ ਮੰਨ ਕੇ ਨਹੀਂ ਪੀਣਾ ਚਾਹੀਦਾ ਕਿ ਇਹ ਪਲੇਟਲੈੱਟ ਵਧਾਉਂਦਾ ਹੈ ਸਗੋਂ ਬੱਕਰੀ ਦਾ ਦੁੱਧ ਇਸ ਕਰਕੇ ਪੀਣਾ ਚਾਹੀਦਾ ਹੈ ਕਿ ਇਹ ਹਲਕਾ ਹੁੰਦਾ ਹੈ ਅਤੇ ਛੇਤੀ ਹਜ਼ਮ ਹੋ ਜਾਂਦਾ ਹੈ ।ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਆਪਣੇ ਪਲੇਟਲੈੱਟ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ ਜੇਕਰ ਤਾਂ ਪਲੇਟਲੈੱਟ ਹੌਲੀ ਹੌਲੀ ਘੱਟ ਰਹੇ ਹਨ ਤਾਂ ਕੋਈ ਖਤਰੇ ਵਾਲੀ ਗੱਲ ਨਹੀਂ ਜੇਕਰ ਪਲੇਟਲੈੱਟ ਬਹੁਤ ਤੇਜ਼ੀ ਨਾਲ ਘੱਟਦੇ ਘੱਟਦੇ ਹਜ਼ਾਰਾਂ ਵਿੱਚ ਰਹਿ ਜਾਣ ਤਾਂ ਪਲੇਟਲੈੱਟ ਲਗਵਾਉਣੇ ਵੀ ਪੈ ਸਕਦੇ ਹਨ ਪਰ ਥੋੜ੍ਹੀ ਜਿਹੀ ਸਿਆਣਪ ਤੋਂ ਕੰਮ ਲਿਆਂ ਅਸੀਂ ਹਸਪਤਾਲਾਂ ਦੇ ਚੱਕਰ ਕੱਟਣ ਤੋਂ ਬਚ ਸਕਦੇ ਹਾਂ ।ਹੋਮਿਓਪੈਥੀ ਵਿੱਚ ਡੇਂਗੂ ਦੇ ਬੁਖਾਰ ਲਈ ਬਹੁਤ ਲਾਹੇਵੰਦ ਦਵਾਈਆਂ ਹਨ ਆਪਣੇ ਨੇੜੇ ਦੇ ਹੋਮੋਓਪੈਥੀ ਡਾਕਟਰ ਦੀ ਸਲਾਹ ਲੈ ਕੇ ਇਹ ਦਵਾਈਆਂ ਇਸਤੇਮਾਲ ਕਰਨੀਆਂ ਚਾਹੀਦੀਆਂ ਹਨ ਹੋਮਿਓਪੈਥੀ ਕਿਉਂਕਿ ਲੱਛਣਾਂ ਤੇ ਆਧਾਰਤ ਹੈ ਇਸ ਕਰਕੇ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਦਵਾਈ ਨਹੀਂ ਖਾਣੀ ਚਾਹੀਦੀ ਵੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਮਰੀਜ਼ Eup perf ਨਾਂਅ ਦੀ ਦਵਾਈ ਦਾ ਇਸ ਬੁਖਾਰ ਵਿੱਚ ਇਸਤੇਮਾਲ ਕਰਦੇ ਹਨ ਪਰ ਜਿਸ ਤਰ੍ਹਾਂ ਕਿ ਦੱਸਿਆ ਜਾ ਚੁੱਕਿਆ ਹੈ ਕਿ ਹੋਮੋਓਪੈਥੀ ਦਵਾਈ ਲੱਛਣਾਂ ਤੇ ਆਧਾਰਤ ਹੈ ਇਸ ਕਰਕੇ ਡਾਕਟਰ ਦੀ ਸਲਾਹ ਤੋਂ ਬਿਨਾਂ ਇਹ ਦਵਾਈ ਨਹੀਂ ਲੈਣੀ ਚਾਹੀਦੀ ।ਡੇਂਗੂ ਦਾ ਬੁਖਾਰ ਤਾਂ ਪੰਜ ਤੋਂ ਸੱਤ ਦਿਨਾਂ ਦੇ ਵਿੱਚ ਉੱਤਰ ਜਾਂਦਾ ਹੈ ਪਰ ਉਸ ਤੋਂ ਬਾਅਦ ਵੀ ਇਹ ਆਪਣੇ ਨਿਸ਼ਾਨ ਛੱਡ ਜਾਂਦਾ ਹੈ ਜਿਵੇਂ ਕਿ ਡੇਂਗੂ ਦੇ ਬੁਖ਼ਾਰ ਤੋਂ ਬਾਅਦ ਲੱਤਾਂ ਬਾਹਾਂ ਵਿਚ ਦਰਦ ਜਾਂ ਜੋੜਾਂ ਵਿੱਚ ਦਰਦ ਜੋ ਕਿ ਲੰਮਾ ਸਮਾਂ ਤੱਕ ਹੁੰਦੇ ਰਹਿੰਦੇ ਹਨ। ਕਿਉਂਕਿ ਇਸ ਬੁਖਾਰ ਨਾਲ ਸਾਡੀ ਰੱਖਿਆ ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ ਇਸ ਕਰਕੇ ਵਾਲਾਂ ਦਾ ਝੜਨਾ ਆਮ ਵਰਤਾਰਾ ਹੈ ।ਭੁੱਖ ਦਾ ਘੱਟ ਲੱਗਣਾ ਜਾਂ ਪਾਚਨ ਕਿਰਿਆ ਦਾ ਕਮਜ਼ੋਰ ਹੋ ਜਾਣਾ ਵੀ ਡੇਂਗੂ ਬੁਖ਼ਾਰ ਤੋਂ ਬਾਅਦ ਦੇ
ਇਹ ਲੱਛਣ ਆਮ ਪਾਏ ਜਾਂਦੇ ਹਨ ਜਿਨ੍ਹਾਂ ਨੂੰ ਕਿਸੇ ਮਾਹਰ ਡਾਕਟਰ ਦੀ ਸਲਾਹ ਨਾਲ ਰਾਏ ਮਸ਼ਵਰਾ ਕਰਕੇ ਹੱਲ ਕੀਤਾ ਜਾ ਸਕਦਾ ਹੈ।
ਆਉਣ ਵਾਲੇ ਦਿਨਾਂ ਵਿੱਚ ਡੇਂਗੂ ਦੀ ਆਮਦ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਸੋ ਸਾਡੀ ਸਰਕਾਰ ਨੂੰ ਅਤੇ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਉਹ ਪਹਿਲ ਦੇ ਆਧਾਰ ਤੇ ਮੱਛਰ ਨੂੰ ਮਾਰਨ ਵਾਲੀ ਸਪਰੇਅ ਜਾਂ ਫੌਗਿੰਗ ਦਾ ਪ੍ਰਬੰਧ ਕਰੇ ਜਦੋਂ ਬਿਮਾਰੀ ਫੈਲ ਜਾਂਦੀ ਹੈ ਉਦੋਂ ਤਾਂ ਪ੍ਰਸ਼ਾਸਨ ਪੱਬਾਂ ਭਾਰ ਹੋ ਜਾਂਦਾ ਹੈ ਪਰ ਲੋੜ ਹੁੰਦੀ ਹੈ ਕਿਸੇ ਬੀਮਾਰੀ ਦੇ ਫੈਲਣ ਤੋਂ ਪਹਿਲਾਂ ਉਸ ਦੀ ਅਗਾਊਂ ਰੋਕਥਾਮ ਦਾ ਪ੍ਰਬੰਧ ਕਰਨ ਦੀ ਤਾਂ ਕਿ ਲੋਕ ਡੇਂਗੂ ਦੇ ਡੰਗ ਤੋਂ ਬਚ ਸਕਣ।
ਬਾਬਾ ਫ਼ਰੀਦ ਨਗਰ ਕਚਹਿਰੀ ਚੌਕ
ਬਰਨਾਲਾ
-
ਡਾ. ਅਮਨਦੀਪ ਸਿੰਘ ਟੱਲੇਵਾਲੀਆ, ਹੋਮਿਓਪੈਥ ਸਪੈਸ਼ਲਿਸਟ
tallewalia@gmail.com
98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.