ਸੈਰ, ਬਿਮਾਰੀਆਂ ਤੋਂ ਬਚਾਉਣ ਵਾਲੀ ਅਤੇ ਬਿਮਾਰੀਆਂ ਨੂੰ ਠੀਕ ਕਰਨ ਵਾਲੀ ਕੁਦਰਤ ਦੀ ਇਕ ਅਜਿਹੀ 'ਦਵਾਈ' ਹੈ, ਜਿਸ 'ਤੇ ਕੋਈ ਟੈਕਸ ਨਹੀਂ ਲਗਦਾ। ਇਸਦਾ ਆਨੰਦ ਉਹੀ ਲੈ ਸਕਦਾ ਹੈ, ਜਿਸ ਨੇ 'ਸੈਰ' ਸ਼ਬਦ ਨਾਲ ਮੋਹ ਕੀਤਾ ਹੋਵੇ, ਜੋ ਅੰਦਰੋਂ ਜੁੜਿਆ ਹੋਵੇ। ਮਹਿਜ਼ ਇਕ ਜਾਂ ਦੋ ਦਿਨ ਤੁਰ ਕੇ ਲਾਹਾ ਭਾਲਣ ਵਾਲੇ ਲੋਕ ਸੈਰ ਦੇ ਸਹੀ ਅਰਥਾਂ ਤੋਂ ਅਣਜਾਣ ਹਨ। ਸੈਰ ਦਾ ਭਾਵ ਹੈ ਤੁਰਨਾ, ਭਾਵੇਂ ਘਰ ਦੀ ਛੱਤ 'ਤੇ ਤੁਰੋ ਜਾਂ ਲਾਅਨ ਵਿਚ ਜਾਂ ਪਾਰਕ ਵਿਚ। ਕਈ ਲੋਕ ਦੇਸ਼ਾਂ-ਵਿਦੇਸ਼ਾਂ ਵਿਚ ਜਾ ਕੇ ਘੁੰਮਣ-ਫਿਰਨ ਨੂੰ ਵੀ ਸੈਰ ਸਪਾਟਾ ਆਖ ਦਿੰਦੇ ਹਨ ਪਰ ਅੱਜ ਦਾ ਵਿਸ਼ਾ ਹੈ ਸਵੇਰ ਦੀ ਸੈਰ। ਸਵੇਰ ਦੀ ਸੈਰ ਦਾ ਆਪਣਾ ਹੀ ਮਹੱਤਵ ਹੈ। ਸਵੇਰ ਵੇਲੇ ਵਾਤਾਵਰਣ ਸ਼ਾਂਤ ਹੁੰਦਾ ਹੈ। ਨਾ ਗੱਡੀਆਂ ਦਾ ਸ਼ੋਰ, ਨਾ ਪ੍ਰਦੂਸ਼ਣ, ਤਾਜ਼ੀ ਹਵਾ ਸਾਹਾਂ ਨੂੰ ਨਸ਼ਿਆ ਦਿੰਦੀ ਹੈ। ਸੈਰ ਕਰਨ ਨਾਲ ਸਰੀਰ ਵਿਚ ਤਾਜ਼ਗੀ ਮਹਿਸੂਸ ਹੁੰਦੀ ਹੈ। ਆਲਸ ਦੂਰ ਹੋ ਜਾਂਦਾ ਹੈ ਕਿਉਂਕਿ ਤਾਜ਼ੀ ਹਵਾ ਵਿਚ ਆਕਸੀਜਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਆਕਸੀਜਨ ਹੀ ਜ਼ਿੰਦਗੀ ਦਾ ਧੁਰਾ ਹੈ। ਜ਼ਿੰਦਗੀ ਜਿਉਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ, ਜੋ ਸਵੇਰ ਦੀ ਸੈਰ ਕਰਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜਿਵੇਂ ਰੇਗਮਾਰ ਨਾਲ ਲੋਹੇ ਤੇ ਲੱਗੀ ਜੰਗਾਲ ਨੂੰ ਲਾਹਿਆ ਜਾਂਦਾ ਹੈ, ਉਸੇ ਤਰ੍ਹਾਂ ਸਵੇਰ ਦੀ ਸੈਰ ਕਰਨ ਨਾਲ ਸਰੀਰ ਵਿਚੋਂ ਜੰਗਾਲ ਉਤਰ ਜਾਂਦੀ ਹੈ ਅਤੇ ਸਰੀਰ ਤਰੋ-ਤਾਜ਼ਾ ਹੋ ਜਾਂਦਾ ਹੈ ਪਰ ਸਵੇਰ ਦੀ ਸੈਰ ਦਾ ਲਾਭ ਉਹੀ ਲੈ ਸਕਦੇ ਹਨ, ਜੋ ਰਾਤ ਨੂੰ ਵੇਲੇ ਸਿਰ ਸੌਂਦੇ ਹਨ ਅਤੇ ਸਵੇਰੇ ਅੰਮ੍ਰਿਤ ਵੇਲੇ ਉਠ ਕੇ ਸੈਰ ਕਰਦੇ ਹਨ ਪਰ ਅੱਜ ਦੇ ਦੌਰ ਵਿਚ ਨੌਜਵਾਨ ਮੁੰਡੇ-ਕੁੜੀਆਂ ਜੋ ਸੌਂਦੇ ਹੀ ਅੱਧੀ ਰਾਤ ਨੂੰ ਹਨ, ਉਹ ਸਵੇਰੇ ਕੀ ਉਠਣਗੇ, ਕੀ ਸੈਰ ਕਰਨਗੇ? ਸੈਰ ਕਰਨ ਤੋਂ ਪਹਿਲਾਂ ਪੂਰੀ ਨੀਂਦ ਲੈਣੀ ਵੀ ਜ਼ਰੂਰੀ ਹੁੰਦੀ ਹੈ।
ਜੇਕਰ ਪੂਰੀ ਨੀਂਦ ਲਏ ਬਿਨਾਂ ਸੈਰ ਕਰਨੀ ਸ਼ੁਰੂ ਕਰ ਦਿੱਤੀ ਜਾਵੇ ਤਾਂ ਉਸਦੇ ਉਲਟ ਅਸਰ ਹੋਣੇ ਸ਼ੁਰੂ ਹੋ ਜਾਂਦੇ ਹਨ। ਜਿਥੇ ਸੈਰ ਕਰਕੇ ਮਨ ਖਿੜ ਉਠਦਾ ਹੈ, ਉਥੇ ਜੇਕਰ ਉਨੀਂਦਰੇ ਵਿਚ ਉਠ ਕੇ ਸੈਰ ਕਰਨੀ ਸ਼ੁਰੂ ਕਰ ਦਿੱਤੀ ਜਾਵੇ ਤਾਂ ਮਨ ਖਿਝਿਆ-ਖਿਝਿਆ ਰਹਿਣ ਲੱਗ ਪੈਂਦਾ ਹੈ। ਨਾਲੇ ਸੈਰ ਕਰਨਾ ਕੋਈ ਮਜ਼ਬੂਰੀ ਨਹੀਂ ਹੁੰਦੀ। ਇਹ ਤਾਂ ਸ਼ੌਕ ਹੈ ਪਰ ਜਿਸਨੇ ਇਹ ਸ਼ੌਕ ਪਾਲ ਲਿਆ, ਮੰਨੋ ਉਹ ਤਾਂ ਸਾਰੀ ਉਮਰ ਬਿਮਾਰ ਨਹੀਂ ਹੁੰਦਾ। ਹਾਂ ਇਹ ਜ਼ਰੂਰ ਹੈ ਕਿ ਸੈਰ ਬਹੁਤੀ ਲੰਮੀ ਨਹੀਂ ਕਰਨੀ ਚਾਹੀਦੀ। ਬਹੁਤੀ ਲੰਮੀ ਸੈਰ ਕਰਨ ਨਾਲ ਵੀ ਗੋਡੇ ਘਸ ਜਾਂਦੇ ਹਨ। ਸੈਰ ਦੀ ਗਤੀ ਨਾ ਹੀ ਜ਼ਿਆਦਾ ਤੇਜ਼ ਹੋਵੇ ਅਤੇ ਨਾ ਹੀ ਜ਼ਿਆਦਾ ਹੌਲੀ ਹੋਣੀ ਚਾਹੀਦੀ ਹੈ। ਭੱਜਣਾ, ਵਗਣਾ ਅਤੇ ਤੁਰਨਾ ਵਿਚੋਂ 'ਵਗਣਾ' ਸ਼ਬਦ ਸੈਰ ਲਈ ਢੁੱਕਦਾ ਹੈ। ਸੈਰ ਕਰਨ ਲੱਗਿਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਸੈਰ ਇਕਾਗਰ ਚਿੱਤ ਹੋ ਕੇ ਕਰਨੀ ਚਾਹੀਦੀ ਹੈ। ਸੈਰ ਕਰਨ ਲੱਗਿਆਂ ਆਪਣਾ ਖ਼ਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਸੈਰ ਕਰਨ ਗਿਆਂ 'ਤੇ ਲੁੱਟ-ਖਸੁੱਟ ਕਰਨ ਵਾਲੇ ਹਮਲਾ ਕਰ ਦਿੰਦੇ ਹਨ ਜਾਂ ਕੁੱਤੇ ਵੱਢ ਲੈਂਦੇ ਹਨ। ਅੱਜਕੱਲ੍ਹ ਸ਼ਹਿਰਾਂ ਵਿਚ ਫਿਰਦੇ ਗਾਵਾਂ, ਢੱਠਿਆਂ ਦੇ ਵੱਗ ਵੀ ਕਈ ਵਾਰ ਪਿੱਛੇ ਪੈ ਜਾਂਦੇ ਹਨ। ਸੈਰ 'ਤੇ ਜਾਣ ਲੱਗਿਆਂ ਇਕੱਲੇ ਨਹੀਂ ਜਾਣਾ ਚਾਹੀਦਾ। ਚਾਰ ਜਣੇ ਰਲ ਕੇ ਜਾਣਾ ਚਾਹੀਦਾ ਹੈ। ਹੱਥ ਵਿਚ ਕੋਈ ਸੋਟੀ, ਡਾਂਗ ਲੈ ਕੇ ਜਾਣਾ ਜ਼ਰੂਰੀ ਹੁੰਦਾ ਹੈ। ਸੜਕ 'ਤੇ ਸੈਰ ਨਹੀਂ ਕਰਨੀ ਚਾਹੀਦੀ। ਪਤਾ ਨਹੀਂ ਕਦੋਂ ਕੋਈ ਅਧਸੁੱਤਾ ਡਰਾਈਵਰ ਤੁਹਾਡੇ ਉੱਤੇ ਗੱਡੀ ਚਾੜ੍ਹ ਦੇਵੇ। ਸੈਰ ਕਰਨ ਲੱਗਿਆਂ ਕੋਈ ਖਾਲੀ ਪਹਾ, ਪਗਡੰਡੀ ਦੀ ਚੋਣ ਸਭ ਤੋਂ ਵਧੀਆ ਹੁੰਦੀ ਹੈ ਜਾਂ ਜੇਕਰ ਕੋਈ ਨਾਲ ਨਾ ਜਾਣ ਵਾਲਾ ਹੋਵੇ ਤਾਂ ਘਰ ਦਾ ਵਿਹੜਾ ਜਾਂ ਘਰ ਦੀ ਛੱਤ ਹੀ ਸੈਰ ਕਰਨ ਦੀ ਸਭ ਤੋਂ ਵਧੀਆ ਥਾਂ ਹੁੰਦੀ ਹੈ। ਸੈਰ ਕਦੇ ਵੀ ਖਿਝ ਕੇ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਸੈਰ ਦਾ ਫ਼ਲ ਨਾਲ ਦੀ ਨਾਲ ਭਾਲਣਾ ਚਾਹੀਦਾ ਹੈ ਕਿਉਂਕਿ ਅਸੀਂ ਬੀਜਦੇ ਕਦੋਂ ਹਾਂ ਤੇ ਵੱਢਦੇ ਕਦੋਂ ਹਾਂ। ਇਸੇ ਤਰ੍ਹਾਂ ਸੈਰ ਕਰਨ ਦਾ ਫ਼ਲ ਪ੍ਰਾਪਤ ਜ਼ਰੂਰ ਹੁੰਦਾ ਹੈ ਪਰ ਇਹ ਨਹੀਂ ਕਿ ਨਾਲ ਦੀ ਨਾਲ ।ਕਈ ਲੋਕ ਦਸ ਕੁ ਦਿਨ ਸੈਰ ਕਰਕੇ ਇਹ ਕਹਿ ਕੇ ਸੈਰ ਕਰਨੀ ਛੱਡ ਦਿੰਦੇ ਹਨ ਕਿ ਯਾਰ ਕੋਈ ਫ਼ਾਇਦਾ ਤਾਂ ਹੋਇਆ ਨਹੀਂ। ਐਵੇਂ ਟੱਕਰਾਂ ਮਾਰਦੇ ਹਾਂ। ਸੈਰ ਕੋਈ ਟੱਕਰਾਂ ਮਾਰਨ ਵਾਲਾ ਕੰਮ ਨਹੀਂ, ਇਹ ਤਾਂ ਸ਼ੌਕ ਹੈ। ਇਸ ਸ਼ੌਕ ਨੂੰ ਪੂਰਾ ਕਰਨ ਲਈ ਅਨੁਸਾਸ਼ਨ ਵਿਚ ਬੱਝਣਾ ਪੈਂਦਾ ਹੈ। ਫਿਰ ਸੈਰ ਦਾ ਫ਼ਲ ਪ੍ਰਾਪਤ ਹੁੰਦਾ ਹੈ।
ਸੈਰ ਕਰਨ ਲੱਗਿਆਂ ਕਾਹਲ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਸੈਰ ਨੂੰ ਮਜ਼ਬੂਰੀ ਸਮਝ ਕੇ ਕਰਨਾ ਚਾਹੀਦਾ ਹੈ। ਸੈਰ ਕਰਦੇ ਸਮੇਂ ਫੋਨ ਨਹੀਂ ਸੁਣਨਾ ਚਾਹੀਦਾ, ਸਗੋਂ ਕਾਦਰ ਦੀ ਕੁਦਰਤ ਨਾਲ ਇਕ-ਮਿਕ ਹੋ ਕੇ ਉਸਦੀ ਸਿਫ਼ਤ-ਸਲਾਹ ਕਰਨੀ ਚਾਹੀਦੀ ਹੈ।
ਦਿਲ ਦੇ ਮਰੀਜ਼ਾਂ ਲਈ ਜ਼ਿਆਦਾ ਸਰਦੀਆਂ ਵਿੱਚ ਸੈਰ ਕਰਨੀ ਹਾਨੀਕਾਰਕ ਹੁੰਦੀ ਹੈ ।ਜਿਨ੍ਹਾਂ ਲੋਕਾਂ ਦੇ ਪਲੇਟਲੈਟ ਸੈੱਲ ਘੱਟ ਜਾਂਦੇ ਹਨ ਉਨ੍ਹਾਂ ਨੂੰ ਜ਼ਿਆਦਾ ਗਰਮੀ ਵਿੱਚ ਜਿਵੇਂ ਕਿ ਹੁਣ ਹੁੰਮਸ ਦਾ ਮੌਸਮ ਚੱਲ ਰਿਹਾ ਹੈ ਸੈਰ ਨਹੀਂ ਕਰਨੀ ਚਾਹੀਦੀ ਜਿਨ੍ਹਾਂ ਦੇ ਗੋਡੇ ਘਸ ਗਏ ਹੋਣ ਜਾਂ ਜਿਨ੍ਹਾਂ ਦੇ ਗੋਡਿਆਂ ਦਾ ਗਰੀਸ ਘਟ ਗਿਆ ਹੋਵੇ ਉਨ੍ਹਾਂ ਨੂੰ ਸੈਰ ਬਹੁਤ ਘੱਟ ਕਰਨੀ ਚਾਹੀਦੀ ਹੈ ਇਸ ਤੋਂ ਉਲਟ ਜਿਨ੍ਹਾਂ ਦੇ ਗੋਡੇ ਜਾਮ ਹੋ ਰਹੇ ਹੋਣ ਉਨ੍ਹਾਂ ਲਈ ਸੈਰ ਹੀ ਇੱਕੋ ਇੱਕ ਇਲਾਜ ਹੈ ।
ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ, ਬਰਨਾਲਾ
-
ਡਾ. ਅਮਨਦੀਪ ਸਿੰਘ ਟੱਲੇਵਾਲੀਆ , ਹੋਮਿਓਪੈਥ ਸਪੈਸ਼ਲਿਸਟ
tallewalia@gmail.com
98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.