ਟਾਈਫਾਇਡ ਇਕ ਅਜਿਹੇ ਰੋਗ ਦਾ ਨਾਂਅ ਹੈ, ਜਿਹੜਾ ਸਾਲਾਂ ਬੱਧੀ ਠੀਕ ਹੋਣ ਵਿਚ ਨਹੀਂ ਆਉਂਦਾ। ਅਗਰ ਇਸ ਰੋਗ ਦਾ ਸਹੀ ਇਲਾਜ ਨਾ ਕਰਵਾਇਆ ਜਾਵੇ ਤਾਂ ਹਰ ਸਾਲ ਉਸੇ ਸਮੇਂ ਹੋਣ ਦੀ ਟਕ ਪਾਲ ਲੈਂਦਾ ਹੈ।
ਟਾਈਫਾਇਡ ਅੰਤੜੀਆਂ ਦੀ ਇਨਫੈਕਸ਼ਨ ਤੋਂ ਹੋਣ ਵਾਲੇ ਬੁਖਾਰ ਦਾ ਨਾਮ ਹੈ, ਜਿਹੜਾ ਸਾਲਮੋਨੈਲਾ ਟਾਈਫੋਸਾ ਨਾਂਅ ਦੇ ਜੀਵਾਣੂ ਦੇ ਹਮਲੇ ਤੋਂ ਬਾਅਦ ਹੁੰਦਾ ਹੈ, ਜੋ ਕਿ ਬਾਹਰਲੀਆਂ ਖਾਣ-ਪੀਣ ਵਾਲੀਆਂ ਅਣਢਕੀਆਂ ਅਤੇ ਅਣਪੱਕੀਆਂ ਵਸਤਾਂ ਜਾਂ ਗੰਦੇ ਮੰਦੇ ਪਾਣੀ ਰਾਹੀਂ ਸਾਡੀਆਂ ਅੰਤੜੀਆਂ ਵਿਚ ਚਲਾ ਜਾਂਦਾ ਹੈ। ਆਮ ਤੌਰ 'ਤੇ ਵਿਆਹ-ਸ਼ਾਦੀਆਂ, ਪ੍ਰੋਗਰਾਮਾਂ ਜਾਂ ਰੈਸਟੋਰੈਂਟਾਂ, ਮੈਰਿਜ ਪੈਲੇਸਾਂ ਵਿਚ ਜਿਥੇ ਸਾਫ ਸਫਾਈ ਦਾ ਪ੍ਰਬੰਧ ਨਹੀਂ ਹੁੰਦਾ ਜਾਂ ਪੀਣ ਵਾਲੇ ਪਾਣੀ ਵਿਚ ਪਾਣੀ ਵਰਤਾਉਣ ਵਾਲੇ ਆਪਣੇ ਹੱਥ ਘਚੋਲ ਜਾਂਦੇ ਹਨ। ਅਜਿਹੀਆਂ ਸਥਿਤੀਆਂ ਟਾਈਫਾਇਡ ਨੂੰ ਜਨਮ ਦਿੰਦੀਆਂ ਹਨ।
ਮੂੰਹ ਰਾਹੀਂ ਇਹ ਜੀਵਾਣੂ ਅੰਤੜੀਆਂ ਵਿਚ ਚਲਿਆ ਜਾਂਦਾ ਹੈ। ਅੰਤੜੀਆਂ ਵਿਚ ਆਪਣਾ ਘਰ ਪਾ ਕੇ ਇਹ ਹੌਲੀ-ਹੌਲੀ ਸਰੀਰ 'ਤੇ ਹਮਲਾ ਕਰਦਾ ਹੈ ਪਰ ਖੂਨ ਵਿਚ ਇਹ ਲਗਭਗ ਇਕ ਹਫਤੇ ਤੋਂ ਬਾਅਦ ਪ੍ਰਗਟ ਹੁੰਦਾ ਹੈ। ਉਸ ਤੋਂ ਪਹਿਲਾਂ ਇਸ ਦੇ ਲੱਛਣ ਸਰੀਰ ਵਿਚ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ।
ਲੱਛਣ - ਕਈ ਹਾਲਤਾਂ ਵਿਚ ਤਾਂ ਬੁਖਾਰ ਹੁੰਦਾ ਹੀ ਨਹੀਂ। ਮਰੀਜ਼ ਸਿਰਫ ਸਰੀਰ ਟੁੱਟਣ ਦਾ ਜ਼ਿਕਰ ਹੀ ਕਰਦਾ ਹੈ। ਮਰੀਜ਼ ਡਾਕਟਰ ਨੂੰ ਇਸ ਤਰ੍ਹਾਂ ਸੰਬੋਧਨ ਹੁੰਦਾ ਹੈ, ਡਾਕਟਰ ਸਾਹਿਬ ਕਈ ਦਿਨਾਂ ਤੋਂ ਸਰੀਰ ਥੱਕਿਆ-ਟੁੱਟਿਆ ਰਹਿੰਦਾ ਹੈ। ਲੱਤਾਂ ਵਿਚੋਂ ਰੁੱਗ ਨਿਕਲਦੇ ਹਨ। ਭੁੱਖ ਜਾਂ ਤਾਂ ਬਿਲਕੁਲ ਹੀ ਨਹੀਂ ਲੱਗਦੀ ਜਾਂ ਫਿਰ ਖੋਹ ਪੈਣ ਲੱਗ ਪੈਂਦੀ ਹੈ ਪਰ ਖਾਣਾ ਖਾਣ ਸਾਰ ਸਰੀਰ ਟੁੱਟਣ ਲੱਗ ਜਾਂਦਾ ਹੈ। ਜਦ ਥਰਮਾਮੀਟਰ ਲਾ ਕੇ ਦੇਖਦੇ ਹਾਂ ਤਾਂ ਤਾਪਮਾਨ ਘੱਟ ਹੁੰਦਾ ਹੈ।
ਅਜਿਹੀ ਸਥਿਤੀ ਨੂੰ ਆਮ ਤੌਰ 'ਤੇ ਪਿੰਡਾਂ ਵਾਲੇ 'ਠੰਢੇ ਪਿੰਡੇ' ਟਾਈਫਾਇਡ ਦਾ ਨਾਮ ਦਿੰਦੇ ਹਨ। ਅਸੂਲਨ ਟਾਈਫਾਇਡ ਵਿਚ ਬੁਖਾਰ ਥੋੜ੍ਹਾ ਥੋੜ੍ਹਾ ਰਹਿੰਦਾ ਹੀ ਹੈ। ਕਦੇ ਵੀ ਜ਼ਿਆਦਾ ਟੁੱਟ ਕੇ ਨਹੀਂ ਚੜ੍ਹਦਾ ਅਤੇ ਨਾ ਹੀ ਨਾਰਮਲ ਹੁੰਦਾ ਹੈ। ਇਸੇ ਕਰਕੇ ਸਰੀਰ ਥੱਕਿਆ-ਥੱਕਿਆ ਮਹਿਸੂਸ ਹੁੰਦਾ ਹੈ। ਮੂੰਹ ਦਾ ਸੁਆਦ ਕੌੜਾ ਰਹਿੰਦਾ ਹੈ ਅਤੇ ਪੇਟ ਭਾਰਾ-ਭਾਰਾ ਰਹਿੰਦਾ ਹੈ ।
ਟਾਈਫਾਇਡ ਜ਼ਿਆਦਾਤਰ ਗਰਮੀਆਂ ਵਿਚ ਹੁੰਦਾ ਹੈ ਪਰ ਜਿਹੜੇ ਲੋਕ ਟਾਈਫਾਇਡ ਕੈਰੀਅਰ ਹੁੰਦੇ ਹਨ, ਉਨ੍ਹਾਂ ਨੂੰ ਜਦ ਵੀ ਬੁਖਾਰ ਹੁੰਦਾ ਹੈ, ਉਹ ਟਾਈਫਾਇਡ ਦਾ ਰੂਪ ਲੈ ਜਾਂਦਾ ਹੈ।
ਟਾਈਫਾਇਡ ਦਾ ਨਾਮ ਟਾਈਫਾਇਡ ਇਸੇ ਕਰਕੇ ਰੱਖਿਆ ਹੈ ਕਿਉਂਕਿ ਇਹ ਦਿਮਾਗੀ ਸੈੱਲਾਂ ਉਪਰ ਅਜਿਹਾ ਪ੍ਰਭਾਵ ਪਾਉਂਦਾ ਹੈ ਕਿ ਰੋਗੀ ਨੀਮ ਬੇਹੋਸ਼ੀ ਦੀ ਹਾਲਤ ਵਿਚ ਚਲਾ ਜਾਂਦਾ ਹੈ ਪਰ ਅਜਿਹੀਆਂ ਸਥਿਤੀਆਂ ਲੰਮੇ ਅਰਸੇ ਬਾਅਦ ਉਤਪੰਨ ਹੁੰਦੀਆਂ ਹਨ।
ਟਾਈਫਾਇਡ ਸਰੀਰ ਨੂੰ ਇਸ ਹੱਦ ਤੱਕ ਕਮਜ਼ੋਰ ਕਰ ਦਿੰਦਾ ਹੈ ਕਿ ਹੱਡੀਆਂ ਵਿਚੋਂ ਕੜ-ਕੜ ਦੀ ਆਵਾਜ਼ ਆਉਣ ਲੱਗ ਜਾਂਦੀ ਹੈ। ਪੱਠਿਆਂ ਵਿਚ ਦਰਦ ਰਹਿਣ ਲੱਗ ਜਾਂਦਾ ਹੈ। ਅਗਰ ਟਾਈਫਾਇਡ ਦਾ ਸਹੀ ਇਲਾਜ ਨਾ ਕਰਵਾਇਆ ਜਾਵੇ ਤਾਂ ਦੰਦ, ਨਹੁੰ ਅਤੇ ਹੱਡੀਆਂ ਭੁਰਨ ਤੱਕ ਦੀ ਵੀ ਨੌਬਤ ਆ ਸਕਦੀ ਹੈ ਪਰ ਅਜਿਹੀਆਂ ਸਥਿਤੀਆਂ ਬਹੁਤ ਲੰਮੇ ਸਮੇਂ ਬਾਅਦ ਪੈਦਾ ਹੁੰਦੀਆਂ ਹਨ। ਟਾਈਫਾਇਡ ਤੋਂ ਬਾਅਦ ਵਾਲਾਂ ਦਾ ਝੜਨਾ ਆਮ ਗੱਲ ਹੈ।
ਟਾਈਫਾਇਡ ਦੇ ਰੋਗੀ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਜਾਂਦੇ ਹਨ ਕਿਉਂਕਿ ਜਦੋਂ ਕਿਸੇ ਰੋਗੀ ਤੋਂ ਸਰੀਰਕ ਕਮਜ਼ੋਰੀ ਕਾਰਨ ਰੋਜ਼ਾਨਾ ਜ਼ਿੰਦਗੀ ਦੇ ਕੰਮ ਧੰਦੇ ਨਹੀਂ ਹੁੰਦੇ ਤਾਂ ਮਨ ਵਿਚ ਨਿਰਾਸ਼ਾਵਾਦੀ ਸੋਚਾਂ ਘੇਰਾ ਪਾ ਲੈਂਦੀਆਂ ਹਨ।
ਟਾਈਫਾਇਡ ਦੇ ਰੋਗੀਆਂ ਨੂੰ ਜਿੱਥੇ ਤੱਕ ਹੋ ਸਕੇ ਬਾਹਰਲੀਆਂ, ਅਣਢਕੀਆਂ ਅਤੇ ਅਣਪੱਕੀਆਂ ਚੀਜ਼ਾਂ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਿਰਫ ਘਰ ਦਾ ਪੱਕਿਆ ਖਾਣਾ ਹੀ ਖਾਣਾ ਚਾਹੀਦਾ ਹੈ। ਬਿਹਤਰ ਹੈ ਕਿ ਜੇਕਰ ਰੋਗੀ ਬਿਮਾਰੀ ਦੌਰਾਨ ਦਲੀਆ, ਖਿਚੜੀ ਹੀ ਖਾਵੇ ਕਿਉਂਕਿ ਹਲਕਾ ਭੋਜਨ ਛੇਤੀ ਪਚ ਜਾਂਦਾ ਹੈ, ਜਦਕਿ ਭਾਰੀ ਚੀਜ਼ ਖਾ ਕੇ ਅੰਤੜੀਆਂ ਤੇ ਜ਼ਿਆਦਾ ਦਬਾਅ ਪੈਂਦਾ ਹੈ। ਟਾਈਫਾਇਡ ਦੌਰਾਨ ਬਰੈਡ ਜਾਂ ਡਬਲ ਰੋਟੀ ਖਾਣੀ ਨੁਕਸਾਨਦਾਇਕ ਹੈ। ਪਾਣੀ ਵੀ ਹਮੇਸ਼ਾ ਉਬਾਲ ਕੇ ਹੀ ਪੀਣਾ ਚਾਹੀਦਾ ਹੈ।
ਕਈ ਲੋਕਾਂ ਦਾ ਇਹ ਵਿਸ਼ਵਾਸ ਹੈ ਕਿ ਟਾਈਫਾਇਡ ਦੌਰਾਨ ਸ਼ਰਾਬ ਨਹੀਂ ਪੀਣੀ ਚਾਹੀਦੀ ਕਿਉਂਕਿ ਇਹ ਲੋਕ ਟਾਈਫਾਇਡ ਨੂੰ ਧਾਰਮਿਕ ਅੰਧ ਵਿਸ਼ਵਾਸ ਨਾਲ ਜੋੜਦੇ ਹਨ ਪਰ ਅਜਿਹੀ ਧਾਰਮਿਕ ਅੰਧ ਵਿਸ਼ਵਾਸ ਵਾਲੀ ਕੋਈ ਗੱਲ ਨਹੀਂ। ਸ਼ਰਾਬ ਪੀਣੀ ਸਿਹਤ ਲਈ ਵੈਸੇ ਹੀ ਹਾਨੀਕਾਰਕ ਹੈ। ਸ਼ਰਾਬ ਪੀਣ ਨਾਲ ਟਾਈਫਾਇਡ ਦੇ ਲੱਛਣਾਂ ਵਿਚ ਵਾਧਾ ਹੁੰਦਾ ਹੈ। ਸ਼ਰਾਬ ਨੂੰ ਹੱਥ ਲਾਉਣ ਜਾਂ ਕਿਸੇ ਹੋੋਰ ਦੇ ਸ਼ਰਾਬ ਪੀਣ 'ਤੇ ਟਾਈਫਾਇਡ ਹਰਗਿਜ਼ ਨਹੀਂ ਵਧਦਾ।
ਬਹੁਤੇ ਥਾਈਂ ਟਾਈਫਾਇਡ ਦਾ ਇਲਾਜ ਹਥੌਲਿਆਂ ਨਾਲ ਹੀ ਕੀਤਾ ਜਾਂਦਾ ਹੈ। ਇਸ ਪਿੱਛੇ ਕੀ ਰਾਜ਼ ਹੈ? ਇਹ ਤਾਂ ਸਿਰਫ ਹਥੌਲਿਆਂ ਵਾਲੇ ਹੀ ਜਾਣ ਸਕਦੇ ਹਨ ਪਰ ਫਿਰ ਵੀ ਰੋਗੀ ਨੂੰ ਆਪਣੇ ਟੈਸਟ ਕਰਵਾ ਕੇ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ। ਕਈ ਡਾਕਟਰ ਵੀ ਟਾਈਫਾਇਡ ਦੇ ਮਰੀਜ਼ਾਂ ਨੂੰ ਟੀ ਬੀ ਦੀ ਸ਼ੱਕ ਪਾ ਕੇ ਟੀ ਬੀ ਦਾ ਇਲਾਜ ਸ਼ੁਰੂ ਕਰ ਦਿੰਦੇ ਹਨ ਅਜਿਹੇ ਸਮੇਂ ਇੱਕ ਡਾਕਟਰ ਦੀ ਨਹੀਂ ਸਗੋਂ ਘੱਟੋ ਘੱਟ ਤਿੰਨ ਡਾਕਟਰਾਂ ਦੀ ਸਲਾਹ ਲੈਣੀ ਜ਼ਰੂਰੀ ਹੁੰਦੀ ਹੈ ਬਿਨਾਂ ਗੱਲੋਂ ਟੀ ਬੀ ਦਾ ਇਲਾਜ ਕਰਵਾਉਣਾ ਆਪਣੇ ਸਰੀਰ ਨੂੰ ਕਸ਼ਟ ਪਹੁੰਚਾਉਣ ਵਾਲੀ ਗੱਲ ਹੁੰਦੀ ਹੈ ਕਿਉਂਕਿ ਟੀ ਬੀ ਦੀਆਂ ਦਵਾਈਆਂ ਬਹੁਤ ਜ਼ਿਆਦਾ ਤੇਜ਼ ਅਤੇ ਗਰਮ ਹੁੰਦੀਆਂ ਹਨ। ਆਪਣੀ ਮਰਜ਼ੀ ਨਾਲ ਵੀ ਬੁਖਾਰ ਲਾਹੁਣ ਵਾਲੀਆਂ ਦਵਾਈਆਂ ਦੀ ਧੜਾਧੜ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
-
ਡਾ. ਅਮਨਦੀਪ ਸਿੰਘ ਟੱਲੇਵਾਲੀਆ, ਹੋਮਿਓਪੈਥਿਕ ਡਾਕਟਰ, ਬਰਨਾਲਾ
tallewalia@gmail.com
98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.