ਆਏ ਦਿਨ ਸੜਕ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ। ਅਖ਼ਬਾਰਾਂ ਦੇ ਪਹਿਲੇ ਸਫ਼ੇ ਸੜਕ ਹਾਦਸਿਆਂ ਦੀਆਂ ਖ਼ਬਰਾਂ ਨਾਲ ਭਰੇ ਹੁੰਦੇ ਹਨ। ਕਈ ਹਾਦਸਿਆਂ ਵਿੱਚ ਪਰਿਵਾਰਾਂ ਦੇ ਪਰਿਵਾਰ ਖ਼ਤਮ ਹੋ ਜਾਂਦੇ ਹਨ, ਕਈ ਹਾਦਸਿਆਂ ਵਿੱਚ ਵਾਹਨ ਖ਼ਤਮ ਹੋ ਜਾਂਦੇ ਹਨ ਪਰ ਚਾਲਕ ਅਤੇ ਸਵਾਰੀਆਂ ਬਚ ਜਾਂਦੀਆਂ ਹਨ ਜਾਂ ਮਾੜੀਆਂ ਮੋਟੀਆਂ ਝਰੀਟਾਂ ਲੱਗ ਕੇ ਸਰ ਜਾਂਦਾ ਹੈ ਜਿਸਨੂੰ ਅਸੀਂ ਪਿੱਛੋਂ ਕਹਿ ਦਿੰਦੇ ਹਾਂ ਕਿ ਗ੍ਰੌਹ ਤਾਂ ਵੱਡਾ ਚੜ੍ਹਕੇ ਆਇਆ ਸੀ ਪਰ ਬੱਚਤ ਹੋ ਗਈ। ਲੋਹੇ ਦਾ ਕੀ ਆ ਲੋਹਾ ਨਵਾਂ ਬਣਜੂ ਜੇ ਕਿਸੇ ਦੇ ਡੂੰਘੀ ਸੱਟ ਫੇਟ ਵੱਜ ਜਾਂਦੀ ਤਾਂ ਕੀ ਕਰ ਲੈਂਦੇ। ਬੇਸ਼ੱਕ ਅਜਿਹੀਆਂ ਘਟਨਾਵਾਂ ਹਰ ਰੋਜ਼ ਵਾਪਰਦੀਆਂ ਹਨ, ਪਰ ਅਸੀਂ ਇਨ੍ਹਾਂ ਘਟਨਾਵਾਂ ਤੋਂ ਕੋਈ ਸਿੱਖਿਆ ਨਹੀਂ ਲੈਂਦੇ, ਸੜਕ ਹਾਦਸਿਆਂ ਦੇ ਬਹੁਤ ਸਾਰੇ ਕਾਰਨ, ਜਿਨ੍ਹਾਂ ਬਾਰੇ ਸਾਨੂੰ ਪਤਾ ਵੀ ਹੈ ਜਿਵੇਂ ਤੇਜ਼ ਸਪੀਡ, ਗੱਡੀ ਦੇ ਟਾਇਰਾਂ ਦਾ ਘਸੇ ਹੋਣਾ, ਤੰਗ ਪੁਲ, ਧੁੰਦ, ਡਰਾਈਵਰ ਦਾ ਨਸ਼ੇ ਵਿੱਚ ਜਾਂ ਉਨੀਂਦਰਾ ਹੋਣਾ ਆਦਿ ਮੁੱਖ ਕਾਰਨ ਹਨ ਪਰ ਇਨ੍ਹਾਂ ਤੋਂ ਇਲਾਵਾ ਸੜਕ ਹਾਦਸਿਆਂ ਦੇ ਮਨੋਵਿਗਿਆਨਕ ਕਾਰਨ ਵੀ ਹਨ ਜਿਨ੍ਹਾਂ ਬਾਰੇ ਸ਼ਾਇਦ ਅਸੀਂ ਘੱਟ ਜਾਣਦੇ ਹਾਂ।
ਸਭ ਤੋਂ ਪਹਿਲਾ ਮਨੋਵਿਗਿਆਨਕ ਕਾਰਨ ਇਹ ਪਾਇਆ ਜਾਂਦਾ ਹੈ ਕਿ ਅਗਰ ਸੜਕ ਉਪਰ ਜਾ ਰਹੀ ਵੱਡੀ ਗੱਡੀ ਦੇ ਅੱਗਿਓਂ ਕੋਈ ਛੋਟੀ ਗੱਡੀ ਨਿਕਲ ਜਾਵੇ ਤਾਂ ਵੱਡੀ ਗੱਡੀ ਵਾਲੇ ਦੇ ਮਨ ਵਿੱਚ ਇਹ ਸੁਭਾਵਿਕ ਹੀ ਆਉਂਦਾ ਹੈ ਕਿ ਉਹਨੇ ਕਿਵੇਂ ਮੇਰੇ ਮੂਹਰ ਦੀ ਕੱਢ ਲਈ। ਉਦਾਹਰਣ ਦੇ ਤੌਰ 'ਤੇ ਇੱਕ 'ਵਰਨਾ' ਕਾਰ ਅੱਗਿਓਂ ਜਦੋਂ ਕੋਈ ਮਰੂਤੀ ਕਾਰ ਲੰਘ ਜਾਂਦੀ ਹੈ ਤਾਂ ਵਰਨਾ ਵਾਲੇ ਦੇ ਮਨ ਵਿੱਚ ਇਹ ਜਰੂਰ ਆਉਂਦਾ ਹੈ ਕਿ ਇਹਨੇ ਕਿਵੇਂ ਮੇਰੇ ਮੂਹਰਿਓਂ ਕੱਢ ਲਈ, ਬੇਸ਼ੱਕ ਬਹੁਤੇ ਡਰਾਈਵਰ ਸਿਆਣੇ ਹੁੰਦੇ ਹਨ ਪਰ ਨੌਜਵਾਨ ਪੀੜ੍ਹੀ ਵਿੱਚ ਇਹ ਵਰਤਾਰਾ ਸੜਕਾਂ 'ਤੇ ਆਮ ਵੇਖਣ ਨੂੰ ਮਿਲ ਜਾਂਦਾ ਹੈ। ਇਸ ਤੋਂ ਵੀ ਅੱਗੇ ਕਈ ਤਾਂ ਜਾਣ ਬੁਝਕੇ ਹੱਥ ਹਿਲਾਕੇ ਇਸ਼ਾਰਾ ਕਰ ਜਾਂਦੇ ਹਨ, ਜੇ ਹਿੰਮਤ ਹੈ ਤਾਂ ਕੱਢ ਮੂਹਰ ਦੀ। ਇੱਥੇ ਹੀ ਬੱਸ ਨਹੀਂ, ਦੋ ਇੱਕੋ ਜਿਹੀਆਂ ਗੱਡੀਆਂ ਵਾਲੇ ਵੀ ਸੜਕ 'ਤੇ ਰੇਸ ਲਾਉਣੀ ਸ਼ੁਰੂ ਕਰ ਦਿੰਦੇ ਹਨ। ਜਿਸ ਕਰਕੇ ਕਈ ਵਾਰ ਹਾਦਸੇ ਵਾਪਰ ਜਾਂਦੇ ਹਨ। ਮੋਟਰਸਾਈਕਲ, ਸਕੂਟਰ ਜਾਂ ਦੋ ਪਹੀਆ ਵਾਹਨ ਵਾਲਿਆਂ ਦਾ ਤਾਂ ਕਹਿਣਾ ਈ ਕੀ। ਇਹ ਤਾਂ ਸੜਕ ਤੇ ਕਰਤੱਬ ਦਿਖਾਉਂਦੇ ਹਨ, ਮੁੱਖ ਸੜਕਾਂ ਨਾਲੋਂ ਸ਼ਹਿਰ ਦੀਆਂ ਸੜਕਾਂ 'ਤੇ ਇਹ ਕਰਤੱਬ ਜ਼ਿਆਦਾ ਦੇਖਣ ਨੂੰ ਮਿਲਦੇ ਹਨ। ਖਾਸ ਕਰਕੇ ਜਦੋਂ ਕੁੜੀਆਂ ਸੜਕ 'ਤੇ ਜਾ ਰਹੀਆਂ ਹੁੰਦੀਆਂ ਹਨ ਤਾਂ ਮੋਟਰ ਸਾਇਕਲ ਸਵਾਰ ਮਨਚਲੇ ਮੁੰਡਿਆਂ ਦੀ ਮਾਨਸਿਕਤਾ ਇਹ ਹੁੰਦੀ ਹੈ ਕਿ ਉਹ ਕਿਵੇਂ ਨਾ ਕਿਵੇਂ ਕੁੜੀਆਂ ਦਾ ਧਿਆਨ ਆਪਣੇ ਵੱਲ ਖਿੱਚਣ, ਇਸ ਕਰਕੇ ਕਦੇ ਮੋਟਰ ਸਾਈਕਲ ਨੂੰ ਵਿੰਗਾ ਟੇਢਾ ਕਰਕੇ ਚਲਾਉਣਾ ਜਾਂ ਹੱਥ ਛੱਡਕੇ ਚਲਾਉਣਾ ਜਾਂ ਪੂਰੀ ਤੇਜ਼ ਸਪੀਡ ਤੇ ਭਰੇ ਬਜ਼ਾਰ ਵਿੱਚ ਦੀ ਜਾਣਾ, ਅਜਿਹਾ ਵਰਤਾਰਾ ਸ਼ਹਿਰਾਂ ਵਿੱਚ ਆਮ ਦੇਖਣ ਨੂੰ ਮਿਲਦਾ ਹੈ। ਇਸ ਪਿਛੇ ਜੋ ਮਾਨਸਿਕਤਾ ਹੁੰਦੀ ਹੈ ਉਸਦਾ ਮੂਲ ਸਿਰਫ਼ ਤੇ ਸਿਰਫ਼ ਇਹੀ ਦਰਸਾਉਣਾ ਹੁੰਦਾ ਹੈ ਕਿ ਮੈਂ ਕਿੰਨੀ ਵਧੀਆ ਡਰਾਈਡਿੰਗ ਕਰ ਸਕਦਾ ਹਾਂ ਤੇ ਕਈਆਂ ਨੇ ਮੋਟਰਸਾਈਕਲ 'ਤੇ ਲਿਖਿਆ ਹੁੰਦਾ ਹੈ 'ਪਾਇਲਟ'। ਅਜਿਹਾ ਵਰਤਾਰਾ ਮੁੱਖ ਸੜਕਾਂ 'ਤੇ ਵੀ ਵੇਖਣ ਨੂੰ ਮਿਲ ਜਾਂਦਾ ਹੈ। ਖਾਸ ਕਰਕੇ ਜਦੋਂ 'ਬੁਲਟ' ਮੋਟਰਸਾਈਕਲ ਤੇਜ਼ ਸਪੀਡ ਤੇ ਕਿਸੇ ਵੱਡੀ ਗੱਡੀ ਨੂੰ ਪਾਸ ਕਰਦਾ ਹੈ ਅਤੇ ਨਾਲੇ ਚਾਲਕ ਖਚਰੀ ਹਾਸੀ ਹੱਸਕੇ ਇਹ ਦਰਸਾਉਣ ਦਾ ਯਤਨ ਕਰਦਾ ਹੈ ਕਿ ਤੁਹਾਡੀ ਕਾਰ ਜਾਂ ਬੱਸ ਨਾਲੋਂ ਯਾਰਾਂ ਦਾ ਬੁਲਟ ਹੀ ਤੇਜ਼ ਦੌੜਦਾ। ਕਹਿਣ ਦਾ ਭਾਵ ਇਹ ਮਾਨਸਿਕਤਾ ਸਿਰਫ਼ ਨੌਜਵਾਨਾਂ ਦੀ ਹੀ ਨਹੀਂ ਵੱਡੀ ਉਮਰ ਵਾਲਿਆਂ ਦੀ ਵੀ ਹੋ ਸਕਦੀ ਹੈ। ਮੈਂ ਕਈ ਅਜਿਹੇ ਡਰਾਇਵਰ ਦੇਖੇ ਹਨ, ਜਿਨ੍ਹਾਂ ਨੂੰ ਵੀਹ ਵੀਹ ਸਾਲ ਹੋ ਗਏ ਡਰਾਇਵਿੰਗ ਕਰਦਿਆਂ, ਜਦੋਂ ਉਹਨਾਂ ਦੀ ਗੱਡੀ ਨੂੰ ਕੋਈ ਪਾਸ ਕਰ ਜਾਂਦਾ ਹੈ ਤਾਂ ਉਹ ਗਾਲ੍ਹ ਕੱਢਕੇ ਰੇਸ 'ਤੇ ਪੈਰ ਰੱਖਦੇ ਨੇ ਅਤੇ ਕਹਿੰਦੇ ਨੇ ਕਿਉਂ ਇਹਦੇ ਕਿਹੜਾ ਲੱਕੜ ਦਾ ਇੰਜਣ ਧਰਿਆ, ਇਹਦੇ ਵੀ ਪੰਜ ਗੇਅਰ ਆ, ਆਪਾਂ ਤਾਂ ਅੱਜ ਤੱਕ ਕਿਸੇ ਨੂੰ ਮੂਹਰੇ ਨਹੀਂ ਨਿਕਲਣ ਦਿੱਤਾ। ਭਲਾਂ ਪੁੱਛਣ ਵਾਲਾ ਹੋਵੇ, ਅੱਗੇ ਨਿਕਲ ਕੇ ਕਿਹੜਾ ਖਰਬੂਜੇ ਪਏ ਨੇ? ਜਿਹੜਾ ਦੂਜਾ ਵੱਧ ਖਾ ਲਊ ਪਹੁੰਚਣਾ ਸਭ ਨੇ ਆਪਣੀ ਮੰਜ਼ਿਲ 'ਤੇ ਹੁੰਦਾ ਹੈ ਕੋਈ ਦਸ ਮਿੰਟ ਪਹਿਲਾਂ ਕੋਈ ਦਸ ਮਿੰਟ ਪਿਛੋਂ ਫਿਰ ਕਾਹਤੋਂ ਜ਼ਿੰਦਗੀ ਨੂੰ ਵਕਤ ਪਾਈਏ।
ਬੱਸਾਂ ਵਾਲਿਆਂ ਦੀ ਮਾਨਸਿਕਤਾ ਕੁੱਝ ਹੋਰ ਤਰ੍ਹਾਂ ਦੀ ਹੁੰਦੀ ਹੈ। ਇੱਕ ਬੱਸ ਵਾਲਾ ਜਿੱਥੇ ਸਵਾਰੀਆਂ ਚੁੱਕਣ ਦੇ ਚੱਕਰ ਵਿੱਚ ਦੂਜੀ ਬੱਸ ਵਾਲੇ ਨਾਲੋਂ ਤੇਜ਼ ਚਲਾਉਂਦਾ ਹੈ, ਉਥੇ ਬੱਸ ਡਰਾਇਵਰ ਦੇ ਸਾਹਮਣੇ ਉਪਰ ਵੱਲ ਲੱਗਿਆ ਹੋਇਆ ਸ਼ੀਸ਼ਾ ਵੀ ਕਈ ਪੁਆੜਿਆਂ ਦੀ ਜੜ੍ਹ ਹੋ ਨਿਬੜਦਾ ਹੈ। ਅੱਜਕੱਲ੍ਹ ਤਾਂ ਬਹੁਤੀਆਂ ਬੱਸਾਂ ਵਿੱਚ ਡਰਾਇਵਰ ਵਾਲੀ ਸੀਟ ਦੇ ਪਿੱਛੇ ਵੀਡੀਓ ਫਿੱਟ ਕੀਤਾ ਹੋਇਆ ਹੁੰਦਾ ਹੈ ਜਿਸ ਕਰਕੇ ਸ਼ੀਸ਼ੇ ਵਿੱਚ ਕੁਝ ਦਿਖਾਈ ਨਹੀਂ ਦਿੰਦਾ ਪਰ ਬਹੁਤੇ ਡਰਾਇਵਰਾਂ ਦੀ ਮਾਨਸਿਕਤਾ ਇਹ ਹੁੰਦੀ ਹੈ ਜਦੋਂ ਕੋਈ ਸੋਹਣੀ ਕੁੜੀ ਜਾਂ ਅੱਧਖੜ ਉਮਰ ਦੀ ਜਨਾਨੀ ਉਸ ਸ਼ੀਸ਼ੇ ਵਿਚੋਂ ਦਿਸਣ ਲੱਗ ਪਵੇ ਤਾਂ ਉਹ ਵਾਰ ਵਾਰ ਸ਼ੀਸ਼ੇ ਵਿੱਚ ਝਾਤੀਆਂ ਮਾਰਦੇ ਹਨ ਅਤੇ ਕਦੇ ਕਦੇ ਇਉਂ ਲੱਗਦਾ ਹੈ ਕਿ ਜਿਵੇਂ ਉਸ ਨੂੰ ਦਿਖਾਕੇ ਹੀ ਗੱਡੀ ਚਲਾਉਂਦੇ ਹੋਣ ਜਾਂ ਫਿਰ ਗੱਡੀ ਚਲਾਉਂਦਿਆਂ ਹੀ ਡੈੱਕ ਵਿਚੋਂ ਕੈਸਟ ਜਾਂ ਸੀ.ਡੀ. ਕੱਢਣੀ ਤੇ ਪਾਉਣੀ ਇਹ ਵੀ ਇੱਕ 'ਕਲਾ' ਹੀ ਹੁੰਦੀ ਹੈ। ਜਿਸ ਪਿਛੇ ਮਾਨਸਿਕਤਾ ਇਹੀ ਹੁੰਦੀ ਹੈ ਕਿ ਅਸੀਂ ਕਿਹੜਾ ਕਿਸੇ ਤੋਂ ਘੱਟ ਆਂ। ਬੱਸ ਐਨੇ ਵਿੱਚ ਧਿਆਨ ਹਿਲ ਜਾਂਦਾ ਹੈ ਅਤੇ ਦੂਜੇ ਦਿਨ ਖ਼ਬਰ ਹੁੰਦੀ ਹੈ, ''ਬੱਸ ਦੀ ਟਰੱਕ ਨਾਲ ਟੱਕਰ ਪੰਦਰਾ ਮਰੇ ਤੇ ਵੀਹ ਫੱਟੜ'', ਸੜਕ ਹਾਦਸਿਆਂ ਦੀਆਂ ਖ਼ਬਰਾਂ ਵੀ ਕਵਿਤਾ ਦਾ ਰੂਪ ਧਾਰਨ ਕਰ ਜਾਂਦੀਆਂ ਹਨ।
ਕਈ ਵਾਰ ਅਜਿਹੇ ਸੜਕ ਹਾਦਸੇ ਵੀ ਹੁੰਦੇ ਹਨ ਜਿੱਥੇ ਸਿਰਫ਼ ਆਪਣੀ ਹਊਮੈ ਕਾਰਨ ਹੀ ਬਹੁਤ ਵੱਡੇ ਨੁਕਸਾਨ ਹੋ ਜਾਂਦੇ ਹਨ। ਮੰਨ ਲਵੋ ਕੋਈ ਕਾਰ ਵਾਲਾ ਕਿਸੇ ਬੱਸ ਨੂੰ ਓਵਰਟੇਕ ਕਰ ਰਿਹਾ ਹੈ, ਉਸਨੂੰ ਪਤਾ ਵੀ ਹੈ ਕਿ ਅੱਗਿਓਂ ਕੋਈ ਵਾਹਨ ਆ ਰਿਹਾ ਹੈ, ਪਰ ਉਸਨੂੰ ਇਹ ਵੀ ਪਤਾ ਹੈ ਕਿ ਜੇਕਰ ਅੱਗਿਓਂ ਵਾਹਨ ਥੋੜਾ ਸੜਕ ਤੋਂ ਥੱਲੇ ਲਾਹ ਲਵੇਗਾ ਤਾਂ ਉਹ ਨਿਕਲ ਜਾਵੇਗਾ। ਬੇਸ਼ੱਕ ਅਜਿਹੀ ਸਥਿਤੀ ਇੱਕ ਬਹੁਤ ਵੱਡੀ ਗਲਤੀ ਜਾਂ ਬੇਵਕੂਫ਼ੀ ਹੈ ਪਰ ਕਈ ਵਾਰ ਗਲਤੀ ਨਾਲ ਜਾਂ ਕਾਹਲ ਨਾਲ ਇਹ ਸਥਿਤੀ ਪੈਦਾ ਹੋ ਜਾਂਦੀ ਜਿਥੇ ਅੱਗਿਓਂ ਆ ਰਹੇ ਵਾਹਨ ਵਾਲਾ ਜੇਕਰ ਥੋੜੀ ਹੁਸ਼ਿਆਰੀ ਵਰਤੇ ਤਾਂ ਹਾਦਸਾ ਟਲ ਸਕਦਾ ਹੈ। ਪਰ ਅੱਜਕੱਲ੍ਹ ਲੋਕਾਂ ਦੀ ਮਾਨਸਿਕਤਾ ਅਜਿਹੀ ਹੋ ਗਈ ਕਿ ਜੇਕਰ ਕੋਈ ਇਸ ਸਥਿਤੀ ਦਾ ਸ਼ਿਕਾਰ ਹੁੰਦਾ ਹੈ ਤਾਂ ਅੱਗਿਓਂ ਆ ਰਹੇ ਵਾਹਨ ਵਾਲਾ ਭਾਵੇਂ ਉਸ ਕੋਲ ਸੜਕ ਤੋਂ ਕੱਚੇ ਲਾਹੁਣ ਦੀ ਥਾਂ ਵੀ ਹੁੰਦੀ ਹੈ ਅਤੇ ਗੱਡੀ ਲੋਡ ਵੀ ਨਹੀਂ ਹੁੰਦੀ ਪਰ ਜਾਣ ਬੁੱਝਕੇ ਠਾਹ ਦੇਣੇ ਵਿੱਚ ਵਜਦੇ ਹਨ। ਇੱਥੇ ਕਈ ਓਵਰਟੇਕ ਕਰਨ ਵਾਲਿਆਂ ਦੀ ਮਾਨਸਿਕਤਾ ਅਜਿਹੀ ਹੁੰਦੀ ਹੈ ਕਿ ਉਹ ਤਾਂ ਪੱਕੇ ਡਰਾਇਵਰ ਹਨ। ਬੱਸ ਇਹੀ 'ਪੱਕਾਪਣ' ਹਾਦਸੇ ਦਾ ਕਾਰਨ ਬਣ ਜਾਂਦਾ ਹੈ। ਇਥੇ ਇਹ ਹਰਗਿਜ਼ ਨਹੀਂ ਕਿਹਾ ਜਾ ਸਕਦਾ ਕਿ ਗਲਤੀ ਸਾਹਮਣੇ ਵਾਲੇ ਦੀ ਸੀ ਗਲਤੀ ਤਾਂ ਓਵਰਟੇਕ ਕਰਨ ਵਾਲੇ ਦੀ ਹੁੰਦੀ ਹੈ ਪਰ ਜੇਕਰ ਇੱਕ ਬੇਵਕੂਫ਼ ਗਲਤੀ ਨਾਲ ਜਾਂ ਜਾਣ ਬੁੱਝਕੇ ਓਵਰਟੇਕ ਕਰਦਾ ਹੈ ਤਾਂ ਸਾਹਮਣਿਓਂ ਆ ਰਹੇ ਨੂੰ ਆਪਣੀ ਮਾਨਸਿਕਤਾ ਬਦਲ ਲੈਣੀ ਚਾਹੀਦੀ ਹੈ, ਹੋ ਸਕਦੈ ਹਾਦਸਾ ਟਲ ਜਾਵੇ।
ਸੋ ਕੁਝ ਵੀ ਹੋਵੇ ਮਨ ਨੂੰ ਨੀਂਵਾ ਕਰਕੇ ਮੱਤ ਤੋਂ ਕੰਮ ਲੈਣਾ ਚਾਹੀਦਾ ਹੈ। ਜੇਕਰ ਅਸੀਂ ਆਪਣੀ ਮਾਨਸਿਕਤਾ ਬਦਲ ਲਈਏ ਤਾਂ ਸੈਂਕੜੇ ਹਜ਼ਾਰਾਂ ਜਾਨਾਂ ਮੌਤ ਦੇ ਮੂੰਹ 'ਚ ਜਾਣੋਂ ਬੱਚ ਸਕਦੀਆਂ ਹਨ।
ਚੜ੍ਹਦੀਕਲਾ ਨਿਵਾਸ, ਬਾਬਾ ਫਰੀਦ ਨਗਰ,
ਕਚਹਿਰੀ ਚੌਂਕ, ਬਰਨਾਲਾ।
-
ਡਾ. ਅਮਨਦੀਪ ਸਿੰਘ ਟੱਲੇਵਾਲੀਆ , ਹੋਮਿਓਪੈਥ ਸਪੈਸ਼ਲਿਸਟ
tallewalia@gmail.com
98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.