ਸਫਲਤਾ ਇੱਕ ਵਿਸ਼ਵਾਸ਼ ਹੈ ਅਤੇ ਅਜਿਹਾ ਵਿਸ਼ਵਾਸ਼ ਪੈਦਾ ਕਰਨ ਲਈ ਸਭ ਤੋਂ ਅਹਿਮ ਰੋਲ ਅਦਾ ਕਰਦਾ ਹੈ "ਅੰਮ੍ਰਿਤ ਵੇਲਾ"।ਜਿਸ ਕਰਕੇ ਹਰ ਇਨਸਾਨ ਨੂੰ ਅਮ੍ਰਿਤ ਵੇਲੇ ਦੀ ਅਹਿਮੀਅਤ ਨੂੰ ਸਮਝਣ ਦੀ ਲੋੜ ਹੈ।ਅਮ੍ਰਿਤ ਵੇਲੇ ਤੋਂ ਭਾਵ ਅਗਲਾ ਦਿਨ ਜੋ ਕਿ ਰਾਤ ੧੨ ਵਜੇ ਤੋਂ ਸ਼ੂਰੁ ਹੋ ਕੇ ੬ ਵਜੇ ਤੱਕ ਦਾ ਸਮਾਂ ਹੁੰਦਾ ਹੈ। ਭਾਰਤੀ ਧਰਮ ਦਰਸ਼ਨ ਵਿੱਚ ਇਸਨੂੰ ਪ੍ਰਭੂ ਮਿਲਾਪ ਦਾ ਸਮਾਂ ਵੀ ਕਿਹਾ ਜਾਂਦਾ ਹੈ। ਇਸ ਸਮੇਂ ਉਠ ਕੇ ਨਾਮ ਬਾਣੀ ਦਾ ਸਿਮਰਨ ਵੀ ਕੀਤਾ ਜਾਂਦਾ ਹੈ। ਇਹ ਸਮਾਂ ਮੰਦਭਾਵਨਾ ਤੋਂ ਰਹਿਤ ਹੁੰਦਾ ਹੈ। ਕੋਈ ਸ਼ੋਰ ਸ਼ਰਾਬਾ ਨਹੀਂ ਹੁੰਦਾ। ਕੁਦਰਤ ਸਹਿਜ ਸੁਭਾਅ ਵਿੱਚ ਰੰਗੀ ਹੁੰਦੀ ਹੈ। ਜੋ ਲੋਕ ਸਮੇਂ ਤੇ ਉੱਠਦੇ ਹਨ, ਅੰਮ੍ਰਿਤ ਵੇਲੇ ਦਾ ਸਹੀ ਉਪਯੋਗ ਕਰਦੇ ਹਨ,ਪ੍ਰਭੂ ਨੂੰ ਯਾਦ ਕਰਦੇ ਹਨ, ਖੁੱਲ੍ਹੇ ਮੈਦਾਨਾਂ ਵਿੱਚ ਜਾ ਕੁਦਰਤ ਨਾਲ ਜੁੜਦੇ ਹਨ, ਖੁੱਲ੍ਹੀ ਹਵਾ ਵਿੱਚ ਸਾਹ ਲੈਂਦੇ ਹਨ, ਕਸਰਤ ਕਰਦੇ ਹਨ, ਖੇਡਦੇ ਜਾਂ ਯੋਗ ਕਰਦੇ ਹਨ ਉਹਨਾਂ ਦੀ ਸਫ਼ਲਤਾ ਨੂੰ ਕੋਈ ਨਹੀਂ ਰੋਕ ਸਕਦਾ। ਹਮੇਸ਼ਾ ਮਹਾਨ ਇਨਸਾਨ ਬਣਦੇ ਹਨ।
ਇਹ ਗੱਲ ਪੱਕੀ ਹੈ ਕਿ ਜਲਦੀ ਉਠਣ ਵਾਲਿਆਂ ਵਿੱਚੋਂ ਹੀ ਜਿਆਦਾਤਰ ਲੋਕ ਮਹਾਨ ਹੁੰਦੇ ਹਨ। ਜਿੰਨੇ ਵੀ ਮਹਾਂਪੁਰਸ਼ ਹੋਏ ਹਨ ਉਹ ਸਭ ਸਵੇਰੇ ਜਲਦੀ ਉਠਦੇ ਸਨ। ਇੱਕ ਵੀ ਅਜਿਹਾ ਮਨੁੱਖ਼ ਨਹੀਂ ਹੋਇਆ ਜੋ ਆਲਸੀ ਜਾਂ ਕਾਹਿਲ ਹੁੰਦੇ ਹੋਏ ਸਫ਼ਲ ਆਦਮੀ ਬਣਿਆ ਹੋਵੇ। ਵੱਡੇ ਤੋਂ ਵੱਡੇ ਆਦਮੀ ਦੀ ਜੀਵਨੀ ਅਤੇ ਦਿਨਚਰਯ ਬਾਰੇ ਜਾਨਣ ਤੇ ਤੁਸੀਂ ਦੇਖੋਗੇ ਕਿ ਸਭ ਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਸੀ। ਜਲਦੀ ਉਠਣ ਤੋਂ ਭਾਵ ਹਰ ਕੰਮ ਜਲਦੀ ਅਤੇ ਦੁਸਰਿਆਂ ਤੋਂ ਪਹਿਲਾਂ ਕਰਨਾ ਅਤੇ ਦੂਸਰਿਆਂ ਤੋਂ ਹਮੇਸ਼ਾ ਅੱਗੇ ਰਹਿਣਾ। ਬਹੁਤ ਸਾਰੇ ਲੋਕ ਐਨੇ ਹਿੰਮਤੀ ਹੁੰਦੇ ਹਨ ਜੋ ਆਲਸੀ ਲੋਕਾਂ ਦੇ ਉਠਣ ਤੋਂ ਪਹਿਲਾਂ ਹੀ ਸਾਰਾ ਕੰਮ ਨਬੇੜ ਲੈਂਦੇ ਹਨ। ਸਫ਼ਲਤਾ ਅਜਿਹੇ ਲੋਕਾਂ ਦੇ ਪੈਰ ਚੁੰਮਦੀ ਹੈ।
ਅੰਮ੍ਰਿਤ ਵੇਲਾ ਮਨੁੱਖ਼ੀ ਸਫਲਤਾ ਲਈ ਸਭ ਤੋਂ ਸੁਪਰੀਮ ਹੁੰਦਾ ਹੈ। ਅੰਮ੍ਰਿਤ ਵੇਲਾ ਮਨੁੱਖ਼ ਲਈ ਸੱਚਮੁੱਚ ਹੀ ਅੰਮ੍ਰਿਤ ਦਾ ਕੰਮ ਕਰਦਾ ਹੈ। ਇਹ ਵੇਲਾ ਨਵੀਂ ਉਰਜ਼ਾ ਅਤੇ ਸ਼ਕਤੀ ਦਾ ਅਜਿਹਾ ਸੋਮਾ ਹੁੰਦਾ ਹੈ ਜੋ ਆਮ ਮਨੁੱਖ਼ ਨੂੰ ਵੀ ਮਹਾਨ ਬਣਾ ਦਿੰਦਾ ਹੈ। ਅੰਮ੍ਰਿਤ ਵੇਲੇ ਵਿੱਚ ਐਨਾ ਆਨੰਦ ਹੁੰਦਾ ਹੈ ਕਿ ਮਨੁੱਖ਼ ਦੇ ਦਿਮਾਗ ਵਿੱਚ ਨਿਰਾਸ਼ਾ ਦਾ ਵਿਚਾਰ ਆਉਂਦਾ ਹੀ ਨਹੀਂ। ਅੰਮ੍ਰਿਤ ਵੇਲਾ ਮਨੁੱਖ਼ੀ ਸੋਚ ਨੂੰ ਬਦਲ ਕੇ ਰੱਖ਼ ਦਿੰਦਾ ਹੈ। ਅੰਮ੍ਰਿਤ ਵੇਲੇ ਵਿੱਚ ਐਨੀ ਜਾਨ ਹੁੰਦੀ ਹੈ ਕਿ ਜੇਕਰ ਮਨੁੱਖ਼ ਸਹੀ ਉਪਯੋਗ ਕਰ ਲਵੇ ਤਾਂ ਉਹ ਕਦੇ ਬਿਮਾਰ ਹੀ ਨਹੀਂ ਹੂੰਦਾ। ਅੰਮ੍ਰਿਤ ਵੇਲੇ ਵਿੱਚ ਐਨੀ ਸ਼ਕਤੀ ਹੁੰਦੀ ਹੈ ਕਿ ਉਹ ਮਨੁੱਖ ਦੇ ਸਾਰੇ ਦੁੱਖਾਂ ਕਲੇਸ਼ਾ ਦਾ ਨਾਸ਼ ਕਰ ਦਿੰਦਾ ਹੈ। ਅੰਮ੍ਰਿਤ ਵੇਲੇ ਦਾ ਸਹੀ ਉਪਯੋਗ ਨਾਲ ਮਨੁੱਖ਼ੀ ਚਿਹਰੇ ਦੀ ਉਦਾਸੀ ਗਾਇਬ ਹੋ ਜਾਂਦੀ ਹੈ ਅਤੇ ਨਵੀਂ ਚਮਕ ਅਤੇ ਸਫਲਤਾ ਦਾ ਨੂਰ ਦਿਖਾਈ ਦੇਣ ਲੱਗ ਪੈਂਦਾ ਹੈ।
ਸਵੇਰੇ ਜਲਦੀ ਉਠ ਕੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਬੜਾ ਵੱਡੀ ਸਫ਼ਲਤਾ ਮਿਲਦੀ ਹੈ ਅਜਿਹੇ ਵਿਦਿਆਰਥੀ ਹਮੇਸ਼ਾ ਪਹਿਲੇ ਨੰਬਰ ਤੇ ਆਉਂਦੇ ਹਨ। ਅਸਫ਼ਲਤਾ ਉਹਨਾਂ ਦੀ ਜਿੰਦਗੀ ਵਾਲੇ ਵਰਕੇ ਤੋਂ ਗਾਇਬ ਹੋ ਜਾਂਦੀ ਹੈ। ਸਵੇਰ ਸਮੇਂ ਗਿਆਨ ਇੰਦਰੀਆਂ ਦੀ ਪਕੜ ਬਹੁਤ ਮਜ਼ਬੂਤ ਹੁੰਦੀ ਹੈ। ਇਕਾਗਰਤਾ ਪੂਰੇ ਜੋਬਨ ਤੇ ਹੁੰਦੀ ਹੈ।ਗਿਆਨ ਦਾ ਸਾਗਰ ਉਸਨੂੰ ਆਪਣੇ ਆਪ ਵਿੱਚ ਡਬੋ ਲੈਂਦਾ ਹੈ ਅਤੇ ਵਿਦਿਆਰਥੀ ਨੂੰ ਸਫ਼ਲਤਾ ਦੇ ਖ਼ਜਾਨੇ ਤੱਕ ਪਹੁੰਚਾ ਦਿੰਦਾ ਹੈ।
ਸਫ਼ਲਤਾ ਬਨਾਉਟੀ ਚੀਜ਼ਾਂ 'ਚੋ ਨਹੀਂ ਮਿਲਦੀ। ਅੱਜ-ਕੱਲ੍ਹ ਬਜਾਰਾਂ ਵਿੱਚ ਬਨਾਉਟੀ ਸਮਾਨ ਖ਼ਰੀਦਣ ਦੀ ਬੜੀ ਵੱਡੀ ਹੋੜ ਲੱਗੀ ਹੋਈ ਹੈ।ਮਨੁੱਖ਼ ਮਹਿੰਗੀਆਂ ਕਾਰਾਂ, ਮੋਬਾਇਲ, ਸਲੀਪ-ਵੈਲ ਦੇ ਗੱਦੇ,ਮਹਿੰਗੇ ਕੱਪੜੇ ਖ੍ਰੀਦ ਕੇ ਸਫ਼ਲਤਾ ਦੇ ਸੁਪਨੇ ਲੈਂਦਾ ਹੈ।ਪਰ ਕੁਦਰਤ ਵਲੋਂ ਮਨੁੱਖ਼ੀ ਸਫ਼ਲਤਾ ਲਈ ਲਗਾਈਆਂ ਵੱਡੀਆਂ-੨ ਸੇਲਾਂ ਤੇ ਅਸਲੀ ਅਤੇ ਖ਼ਾਲਸ ਸਮਾਨ ਮੁਫ਼ਤ ਮਿਲਦਾ ਹੈ।ਅੰਮ੍ਰਿਤ ਵੇਲੇ ਤਾਜੀ ਹਵਾ,ਫ਼ੁੱਲਾਂ ਦੀ ਖ਼ੁਸ਼ਬੋ,ਪੰਛੀਆਂ ਦਾ ਗੀਤ-ਸੰਗੀਤ,ਘਾਹ ਤੇ ਤ੍ਰੇਲ ਦੇ ਤੁਪਕਿਆਂ ਦੀ ਠੰਡਕ,ਸਰੀਰਕ ਐਨਰਜ਼ੀ, ਜਿਉਦੀਆਂ ਰੂਹਾਂ ਦੇ ਦਰਸ਼ਨ,ਮਾਨਸਿਕ ਸਕੂਨ,ਕੁਦਰਤੀ ਦ੍ਰਿਸ਼ਾਂ ਦਾ ਨਜ਼ਾਰਾ ਸਭ ਕੁਝ ਮੁੱਫ਼ਤ ਮਿਲਦਾ ਹੈ।ਜੇਕਰ ਕੋਈ ਵਿਅਕਤੀ ਮੁਫ਼ਤ ਵਿੱਚ ਐਨਾ ਸਾਮਾਨ ਪ੍ਰਾਪਤ ਨਹੀਂ ਕਰ ਸਕਦਾ ਤਾਂ ਉਹ ਅਸਫ਼ਲ ਇਨਸਾਨ ਹੀ ਹੋ ਸਕਦਾ ਹੈ।
ਇਸ ਲਈ ਸਵੇਰੇ ਉੱਠਣ ਦੀ ਆਦਤ ਤਾਂ ਉਸਨੂੰ ਪਾ ਹੀ ਲੈਣੀ ਚਾਹੀਦੀ ਹੈ ਜਿਸਨੇ ਜੀਵਨ ਵਿੱਚ ਕੁਝ ਬਨਣਾ ਹੈ ਜਿਸਨੇ ਸਫ਼ਲਤਾ ਪਾਉਣੀ ਹੈ,ਅੱਗੇ ਵੱਧਣਾ ਹੈ,ਉਚਾਈਆਂ ਤੇ ਉੱਡਣਾ ਹੈ।ਸਵੇਰੇ ਜਲਦੀ ਉਠਣ ਦੇ ਬੜੇ ਲਾਭ ਹਨ।ਸਮੇਂ ਦੀ ਬੱਚਤ ਦੇ ਨਾਲ ਜਲਦੀ ਉਠਣਾ ਸਿਹਤ ਲਈ ਵੀ ਬੜਾ ਲਾਭਦਾਇਕ ਹੁੰਦਾ ਹੈ।ਸ਼ੀਤਲਮੰਦ ਹਵਾ ਕੁਦਰਤ ਨੂੰ ਨਿਖ਼ਾਰਦੀ ਹੈ।ਤਾਜ਼ੀ ਹਵਾ ਜਦ ਫ਼ੇਫੜਿਆਂ ਨੂੰ ਜ਼ਾਂਦੀ ਹੈ ਤਾਂ ਦਿਮਾਗ ਨੂੰ ਵੀ ਤਾਜ਼ਾ ਕਰ ਦਿੰਦੀ ਹੈ।ਜੇਕਰ ਖੁਲ੍ਹੀ ਹਵਾ ਵਿੱਚ ਸਵੇਰੇ-੨ ਕਸਰਤ ਅਤੇ ਈਸ਼ਵਰ ਦਾ ਸਿਮਰਨ ਕਰੋਗੇ ਤਾਂ ਆਪਣੇ ਅੰਦਰ ਅਦਭੁੱਤ ਪਰਿਵਰਤਨ ਪਾਓਗੇ।ਤੁਸੀਂ ਇਹ ਪ੍ਰਤੱਖ਼ ਦੇਖੋਗੇ ਕਿ ਤੁਸੀਂ ਸਫ਼ਲਤਾ ਵੱਲ ਤੇਜ਼ੀ ਨਾਲ ਵੱਧ ਰਹੇ ਹੋ।ਇਸ ਲਈ ਅੰਮ੍ਰਿਤ ਵੇਲੇ ਉਠਣ ਦੀ ਆਦਤ ਪਾਓ ਅਤੇ ਮਹਾਨ ਇਨਸਾਨ ਬਣੋ।
-
ਕੇਵਲ ਸਿੰਘ ਮਾਨਸਾ, ਲੇਖਕ
chanandeep@gmail.com
9872515652
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.