ਡਾਕਟਰ ਨੂੰ ਸਮਾਜ ਵਿਚ ਦੂਜੇ ਰੱਬ ਦਾ ਦਰਜ਼ਾ ਹਾਸਿਲ ਹੈ, ਡਾਕਟਰ ਦਾ ਮੁੱਢਲਾ ਫਰਜ਼ ਦੁਖੀ ਲੋਕਾਂ ਦੀ ਸੇਵਾ ਕਰਨਾ ਹੈ ਪਰ ਅੱਜਕੱਲ੍ਹ ਇਹ ਪਵਿੱਤਰ ਕਿੱਤਾ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਗਿਆ ਹੈ। ਜਿਸ ਤਰ੍ਹਾਂ ਦਾ ਵਰਤਾਰਾ ਇਸ ਦੌਰ ਵਿਚ ਚੱਲ ਰਿਹਾ ਹੈ ਉਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੁਣ 'ਸੇਵਾ' ਨਹੀਂ ਸਗੋਂ ਪੈਸਾ ਪ੍ਰਮੁੱਖ ਰਹਿ ਗਿਆ ਹੈ। ਪਰ ਫਿਰ ਵੀ ਬਹੁਤ ਸਾਰੇ ਅਜਿਹੇ ਡਾਕਟਰ ਹਨ ਜੋ ਆਪਣੇ ਸਰਕਾਰੀ ਜਾਂ ਪ੍ਰਾਈਵੇਟ ਡਿਊਟੀ ਤੋਂ ਟਾਈਮ ਕੱਢ ਕੇ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਉਂਦੇ ਹਨ ਜਿਥੇ ਇਹ 'ਕੈਂਪ' ਆਮ ਲੋਕਾਂ ਨੂੰ ਮੁਫ਼ਤ ਸਹੂਲਤਾਂ ਦਿੰਦੇ ਹਨ ਉਥੇ ਬਹੁਤ ਸਾਰੀਆਂ ਖਾਮੀਆਂ ਜਾਂ ਊਣਤਾਈਆਂ ਅਕਸਰ ਕੈਂਪਾਂ ਵਿਚ ਵੇਖਣ ਨੂੰ ਮਿਲਦੀਆਂ ਹਨ। ਜਿਨ੍ਹਾਂ ਨੂੰ ਧਿਆਨਗੋਚਰ ਕਰਕੇ ਹੀ ਕੈਂਪਾਂ ਦੀ ਸਾਰਥਿਕਤਾ ਸਮਝੀ ਜਾ ਸਕਦੀ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਮੁਫ਼ਤ ਮੈਡੀਕਲ ਕੈਂਪ ਕਿਸੇ ਸੰਸਥਾ ਜਾਂ ਕਲੱਬ ਵੱਲੋਂ ਪਿੰਡ ਜਾਂ ਸ਼ਹਿਰ ਦੀ ਸਾਂਝੀ ਥਾਂ 'ਤੇ ਲਗਵਾਏ ਜਾਂਦੇ ਹਨ। ਕਹਿਣ ਨੂੰ ਤਾਂ ਇਹ ਕੈਂਪ ਲੋੜਵੰਦਾਂ ਜਾਂ ਉਹ ਲੋਕ ਜਿਨ੍ਹਾਂ ਕੋਲ ਮੈਡੀਕਲ ਸਹੂਲਤਾਂ ਪਹੁੰਚ ਤੋਂ ਬਾਹਰ ਹਨ, ਉਨ੍ਹਾਂ ਲਈ ਹੁੰਦੇ ਹਨ। ਸੰਸਥਾ ਜਾਂ ਕਲੱਬਾਂ ਵੱਲੋਂ ਚੰਦੇ ਜਾਂ ਪਰਚੀਆਂ ਵੀ ਕੱਟੀਆਂ ਜਾਂਦੀਆਂ ਹਨ ਪਰ ਜਦੋਂ ਕੈਂਪ ਲੱਗਦਾ ਹੈ ਤਾਂ ਸਭ ਤੋਂ ਮੂਹਰਲੀ ਕਤਾਰ ਵਿਚ ਕਲੱਬ ਮੈਂਬਰਾਂ ਦੇ ਪ੍ਰੀਵਾਰਿਕ ਜੀਅ ਜਾਂ ਮਿੱਤਰ-ਦੋਸਤ, ਰਿਸ਼ਤੇਦਾਰ ਹੀ ਹੁੰਦੇ ਹਨ। ਬੇਸ਼ਕ ਮਰੀਜ਼ਾਂ ਦੇ ਨੰਬਰ ਦੀ ਲਿਸਟ ਤਿਆਰ ਕੀਤੀ ਹੁੰਦੀ ਹੈ ਪਰ ਇੱਥੇ ਵੀ ਸਿਫਾਰਸ਼ੀ ਲੋਕਾਂ ਨੂੰ ਪਹਿਲ ਦੇ ਅਧਾਰ 'ਤੇ ਡਾਕਟਰ ਕੋਲ ਪੇਸ਼ ਕੀਤਾ ਜਾਂਦਾ ਹੈ। ਪਰ ਲੋੜਵੰਦ ਮਰੀਜ਼ ਅਕਸਰ ਚੈਕਅੱਪ ਤੋਂ ਵਾਂਝੇ ਹੀ ਰਹਿ ਜਾਂਦੇ ਹਨ। ਮੈਂ ਜਿਨ੍ਹਾਂ ਕੁ ਅਜਿਹੇ ਕੈਂਪਾਂ ਦਾ ਅਨੁਭਵ ਕੀਤਾ ਹੈ, ਉਥੇ ਇਹੀ ਵੇਖਣ ਨੂੰ ਮਿਲਿਆ ਹੈ ਕਿ ਕਲੱਬ ਜਾਂ ਸੰਸਥਾ ਵਾਲੇ ਡਾਕਟਰ ਨਾਲ ਆਪਣੀ ਨੇੜਤਾ ਵਧਾਉਣ ਦੇ ਯਤਨਾਂ 'ਚ ਰੁਝੇ ਰਹਿੰਦੇ ਹਨ ਅਤੇ 'ਅੰਨ੍ਹਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ' ਦੀ ਕਹਾਵਤ ਮੁਤਾਬਕ ਆਪਣਿਆਂ ਚਹੇਤਿਆਂ ਨੂੰ ਹੀ ਪਹਿਲ ਦੇ ਅਧਾਰ 'ਤੇ ਚੈਕਅੱਪ ਕਰਵਾਇਆ ਜਾਂਦਾ ਹੈ।
ਦੂਸਰਾ ਧਿਆਨ ਦੇਣ ਵਾਲਾ ਪੱਖ ਇਹ ਹੈ ਕਿ ਕਈ ਮੈਡੀਕਲ ਕੈਂਪਾਂ ਵਿੱਚ ਦਵਾਈਆਂ ਵੀ ਮੁਫ਼ਤ ਵੰਡੀਆਂ ਜਾਂਦੀਆਂ ਹਨ। ਉਹ ਦਵਾਈਆਂ ਸੈਂਪਲਾਂ ਦੇ ਰੂਪ ਵਿੱਚ ਕੈਮਿਸਟਾਂ ਤੋਂ 'ਕੱਠੀਆਂ ਕੀਤੀਆਂ ਹੁੰਦੀਆਂ ਹਨ, ਕਈ ਵਾਰ ਕਿਸੇ ਮਰੀਜ਼ ਨੂੰ ਵੱਧ ਜਾਂ ਘੱਟ 'ਡੋਜ਼' ਦੀ ਲੋੜ ਹੁੰਦੀ ਹੈ ਪਰ ਜਦੋਂ ਪਤਾ ਹੈ ਕਿ ਐਨੇ ਵਿਚ ਹੀ ਸਾਰਨਾ ਹੈ ਤਾਂ ਉਹ ਵੱਧ ਘੱਟ ਡੋਜ਼ ਵਾਲੀਆਂ ਦਵਾਈਆਂ ਅਕਸਰ ਦਿੱਤੀਆਂ ਜਾਂਦੀਆਂ ਹਨ ਅਤੇ ਜਿਸਦੇ ਸਿੱਟੇ ਭਿਆਨਕ ਨਿਕਲਦੇ ਹਨ, ਕੈਂਪ ਲਾਏ ਤਾਂ ਰੋਗੀਆਂ ਦੇ ਰੋਗ ਕੱਟਣ ਲਈ ਲਾਏ ਜਾਂਦੇ ਹਨ ਨਤੀਜੇ ਉਲਟ ਨਿਕਲਦੇ ਹਨ।
ਤੀਸਰਾ ਪੱਖ :- ਮੁਫ਼ਤ ਮੈਡੀਕਲ ਕੈਪਾਂ ਵਿਚ ਥੋੜੇ ਕੈਂਪਾਂ ਨੂੰ ਛੱਡਕੇ ਬਹੁਤਿਆਂ ਵਿਚ ਕੈਂਪ ਲਾਉਣ ਆਈ ਟੀਮ ਆਪਣਾ ਹੀ ਮਸ਼ਹੂਰੀ ਪ੍ਰਚਾਰ ਕਰ ਰਹੀ ਹੁੰਦੀ ਹੈ। ਟੀਮ ਵਿਚ ਆਏ ਡਾਕਟਰਾਂ ਜਾਂ ਅਗਵਾਈ ਕਰਨ ਵਾਲਾ ਡਾਕਟਰ ਆਪਣੇ ਹਸਪਤਾਲ ਜਾਂ ਕਲੀਨਿਕ ਦੀ ਲੈਟਰ ਪੈਡ 'ਤੇ ਹੀ ਦਵਾਈਆਂ ਲਿਖਦੇ ਹਨ ਅਤੇ ਮਰੀਜ਼ਾਂ ਨੂੰ ਇਹ ਵੀ ਆਖ ਦਿੰਦੇ ਹਨ ਕਿ ਇਸ ਤੋਂ ਪਿਛੋਂ ਜੇ ਲੋੜ ਪਈ ਤਾਂ ਫਲਾਣੇ ਥਾਂ ਆ ਜਾਵੀਂ। ਜਿੱਥੇ ਦੂਜੀ ਵਾਰ ਉਸੇ ਮਰੀਜ਼ ਤੋਂ ਮੋਟੀ ਫੀਸ ਲੈਕੇ ਸਾਰਾ ਭਾਂਗਾ ਕੱਢ ਲਿਆ ਜਾਂਦਾ ਹੈ। ਚਾਹੀਦਾ ਤਾਂ ਇਹ ਹੈ ਕਿ ਜਿਹੜਾ ਵੀ ਕਲੱਬ ਜਾਂ ਸੰਸਥਾ ਇਹ ਉਪਰਾਲਾ ਕਰਦਾ ਹੈ ਉਹ ਆਪਣੇ ਕੋਲੋਂ ਹੀ ਲੈਟਰ ਪੈਡ ਛਪਵਾ ਕੇ ਡਾਕਟਰ ਨੂੰ ਦੇਵੇ ਅਤੇ ਕੈਂਪ ਲਾਉਣ ਆਏ ਡਾਕਟਰਾਂ ਨੂੰ ਇਹ ਸ਼ਬਦ ਵਾਰਨਿੰਗ ਰੂਪ ਵਿੱਚ ਦੇ ਦੇਣੇ ਚਾਹੀਦੇ ਹਨ ਕਿ ਡਾਕਟਰ ਸਾਹਿਬ ਕੱਲ੍ਹ ਨੂੰ ਜੇਕਰ ਮਰੀਜ਼ ਨੂੰ ਕੋਈ ਲੋੜ ਪੈਂਦੀ ਹੈ ਤਾਂ ਕੈਂਪ ਵਾਲੇ ਅਜਿਹੇ ਮਰੀਜ਼ਾਂ ਨੂੰ ਤਰਸ ਦੇ ਅਧਾਰ 'ਤੇ ਤੁਸੀਂ ਚੈਕਅੱਪ ਕਰਨਾ ਹੈ ਪਰ ਪ੍ਰਬੰਧਕਾਂ ਤੋਂ ਤਾਂ ਆਪਣੇ ਚਾਅ ਹੀ ਨਹੀਂ ਚੱਕੇ ਜਾਂਦੇ। ਮੁਫ਼ਤ ਵਿਚ ਸਾਰੇ ਟੱਬਰ ਦਾ ਚੈਕਅੱਪ ਜੋ ਕਰਵਾ ਲੈਂਦੇ ਹਨ।
ਚੌਥਾ ਪੱਖ : ਜੋ ਅਹਿਮ ਪੱਖ ਹੈ ਕਿ ਮੁਫ਼ਤ ਮੈਡੀਕਲ ਚੈਕਅੱਪ ਕੈਂਪਾਂ ਵਿਚ ਕਈ ਵਾਰ ਕੀ ਅਕਸਰ ਐਨੇ ਮਰੀਜ਼ ਇਕੱਠੇ ਹੋ ਜਾਂਦੇ ਹਨ ਕਿ ਉਹਨਾਂ ਨੂੂੰ ਚੈਕ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਪਰ ਜਿਨ੍ਹਾਂ ਨੇ ਕੈਂਪ ਆਯੋਜਿਤ ਕੀਤਾ ਹੁੰਦਾ ਹੈ ਉਨ੍ਹਾਂ ਨੇ ਵੀ ਆਪਣੀ ਬੱਲੇ ਬੱਲੇ ਕਰਵਾਉਣੀ ਹੁੰਦੀ ਹੈ ਬਈ ਫਲਾਣੀ ਸੰਸਥਾ ਨੇ ਕੈਂਪ ਲਗਵਾਇਆ, 500 ਮਰੀਜ਼ ਵੇਖੇ ਵਗੈਰਾ। ਮੇਰੀ ਨਜ਼ਰੇ ਜੇਕਰ ਇੱਕ ਮਰੀਜ਼ ਨੂੰ ਸਾਰਾ ਹਾਲ ਚਾਲ ਪੁੱਛ ਕੇ ਦਵਾਈ ਦੇਣੀ ਹੋਵੇ ਤਾਂ ਅੱਧਾ ਘੰਟਾ ਘੱਟੋ-ਘੱਟ ਚਾਹੀਦਾ ਹੈ ਜੇਕਰ ਅੱਧਾ ਘੰਟਾ ਨਹੀਂ ਤਾਂ ਖਿੱਚਕੇ ਪੰਦਰਾਂ-ਵੀਹ ਮਿੰਟ ਦਾ ਸਮਾਂ ਇੱਕ ਮਰੀਜ਼ ਲਈ ਜਰੂਰੀ ਹੈ। ਇਸ ਹਿਸਾਬ ਨਾਲ ਜੇਕਰ ਕੈਂਪ ਦਾ ਸਮਾਂ ਅੱਠ ਘੰਟੇ ਵੀ ਮੰਨ ਲਈਏ ਤਾਂ ਵੀ ਚਾਲੀ ਮਰੀਜ਼ ਮਸਾਂ ਦੇਖੇ ਜਾ ਸਕਦੇ ਹਨ। ਜੇਕਰ ਡਾਕਟਰ ਆਪਣੀ ਟੀਮ ਵੀ ਨਾਲ ਲੈਕੇ ਆਉਂਦਾ ਹੈ ਤਾਂ ਉਸ ਵਿੱਚ ਵੱਧੋ ਵੱਧ ਪੰਜ ਡਾਕਟਰ ਹੀ ਹੁੰਦੇ ਹਨ। ਹੁਣ ਲਾਓ ਹਿਸਾਬ ਮਸਾਂ ਦੋ ਕੁ ਸੌ ਮਰੀਜ਼ ਉਹ ਵੀ ਵਧੀਆ ਤਰੀਕੇ ਨਾਲ ਨਹੀਂ ਸਗੋਂ ਫਾਹਾ ਵੱਢ ਕੇ ਵੇਖੇ ਜਾਂਦੇ ਹਨ। ਇਕ ਹੋਰ ਅਹਿਮ ਗੱਲ ਜੋ ਧਿਆਨ ਭਾਲਦੀ ਹੈ ਕਿ ਮੰਨ ਲਓ ਇੱਕ ਸੰਸਥਾ ਨੇ ਅੱਜ ਕੈਂਪ ਲਵਾ ਲਿਆ। ਉਹਦੀ ਜਿੱਦ ਵਿਚ ਜਾਂ ਸੇਵਾ ਭਾਵਨਾ ਹਿਤ ਕੋਈ ਦੂਜੀ ਸੰਸਥਾ ਹਫ਼ਤੇ ਜਾਂ ਪੰਦਰਾ ਦਿਨਾਂ ਬਾਅਦ ਅਜਿਹਾ ਕੈਂਪ ਲਵਾ ਲੈਂਦੀ ਹੈ ਤਾਂ ਅਧਿਓਂ ਵੱਧ ਮਰੀਜ਼ ਉਹੀ ਹੁੰਦੇ ਹਨ ਜੋ ਪਹਿਲੇ ਕੈਂਪ ਵਿਚ ਆਏ ਸਨ। ਜਿਹੜੀਆਂ ਦਵਾਈਆਂ ਪਹਿਲੇ ਡਾਕਟਰਾਂ ਨੇ ਦਿੱਤੀਆਂ ਸਨ, ਉਹ ਮਰੀਜ਼ ਹਾਲੇ ਖਾਂਦਾ ਹੀ ਹੁੰਦਾ ਹੈ ਕਿ ਦੂਜਾ ਕੈਂਪ ਆ ਜਾਂਦਾ ਹੈ। ਇਸ ਵਰਤਾਰੇ ਨੂੰ ਸਮਝਣ ਦੀ ਲੋੜ ਹੈ। ਅਜਿਹੇ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਨਾ ਤਾਂ ਕਿਸੇ ਨੂੰ ਜ਼ਿੰਦਗੀ ਬਖਸ਼ਦੇ ਨੇ ਅਤੇ ਨਾ ਹੀ ਬਹੁਤੇ ਸਫ਼ਲ ਸਿੱਧ ਹੁੰਦੇ ਹਨ। ਮੇਰਾ ਤਾਂ ਸੇਵਾ ਕਰਨ ਵਾਲੇ ਡਾਕਟਰਾਂ ਨੂੰ ਇਹੀ ਕਹਿਣਾ ਹੈ ਕਿ ਜੇਕਰ ਸੱਚਮੁੱਚ ਹੀ ਤੁਹਾਡੇ ਵਿਚ ਸੇਵਾ ਕਰਨ ਦਾ ਵਿਚਾਰ ਆਉਂਦਾ ਹੈ ਤਾਂ ਤੁਸੀਂ ਆਪਣੇ ਹਸਪਤਾਲਾਂ ਵਿਚ ਹੀ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਚੈਕਅੱਪ ਕਰੋ ਅਤੇ ਜੇ ਹੋ ਸਕੇ ਤਾਂ ਟੈਸਟ ਕਰਵਾਕੇ ਦਵਾਈਆਂ ਵੀ ਦੇ ਦਿਓ। ਅਜਿਹਾ ਕਰਨ ਨਾਲ ਕੁਝ ਘੱਟ ਨਹੀਂ ਜਾਂਦਾ।
ਮੁਫ਼ਤ ਮੈਡੀਕਲ ਕੈਂਪਾਂ ਵਿਚ ਇੱਕ ਕੈਂਪ ਅੱਖਾਂ ਦਾ ਵੀ ਲਾਇਆ ਜਾਂਦਾ ਹੈ। ਬਹੁਤ ਸਾਰੇ ਮਰੀਜ਼ਾਂ ਦੀ ਨਿਗ੍ਹਾ ਚੈਕ ਕਰਕੇ ਐਨਕਾਂ ਵੀ ਲਾਈਆਂ ਜਾਂਦੀਆਂ ਹਨ ਅਤੇ ਮੁਫ਼ਤ ਲੈਂਜ ਵੀ ਪਾਏ ਜਾਂਦੇ ਹਨ। ਅਜਿਹੇ ਕੈਂਪ ਜ਼ਿਆਦਾਤਰ ਰਾਜਨੀਤਕ ਲੋਕਾਂ ਵੱਲੋਂ ਲਗਵਾਏ ਜਾਂਦੇ ਹਨ, ਜਿਨ੍ਹਾਂ ਬਾਰੇ ਪ੍ਰਸਿੱਧ ਗੀਤਕਾਰ ਇੰਦਰਜੀਤ ਹਸਨਪੁਰੀ ਦੀਆਂ ਲਾਈਨਾਂ ਚੇਤੇ ਆਉਂਦੀਆਂ ਹਨ :
ਪਹਿਲਾਂ ਅੱਖੀਂ ਘੱਟਾ ਪਾਉਂਦੇ
ਫੇਰ ਅੱਖਾਂ ਦੇ ਕੈਂਪ ਲਵਾਉਂਦੇ।
ਕੈਂਪ ਲੱਗ ਜਾਂਦਾ ਹੈ, ਬਹੁਤ ਕੈਂਪ ਸਫਲ ਵੀ ਹੋ ਜਾਂਦੇ ਹਨ ਪਰ ਕਈ ਅਜਿਹੇ ਮਰੀਜ਼ ਜਿਨ੍ਹਾਂ ਨੂੰ ਪਿੱਛੋਂ ਕੋਈ ਨਾ ਕੋਈ ਤਕਲੀਫ਼ ਹੋਣੀ ਸ਼ੁਰੂ ਹੋ ਜਾਂਦੀ ਹੈ, ਉਹਦੇ ਹੱਲ ਲਈ ਵੀ ਸੰਬੰਧਿਤ ਕੈਂਪ ਲਾਉਣ ਵਾਲਿਆਂ ਨੂੰ ਏਜੰਡੇ ਉਲੀਕਣੇ ਚਾਹੀਦੇ ਹਨ।
ਖੂਨਦਾਨ ਕੈਂਪਾਂ ਦਾ ਰੁਝਾਨ ਅੱਜਕੱਲ੍ਹ ਬੜੀ ਚਰਚਾ ਵਿਚ ਹੈ। ਇੱਥੋਂ ਤੱਕ ਕਿ ਜੇਕਰ ਕਿਸੇ ਨੇ ਆਪਣੇ ਬੱਚੇ ਦਾ ਜਨਮ ਦਿਨ ਜਾਂ ਮਾਂ-ਬਾਪ ਦੀ ਬਰਸੀ ਮਨਾਉਣੀ ਹੈ ਤਾਂ ਖੂਨਦਾਨ ਕੈਂਪ ਲਾ ਕੇ ਬਹਿ ਜਾਂਦੇ ਹਨ। ਅਖ਼ਬਾਰਾਂ ਵਿਚ ਫੋਟੋਆਂ ਲਵਾ ਲੈਂਦੇ ਹਨ, ਕਿਸੇ ਮੰਤਰੀ ਜਾਂ ਪ੍ਰਸ਼ਾਸ਼ਨਿਕ ਅਧਿਕਾਰੀ ਤੋਂ ਉਦਘਾਟਨ ਕਰਾਕੇ ਫੋਕੀ ਬੱਲੇ ਬੱਲੇ ਕਰਵਾ ਲੈਂਦੇ ਹਨ। ਸਮਝ ਵਿਚ ਨਹੀਂ ਆਉਂਦਾ ਕਿ ਐਨੇ ਖੂਨਦਾਨ ਕੈਂਪ ਲਾਏ ਜਾ ਰਹੇ ਹਨ, ਪਰ ਜਦੋਂ ਲੋੜ ਪੈਣ 'ਤੇ ਕੋਈ ਬਲੱਡ ਬੈਂਕ ਵਿਚ ਜਾਕੇ ਪੁੱਛਦਾ ਹੈ ਤਾਂ ਜਵਾਬ ਮਿਲਦਾ ਹੈ ਖ਼ੂਨ ਤਾਂ ਹੈ ਨਹੀਂ, ਜਾਂ ਪਹਿਲਾਂ ਐਨੀਆਂ ਬੋਤਲਾਂ ਦੇ ਦਿਓ, ਫੇਰ ਮਿਲ ਜਾਵੇਗਾ। ਪਰ ਕਈ ਵਾਰ ਕਿਸੇ ਤੋਂ ਕਾਹਲੀ ਵਿਚ ਬੰਦੋਬਸਤ ਨਹੀਂ ਹੁੰਦਾ ਤਾਂ ਵੀ ਬਲੱਡ ਬੈਂਕ ਵਿਚੋਂ ਖ਼ੂਨ ਨਹੀਂ ਮਿਲਦਾ। ਹਾਂ ਕੋਈ ਸਿਫ਼ਾਰਸ਼ੀ ਬੇਸ਼ੱਕ ਲੈ ਜਾਵੇ। ਐਨੇ ਖ਼ੂਨਦਾਨ ਕੈਂਪਾਂ ਵਿਚ ਜਿਹੜਾ ਖ਼ੂਨ ਦਾਨ ਕੀਤਾ ਜਾਂਦਾ ਹੈ ਉਹ ਕਿੱਥੇ ਜਾਂਦਾ ਹੈ, ਇਹ ਇੱਕ ਗੰਭੀਰ ਬਹਿਸ ਦਾ ਮੁੱਦਾ ਹੈ। ਸਾਵਧਾਨ, ਅਜਿਹੇ ਖ਼ੂਨਦਾਨ ਕੈਂਪ ਲਾਕੇ ਆਪਣਾ ਖੂਨ ਨਾ ਡੋਲੋ। ਤੁਹਾਡਾ ਖੂਨ ਕਿਸੇ ਲੋੜਵੰਦ ਦੀ ਲੋੜ ਪੈਣ ਵੇਲੇ ਮਦਦ ਨਹੀਂ ਕਰ ਸਕਦਾ। ਜੇਕਰ ਤੁਸੀਂ ਸੱਚਮੁੱਚ ਖੂਨਦਾਨੀ ਹੋ ਤਾਂ ਬਲੱਡ ਬੈਂਕ ਦੇ ਮੂਹਰੇ ਇੱਕ ਲਿਸਟ ਲਾਕੇ ਨਾਲ ਆਪਣਾ ਬਲੱਡ ਗਰੁੱਪ ਅਤੇ ਫੋਨ ਨੰਬਰ ਲਿਖਕੇ ਲਾ ਆਓ ਤਾਂ ਕਿ ਲੋੜ ਪੈਣ 'ਤੇ ਤੁਹਾਨੂੰ ਕੋਈ ਫੋਨ ਕਰਕੇ ਬੁਲਾ ਲਵੇ ਅਤੇ ਤੁਹਾਡਾ ਖੂਨ ਕਿਸੇ ਦੇ ਕੰਮ ਆ ਜਾਵੇ। ਬਲੱਡ ਬੈਂਕ ਵਿਚੋਂ ਖੂਨ ਤਦ ਹੀ ਮਿਲਦਾ ਹੈ ਜੇਕਰ ਉਨਾਂ ਖੂਨ ਜਿੰਨਾ ਲਿਆ ਜਾ ਰਿਹਾ ਹੈ ਉਨਾਂ ਹੀ ਪਹਿਲਾਂ ਜਮਾਂ ਕਰਵਾਓ ਨਹੀਂ ਤਾਂ ਉਹ ਵੀ ਝੱਗਾ ਚੱਕ ਦਿੰਦੇ ਹਨ, ਅਜਿਹਾ ਕਈਆਂ ਨਾਲ ਹੋਇਆ ਹੈ। ਸੋ ਖ਼ੂਨਦਾਨ ਕੈਂਪਾਂ ਵਿੱਚ ਖ਼ੂਨਦਾਨ ਕਰਨ ਦੀ ਕੋਈ ਲੋੜ ਨਹੀਂ।
-
ਡਾ ਅਮਨਦੀਪ ਸਿੰਘ ਟੱਲੇਵਾਲੀਆ, ਹੋਮਿਓਪੈਥਿਕ ਡਾਕਟਰ, ਬਰਨਾਲਾ
tallewalia@gmail.com
+91-98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.