ਪਿਛਲੀ ਕਿਸ਼ਤ ਪੜ੍ਹਨ ਲਈ ਹੇਠ ਲਿੰਕ 'ਤੇ ਕਲਿੱਕ ਕਰੋ:
ਯਾਦਾਂ, ਕੈਨੇਡਾ ਵਾਲੇ ਕਾਮਰੇਡ ਹਰਮਿੰਦਰ ਪੁਰੇਵਾਲ ਦੀਆਂ - ਕਿਸ਼ਤ ਤੀਜੀ..... ਸਤਵੰਤ ਦੀਪਕ ਦੀ ਕਲਮ ਤੋਂ
ਯਾਦਾਂ ਕਾਮਰੇਡ ਹਰਮਿੰਦਰ ਪੁਰੇਵਾਲ ਦੀਆਂ - ਕਿਸ਼ਤ ਦੂਜੀ..... ਸਤਵੰਤ ਦੀਪਕ ਦੀ ਕਲਮ ਤੋਂ
ਯਾਦਾਂ ਕਾਮਰੇਡ ਹਰਮਿੰਦਰ ਪੁਰੇਵਾਲ ਦੀਆਂ - ਕਿਸ਼ਤ ਪਹਿਲੀ ..... ਸਤਵੰਤ ਦੀਪਕ ਦੀ ਕਲਮ ਤੋਂ
ਹੁਣ ਪੜ੍ਹੋ ਚੌਥੀ ਕਿਸ਼ਤ
ਦਸੰਬਰ 1980 ਵਿਚ ਮੇਰੀ ਪਤਨੀ ਮਨਜੀਤ ਤੇ ਤਕਰੀਬਨ ਇਕ ਸਾਲ ਦੇ ਬੇਟੇ ਸੁਖਵਿੰਦਰ (ਸੁਖੀ) ਸਮੇਤ ਮੈਂ ਕੈਨੇਡਾ ਤੋਂ ਪਹਿਲੀ ਵਾਰੀ ਪੰਜਾਬ ਪਰਤਿਆ । ਹਰਮਿੰਦਰ ਨੂੰ ਮੈਂ ਪਹਿਲਾਂ ਹੀ ਸੂਚਿਤ ਕਰ ਦਿਤਾ ਸੀ । ਉਹ ਤੇ ਉਹਦਾ ਪੇਂਡੂ ਦਲੀਪ ਪੁਰੇਵਾਲ ਮੈਨੂੰ ਪਿੰਡ ਮਿਲਣ ਆਏ । ਉਹਨੀ ਦਿਨੀ ਹਰਮਿੰਦਰ ਕੈਨੇਡਾ ਆਉਣ ਦੀ ਤਿਆਰੀ ਵਿਚ ਕਾਫ਼ੀ ਉਤਸ਼ਾਹਿਤ ਜਾਪਦਾ ਸੀ । ਉਸਦਾ ਰਿਸ਼ਤਾ ਸਾਡੇ ਲਾਗਲੇ ਸ਼ਹਿਰ ਪੋਰਟ ਕੋਕੱਟਲਮ, ਬੀ ਸੀ ਵਿਚ ਹੋਇਆ ਸੀ । ਹਰਮਿੰਦਰ ਨੇ ਸਾਨੂੰ 1980 ਵਿਚ ਇਸ ਰਿਸ਼ਤੇ ਬਾਰੇ ਦੱਸਿਆ ਤੇ ਤਾਕੀਦ ਕੀਤੀ ਕਿ ਅਸੀਂ ਉਸਦੀ ਹੋਣ ਵਾਲ਼ੀ ਪਤਨੀ ਕਲਜਿੰਦਰ (ਰਾਣੀ) ਅਤੇ ਉਸਦੇ ਪਰਵਾਰ ਨੂੰ ਮਿਲ਼ੀਏ । ਮਨਜੀਤ ਦਾ ਪੇਕਾ ਪਰਵਾਰ ਕੋਕੱਟਲਮ ਰਹਿੰਦਾ ਸੀ, ਖਹਿਰਾ ਪਰਵਾਰ ਬਾਰੇ ਥੋੜਾ ਬਹੁਤਾ ਪਹਿਲਾਂ ਹੀ ਸੁਣਿਆ ਹੋਇਆ ਸੀ । ਉਹਨਾਂ ਦਾ ਇਸੇ ਸ਼ਹਿਰ ਵਿਚ ਗੈਸ-ਸਟੇਸ਼ਨ ਹੁੰਦਾ ਸੀ । ਇਹ ਖ਼ਾਨਦਾਨੀ ਸ਼ਰੀਫ਼ ਭਲਾ ਪਰਵਾਰ ਸੀ ।
ਮਨਜੀਤ ਰਾਣੀ ਨੂੰ ਮਿਲ਼ ਕੇ ਬਹੁਤ ਖੁਸ਼ ਸੀ, ਤੇ ਰਾਣੀ ਨੇ ਵੀ ਉਸਦਾ ਬਹੁਤ ਸਤਿਕਾਰ ਕੀਤਾ । ਅਸੀਂ ਇਹ ਖ਼ੁਸ਼ਖ਼ਬਰੀ ਹਰਮਿੰਦਰ ਨੂੰ ਮਿਲ਼ ਕੇ ਸਾਂਝੀ ਕਰਨੀ ਚਾਹੁੰਦੇ ਸਾਂ । ਸ਼ਾਇਦ ਇਹ ਜਨਵਰੀ 1981 ਦੀ ਗੱਲ ਹੈ, ਮਨਜੀਤ ਅਤੇ ਮੈਂ ਹਰਮਿੰਦਰ ਦੇ ਕੈਨੇਡਾ ਆਉਣ ਤੋਂ ਪਹਿਲਾਂ ਉਸਨੂੰ ਉਸਦੇ ਪਿੰਡ ਸ਼ੰਕਰ ਮਿਲਣ ਗਏ । ਕਿੳਂਕਿ ਬੱਸ ਰਾਹੀਂ ਸਫ਼ਰ ਕਰਨਾ ਸੀ ਤੇ ਅਸੀਂ ਪਰੇਸ਼ਾਨੀਆਂ ਤੋਂ ਬਚਣ ਲਈ ਸਾਡੇ ਬੇਟੇ ਨੂੰ ਘਰ ਹੀ ਛੱਡਣ ਦਾ ਫ਼ੈਸਲਾ ਕੀਤਾ । ਪਿੰਡ ਤੋਂ ਮੋਗੇ, ਮੋਗੇ ਤੋਂ ਨਕੋਦਰ । ਨਕੋਦਰ ਵਿਚ ਅਸੀਂ ਸਾਡੇ ਹਮ-ਜਮਾਤੀ ਮੁਕੇਸ਼ ਚੰਦਰ ਗੁਪਤਾ ਦੇ ਘਰ ਵੀ ਮਿਲਣ ਗਏ । ਹਰਮਿੰਦਰ ਤੇ ਦਲੀਪ ਵੀ ਉਥੇ ਆ ਗਏ । ਚਾਹ ਪਾਣੀ ਪੀ ਕੇ ਅਸੀਂ ਤਾਜ਼ਾ ਦਮ ਹੋ ਗਏ । ਸਿਆਲੂ ਦਿਨ ਸਨ, ਉਥੋਂ ਸ਼ੰਕਰ ਪਹੁੰਚਣ ਤੱਕ ਸ਼ਾਮ ਹੋ ਗਈ । ਕਹਿੰਦੇ ਹਨ, ਪਿੰਡ ਗੁਹਾਰਿਆਂ ਤੋਂ ਹੀ ਪਛਾਣਿਆ ਜਾਂਦਾ ਹੈ । ਪਿੰਡ ਵੜਨ ਸਾਰ ਹੀ ਜਿਸ ਗੱਲ ਨੇ ਸਾਨੂੰ ਬਹੁਤ ਪ੍ਰਭਾਵਿਤ ਕੀਤਾ, ਉਹ ਸੀ ਪਿੰਡ ਦੀ ਸਫ਼ਾਈ । ਕਿਤੇ ਕੂੜਾ-ਕਰਕਟ ਨਹੀਂ ਸੀ, ਸਵੱਛ ਵਾਤਾਵਰਣ ! ਹਰ ਗਲ਼ੀ ਪੱਕੀ, ਖੰਭਿਆਂ ਉਪਰ ਜਗਦੇ ਬੱਲਬ, ਪੱਕੀਆਂ ਨਾਲ਼ੀਆਂ, ਪੱਕੇ ਘਰ, ਪੱਕੇ ਚੁਬਾਰੇ, ਚੁਬਾਰਿਆਂ ਉਪਰ ਚੁਬਾਰੇ ! ਪਿੰਡ ਵਿਚ ਗੁਰਦਵਾਰਾ ਤੇ ਗੁਰਦਵਾਰੇ ਵਿਚ ਕਰਾਂਤੀਕਾਰੀ ਪੁਸਤਕਾਂ ਦੀ ਲਾਇਬ੍ਰੇਰੀ ! ਮੈਂ ਮਨਜੀਤ ਨੂੰ ਕਹਿ ਰਿਹਾ ਸੀ "ਇਥੇ ਘਰ ਉਸਾਰੇ ਜਾਂਦੇ ਹਨ, ਆਪਣੇ (ਮਾਲਵੇ) ਵੱਲੀਂ ਤਾਂ ਪੱਥੇ ਜਾਂਦੇ ਹਨ, ਬੇਤਰਤੀਬੇ, ਬੇਢੰਗੇ, ਵਿਉਂਤ-ਵਿਹੂਣੇ । ਆਪਣੇ ਪਿੰਡ ਇਸ ਹਿਸਾਬ ਨਾਲ਼ ਕਈ ਦਹਾਕੇ ਪਿੱਛੇ ਹਨ । ਸਾਡੇ ਵੱਲ ਦੇ ਕਈ 'ਮਾਡਲ ਪਿੰਡ' ਵੀ ਇਸ ਦੀ ਰੀਸ ਨਹੀਂ ਕਰ ਸਕਦੇ ।"
ਘਰ ਬੀਜੀ ਬੜੀ ਉਤਸੁਕਤਾ ਨਾਲ਼ ਸਾਡੀ ਉਡੀਕ ਕਰ ਰਹੇ ਸਨ, ਉਹਨਾਂ ਨੂੰ ਮਿਲ਼ ਕੇ ਮਾਂ ਵਰਗੀ ਅਪਣੱਤ ਮਹਿਸੂਸ ਹੋਈ । ਚਾਹ ਪਾਣੀ ਪੀਂਦਿਆਂ ਹਨੇਰਾ ਹੋਣਾ ਸ਼ੁਰੂ ਹੋ ਗਿਆ । ਹਰਮਿੰਦਰ ਤੇ ਦਲੀਪ ਚੁਬਾਰੇ ਵਿਚ ਖਾਣ-ਪੀਣ ਦਾ ਜੁਗਾੜ ਕਰਨ ਲੱਗ ਪਏ । ਅਸੀਂ ਵੀ ਭੀੜੀਆਂ ਪੌੜੀਆਂ ਚੜ੍ਹ ਕੇ ਚੁਬਾਰੇ ਵਿਚ ਚਲੇ ਗਏ । ਬੀਜੀ ਤੇ ਮਨਜੀਤ ਆਪਣੀਆਂ ਗੱਲਾਂ ਤੇ ਖਾਣ ਪਕਾਉਣ ਵਿਚ ਰੁੱਝ ਗਈਆਂ ਤੇ ਅਸੀਂ ਮਹਿਫ਼ਲ ਸਜਾ ਲਈ । ਦੋ-ਦੋ ਹਾੜੇ ਲਾਕੇ ਜ਼ਰਾ ਤੱਰਾਰੇ ਵਿਚ ਹੋ ਕੇ ਗੱਲਾਂ ਫੁਰਨ ਲੱਗੀਆਂ । ਵਿੱਛੜੇ ਸਾਥੀ ਪ੍ਰਿਥੀਪਾਲ ਰੰਧਾਵਾ ਤੋਂ ਗੱਲ ਚੱਲ ਕੇ ਕਾਲਜ ਤੋਂ ਬਾਅਦ ਦੇ ਸਾਲਾਂ ਦਾ ਲੇਖਾ-ਜੋਖਾ ਸ਼ੁਰੂ ਹੋ ਗਿਆ । ਰੂਪ ਭਾਅ ਜੀ, ਹਰਮਿੰਦਰ ਦੇ ਪੇਂਡੂ, ਕਵੀ ਪਰਮਜੀਤ ਕਲਸੀ ਦਾ ਜ਼ਿਕਰ ਵੀ ਹੋਇਆ । ਰੂਪੋਸ਼ ਕਾਮਰੇਡ ਮੇਜਰ ਤੇ ਗੋਵਿੰਦਰ (ਅਜਮੇਰ ਸਿੰਘ) ਹੋਰਾਂ ਬਾਰੇ ਗੱਲਾਂ ਹੋਈਆਂ, ਉਹ ਮੇਰੇ ਸੰਪਰਕ ਵਿਚ ਸਨ । ਬਾਬੂ ਰਜ਼ਬ ਅਲੀ ਦੀਆਂ ਕਵੀਸ਼ਰੀਆਂ 'ਪੰਜ ਪਸਤੌਲਾਂ ਵਾਲ਼ੇ' ਅਤੇ 'ਭੇਜੇ ਤਾਰ ਵਾਇਸਰਾ ਜੀ' ਵੀ ਗਾਈਆਂ । ਖਾਣਾ ਖਾਂਦਿਆਂ ਕੈਨੇਡਾ ਦੀਆਂ ਗੱਲਾਂ ਤੁਰੀਆਂ । ਇਥੋਂ ਦੀ ਜ਼ਿੰਦਗੀ ਦੀ ਜਦੋਜਹਿਦ, ਇੰਜਨੀਅਰਿੰਗ ਦਾ ਭਵਿੱਖ, ਕਲਜਿੰਦਰ ਅਤੇ ਉਸਦੇ ਪਰਵਾਰ ਬਾਰੇ ਵੱਡੀ ਰਾਤ ਤੱਕ ਅਸੀਂ ਗੱਲਾਂ ਕਰਦੇ ਰਹੇ ।
ਸੁਬਹ ਚਾਹ ਪੀਂਦਿਆਂ ਮੈਂ ਚੁਬਾਰੇ ਦੇ ਚੁਫੇਰੇ ਭਰਮਣ ਕਰਦਿਆਂ ਨੋਟ ਕੀਤਾ ਕਿ ਸਾਡੇ ਪਿੰਡਾਂ ਵਿਚ ਤਾਂ ਟਾਵਾਂ ਟਾਵਾਂ ਚੁਬਾਰਾ ਹੀ ਹੁੰਦਾ ਹੈ, ਪਰ ਇਥੇ ਚਾਰ ਚੁਫੇਰੇ ਕਈ ਮੰਜ਼ਲੇ ਚੁਬਾਰੇ ਹੀ ਚੁਬਾਰੇ ਹਨ । ਮੇਰੇ ਤੇ ਮਨਜੀਤ ਲਈ ਇਹ ਅਚੰਭਾ ਸੀ । ਆਪਣੇ ਕਟਾਖ਼ਸ਼ੀ ਸੁਭਾਅ ਅਨੁਸਾਰ ਹਰਮਿੰਦਰ ਕਹਿੰਦਾ "ਤੁਹਾਡੇ ਪਿੰਡਾਂ ਵਿਚ ਖੁੱਲ੍ਹੀਆਂ ਜ਼ਮੀਨਾ ਹਨ, ਇਸ ਲਈ ਉਥੇ ਗਰਾਊਂਡ ਲੈਵਲ 'ਤੇ ਹੀ ਹੋਰ ਪਸਾਰਾ ਕਰ ਲਂੈਦੇੇ ਐ । ਪਰ ਇਹ ਸਾਰਾ ਪਿੰਡ ਤਾਂ ਇੰਗਲੈਂਡ ਵਾਲ਼ੇ ਵੱਡੇ-ਛੋਟੇ 'ਕੈਪੀਟਲਿਸਟਾਂ' ਦਾ ਹੈ । ਇਹ ਇੰਗਲੈਂਡੀਏ ਜਦੋਂ ਪਿੰਡ ਆਉਂਦੇ ਹਨ ਤਾਂ ਕੋਈ ਕਬੱਡੀ ਟੂਰਨਾਮੈਂਟ, ਕੋਈ ਛਿੰਝ ਵਾਲ਼ਿਆਂ ਨੂੰ, ਕੋਈ ਗੁਰਦਵਾਰਿਆਂ ਨੂੰ ਪੌਂਡਾਂ ਦਾ ਜਲਵਾ ਦਿਖਾ ਜਾਂਦਾ ਹੈ । ਕਿਉਂਕਿ ਘਰ ਦੇ ਰਕਬੇ ਨੂੰ ਤਾਂ ਰਬੜ ਵਾਂਗ ਵਧਾਇਆ ਨਹੀਂ ਜਾ ਸਕਦਾ, ਇਸ ਕਰਕੇ ਇਕ ਆਉਂਦਾ ਹੈ ਤਾਂ ਪਹਿਲੇ ਚੁਬਾਰੇ 'ਤੇ ਹੋਰ ਚੁਬਾਰਾ ਛੱਤ ਜਾਂਦਾ ਹੈ । ਦੂਜਾ ਭਰਾ ਆਉਂਦਾ ਹੈ ਤਾਂ ਇਕ ਹੋਰ ਚੁਬਾਰਾ ਖੜ੍ਹਾ ਕਰ ਜਾਂਦਾ ਹੈ । ਬੱਸ ਇਸੇ ਦੌੜ ਵਿਚ ਲੱਗੇ ਰਹਿੰਦੇ ਹਨ ਇਹ ਲੋਕ ! ਬੱਸ ਮੰਗਣੇ ਵਿਆਹ ਜਾਂ ਮਰਨੇ ਪਰਨੇ 'ਤੇ ਹੀ ਪਿੰਡ ਗੇੜਾ ਮਾਰਦੇ ਹਨ, ਰਹਿੰਦਾ ਇਥੇ ਉਹਨਾਂ 'ਚੋਂ ਕੋਈ ਨੀ ।"
ਅਸੀਂ ਉਥੋਂ ਜਲੰਧਰ ਜਾਣਾ ਸੀ, ਹਰਮਿੰਦਰ ਉਥੇ ਸਾਨੂੰ 'ਜੈਕਾਰਾ' ਵਾਲ਼ਿਆਂ ਦੇ ਦਫ਼ਤਰ ਵਿਚ ਨਰਭਿੰਦਰ ਹੋਰਾਂ ਨੂੰ ਮਿਲਾਉਣ ਲੈ ਗਿਆ । ਉਥੋਂ ਜ਼ਫ਼ਰਨਾਮਾ ਅਤੇ ਜੈਕਾਰਾ ਦੇ ਪਿਛਲੇ ਅੰਕਾਂ ਦੀਆਂ ਜਿਲਦਬੰਦ ਦਸਤਾਵੇਜ਼ਾਂ ਲਈਆਂ ਤੇ ਪਰਚੇ ਲਈ ਫੰਡ ਦਿਤੇ ਤੇ ਇਨਕਲਾਬੀ ਗਰੁੱਪਾਂ ਦੀਆਂ ਸਰਗਰਮੀਆਂ ਬਾਰੇ ਵਿਚਾਰ-ਵਿਟਾਂਦਰਾ ਕੀਤਾ । ਸਾਨੂੰ ਬੱਸ ਚੜ੍ਹਾ ਕੇ ਉਹ ਵਾਪਸ ਸ਼ੰਕਰ ਚਲਾ ਗਿਆ । ਇਸ ਤੋਂ ਦੋ-ਚਾਰ ਦਿਨਾਂ ਪਿਛੋਂ ਉਸਨੇ ਕੈਨੇਡਾ ਚਲੇ ਜਾਣਾ ਸੀ । ਫਰਵਰੀ 28, 1981 ਨੂੰ ਕੈਨੇਡਾ ਦੇ ਬੀ ਸੀ ਸੂਬੇ ਦੇ ਪੋਰਟ ਕੋਕੱਟਲਮ ਸ਼ਹਿਰ ਵਿਚ ਉਸਦਾ ਕਲਜਿੰਦਰ ਕੌਰ (ਰਾਣੀ) ਨਾਲ਼ ਵਿਆਹ ਹੋ ਗਿਆ, ਤੇ 1983 ਤੱਕ ਉਹ ਉਥੇ ਹੀ ਰਹੇ ।
ਸਾਡੀਆਂ ਗੱਲਾਂ ਵਿਚ ਪਾਸ਼ ਦਾ ਅਕਸਰ ਹੀ ਜ਼ਿਕਰ ਹੁੰਦਾ ਰਹਿੰਦਾ ਸੀ । ਮੈਨੂੰ ਇਕ ਵੀ ਮੁਲਾਕਾਤ ਜਾਂ ਟੈਲੀਫ਼ੋਨ ਗੱਲਬਾਤ ਯਾਦ ਨਹੀਂ ਜਿਸ ਵਿਚ ਪਾਸ਼ ਦੀ ਗੱਲ ਨਾ ਹੋਈ ਹੋਵੇ । ਉਹ ਪਾਸ਼ ਨੂੰ ਜਨੂੰਨ ਦੀ ਹੱਦ ਤੱਕ ਮੁਹੱਬਤ ਕਰਦਾ ਸੀ । ਗੁਰੂ ਨਾਨਕ ਇੰਜਨੀਰਿੰਗ ਕਾਲਜ ਵਿਚ ਪੜ੍ਹਦਿਆਂ ਵੀ ਉਹਦਾ ਪਾਸ਼ ਨਾਲ਼ ਬਰਾਬਰ ਸੰਪਰਕ ਸੀ । ਉਹਨੀ ਦਿਨੀ ਰੋਹਲੇ ਬਾਣ, ਸਿਆੜ, ਜੱਥੇਬੰਦੀ ਆਦਿ ਸਾਹਿਤਕ/ਸਿਧਾਂਤਕ ਪਰਚੇ ਨਿਕਲਦੇ ਸਨ । ਹਰਮਿੰਦਰ ਦਾ ਇਹਨਾਂ ਸਾਰਿਆਂ ਨਾਲ਼ ਹੀ ਤਾਲਮੇਲ ਸੀ । ਹਰਮਿੰਦਰ ਇਹ ਪਰਚੇ ਸਾਡੇ ਤੱਕ ਪਹੁੰਚਾਉਂਦਾ । ਸਾਡੀ ਲਗਭਗ ਹਰ ਗੱਲਬਾਤ ਦੇ ਅਖ਼ੀਰ 'ਤੇ ਅਲਵਿਦਾ ਅਕਸਰ ਉਹ ਪਾਸ਼ ਦੀ ਕਵਿਤਾ 'ਉਡਦਿਆਂ ਬਾਜਾਂ ਮਗਰ' ਨਾਲ਼ ਕਰਦਾ ਸੀ:
"ਦੋਸਤੋ ਹੁਣ ਚੱਲਿਆ ਜਾਵੇ ਉਡਦਿਆਂ ਬਾਜ਼ਾਂ ਮਗਰ"
ਜਾਂ
"ਤੇਰੇ ਤੇ ਮੇਰੇ ਵਿਚਾਲੇ ਸੈਂਸਰ ਹੋਣ ਵਾਲਾ ਕੁਝ ਵੀ ਨਹੀਂ ਭਾਵੇਂ,
ਪਰ ਤੇਰਾ ਖ਼ਤ ਜਦੋਂ ਤੜਫੇਗਾ ਜਹਾਲਤ ਦੀ ਤਲੀ ਉਤੇ ਬੜੇ ਹੋਵਣਗੇ ਅਰਥਾਂ ਦੇ ਅਨਰਥ"
ਉਸਦੀ ਬਹੁਤ ਹੀ ਪਸੰਦ ਪਾਸ਼਼ ਦੀ ਸੂਖ਼ਮ ਕਵਿਤਾ 'ਕੰਡੇ ਦਾ ਜ਼ਖ਼ਮ' ਸੀ ਜਿਸ ਬਾਰੇ ਹਰਮਿੰਦਰ ਕਹਿੰਦਾ ਹੁੰਦਾ ਸੀ ਉਸਦੇ ਇਕ ਕਰੀਬੀ ਸੱਜਣ ਨੂੰ ਜਦ ਉਸਨੇ ਇਹ ਕਵਿਤਾ ਸੁਣਾਈ ਤਾਂ ਉਹ ਧਾਹਾਂ ਮਾਰ ਕੇ ਰੋ ਰਿਹਾ ਸੀ ਕਿ ਸ਼ਾਇਦ ਇਹ ਕਵਿਤਾ ਜਿਵੇਂ ਉਹਦੇ ਲਈ ਹੀ ਲਿਖੀ ਗਈ ਹੋਵੇ ! ਜਦ ਪਾਸ਼ ਨੇ 'ਸਭ ਤੋਂ ਖ਼ਤਰਨਾਕ' ਕਵਿਤਾ ਲਿਖੀ ਤਾਂ ਸਾਡੀ ਹਰ ਗੱਲਬਾਤ ਵਿਚ ਇਹ ਕਵਿਤਾ ਸ਼ਾਮਲ ਹੁੰਦੀ ।
ਹਰਮਿੰਦਰ ਪਾਸ਼ ਦੇ ਕਰੀਬੀ ਮਿੱਤਰਾਂ ਵਿਚੋਂ ਸੀ, ਕਈ ਵਾਰ ਉਹ ਪਾਸ਼ ਨਾਲ਼ ਬਿਤਾਏ ਗ਼ੈਰ-ਰਸਮੀ ਪਲਾਂ ਵੀ ਜ਼ਿਕਰ ਕਰਦਾ । ਪਾਸ਼਼ ਕੋਲੋਂ ਸੁਣੀਆਂ 'ਪੱਕੀਆਂ' ਗੱਲਾਂ ਅਤੇ ਬੋਲੀਆਂ ਦਾ ਉਹ ਮੁਸ਼ਤਾਕ ਸੀ । 1993 ਵਿਚ ਹਰਭਜਨ ਹਲਵਾਰਵੀ ਸਾਡੇ ਘਰ ਐੱਡਮੰਟਨ ਆਇਆ ਤਾਂ ਅਸੀਂ ਉਸਦੇ ਸਨਮਾਨ ਵਿਚ ਸਾਂਝੇ ਮਿੱਤਰਾਂ ਦਾ ਇਕ ਇਕੱਠ ਕੀਤਾ, ਜਿਸ ਦਾ ਸੰਚਾਲਕ ਕੈਮਲੂਪਸ ਤੋਂ ਆਏ ਸੁਰਿੰਦਰ ਧੰਜਲ ਨੂੰ ਬਣਾਇਆ ਗਿਆ ਸੀ । ਹਰਮਿੰਦਰ ਕੋਲੋਂ ਸੁਣੀ ਪਾਸ਼ ਦੀ ਇਕ 'ਪੱਕੀ' ਬੋਲੀ ਜਦ ਮੈਂ ਇਕੱਠੇ ਹੋਏ ਮਿੱਤਰਾਂ ਦੀ ਗ਼ੈਰ-ਰਸਮੀ ਮਹਿਫ਼ਲ ਵਿਚ ਸੁਣਾਈ ਤਾਂ ਸਾਰਿਆਂ ਦਾ ਕਹਿਣਾ ਸੀ ਕਿ ਮੈਂ ਮੇਲਾ ਲੁੱਟ ਲਿਆ ਹੈ । ਕਿ ਇਹ ਬੋਲੀਆਂ ਦਾ ਸਿਖ਼ਰ ਹੈ ਅਤੇ ਇਸ ਤੋਂ ਬਾਅਦ 'ਮੱਕਿਓਂ ਪਰ੍ਹੇ ਉਜਾੜ' ਹੈ ! ਇਸ ਮਹਿਫ਼ਲ ਬਾਰੇ ਜਦੋਂ ਹਰਮਿੰਦਰ ਨੂੰ ਦੱਸਿਆ ਤਾਂ ਉੁਹ ਕਹਿ ਰਿਹਾ ਸੀ, "ਮੈਨੂੰ ਤਾਂ ਯਾਰੋ ਤੁਹਾਡੇ ਨਾਲ਼ ਈਰਖਾ ਐ । ਮੇਲਾ ਤਾਂ ਤੁਸੀਂ ਲੁੱਟ ਲਿਆ ਐ, ਕੱਲੇ ਕੱਲੇ ਈ ਮਲ਼ਾਈ ਛਕਗੇ । ਹੁਣ ਜਦੋਂ ਪਰਸੋਂ ਨੂੰ ਹਲਵਾਰਵੀ ਨੇ ਟੋਰਾਂਟੋ ਆਉਣਾ ਹੈ ਤਾਂ ਇਥੇ ਇਕਬਾਲ ਰਾਮੂਵਾਲ਼ੀਏ ਨੇ ਉਹਨੂੰ ਏਅਰਪੋਰਟ ਤੋਂ ਈ 'ਕਿਡਨੈਪ' ਕਰ ਲੈਣਾ ਹੈ, ਤੇ ਪਿੱਛੋਂ ਸਾਡੇ ਲਈ਼ ਉਸ ਕੋਲ਼ 'ਡੋਕੇ' ਈ ਬਚਣੇ ਹਨ ।"
ਹਰਮਿੰਦਰ ਦੱਸਦਾ ਕਿ ਪਾਸ਼ ਸਟੇਜੀ ਬੁਲਾਰਾ ਨਹੀਂ ਸੀ, ਉਹ ਆਪਣੀ ਕਵਿਤਾ ਬਿਨਾ ਭੂਮਕਾ ਹੀ ਪੜ੍ਹਦਾ ਸੀ । ਉਸਨੇ ਨਕੋਦਰ ਵਿਚ ਪੁਲਿਸ ਥਾਣੇ ਦੇ ਐਨ ਨਾਲ਼ ਲੱਗਦੀ ਕੰਧ ਦੇ ਦੂਜੇ ਪਾਸੇ ਤਤਕਾਲੀ ਸਟੇਜ ਤੋਂ ਪਾਸ਼ ਦੀ ਸੁਣਾਈ ਇਕ ਲੋਕ-ਬੋਲੀ ਵਾਲ਼ਾ ਪਰਸੰਗ ਵੀ ਸੁਣਾਇਆ, ਜਿਸਦਾ ਦਾ ਬਿਰਤਾਂਤ ਹੁਣੇ ਜਿਹੇ ਡਾ: ਵਰਿਆਮ ਸਿੰਘ ਸੰਧੂ ਨੇ ਆਪਣੀ ਸਵੈ-ਜੀਵਨੀ ਵਿਚ "ਭਰਾਵਾਂ ਦਾ ਮਾਣ" ਲੇਖ ਵਿਚ ਇਉਂ ਕੀਤਾ ਹੈ: "1971-72 ਦਾ ਸਾਲ ਸੀ ਸ਼ਾਇਦ। ਨਕੋਦਰ ਵਿਚ 'ਕ੍ਰਾਂਤੀਕਾਰੀ ਲੇਖਕਾਂ' ਵੱਲੋਂ ਇਕ ਕਾਨਫ਼ਰੰਸ ਕੀਤੀ ਗਈ। ਪਰਚੇ ਪੜ੍ਹੇ ਗਏ, ਗਰਮਾ ਗਰਮ ਤਕਰੀਰਾਂ ਹੋਈਆਂ। ਸਰਕਾਰ ਦੀਆਂ ਨੀਤੀਆਂ ਤੇ ਪੁਲਿਸ ਦੀਆਂ ਵਧੀਕੀਆਂ ਖ਼ਿਲਾਫ਼ ਰੋਹਦਾਰ ਆਵਾਜ਼ ਬੁਲੰਦ ਹੋਈ। ਫਿਰ ਨਕੋਦਰ ਦੇ ਬਜ਼ਾਰਾਂ ਵਿਚ ਜੋਸ਼ੀਲੇ ਨਾਅ੍ਹਰੇ ਲਾਉਂਦਾ ਲੇਖਕਾਂ ਦਾ ਜਲੂਸ ਨਿਕਲਿਆ। ਰਾਤ ਨੂੰ ਕਵੀ ਦਰਬਾਰ ਸੀ। ਸਵੇਰ ਵਾਲੀ ਕਾਨਫ਼ਰੰਸ ਤੇ ਰਾਤ ਵਾਲੇ ਕਵੀ ਦਰਬਾਰ ਦੀ ਸਟੇਜ ਨਕੋਦਰ ਦੇ ਪੁਲਿਸ ਥਾਣੇ ਨਾਲ ਲੱਗਵੀਂ ਕੰਧ ਨਾਲ ਬਣੀ ਹੋਈ ਸੀ। ਕਵੀਆਂ ਦੀਆਂ ਕਵਿਤਾਵਾਂ ਵੀ ਰੋਹ ਤੇ ਰੰਜ ਨਾਲ ਭਰੀਆਂ ਹੋਈਆਂ ਸਨ। ਮੈਂ ਪਹਿਲੀ ਵਾਰ ਕਿਸੇ ਕਵੀ ਦਰਬਾਰ ਵਿਚ ਆਪਣਾ ਗੀਤ ਗਾ ਕੇ ਪੜ੍ਹਿਆ। ਇਸ ਕਾਨਫ਼ਰੰਸ ਦੇ ਮੁੱਖ ਕਰਨਧਾਰਾਂ ਵਿਚ ਪਾਸ਼ ਵੀ ਸੀ। ਉਹ ਕੁਝ ਚਿਰ ਹੋਇਆ ਜੇਲ੍ਹ ਵਿਚੋਂ ਰਿਹਾ ਹੋ ਕੇ ਆਇਆ ਸੀ। ਉਹਨੀਂ ਦਿਨੀਂ ਉਹਦੀ ਬੜੀ ਚੜ੍ਹਤ ਸੀ। ਕਈ ਲੇਖਕਾਂ ਨੇ ਤਾਂ ਉਹਨੂੰ ਪਹਿਲੀ ਵਾਰ ਵੇਖਿਆ ਸੀ। ਉਹ ਸਵੇਰ ਦੇ ਪ੍ਰੋਗਰਾਮ ਵਿਚ ਬੋਲਿਆ ਨਹੀਂ ਸੀ। ਸਾਰੇ ਸਮਝਦੇ ਸਨ ਕਿ ਰਾਤ ਦੇ ਕਵੀ ਦਰਬਾਰ ਵਿਚ ਉਹ ਆਪਣੀ ਕਵਿਤਾ ਸੁਣਾਏਗਾ; ਆਪਣੇ ਅਨੁਭਵ ਸਾਂਝੇ ਕਰੇਗਾ। ਕਵੀ ਦਰਬਾਰ ਸਮਾਪਤੀ 'ਤੇ ਪੁੱਜਾ ਤਾਂ ਸਟੇਜ ਸਕੱਤਰ ਨੇ ਪਾਸ਼ ਦਾ ਨਾਂ ਲਿਆ । ਪਾਸ਼ ਥਾਣੇ ਦੀ ਕੰਧ ਨਾਲ ਲੱਗੀ ਸਟੇਜ 'ਤੇ ਖੜ੍ਹਾ ਹੋਇਆ। ਇਹੋ ਥਾਣਾ ਸੀ ਜਿਸ ਵਿਚ ਉਹਨੂੰ ਕਦੀ ਗ੍ਰਿਫ਼ਤਾਰ ਕਰ ਕੇ ਲਿਆਂਦਾ ਗਿਆ ਸੀ। ਉਸ ਨਾਲ ਜ਼ਿਆਦਤੀ ਕੀਤੀ ਗਈ ਸੀ। ਝੂਠਾ ਕਤਲ ਕੇਸ ਉਹਦੇ ਨਾਂ ਮੜ੍ਹਿਆ ਗਿਆ ਸੀ। ਸਪੀਕਰ ਦਾ ਮੂੰਹ ਵੀ ਥਾਣੇ ਵੱਲ ਸੀ। ਜ਼ਾਹਿਰ ਹੈ ਸਵੇਰ ਤੋਂ ਹੁਣ ਤੱਕ ਥਾਣੇ ਵਾਲ਼ੇ ਸਭ ਕੁਝ ਸੁਣਦੇ ਰਹੇ ਸਨ। ਹੁਣ ਸਰੋਤੇ ਸੁਣਨਾ ਤੇ ਜਾਨਣਾ ਚਾਹੁੰਦੇ ਸਨ ਕਿ ਪਾਸ਼ ਕੀ ਬੋਲਦਾ ਹੈ। ਪਾਸ਼ ਨੇ ਕੋਈ ਭਾਸ਼ਨ ਨਹੀਂ ਕੀਤਾ। ਕੋਈ ਕਵਿਤਾ ਨਹੀਂ ਸੁਣਾਈ । ਉਸਨੇ ਅਸਮਾਨ ਵੱਲ ਬਾਂਹ ਉੱਚੀ ਚੁੱਕੀ ਤੇ ਗਰਜ਼ਵੀਂ ਆਵਾਜ਼ ਵਿਚ ਪੁਲਿਸ ਵਾਲ਼ਿਆਂ ਨੂੰ ਸੁਣਾ ਕੇ ਸਿਰਫ਼ ਏਨਾ ਹੀ ਕਿਹਾ: "ਗਾਲ੍ਹਾਂ ਕੱਢੀਆਂ ਗਲ਼ੀ ਵਿਚ ਖੜ੍ਹ ਕੇ, ਮਾਣ ਭਰਾਵਾਂ ਦੇ" ਏਨੀ ਆਖ ਕੇ ਉਹ ਸਟੇਜ ਤੋਂ ਉੱਤਰ ਆਇਆ। ਤਾੜੀਆਂ ਦੀ ਗੜਗੜਾਹਟ ਨਾਲ ਮੈਦਾਨ ਤੇ ਅਸਮਾਨ ਗੂੰਜ ਉੱਠਿਆ। ਇੱਕੋ ਗੱਲ ਵਿਚ ਸਾਰੀ ਗੱਲ ਆਖੀ ਗਈ ਸੀ। ਭਰਾਵਾਂ ਦਾ ਮਾਣ ਤੇ ਲੋਕਾਂ ਦੀ ਤਾਕਤ ਪਿੱਠ ਪਿੱਛੇ ਹੋਵੇ ਤਾਂ ਬੰਦਾ ਆਪਣੇ ਹਿੱਸੇ ਦੀ ਲੜਾਈ ਬੁਲੰਦ ਇਰਾਦਿਆਂ ਨਾਲ ਲੜ ਸਕਦਾ ਹੈ। ਦੁਸ਼ਮਣ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਲਲਕਾਰ ਸਕਦਾ ਹੈ।"
ਇਸ ਪ੍ਰੋਗਰਾਮ ਦੀ ਤਫ਼ਸੀਲ ਅਤੇ ਆਡੀਓ ਟੇਪ ਉਹਨਾਂ ਦਿਨਾਂ ਵਿਚ ਹਰਮਿੰਦਰ ਨੇ ਕਾਲਜ ਵਿਚ ਸਾਨੂੰ ਦੋਸਤਾਂ ਨੂੰ ਸੁਣਾਈ ਸੀ । ਨਕੋਦਰ ਦੀ ਇਸ ਯਾਦ ਨੂੰ ਤਾਜ਼ਾ ਕਰਦਿਆਂ ਉਸਨੇ ਇਸ ਟੇਪ ਬਾਰੇ ਇਕ ਹੋਰ ਇਤਿਹਾਸਕ ਗੱਲ ਵੀ ਸੁਣਾਈ । ਪਾਸ਼, ਮੁਹਿੰਦਰ ਸਿੰਘ ਸੰਧੂ, ਪਾਸ਼ ਨੂੰ ਮਿਲਣ ਆਇਆ ਸੁਰਿੰਦਰ ਧੰਜਲ ਅਤੇ ਸ਼ੰਕਰ ਤੋਂ ਆਇਆ ਹਰਮਿੰਦਰ ਢਾਬੇ 'ਤੇ ਬੈਠੇ ਚਾਹ ਪੀ ਰਹੇ ਸਨ । ਧੰਜਲ ਦੀ ਫਰਮਾਇਸ਼ 'ਤੇ ਪਾਸ਼ ਨੇ ਇਹ ਇਕ-ਸਤਰੀ ਕਵਿਤਾ ("ਗਾਲ੍ਹਾਂ ਕੱਢੀਆਂ ਗਲ਼ੀ ਵਿਚ ਖੜ੍ਹ ਕੇ, ਮਾਣ ਭਰਾਵਾਂ ਦੇ") ਵਾਲ਼ੀ ਟੇਪ ਵੀ ਸੁਣਾਈ ਅਤੇ ਕਿਹਾ, "ਆਜਾ, ਤੈਨੂੰ ਆਪਣਾ ਗਰਜ਼ਦਾ ਹੋਇਆ 'ਸ਼ੇਰ' ਵੀ ਸੁਣਾਵਾਂ ।" ਇਉਂ ਕਹਿ ਕੇ ਪਾਸ਼ ਨੇ ਲਾਗਲੀ ਲਾਊਡ ਸਪੀਕਰ ਵਾਲ਼ੀ ਦੁਕਾਨ ਵਾਲ਼ੇ ਨੂੰ ਸੰਤ ਰਾਮ ਉਦਾਸੀ ਦੀ ਗਰਜ਼ਵੀਂ ਆਵਾਜ਼ ਵਿਚ ਫੁੱਲ ਵਾਲੂਯਮ 'ਤੇ ਗੀਤ ਲਾਉਣ ਲਈ ਕਿਹਾ । ਇਸ ਜੇਤੂ ਰੌਂਅ ਦੇ ਉਤਸ਼ਾਹ ਵਿਚ ਰੰਗੇ ਹਰਮਿੰਦਰ ਤੇ ਪਾਸ਼ ਸੁਰਿੰਦਰ ਨੂੰ ਲੁਧਿਆਣੇ ਵਾਲੀ਼ ਬੱਸ ਚੜ੍ਹਾ ਆਪੋ ਆਪਣੇ ਪਿੰਡਾਂ ਨੂੰ ਚਲੇ ਗਏ ।
ਕਾਲਜ ਦੇ ਦਿਨੀਂ ਹਰਭਜਨ ਹਲਵਾਰਵੀ ਦਾ ਸਾਡੇ ਕੋਲ਼ ਅਕਸਰ ਆਉਣ ਜਾਣ ਸੀ । ਉਹ ੳਹਨਾ ਦਿਨਾ ਵਿਚ ਭੂਮੀਗਤ ਸੀ, ਅਤੇ ਉਸ ਉਤੇ ਲੁਧਿਆਣੇ ਵਿਚ ਹੋਏ ਇਕ ਥਾਣੇਦਾਰ ਦੇ ਕਤਲ ਦਾ ਦੋਸ਼ ਸੀ । ਇਹਨਾਂ ਹਾਲਤਾਂ ਵਿਚ ਅਜਿਹੇ ਬੰਦੇ ਨੂੰ ਆਪਣੇ ਕੋਲ਼ ਰੱਖਣਾ ਸੰਗੀਨ ਜ਼ੁਰਮ ਸੀ । ਪਰ ਮੇਰੀ ਸਾਹਿਤਕ / ਸਿਆਸੀ ਰੁਚੀ ਹੋਣ ਕਰਕੇ ਮੈਨੂੰ ਉਸਦਾ ਮੇਰੇ ਕੋਲ਼ ਠਹਿਰਨਾ ਮੇਰੇ ਧੰਨਭਾਗ ਸਨ । ਦਾਨੇ ਚਿਹਰੇ, ਤੇਜੱਸਵੀ ਮੱਥੇ, ਲਗਭਗ ਗੰਜੇ ਸਿਰ ਦੇ ਪਿੱਛੇ ਨੂੰ ਵਾਹੇ ਚਾਰ ਕੁ ਵਾਲ਼ਾਂ ਨਾਲ਼ ਉਹ ਫ਼ਿਲਾਸਫ਼ਰ ਲੱਗਦਾ, ਤੇ ਸੀ ਵੀ । ਉਦੋਂ ਮੈਂ ਪੰਜਾਬ ਸਟੂਡੈਂਟਸ ਯੂਨੀਅਨ ਦੇ 'ਵਿਦਿਆਰਥੀ' ਮੈਗਜ਼ੀਨ ਦੇ ਐਡੀਟੋਰੀਅਲ ਬੋਰਡ ਦਾ ਮੈਂਬਰ ਅਤੇ ਇਸ ਪਰਚੇ ਦਾ ਪਬਲਿਸ਼ਰ ਵੀ ਸਾਂ । ਮੈਂ ਉਸ ਤੋਂ ਬਹੁਤ ਕੁੱਝ ਸਿੱਖਿਆ, ਬਿਲਕੁਲ ਸ਼ਿਸ਼ ਬਣਕੇ । ਹਲਵਾਰਵੀ ਨੇ ਰੂਸੀ ਸਾਹਿਤ ਪੜ੍ਹਨ ਲਈ ਸਾਨੂੰ ਪਰੇਰਿਆ ਤੇ ਮੈਂ ਰੂਸੀ ਅਤੇ ਹੋਰ ਸਾਹਿਤ ਦੀਆਂ ਕਿਤਾਬਾਂ ਪੜ੍ਹਨ ਲਈ ਐਕਸਟੈਨਸ਼ਨ ਲਾਇਬ੍ਰੇਰੀ ਦੀ ਮੈਂਬਰਸ਼ਿਪ ਲੈ ਲਈ, ਅਸੀਂ ਕਈ ਵਾਰ ਇਕੱਠੇ ਐਕਸਟੈਨਸ਼ਨ ਲਾਇਬ੍ਰੇਰੀ ਵੀ ਗਏ । ਉਹ ਸਭ ਦਾ ਇਕੱਠਾ ਸਕੂਲ ਲਾਉਂਦਾ । ਇਸ ਕਰਕੇ ਸਾਡੇ ਸਾਰਿਆਂ ਦਾ ਉਹ ਸਤਿਕਾਰਯੋਗ 'ਮਾਸਟਰ' ਸੀ । ਉਸ 'ਤੇ ਕਤਲ ਦੇ ਦੋਸ਼ ਵਿਚ ਕੋਈ ਦਮ ਨਹੀਂ ਸੀ ਇਸ ਕਰਕੇ ਉਹ 'ਪੇਸ਼' ਹੋ ਗਿਆ ਤੇ ਫਿਰ ਕੁਝ ਸਮਾਂ ਲੁਧਿਆਣੇ ਜੇਲ੍ਹ ਵਿਚ ਰਿਹਾ । ਮੈਂ ਤੇ ਹਰਮਿੰਦਰ ਉਥੇ ਮੁਲਾਕਾਤ ਲਈ ਵੀ ਗਏ । ਫਿਰ ਉਹ ਰਿਹਾਅ ਹੋਕੇ ਬਾਹਰ ਆ ਗਿਆ ਤੇ ਬਾਕੀਆਂ ਵਾਂਗ ਜ਼ਿੰਦਗੀ ਦੀ ਦੌੜ-ਭੱਜ ਵਿਚ ਮਸਰੂਫ਼ ਹੋ ਗਿਆ । ਪੰਜਾਬੀ ਟਰਿਬਿਊਨ ਦੀ ਐਡੀਟਰੀ ਸਮਂੇ ਉਹ ਕੈਨੇਡਾ ਆਇਆ ਤਾਂ ਮੈਂ ਐਡਮੰਟਨ ਅਤੇ ਹਰਮਿੰਦਰ ਹੋਰਾਂ ਟੋਰਾਂਟੋ ਵਿਚ ਉਸ ਦੇ ਸਨਮਾਨ ਵਿਚ ਇਕੱਠ ਕਰਵਾਏ, ਜਿਹਨਾ ਦਾ ਜ਼ਿਕਰ ਉਪਰ ਆ ਚੁਕਾ ਹੈ ।
ਬਾਕੀ ਅਗਲੀ ਕਿਸ਼ਤ 'ਚ
-
ਸਤਵੰਤ ਦੀਪਕ, ਲੇਖਕ ਅਤੇ ਕਲਾਕਾਰ ,ਕੈਨੇਡਾ
satwantdeepak@gmail.com
+1-604-910-9953
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.