ਚਿੰਤਾ ਵਿਚੋਂ ਉਪਜਿਆ ਰੋਗ – ਥਾਇਰਾਇਡ ਡਾ. ਅਮਨਦੀਪ ਸਿੰਘ ਟੱਲੇਵਾਲੀਆ ਦੀ ਕਲਮ ਤੋਂ
ਥਾਇਰਾਇਡ ਦੀ ਬਿਮਾਰੀ ਜ਼ਿਆਦਾਤਰ ਔਰਤਾਂ ਵਿਚ ਵੇਖਣ ਨੂੰ ਮਿਲਦੀ ਹੈ। ਇਹ ਨਹੀਂ ਕਿ ਇਹ ਮਰਦਾਂ ਵਿੱਚ ਪਾਇਆ ਨਹੀਂ ਜਾਂਦਾ। ਇਹ ਰੋਗ ਵਧੇਰੇ ਕਰਕੇ ਔਰਤਾਂ ਵਿਚ ਹੀ ਹੁੰਦਾ ਹੈ ਕਿਉਂਕਿ ਔਰਤਾਂ ਵਿਚ ਈਰਖਾ, ਚਿੰਤਾ ਅਤੇ ਗੁੱਸਾ ਪੀਣ ਦੀ ਸਮਰੱਥਾ ਮਰਦਾਂ ਨਾਲੋਂ ਜ਼ਿਆਦਾ ਹੁੰਦੀ ਹੈ। ਜਿਹੜੀਆਂ ਔਰਤਾਂ ਆਪਣੀ ਜ਼ਿੰਦਗੀ ਵਿਚ ਚਿੰਤਾਗ੍ਰਸਤ ਰਹਿੰਦੀਆਂ ਹਨ, ਉਨ੍ਹਾਂ ਨੂੰ ਇਹ ਸਮੱਸਿਆ ਹੋ ਸਕਦੀ ਹੈ। ਕੁਆਰੀਆਂ ਕੁੜੀਆਂ ਜਾਂ ਬੱਚਿਆਂ ਵਿਚ ਵੀ ਥਾਇਰਾਇਡ ਦੇ ਉਹੀ ਕੇਸ ਮਿਲਦੇ ਹਨ, ਜਿਥੇ ਇਹ ਰੋਗ ਜੱਦੀ-ਪੁਸ਼ਤੀ ਹੁੰਦਾ ਹੈ ਪਰ ਵਿਆਹ ਤੋਂ ਬਾਅਦ ਵਾਲਾ ਜੀਵਨ ਆਮ ਤੌਰ 'ਤੇ ਜ਼ਿਆਦਾ ਤਣਾਅਗ੍ਰਸਤ ਹੋਣ ਕਰਕੇ ਇਹ ਰੋਗ ਸਹਿਜੇ ਹੀ ਉਤਪੰਨ ਹੋ ਸਕਦਾ ਹੈ। ਨੂੰਹ-ਸੱਸ ਦੀ ਇਕ-ਦੂਸਰੇ ਪ੍ਰਤੀ ਨੋਕ-ਝੋਕ, ਪਤੀ-ਪਤਨੀ ਦਾ ਆਪਸੀ ਤਕਰਾਰ ਜਾਂ ਹੋਰ ਕਈ ਤਰ੍ਹਾਂ ਦੀਆਂ ਘਰੇਲੂ ਸਮੱਸਿਆਵਾਂ ਇਸ ਰੋਗ ਦਾ ਪ੍ਰਮੁੱਖ ਕਾਰਨ ਹਨ। ਜਿਹੜੀਆਂ ਔਰਤਾਂ ਆਪਣੇ ਗੁੱਸੇ ਨੂੰ ਜ਼ਾਹਿਰ ਕਰ ਦਿੰਦੀਆਂ ਹਨ, ਉਹ ਇਸ ਰੋਗ ਤੋਂ ਬਚ ਜਾਂਦੀਆਂ ਹਨ ਪਰ ਜਿਹੜੀਆਂ ਔਰਤਾਂ ਗੁੱਸੇ ਨੂੰ ਵਿਚੇ-ਵਿਚ ਜਜ਼ਬ ਕਰ ਲੈਂਦੀਆਂ ਹਨ ਜਾਂ ਗੁੱਸਾ ਦਬਾ ਲੈਂਦੀਆਂ ਹਨ, ਉਹ ਥਾਇਰਾਇਡ ਦਾ ਸ਼ਿਕਾਰ ਹੋ ਜਾਂਦੀਆਂ ਹਨ।
ਇਸਤੋਂ ਇਲਾਵਾ ਜ਼ਿਆਦਾ ਹਾਰਮੋਨ ਦਾ ਸੇਵਨ, ਸਿਰ ਵਿਚ ਸੱਟ ਲੱਗਣ ਕਾਰਨ ਜਾਂ ਪਿਚੂਟਰੀ ਗ੍ਰੰਥੀ ਦੇ ਵਿਚ ਰਸੌਲੀ ਬਣਨ ਕਾਰਨ ਵੀ ਇਹ ਰੋਗ ਹੋ ਸਕਦਾ ਹੈ।
ਥਾਇਰਾਇਡ ਕੀ ਹੈ?
ਥਾਇਰਾਇਡ ਇਕ ਗ੍ਰੰਥੀ ਦਾ ਨਾਂਅ ਹੈ, ਜੋ ਸਾਡੇ ਗਲੇ ਵਿਚ ਹੁੰਦੀ ਹੈ। ਇਸ ਵਿਚੋਂ ਜਿਹੜੇ ਹਾਰਮੋਨ ਪੈਦਾ ਹੁੰਦੇ ਹਨ, ਉਹ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਕ੍ਰਿਆਵਾਂ ਵਿਚ ਸਹਾਈ ਹੁੰਦੇ ਹਨ। ਜਦੋਂ ਇਹ ਹਾਰਮੋਨ ਅਸੰਤੁਲਿਤ ਰੂਪ ਵਿਚ ਪੈਦਾ ਹੁੰਦੇ ਹਨ ਤਾਂ ਉਦੋਂ ਥਾਇਰਾਇਡ ਰੋਗ ਜਨਮ ਲੈਂਦਾ ਹੈ, ਜੋ ਕਿ ਅੱਗੇ ਦੋ ਪ੍ਰਕਾਰ ਦਾ ਹੁੰਦਾ ਹੈ। ਹਾਇਪਰਥਾਇਰਾਇਡ (Hyperthyroid) ਅਤੇ ਹਾਇਪੋਥਾਇਰਾਇਡ (Hypothyroid)।
ਹਾਇਪਰਥਾਇਰਾਇਡ (Hyperthyroid) : T.S.H. ਹਾਰਮੋਨ ਘੱਟ ਪੈਦਾ ਹੋਣ ਕਰਕੇ T3 ਅਤੇ T4 ਜ਼ਿਆਦਾ ਰੂਪ ਵਿਚ ਪੈਦਾ ਹੁੰਦਾ ਹੈ। ਇਸ ਕਿਸਮ ਵਿਚ ਸਰੀਰ ਪਤਲਾ ਹੋਣ ਲੱਗ ਜਾਂਦਾ ਹੈ ਅਤੇ ਭੁੱਖ ਜ਼ਿਆਦਾ ਲੱਗਣ ਦੇ ਬਾਵਜੂਦ ਵੀ ਸਰੀਰ ਘਟਦਾ ਹੀ ਘਟਦਾ ਜਾਂਦਾ ਹੈ। ਪਿਆਸ ਜ਼ਿਆਦਾ ਲਗਦੀ ਹੈ ਅਤੇ ਸਰੀਰ ਹਰ ਵੇਲੇ ਪਸੀਨੇ ਨਾਲ ਭਿੱਜਿਆ ਰਹਿੰਦਾ ਹੈ। ਵਾਲ ਝੜਨ ਲੱਗ ਜਾਂਦੇ ਹਨ। ਸਰੀਰ 'ਤੇ ਸੁੱਕੀ ਖੁਰਕ ਵੀ ਹੋਣ ਲੱਗ ਜਾਂਦੀ ਹੈ। ਗੱਲਬਾਤ ਕਰਨ ਲੱਗਿਆਂ ਰੋਗੀ ਦੀ ਜ਼ੁਬਾਨ ਥੁਥਲਾਉਣ ਜਾਂ ਕੰਬਣ ਲੱਗ ਜਾਂਦੀ ਹੈ। ਕਈ ਹਾਲਤਾਂ ਵਿਚ ਪੂਰਾ ਸਰੀਰ ਹੀ ਕੰਬਣ ਲੱਗ ਜਾਂਦਾ ਹੈ। ਸਰੀਰ ਹਰ ਵੇਲੇ ਥੱਕਿਆ-ਥੱਕਿਆ ਮਹਿਸੂਸ ਕਰਦਾ ਹੈ। (ਇਸ ਤਰ੍ਹਾਂ ਦੇ ਲੱਛਣ ਬਿਲਕੁਲ ਸ਼ੂਗਰ ਨਾਲ ਮੇਲ ਖਾਂਦੇ ਹਨ ਪਰ ਕਈ ਹਾਲਤਾਂ ਵਿਚ ਸ਼ੂਗਰ ਅਤੇ ਥਾਇਰਾਇਡ ਦੋਵੇਂ ਹੀ ਹੋ ਸਕਦੇ ਹਨ) ਘਬਰਾਹਟ ਨਾਲ ਧੜਕਣ ਵਧਣ ਲੱਗ ਜਾਂਦੀ ਹੈ। ਇਹ ਰੋਗ ਔਰਤਾਂ ਵਿਚ ਵਾਰ-ਵਾਰ ਗਰਭਪਾਤ ਅਤੇ ਬਾਂਝਪਣ ਦਾ ਪ੍ਰਮੁੱਖ ਕਾਰਨ ਹੈ। ਮਰਦਾਂ ਵਿਚ ਨਾਮਰਦੀ ਅਤੇ ਸੈਕਸ ਦੀ ਇੱਛਾ ਖ਼ਤਮ ਹੋਣ ਤੱਕ ਦੀ ਨੌਬਤ ਆ ਸਕਦੀ ਹੈ। ਅਗਰ ਇਸ ਰੋਗ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਹੱਡੀਆਂ ਭੁਰਨ ਲੱਗ ਜਾਂਦੀਆਂ ਹਨ ਅਤੇ ਹੌਲੀ-ਹੌਲੀ ਇਹ ਰੋਗ ਭਿਆਨਕ ਰੂਪ ਵੀ ਲੈ ਸਕਦਾ ਹੈ।
ਕਈ ਹਾਲਤਾਂ ਵਿਚ ਗਲਾ ਸੁੱਜ ਜਾਂਦਾ ਹੈ ਜਾਂ ਕਿਸੇ ਰਸੌਲੀ ਵਰਗੀ ਗੰਢ ਗਲੇ ਵਿਚ ਬਣ ਜਾਂਦੀ ਹੈ, ਜਿਸਨੂੰ 'ਗਿੱਲ੍ਹੜ' ਰੋਗ ਕਿਹਾ ਜਾਂਦਾ ਹੈ, ਜਿਸ ਵਿਚ ਉਪਰੋਕਤ ਲੱਛਣਾਂ ਤੋਂ ਇਲਾਵਾ ਅੱਖਾਂ ਬਾਹਰ ਨੂੰ ਨਿਕਲ ਆਉਂਦੀਆਂ ਹਨ। ਇਹ ਰੋਗ ਜ਼ਿਆਦਾਤਰ ਆਇਓਡੀਨ ਦੀ ਕਮੀ ਕਾਰਨ ਹੁੰਦਾ ਹੈ।
ਹਾਇਪੋਥਾਇਰਾਇਡ (Hypothyroid) : ਇਸ ਰੂਪ ਵਿਚ ਹਾਇਪਰ ਤੋਂ ਉਲਟ T.S.H. ਹਾਰਮੋਨ ਜ਼ਿਆਦਾ ਮਾਤਰਾ ਵਿਚ ਪੈਦਾ ਹੋਣ ਕਰਕੇ T3 ਅਤੇ T4 ਦੀ ਮਾਤਰਾ ਘਟ ਜਾਂਦੀ ਹੈ, ਜਿਸ ਕਾਰਨ ਸਰੀਰ ਫੁੱਲਣ ਲੱਗ ਜਾਂਦਾ ਹੈ। ਖ਼ਾਸ ਕਰਕੇ ਹੱਥਾਂ, ਪੈਰਾਂ ਅਤੇ ਅੱਖਾਂ ਦੇ ਦੁਆਲੇ ਜ਼ਿਆਦਾ ਸੋਜ਼ਿਸ਼ ਆ ਜਾਂਦੀ ਹੈ ਅਤੇ ਰੋਗੀ ਦੇ ਚਿਹਰੇ 'ਤੇ ਪੀਲਾਪਣ ਝਲਕਣ ਲੱਗ ਪੈਂਦਾ ਹੈ ਅਤੇ ਰੋਗੀ 'ਥੁਲਥੁਲਾ' ਜਿਹਾ ਹੋ ਜਾਂਦਾ ਹੈ। ਸਰੀਰ ਥੱਕਿਆ-ਥੱਕਿਆ ਮਹਿਸੂਸ ਹੁੰਦਾ ਹੈ। ਰੋਗੀ ਦੀ ਆਵਾਜ਼ ਭਾਰੀ ਹੋ ਜਾਂਦੀ ਹੈ ਅਤੇ ਚਮੜੀ ਖ਼ੁਸ਼ਕ ਹੋ ਜਾਂਦੀ ਹੈ। ਥਾਇਰਾਇਡ ਨਾਲ ਖ਼ੂਨ ਦੀ ਕਮੀ (ਅਨੀਮਿਆ) ਹੋਣਾ ਆਮ ਗੱਲ ਹੈ। ਜਿਸ ਤਰ੍ਹਾਂ ਲਿਖ ਚੁੱਕੇ ਹਾਂ ਕਿ ਥਾਇਰਾਇਡ ਚਿੰਤਾ ਨਾਲ ਹੁੰਦਾ ਹੈ, ਜਦੋਂ ਕਿਸੇ ਇਨਸਾਨ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਹੁੰਦੀ ਤਾਂ ਸੱਚਮੁੱਚ ਉਸਦਾ ਖੂਨ ਮੱਚਦਾ ਹੈ ਜਾਂ ਜਦੋਂ ਕੋਈ ਦੂਸਰਾ ਉਸਦਾ ਖੂਨ ਪੀਂਦਾ ਹੈ ਤਾਂ ਅਨੀਮਿਆ ਹੋਣਾ ਸੁਭਾਵਿਕ ਹੈ।
ਬਹੁਤ ਸਾਰੇ ਅਜਿਹੇ ਮਰੀਜ਼ ਵੀ ਮਿਲ ਜਾਂਦੇ ਹਨ ਜਿਨ੍ਹਾਂ ਵਿੱਚ ਥਾਇਰਾਇਡ ਟੈਸਟਾਂ ਵਿੱਚ ਤਾਂ ਨਹੀਂ ਆਉਂਦਾ ਪਰ ਉਨ੍ਹਾਂ ਦੇ ਲੱਛਣ ਥਾਈਰਾਇਡ ਵਾਲੇ ਹੀ ਹੁੰਦੇ ਹਨ ਅਜਿਹੇ ਕੇਸਾਂ ਵਿੱਚ ਐਂਟੀ ਟੀਪੀਓ ਅੈੰਟੀਬੌਡੀ (anti tpo antibody) ਟੈੱਸਟ ਲਾਹੇਵੰਦ ਰਹਿੰਦਾ ਹੈ ਜਿਸ ਦੇ ਰਾਹੀਂ ਪਤਾ ਲਗਾਇਆ ਜਾ ਸਕਦਾ ਹੈ ਕੀ ਇਸ ਮਰੀਜ਼ ਨੂੰ ਥਾਈਰਾਈਡ ਹੋ ਸਕਦਾ ਹੈ ਜਾਂ ਨਹੀਂ ਇਸ ਤੋਂ ਇਲਾਵਾ ਗਲੇ ਦੀ ਸਕੈਨ ਰਾਹੀਂ ਥਾਈਰਾਇਡ ਵਿੱਚ ਬਣ ਰਹੀਆਂ ਗਿਲਟੀਆਂ ਦੀ ਜਾਂਚ ਵੀ ਕਰਵਾਈ ਜਾ ਸਕਦੀ ਹੈ ।
ਅੰਤਰ
ਹਾਇਪਰਥਾਇਰਾਇਡ
1. ਭੁੱਖ ਜ਼ਿਆਦਾ ਲੱਗਣ ਦੇ ਬਾਵਜੂਦ ਵੀ ਸਰੀਰ ਸੁੱਕਦਾ ਜਾਂਦਾ ਹੈ।
2. ਨਬਜ਼ ਤੇਜ਼ ਚਲਦੀ ਹੈ।
3. ਗਰਮੀ ਸਹਿਣ ਨਹੀਂ ਹੁੰਦੀ।
4. ਆਵਾਜ਼ ਕੰਬਣ ਲੱਗ ਜਾਂਦੀ ਹੈ।
5. ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਖੱਲੀਆਂ ਪੈਣ ਲੱਗ ਜਾਂਦੀਆਂ ਹਨ।
6. ਪਸੀਨਾ ਜ਼ਿਆਦਾ ਆਉਣ ਲੱਗ ਜਾਂਦਾ ਹੈ।
ਹਾਇਪੋਥਾਇਰਾਇਡ
1. ਭੁੱਖ ਘੱਟ ਲੱਗਣ ਦੇ ਬਾਵਜੂਦ ਵੀ ਸਰੀਰ ਫੁੱਲਣ ਲੱਗ ਜਾਂਦਾ ਹੈ।
2. ਨਬਜ਼ ਹੌਲੀ ਚਲਦੀ ਹੈ।
3. ਠੰਡ ਜ਼ਿਆਦਾ ਲਗਦੀ ਹੈ।
4. ਆਵਾਜ਼ ਭਾਰੀ ਹੋ ਜਾਂਦੀ ਹੈ।
5. ਮਾਸਪੇਸ਼ੀਆਂ ਵਿਚ ਦਰਦ ਅਤੇ ਅਕੜਾ ਵਧ ਜਾਂਦਾ ਹੈ।
6. ਚਮੜੀ ਅਤੇ ਵਾਲ ਜ਼ਿਆਦਾਤਰ ਖ਼ੁਸ਼ਕ ਹੋ ਜਾਂਦੇ ਹਨ।
7. ਆਮ ਤੌਰ 'ਤੇ ਕਬਜ਼ ਰਹਿੰਦੀ ਹੈ।
ਇਲਾਜ : ਆਮ ਤੌਰ 'ਤੇ ਇਹ ਧਾਰਨਾ ਪਾਈ ਜਾਂਦੀ ਹੈ ਕਿ ਥਾਇਰਾਇਡ ਲਾ-ਇਲਾਜ ਹੁੰਦਾ ਹੈ। ਸਾਰੀ ਉਮਰ ਐਲਟਰੌਕਸਿਨ ਜਾਂ ਥਾਇਰਾਕਸਿਨ ਦੀਆਂ ਗੋਲੀਆਂ ਖਾਣੀਆਂ ਪੈਂਦੀਆਂ ਹਨ ਪਰ ਅਜਿਹਾ ਨਹੀਂ। ਹੋਮਿਓਪੈਥੀ ਵਿਚ ਬਹੁਤ ਸਾਰੀਆਂ ਦਵਾਈਆਂ ਅਜਿਹੀਆਂ ਹਨ, ਜੋ ਮਰੀਜ਼ ਦੇ ਸਰੀਰਕ ਅਤੇ ਮਾਨਸਿਕ ਲੱਛਣ ਦੇਖ ਕੇ ਦਿੱਤੀਆਂ ਜਾਂਦੀਆਂ ਹਨ ਅਤੇ ਰੋਗੀ ਠੀਕ ਹੋ ਜਾਂਦਾ ਹੈ।
ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ,
ਬਰਨਾਲਾ
-
ਡਾ. ਅਮਨਦੀਪ ਸਿੰਘ ਟੱਲੇਵਾਲੀਆ, ਹੋਮਿਓਪੈਥ ਸਪੈਸ਼ਲਿਸਟ
tallewalia@gmail.com
98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.