ਜਮਾਂਦਰੂ ਬਿਮਾਰੀਆਂ ਕਿਉਂ ਹੁੰਦੀਆਂ ਹਨ ? ਜਾਣੋ ਡਾ. ਅਮਨਦੀਪ ਸਿੰਘ ਟੱਲੇਵਾਲੀਆ ਤੋਂ
ਉਹ ਬਿਮਾਰੀਆਂ ਜੋ ਜਨਮ ਤੋਂ ਹੀ ਹੁੰਦੀਆਂ ਹਨ, ਉਨ੍ਹਾਂ ਨੂੰ ਅਸੀਂ ਜਮਾਂਦਰੂ ਬਿਮਾਰੀਆਂ ਦਾ ਨਾਂਅ ਦਿੰਦੇ ਹਾਂ। ਅਜਿਹੀਆਂ ਬਿਮਾਰੀਆਂ ਕਾਰਨ ਕਈ ਵਾਰ ਤਾਂ ਬੱਚਾ ਮਰਿਆ ਹੋਇਆ ਹੀ ਜਨਮ ਲੈਂਦਾ ਹੈ ਜਾਂ ਜਨਮ ਲੈਣ ਸਾਰ ਬੱਚੇ ਦੀ ਮੌਤ ਹੋ ਜਾਂਦੀ ਹੈ ਪਰ ਜਿਹੜੇ ਬੱਚੇ ਜਿਉਂਦੇ ਰਹਿੰਦੇ ਹਨ, ਉਨ੍ਹਾਂ ਦੀ ਉਹੀਓ ਜਾਣਦੇ ਨੇ, ਜੋ ਸਾਰੀ ਉਮਰ ਨਰਕਾਂ ਦੇ ਭਾਗੀ ਬਣ ਕੇ ਜਿਉਂਦੇ ਹਨ। ਅੰਨ੍ਹੇ, ਕਾਣੇ, ਗੂੰਗੇ, ਬਹਿਰੇ, ਲੰਗੜੇ ਜਾਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਪੀੜਤ ਬੱਚੇ ਜੋ ਅਸੀਂ ਰੋਜ਼ਾਨਾ ਦੀ ਜ਼ਿੰਦਗੀ 'ਚ ਵੇਖਦੇ ਹਾਂ, ਉਨ੍ਹਾਂ ਪਿੱਛੇ ਕੋਈ ਕਾਰਨ ਜ਼ਰੂਰ ਹੁੰਦਾ ਹੈ। ਆਓ, ਜ਼ਰਾ ਗੌਰ ਨਾਲ ਦੇਖੀਏ ਕਿ ਜਮਾਂਦਰੂ ਬਿਮਾਰੀਆਂ ਕਿਉਂ ਹੁੰਦੀਆਂ ਹਨ।
ਬੱਚੇ ਦੇ ਵਿਕਾਸ ਵਿਚ ਵਾਤਾਵਰਣ ਦਾ ਅਹਿਮ ਯੋਗਦਾਨ ਹੈ। ਜਨਮ ਤੋਂ ਬਾਅਦ ਬੱਚੇ ਦਾ ਆਲਾ-ਦੁਆਲਾ, ਘਰ ਦਾ ਮਾਹੌਲ, ਰਹਿਣ-ਸਹਿਣ, ਜੋ ਅਸਰ ਬੱਚੇ 'ਤੇ ਛੱਡਦੇ ਹਨ, ਬੱਚਾ ਉਸੇ ਅਨੁਸਾਰ ਹੀ ਢਲਦਾ ਹੈ ਅਤੇ ਉਸ ਹਿਸਾਬ ਨਾਲ ਹੀ ਉਸਨੂੰ ਬਿਮਾਰੀਆਂ ਲਗਦੀਆਂ ਹਨ ਪਰ ਜਨਮ ਤੋਂ ਪਹਿਲਾਂ ਬੱਚੇ ਦਾ ਵਾਤਾਵਰਣ ਸਿਰਫ਼ ਅਤੇ ਸਿਰਫ਼ 'ਮਾਂ ਦੀ ਕੁੱਖ' ਹੁੰਦੀ ਹੈ। ਜਿਹੋ ਜਿਹਾ ਕੁੱਖ ਦਾ ਵਾਤਾਵਰਣ ਹੋਵੇਗਾ, ਬੱਚਾ ਉਸ ਅਨੁਸਾਰ ਹੀ ਢਲੇਗਾ। ਅੱਜ ਹੀ ਨਹੀਂ, ਬਲਕਿ ਪੁਰਾਤਨ ਸਮੇਂ ਤੋਂ ਸੁਣਦੇ ਆ ਰਹੇ ਹਾਂ ਕਿ ਬੱਚੇ ਦੇ ਜਨਮ ਸਮੇਂ ਉਸਦੇ ਸਿੰਗ ਸਨ, ਕਿਸੇ ਬੱਚੇ ਦੇ ਦੋ ਮੂੰਹ ਸਨ ਜਾਂ ਬਿਨਾਂ ਸਿਰ ਤੋਂ ਬੱਚਾ ਸੀ, ਵਗੈਰਾ। ਜਿਸਨੂੰ ਅਸੀਂ ਵਿਗਿਆਨਕ ਨਜ਼ਰੀਏ ਤੋਂ ਪਿਛਾਂਹ ਹਟ ਕੇ ਸਿਰਫ਼ ਵਹਿਮਾਂ-ਭਰਮਾਂ ਦੇ ਚੱਕਰਾਂ ਵਿਚ ਪੈ ਜਾਂਦੇ ਹਾਂ ਪਰ ਅਸੀਂ ਇਨ੍ਹਾਂ ਪਿੱਛੇ ਕਿਸੇ ਵਿਗਿਆਨਕ ਸੱਚਾਈ ਦੀ ਹੋਂਦ ਤੋਂ ਕਿਨਾਰਾ ਕਰ ਜਾਂਦੇ ਹਾਂ।
ਕੁਝ ਜਮਾਂਦਰੂ ਬਿਮਾਰੀਆਂ ਤਾਂ ਜੱਦੀ-ਪੁਸ਼ਤੀ ਹੁੰਦੀਆਂ ਹਨ, ਜੋ ਬੱਚੇ ਦੇ ਮਾਂ-ਪਿਉ, ਦਾਦਕੇ ਜਾਂ ਨਾਨਕੇ ਪਰਿਵਾਰ ਦੇ ਖ਼ੂਨ ਵਿਚ ਹੁੰਦੀਆਂ ਹਨ, ਜੋ ਜੀਨਜ਼ (Genes) ਰਾਹੀਂ ਇਕ ਦੂਸਰੇ ਵਿਚ ਫੈਲਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿਚ ਹੀਮੋਫਿਲੀਆ (Haemophilia) ਪੌਲੀ ਸਿਸਟਕ ਕਿਡਨੀ ਡੀਸੀਜ਼ (Poly Cystic Kidney Disease) ਏਡਜ਼, ਹੈਪਾਟਾਈਟਸ ਵਗੈਰਾ, ਪਰ ਅੱਜਕੱਲ੍ਹ ਜੋ ਬਿਮਾਰੀਆਂ ਆਮ ਵੇਖਣ ਵਿਚ ਆ ਰਹੀਆਂ ਹਨ, ਉਨ੍ਹਾਂ ਵਿਚ ਸਪਾਈਨਾ ਬਾਈਫਿਡਾ (Spina Bifida), ਸਿਰ ਵਿਚ ਪਾਣੀ ਪੈਣਾ (Hydrocephalus), ਦਿਲ ਦੇ ਛੇਕ (Congenital Heart Disease) (Down's syndrome) ਆਦਿਕ ਮੁੱਖ ਰੂਪ ਵਿਚ ਪਾਈਆਂ ਜਾਣ ਵਾਲੀਆਂ ਜਮਾਂਦਰੂ ਬਿਮਾਰੀਆਂ ਹਨ। ਇਸੇ ਪ੍ਰਕਾਰ ਬਲੱਡ ਕੈਂਸਰ, ਸ਼ੂਗਰ ਆਦਿਕ ਬਿਮਾਰੀਆਂ ਵੀ ਜਮਾਂਦਰੂ ਹੋ ਸਕਦੀਆਂ ਹਨ।
ਇਸਤੋਂ ਇਲਾਵਾ ਜਮਾਂਦਰੂ ਬਿਮਾਰੀਆਂ ਦਾ ਮੁੱਖ ਕਾਰਨ ਮਾਂ ਦੀ ਕੁੱਖ ਦੇ ਵਾਤਾਵਰਣ ਦਾ ਪ੍ਰਦੂਸ਼ਿਤ ਹੋਣਾ ਹੈ। ਹੁਣ ਸਵਾਲ ਇਹ ਉਠਦਾ ਹੈ ਕਿ 'ਮਾਂ ਦੀ ਕੁੱਖ' ਕਿਉਂ ਪ੍ਰਦੂਸ਼ਿਤ ਹੁੰਦੀ ਹੈ। ਅੱਜਕੱਲ੍ਹ ਗਰਭ ਰੋਕੂ ਕੈਪਸੂਲ, ਗੋਲੀਆਂ, ਟੀਕੇ, ਕਾਪਰ-ਟੀ ਅਤੇ ਵਾਰ-ਵਾਰ ਸਫ਼ਾਈਆਂ ਕਰਵਾਉਣ ਨਾਲ ਬੱਚੇਦਾਨੀ ਵਿਚ ਸੋਜਿਸ਼ ਆਉਣ ਲੱਗ ਜਾਂਦੀ ਹੈ। ਫਿਰ ਪਾਣੀ ਪੈਣ ਲੱਗ ਜਾਂਦਾ ਹੈ ਅਤੇ ਬੱਚੇਦਾਨੀ ਕਮਜ਼ੋਰ ਹੋ ਜਾਂਦੀ ਹੈ। ਕਮਜ਼ੋਰ ਅਤੇ ਪ੍ਰਦੂਸ਼ਿਤ ਬੱਚੇਦਾਨੀ ਵਿਚ ਪਲ ਰਿਹਾ ਬੱਚਾ ਵੀ ਕਮਜ਼ੋਰ ਅਤੇ ਬਿਮਾਰ ਹੁੰਦਾ ਹੈ।ਕਈ ਵਾਰ ਬੱਚੇਦਾਨੀ ਦੀ ਜ਼ਿਆਦਾ ਇਨਫੈਕਸ਼ਨ ਕਾਰਨ ਬੱਚੇ ਦਾ ਦਮ ਘੁਟਣ ਲੱਗਦਾ ਹੈ ਅਤੇ ਬੱਚਾ ਦਮ ਤੋੜ ਦਿੰਦਾ ਹੈ।
ਇਕ ਹੋਰ ਸਭ ਤੋਂ ਵੱਡਾ ਕਾਰਨ ਜਿਸਨੂੰ ਪਦਾਰਥਵਾਦੀ ਲੋਕ ਤਾਂ ਮੰਨਣ ਤੋਂ ਇਨਕਾਰ ਕਰ ਦਿੰਦੇ ਹਨ ਪਰ ਮਾਹਿਰਾਂ ਅਨੁਸਾਰ ਉਹ ਮਾਵਾਂ ਜੋ ਗਰਭ ਦੌਰਾਨ ਬਹੁਤ ਮਾਨਸਿਕ ਪੀੜਾਂ ਸਹਿੰਦੀਆਂ ਹਨ, ਜਿਵੇਂ ਕਿ ਗਰਭ ਦੌਰਾਨ ਪਰਿਵਾਰਕ ਮਾਹੌਲ 'ਚ ਤਣਾਅ, ਕਿਸੇ ਅਣਸੁਖਾਵੀਂ ਘਟਨਾ ਦਾ ਵਾਪਰ ਜਾਣਾ ਜਾਂ ਕੋਈ ਨੁਕਸਾਨ ਹੋਣਾ, ਇਨ੍ਹਾਂ ਸਾਰੀਆਂ ਗੱਲਾਂ ਦਾ ਸਿੱਧਾ ਪ੍ਰਭਾਵ ਕੁੱਖ ਵਿਚ ਪਲ ਰਹੇ ਬੱਚੇ 'ਤੇ ਪੈਂਦਾ ਹੈ।
ਜਿਹੜੀਆਂ ਮਾਵਾਂ ਗਰਭ ਦੌਰਾਨ ਬਹੁਤੀਆਂ ਦਵਾਈਆਂ ਦਾ ਇਸਤੇਮਾਲ ਕਰਦੀਆਂ ਹਨ, ਉਹ ਵੀ ਜਮਾਂਦਰੂ ਬਿਮਾਰੀਆਂ ਨੂੰ ਪੈਦਾ ਕਰਨ ਦੀਆਂ ਜ਼ਿੰਮੇਵਾਰ ਹੁੰਦੀਆਂ ਹਨ। ਗਰਭ ਦੌਰਾਨ ਉਲਟੀਆਂ, ਜੀਅ ਕੱਚਾ, ਵੱਤ ਆਉਣੇ, ਹਲਕਾ ਪੇਟ ਦਰਦ ਇਹ ਆਮ ਜਾਂ ਕਹਿ ਲਓ ਕੁਦਰਤੀ ਗੱਲਾਂ ਹੁੰਦੀਆਂ ਹਨ ਪਰ ਜਿਹੜੀਆਂ ਮਾਵਾਂ ਇਨ੍ਹਾਂ ਪੀੜਾਂ ਨੂੰ ਝੱਲਣ ਤੋਂ ਇਨਕਾਰੀ ਹੋ ਜਾਂਦੀਆਂ ਹਨ, ਉਨ੍ਹਾਂ ਦੇ ਬੱਚੇ ਸਾਰੀ ਉਮਰ ਨਾਲੇ ਆਪ ਪੀੜਾਂ ਸਹਿੰਦੇ ਹਨ ਅਤੇ ਨਾਲੇ ਮਾਂ-ਬਾਪ ਨੂੰ ਪੀੜਾਂ ਦਾ ਪਰਾਗਾ ਤਿਆਰ ਕਰਕੇ ਉਨ੍ਹਾਂ ਦੀ ਝੋਲੀ ਵਿਚ ਪਾ ਦਿੰਦੇ ਹਨ।
ਜਨਮ ਲੈਣ ਸਮੇਂ ਡਾਕਟਰਾਂ ਜਾਂ ਨਰਸਾਂ ਵੱਲੋਂ ਵਰਤੀ ਗਈ ਮਾਮੂਲੀ ਅਣਗਹਿਲੀ ਕਾਰਨ ਵੀ ਬਹੁਤ ਵੱਡੇ ਜ਼ੋਖ਼ਮ ਉਠਾਉਣੇ ਪੈ ਸਕਦੇ ਹਨ। ਜਨਮ ਤੋਂ ਤੁਰੰਤ ਬਾਅਦ ਬੱਚੇ ਦਾ ਰੋਣਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਜਿਹੜੇ ਬੱਚੇ ਪ੍ਰਦੂਸ਼ਿਤ ਕੁੱਖ ਵਿਚ ਪਲੇ ਹੁੰਦੇ ਹਨ, ਉਹ ਦੇਰ ਨਾਲ ਰੋਂਦੇ ਹਨ। ਇਸੇ ਕਾਰਨ ਉਨ੍ਹਾਂ ਦੇ ਦਿਮਾਗ ਵਿਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਅਤੇ ਬੱਚੇ ਉਮਰ ਭਰ ਲਈ ਨਕਾਰਾ ਹੋ ਜਾਂਦੇ ਹਨ।ਸੈਰੀਬਰਲ ਪਾਲਸੀ ਨਾਂ ਦੀ ਬੀਮਾਰੀ ਨਾਲ ਪੀੜਤ ਬੱਚਿਆਂ ਦੀ ਗਿਣਤੀ ਵਿਚ ਦਿਨੋ ਦਿਨ ਵਾਧਾ ਹੋ ਰਿਹਾ ਹੈ ਜਿਸ ਦਾ ਕਿ ਮੈਡੀਕਲ ਸਾਇੰਸ ਕੋਲ ਹਾਲੇ ਤੱਕ ਕੋਈ ਹੱਲ ਨਹੀਂ ।
ਹੋਮਿਓਪੈਥੀ ਵਿੱਚ ਬਹੁਤ ਸਾਰੀਆਂ ਅਜਿਹੀਆਂ ਦਵਾਈਆਂ ਹਨ ਜਿਨ੍ਹਾਂ ਨਾਲ ਰੋਗ ਦੀ ਤੀਬਰਤਾ ਘਟ ਸਕਦੀ ਹੈ ਅਤੇ ਰੋਗੀ ਸੁੱਖ ਦਾ ਸਾਹ ਲੈ ਸਕਦਾ ਹੈ ।
ਅਖ਼ੀਰ ਵਿਚ ਇਹੀ ਕਹਿਣਾ ਵਾਜਿਬ ਹੋਵੇਗਾ ਕਿ ਹਰੇਕ ਬਿਮਾਰੀ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ। ਉਸਨੂੰ ਸਿਰਫ਼ ਪੂਰਬਲੇ ਕਰਮਾਂ ਦਾ ਫਲ ਸਮਝ ਕੇ ਅਸੀਂ ਆਪਣੇ ਆਪ ਨੂੰ ਦੋਸ਼ੀ ਹੋਣ ਤੋਂ ਇਨਕਾਰ ਕਰਦੇ ਹਾਂ। ਇਨ੍ਹਾਂ ਸਥਿਤੀਆਂ ਤੋਂ ਬਚਣ ਲਈ ਗਰਭ ਦੌਰਾਨ ਘਰ ਦਾ ਮਾਹੌਲ ਖ਼ੁਸ਼ਗਵਾਰ ਰੱਖੋ, ਸਵੇਰੇ ਉਠ ਕੇ ਸੈਰ ਕਰੋ, ਪਾਣੀ ਜ਼ਿਆਦਾ ਪੀਓ, ਬਹੁਤੀਆਂ ਤੇਜ਼ ਦਵਾਈਆਂ ਦੀ ਵਰਤੋਂ ਤੋਂ ਗੁਰੇਜ਼ ਕਰੋ, ਆਪਣੀ ਖੁਰਾਕ ਸੰਤੁਲਿਤ ਰੱਖੋ ਤਾਂ ਕਿ ਤੁਹਾਡੀ ਆਉਣ ਵਾਲੀ ਸੰਤਾਨ ਨੂੰ ਤੁਹਾਡੀਆਂ ਗਲਤੀਆਂ ਦਾ ਖ਼ਮਿਆਜ਼ਾ ਨਾ ਭੁਗਤਣਾ ਪਵੇ।
ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ,
ਬਰਨਾਲਾ
-
ਡਾ. ਅਮਨਦੀਪ ਸਿੰਘ ਟੱਲੇਵਾਲੀਆ, ਹੋਮਿਓਪੈਥਿਕ ਡਾਕਟਰ, ਬਰਨਾਲਾ
tallewalia@gmail.com
98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.