ਕੋਰੋਨਾ ਨਾਮਕ ਭਿਆਨਕ ਬਿਮਾਰੀ ਕਾਰਨ ਜਿੱਥੇ ਸਾਰੇ ਸੰਸਾਰ ਦੀ ਸਰੀਰਕ, ਮਾਨਸਿਕ, ਆਰਥਿਕ ਅਤੇ ਸਮਾਜਿਕ ਹਾਨੀ ਹੋਈ, ਉੱਥੇ ਇੰਜ ਲੱਗਦਾ ਹੈ ਕਿ ਸਾਰੀ ਸ੍ਰਿਸ਼ਟੀ ਪ੍ਰਭਾਵਿਤ ਹੋ ਚੁੱਕੀ ਹੈ। ਅਜਿਹੇ ਸਮੇਂ ਵਿੱਚ ਸਕੂਲ ਅਤੇ ਸਿੱਖਿਆ ਦੇ ਖੇਤਰ ਤੇ ਅਸਰ ਪੈਣਾ ਵੀ ਸੁਭਾਵਿਕ ਹੀ ਸੀ। ਪਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਵਿਸ਼ੇ ਤੇ ਸਿੱਖਿਆ ਮੰਤਰੀ ਮਾਨਯੋਗ ਸ਼੍ਰੀ ਵਿਜੇ ਇੰਦਰ ਸਿੰਗਲਾ ਜੀ ਅਤੇ ਸਿੱਖਿਆ ਸਕੱਤਰ ਮਾਨਯੋਗ ਸ਼੍ਰੀ ਕ੍ਰਿਸ਼ਨ ਕੁਮਾਰ (ਆਈ ਏ ਐੱਸ) ਜੀ ਦੁਆਰਾ ਬਹੁਤ ਦਲੇਰੀ ਅਤੇ ਦੂਰਅੰਦੇਸ਼ੀ ਨਾਲ ਅਜਿਹੇ ਫੈਸਲੇ ਲਏ ਗਏ ਹਨ ਕਿ ਬੱਚਿਆਂ ਨੂੰ ਕਰੋਨਾ ਦੇ ਡਰ ਅਤੇ ਦਹਿਸ਼ਤ ਦੇ ਮਾਹੌਲ ਤੋਂ ਬਚਾਅ ਕੇ ਸਿੱਖਿਆ ਨਾਲ ਮੁੜ ਜੋੜਿਆ ਗਿਆ ਹੈ।
ਅਸੀਂ ਜਾਣਦੇ ਹਾਂ ਕਿ ਮਾਰਚ 2020 ਦੀ ਬੋਰਡ ਪ੍ਰੀਖਿਆ ਕਰੋਨਾ ਦੇ ਕਹਿਰ ਤੋਂ ਬੱਚਿਆਂ ਨੂੰ ਬਚਾਉਣ ਲਈ ਮੁਲਤਵੀ ਕਰਨੀ ਪਈ ਸੀ । ਪਰ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਬਹੁਤ ਵਧੀਆ ਫੈਸਲਾ ਲੈ ਕੇ ਪੰਜਵੀਂ, ਅਠਵੀਂ ਅਤੇ ਦਸਵੀਂ ਦੇ ਬੱਚਿਆਂ ਨੂੰ ਸਤੰਬਰ ਪ੍ਰੀਖਿਆ ਦੇ ਅਧਾਰ ਤੇ ਪ੍ਰਮੋਟ ਕਰ ਦਿੱਤਾ ਗਿਆ, ਜਿਸ ਨਾਲ ਉਹਨਾਂ ਨੂੰ ਅਗਲੀ ਜਮਾਤ ਅਨੁਸਾਰ ਪੜ੍ਹਾਈ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਸਰਕਾਰੀ ਸਕੂਲਾਂ ਦੇ ਮੁੱਖ ਅਧਿਆਪਕ, ਪ੍ਰਿੰਸੀਪਲ ,ਅਤੇ ਅਧਿਆਪਕਾਂ ਨੇ ਸਿੱਖਿਆ ਸਕੱਤਰ ਸਾਹਿਬ ਵੱਲੋਂ ਮਿਲੀ ਹੱਲਾਸ਼ੇਰੀ ਨਾਲ ਸਕੂਲਾਂ ਦੇ ਦਾਖਲੇ ਵਧਾਉਣ ਲਈ ਅਣਥੱਕ ਮਿਹਨਤ ਕੀਤੀ। ਜਿਸ ਦੇ ਨਤੀਜੇ ਵੱਜੋਂ ਇਸ ਸਾਲ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਵਧੀ ਹੈ
ਹੁਣ ਸੋਚਣ ਵਾਲੀ ਗੱਲ ਇਹ ਸੀ ਕਿ ਨਵਾਂ ਦਾਖਲਾ ਵੀ ਹੋ ਰਿਹਾ, ਪਹਿਲਾਂ ਦਾਖਲਾ ਬੱਚੇ ਨਵੀਆਂ ਜਮਾਤਾਂ ਵਿੱਚ ਪ੍ਰਮੋਟ ਹੋ ਗਏ ਹਨ , ਨਵਾਂ ਵਿੱਦਿਅਕ ਸਾਲ ਵੀ ਸ਼ੁਰੂ ਹੋ ਗਿਆ ਹੈ, ਪਰ ਹੁਣ ਘਰ ਘਰ ਬੈਠੇ ਬੱਚਿਆਂ ਨੂੰ ਪੜ੍ਹਾਇਆ ਕਿਵੇਂ ਜਾਵੇ? ਇਸ ਲਈ ਮਾਨਯੋਗ ਸਿੱਖਿਆ ਮੰਤਰੀ ਜੀ ਅਤੇ ਮਾਨਯੋਗ ਸਿੱਖਿਆ ਸਕੱਤਰ ਜੀ ਨੇ ਆਪਣੀ ਸੂਝ ਬੂਝ, ਸਮਝਦਾਰੀ ਅਤੇ ਲਿਆਕਤ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮਾਨਸਿਕ ਤੌਰ ਤੇ ਆਨ ਲਾਈਨ ਪੜ੍ਹਾਈ ਕਰਨ/ ਕਰਵਾਉਣ ਲਈ ਤਿਆਰ ਕੀਤਾ
ਪ੍ਰਾਇਮਰੀ ਅਤੇ ਸੈਕੰਡਰੀ ਅਧਿਆਪਕਾਂ ਅਤੇ ਵਿਸ਼ਾ ਮਾਹਿਰਾਂ ਨੇ ਬੱਚਿਆਂ ਦੇ ਜਮਾਤਵਾਰ ਪਾਠਕ੍ਰਮ ਅਨੁਸਾਰ ਆਡੀਓ- ਵੀਡੀਓ ਰਿਕਾਰਡਿੰਗ ਕਰ ਕੇ ਵਿਸ਼ੇਵਾਰ ਯੋਗਦਾਨ ਪਾਇਆ।
ਪਰ ਮਸਲਾ ਇੱਥੇ ਹੀ ਹੱਲ ਨਹੀਂ ਹੁੰਦਾ ਦਿਸਦਾ ਸੀ। ਆਖਿਰ ਇਹ ਆਡੀਓ ਵੀਡੀਓ ਬੱਚਿਆਂ ਤੱਕ ਪਹੁੰਚਣੀ ਵੀ ਤਾਂ ਜ਼ਰੂਰੀ ਸੀ, ਇਸ ਲਈ ਦੂਰਦਰਸ਼ਨ/ ਡਿਸ਼ ਟੀ ਵੀ ਚੈਨਲ ਅਤੇ ਯੂ ਟਿਊਬ ਲਿੰਕ ਵਰਤੋਂ ਵਿੱਚ ਲਿਆਉਣ ਬਾਰੇ ਇਤਿਹਾਸਕ ਫੈਸਲਾ ਲਿਆ ਗਿਆ। ਇੱਕ ਨਿਸ਼ਚਿਤ ਸਮਾਂ ਸਾਰਣੀ ਬਣਾ ਕੇ ਹਰ ਰੋਜ਼ ਅਧਿਆਪਕਾਂ ਤੱਕ ਪਹੁੰਚਾਈ ਜਾਂਦੀ ਹੈ ਜਿਸ ਨੂੰ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਬਣਾਏ ਵਟਸ ਐਪ ਗਰੁੱਪਾਂ ਵਿੱਚ ਭੇਜ ਦਿੰਦੇ ਹਨ ਅਤੇ ਉਹਨਾਂ ਨੂੰ ਇਸ ਸਾਰੀ ਅਨੁਸਾਰ ਟੀ ਵੀ ਤੇ ਜਮਾਤ / ਵਿਸ਼ਾ ਪੀਰੀਅਡ ਲਗਾਉਣ ਲਈ ਪ੍ਰੇਰਿਤ ਕਰਦੇ ਹਨ।
ਯੂ ਟਿਊਬ ਲਿੰਕ ਅਤੇ ਈ-ਪ੍ਰਿੰਟ ਸਮੱਗਰੀ ਵੀ ਬੱਚਿਆਂ ਤੱਕ ਇਸੇ ਤਰ੍ਹਾਂ ਪਹੁੰਚਾਈ ਜਾਂਦੀ ਹੈ। ਬੱਚਿਆਂ ਗੂਗਲ ਫਾਰਮ ਤੇ ਪ੍ਰਸ਼ਨ ਪੱਤਰ ਬਣਾ ਕੇ ਵੀ ਭੇਜੇ ਜਾਂਦੇ ਹਨ ਜਿਸ ਨਾਲ ਉਹਨਾਂ ਵਿੱਚ ਆਨ ਲਾਈਨ ਬਹੁ ਵਿਕਲਪੀ ਪ੍ਰੀਖਿਆ ਹੱਲ ਕਰਨ ਦਾ ਹੁਨਰ ਪੈਦਾ ਹੋ ਰਿਹਾ ਹੈ। ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ *ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ* ਤਹਿਤ ਕਪੈਸਟੀ ਬਿਲਡਿੰਗ ਪ੍ਰੋਗਰਾਮ ਤਹਿਤ ਅਲੱਗ ਅਲੱਗ ਵਿਸ਼ਾ ਵਸਤੂ ,ਕੈਮਰਾਬੱਧ ਕਰਕੇ, ਵੀਡੀਉ ਬਣਾਉਣ ਦੀਆਂ ਨਵੀਆ ਨਵੀਆ ਆਧੁਨਿਕ ਤਕਨੀਕਾਂ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ।ਜੋ ਕਿ ਆਉਣ ਵਾਲੇ ਸਮੇਂ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਲਈ ਬਹੁਤ ਮਹੱਤਵਪੂਰਨ ਹੋ ਨਿੱਬੜਨਗੀਆਂ। ਜਿੱਥੇ ਆਨਲਾਈਨ ਸਟੱਡੀ ਦੇ ਇਸ ਨਵੇਂ ਸੰਕਲਪ ਨੂੰ ਲੈ ਕੇ ਅਧਿਆਪਕਾਂ ਵਿਚ ਜੋਸ਼ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਹੀ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ ਪਿਤਾ ਵੀ ਆਪਣੀ ਸ਼ਾਨਦਾਰ ਭੂਮਿਕਾ ਨਿਭਾ ਰਹੇ ਹਨ। ਆਨ ਲਾਈਨ ਪੜ੍ਹਾਈ ਸਮੇਂ ਦੀ ਲੋੜ ਹੈ ਅਤੇ ਇਸ ਦੀ ਸਫਲਤਾ ਲਈ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ।
-
ਨਰਿੰਦਰ ਅਰੋੜਾ, ਸਟੇਟ ਅਵਾਰਡੀ ਅਧਿਆਪਕ
*****************
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.