ਕੁਝ ਸਥਾਨਾਂ ‘ਤੇ ਲੋਕ ਇੱਕ ਉੱਚ ਕਿਸਮ ਦੇ ਗੁਲਾਬ ਨਾਲ ਨਿਮਨਤਰ ਕਿਸਮ ਦੇ ਗੁਲਾਬ ਦਾ ਪੌਦਾ ਲਗਾ ਦਿੰਦੇ ਹਨ। ਇਸ ਤਰ੍ਹਾਂ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਨਿਮਨਤਰ ਕਿਸਮ ਦੇ ਗੁਲਾਬ ਦਾ ਪਰਾਗਣ , ਆਪਣੀ ਕਿਸਮ ਦੇ ਪਰਾਗਾਂ ਨਾਲ ਨਾ ਹੋ ਜਾਏ ਤਾਂ ਕਿ ਨਿਮਨਤਰ ਕਿਸਮ ਦੇ ਗੁਲਾਬ ਦਾ ਵੰਸ਼ ਉਸੇ ਤਰ੍ਹਾਂ ਚਲਦਾ ਰਹੇ। ਇਸ ਧਾਰਨਾ ਨੂੰ ਇਹ ਰੂਪ ਰੇਖਾ ਦਿੱਤੀ ਗਈ ਹੈ ਕਿ ਪਰਾਗਣ ਉੱਚ ਕਿਸਮ ਦੇ ਗੁਲਾਬਾਂ ਨਾਲ ਹੋ ਜਾਏ ਜਿਸ ਨਾਲ ਨਿਮਨਤਰ ਕਿਸਮ ਦੇ ਗੁਲਾਬ ਦਾ ਸਤਰ ਉੱਚਾ ਹੋ ਸਕੇ।
ਇਹ ਸਿਧਾਂਤ ਸਾਡੇ ਆਪਣੇ ਜੀਵਨ ਵਿੱਚ ਵੀ ਸਾਡਾ ਮਾਰਗਦਰਸ਼ਨ ਕਰ ਸਕਦਾ ਹੈ। ਇਹ ਕਿਹਾ ਜਾਂਦਾ ਹੈ ਕਿ ਕੋਈ ਇਨਸਾਨ ਆਪਣੀ ਸੰਗਤ ਤੋਂ ਹੀ ਪਹਿਚਾਣਿਆ ਜਾਂਦਾ ਹੈ। ਜੇਕਰ ਅਸੀਂ ਅਮੀਰ ਬਣਨਾ ਚਾਹੁੰਦੇ ਹਾਂ ਤਾਂ ਸਾਨੂੰ ਧਨਵਾਨ ਲੋਕਾਂ ਦੀ ਸੋਹਬਤ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਕੇ ਅਸੀਂ ਉਹਨਾਂ ਵਾਂਗੂ ਸੋਚਣ ਲੱਗਾਂਗੇ ਅਤੇ ਉਹਨਾਂ ਵਾਂਗੂ ਕਾਰਜਸ਼ੀਲ ਹੋ ਜਾਵਾਂਗੇ ਅਤੇ ਹੋ ਸਕਦਾ ਹੈ, ਅਸੀਂ ਵੀ ਅਮੀਰ ਹੋ ਜਾਈਏ। ਅਗਰ ਅਸੀਂ ਦੌੜਾਕ ਬਣਨਾ ਚਾਹੁੰਦੇ ਹਾਂ ਤਾਂ ਸਾਨੂੰ ਦੌੜਾਕਾਂ ਦੇ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ। ਇਸ ਪ੍ਰਕਾਰ ਅਸੀਂ ਉਹਨਾਂ ਵਰਗਾ ਜੀਵਨ ਬਿਤਾਉਣ ਲਈ ਪ੍ਰੇਰਿਤ ਹੋਵਾਂਗੇ। ਅਸੀਂ ਦੇਖਾਂਗੇ ਕਿ ਅਸੀਂ ਅਧਿਕ ਕਸਰਤ ਕਰਾਂਗੇ, ਆਪਣੇ ਆਪ ਨੂੰ ਸ਼ਕਤੀਸ਼ਾਲੀ ਕਰਾਂਗੇ , ਆਹਾਰ ‘ਤੇ ਧਿਆਨ ਦੇਵਾਂਗੇ ਅਤੇ ਦੌੜਨ ਦਾ ਅਭਿਆਸ ਕਰਾਂਗੇ। ਅਗਰ ਅਸੀਂ ਲੇਖਕ ਬਣਨਾ ਚਾਹੁੰਦੇ ਹਾਂ ਤਾਂ ਸਾਨੂੰ ਲੇਖਕਾਂ ਦੀ ਸੰਗਤ ਵਿੱਚ ਰਹਿਣਾ ਚਾਹੀਦਾ ਹੈ ਅਤੇ ਉਸ ਕਲਾ ਦਾ ਅਨੁਸਰਣ ਕਰਨ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ।
ਇਸੇ ਪ੍ਰਕਾਰ ਜੇਕਰ ਅਸੀਂ ਅਧਿਆਤਮਿਕ ਰੂਪ ਵਿੱਚ ਵਿਕਸਿਤ ਹੋਣਾ ਚਾਹੁੰਦੇ ਹਾਂ ਤਾਂ ਸਾਨੂੰ ਐਸੇ ਲੋਕਾਂ ਦੀ ਸੰਗਤ ਵਿੱਚ ਰਹਿਣਾ ਚਾਹੀਦਾ ਹੈ ਜੋ ਕਿ ਖ਼ੁਦ ਅਧਿਆਤਮਿਕ ਰੂਪ ਵਿੱਚ ਵਿਕਸਿਤ ਹੋ ਚੁੱਕੇ ਹਨ। ਐਸੇ ਲੋਕਾਂ ਵਿੱਚ ਮੌਜੂਦ ਰਹਿ ਕੇ ਅਸੀਂ ਆਤਮਾ-ਪਰਮਾਤਮਾ ਦੇ ਸੋਚ-ਵਿਚਾਰ ਵਿੱਚ ਅਧਿਕ ਸਮਾਂ ਬਤੀਤ ਕਰਾਂਗੇ ਅਤੇ ਅਧਿਆਤਮਿਕ ਅਭਿਆਸਾਂ ਵਿੱਚ ਸਮਾਂ ਬਿਤਾਵਾਂਗੇ। ਅਗਰ ਅਸੀਂ ਕਿਸੇ ਐਸੇ ਨਾਲ ਸਮਾਂ ਬਤੀਤ ਕਰਦੇ ਹਾਂ , ਜੋ ਧਿਆਨ ਅਭਿਆਸ ਕਰਦਾ ਹੋਵੇ, ਤਾਂ ਹੋ ਸਕਦਾ ਹੈ ਅਸੀਂ ਵੀ ਧਿਆਨ-ਅਭਿਆਸ ਕਰਨ ਲੱਗ ਜਾਈਏ । ਅਗਰ ਅਸੀਂ ਉਹਨਾਂ ਲੋਕਾਂ ਦੀ ਸੰਗਤ ਵਿੱਚ ਰਹਾਂਗੇ ਜੋ ਸਦਾਚਾਰੀ ਜੀਵਨ ਅਤੇ ਸਦਗੁਣਾਂ ਨੂੰ ਮਹੱਤਵ ਦਿੰਦੇ ਹਨ ਤਾਂ ਅਸੀਂ ਦੇਖਾਂਗੇ ਕਿ ਅਸੀਂ ਵੀ ਉਸੇਤਰ੍ਹਾਂ ਹੀ ਕਰਨ ਲੱਗਾਂਗੇ।
ਅਸੀਂ ਆਪਣੀ ਸੰਗਤ ਦੀ ਤਰਫ਼ ਧਿਆਨ ਦੇਈਏ। ਕੀ ਅਸੀਂ ਅਜਿਹੇ ਮਿੱਤਰ ਚੁਣਦੇ ਹਾਂ ਜਿਹੜੇ ਕਿ ਸਾਡੇ ਵਿਅਕਤੀਗਤ ਵਿਕਾਸ ਲਈ ਸਾਨੂੰ ਗਲਤ ਵਿਕਲਪਾਂ ਵੱਲ ਲੈ ਜਾਂਦੇ ਹਨ ਜਾਂ ਅਜਿਹੇ ਦੋਸਤ ਚੁਣਦੇ ਹਾਂ ਜਿਹੜੇ ਸਾਨੂੰ ਅਧਿਆਤਮਿਕ ਜੀਵਨ ਜਿਉਣ ਵਿੱਚ ਮਦਦ ਕਰਦੇ ਹਨ? ਜਦੋਂ ਅਸੀਂ ਗਰਮੀ ਚਾਹੁੰਦੇ ਹਾਂ ਤਾਂ ਅਸੀਂ ਅੱਗ ਦੇ ਕੋਲ ਬੈਠਦੇ ਹਾਂ। ਜਦੋਂ ਅਸੀਂ ਠੰਡਕ ਚਾਹੁੰਦੇ ਹਾਂ ਤਾਂ ਬਰਫ਼ ਦੀ ਸਿੱਲ੍ਹ ਕੋਲ ਬੈਠਦੇ ਹਾਂ। ਜਦੋਂ ਅਸੀਂ ਅਧਿਆਤਮਿਕ ਜੀਵਨ ਜਿਉਣਾ ਚਾਹੁੰਦੇ ਹਾਂ ਤਾਂ ਅਸੀਂ ਅਧਿਆਤਮਿਕ ਪਰਵਿਤੀ ਵਾਲੇ ਵਿਅਕਤੀ ਲੱਭ ਸਕਦੇ ਹਾਂ ਅਤੇ ਉਹਨਾਂ ਨਾਲ ਸਮਾਂ ਬਿਤਾ ਸਕਦੇ ਹਾਂ।
ਅਗਰ ਸੁਭਾਗ ਨਾਲ ਸਾਨੂੰ ਕਿਸੇ ਐਸੇ ਦੀ ਸੰਗਤ ਮਿਲੇ ਜੋ ਕਿ ਅਧਿਆਤਮਿਕ ਅਨੁਭਵਾਂ ਨੂੰ ਪਾ ਚੁੱਕਿਆ ਹੈ ਤਾਂ ਉਹ ਸੰਗਤ ਹੋਰ ਵੀ ਚੰਗੀ ਹੈ। ਐਸੇ ਵਿਅਕਤੀ ਤੋਂ ਰੂਹਾਨੀਅਤ ਚਾਰਾਂ ਦਿਸ਼ਾਵਾਂ ਵਿੱਚ ਪ੍ਰਸਾਰਿਤ ਹੁੰਦੀ ਹੈ, ਜਿਸ ਦੁਆਰਾ ਅਸੀਂ ਰੂਹਾਨੀ ਤੌਰ ਤੇ ਜਾਗ ਸਕਦੇ ਹਾਂ । ਐਸੀ ਹਸਤੀ ਦੇ ਨਜ਼ਦੀਕ ਆ ਕੇ ਸਾਡਾ ਧਿਆਨ ਜੀਵਨ ਦੇ ਅਧਿਆਤਮਿਕ ਮੁੱਲਾਂ ਵੱਲ ਜਾਂਦਾ ਹੈ। ਉੱਥੋਂ ਦਾ ਵਾਤਾਵਰਣ , ਸਿੱਧਾ ਸਾਡੀ ਆਤਮਾ ਦੇ ਸੰਪਰਕ ਵਿੱਚ ਰਹਿੰਦਾ ਹੈ।ਜਿਹੜਾ ਕੋਈ ਆਪਣੀ ਆਤਮਾ ਨੂੰ ਜਾਣ ਲੈਂਦਾ ਹੈ , ਉਸਦੇ ਵੱਲ ਆਤਮਾ ਖਿੱਚੀ ਜਾਂਦੀ ਹੈ। ਉਸਦੀ ਚੁੰਬਕੀ ਸ਼ਕਤੀ ਸਾਨੂੰ ਉੱਪਰ ਵੱਲ ਖਿੱਚ ਲੈਂਦੀ ਹੈ ਅਤੇ ਸਾਡਾ ਧਿਆਨ ਅੰਤਰ ਵਿੱਚ ਮੌਜੂਦ ਰੂਹਾਨੀ ਖਜ਼ਾਨਿਆਂ ਵੱਲ ਟਿਕ ਜਾਂਦਾ ਹੈ।
ਅਗਰ ਅਸੀਂ ਆਪਣੇ ਧਿਆਨ-ਅਭਿਆਸ ਵਿੱਚ ਸੁਧਾਰ ਚਾਹੁੰਦੇ ਹਾਂ ਅਸੀਂ ਸੋਚੀਏ ਕਿ ਅਸੀਂ ਆਪਣਾ ਸਮਾਂ ਕਿਵੇਂ ਬਿਤਉਂਦੇ ਹਾਂ। ਅਗਰ ਅਸੀਂ ਅਧਿਆਤਮਿਕ ਰੂਪ ਵਿੱਚ ਜਾਗ੍ਰਿਤ ਅਤੇ ਅਧਿਆਤਮ ਵਿੱਚ ਰੁਚੀ ਰੱਖਣ ਵਾਲੇ ਵਿਅਕਤੀਆਂ ਦੇ ਨਾਲ ਸਮਾਂ ਬਤੀਤ ਕਰਾਂਗੇ ਤਾਂ ਅਸੀਂ ਪਾਵਾਂਗੇ ਕਿ ਸਾਡਾ ਧਿਆਨ ਅਧਿਕ ਇਕਾਗਰ ਰਹੇਗਾ ਅਤੇ ਸਾਡਾ ਧਿਆਨ-ਅਭਿਆਸ ਅਧਿਕ ਫ਼ਲਦਾਇਕ ਹੋਵੇਗਾ। ਆਪਣੀ ਸੰਗਤ ਨੂੰ ਸਮਝਦਾਰੀ ਨਾਲ ਚੁਣ ਕੇ ਸਾਨੂੰ ਅਧਿਆਤਮਿਕ ਪੱਥ ‘ਤੇ ਤਰੱਕੀ ਕਰਨ ਵਿੱਚ ਮਦਦ ਮਿਲੇਗੀ।
-
ਸੰਤ ਰਾਜਿੰਦਰ ਸਿੰਘ ਜੀ ਮਹਾਰਾਜ, ਲੇਖਕ
*****************
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.