ਫੋਟੋ ਕੈਪਸ਼ਨ : ਸ਼ੇਰ ਮਾਰਨ ਤੋਂ ਬਾਅਦ ਖਿੱਚੀ ਗਈ ਇਸ ਫੋਟੋ 'ਚ ਸੱਜੇ ਪਾਸੇ ਹੱਥ ਬੰਦੂਕ ਵਾਲੇ ਮੇਰੇ ਨਾਨਾ ਜੀ ਸ੍ਰ ਜਗੀਰ ਸਿੰਘ, ਵਿਚਕਾਰ ਹੱਥ 'ਚ ਗੰਨ ਵਾਲੇ ਸ੍ਰ ਭੁਪਿੰਦਰ ਸਿੰਘ ਤੇ ਖੱਬੇ ਪਾਸੇ ਹੱਥ ਰਫ਼ਲ ਵਾਲੇ ਸ੍ਰ ਅਮਰ ਸਿੰਘ। ਮੁਕਾਮ ਯੂ.ਪੀ 'ਚ ਤਰਾਈ ਦਾ ਖੇਤੀ ਖ਼ਾਤਰ ਸਿੱਖਾਂ ਵੱਲੋਂ ਅਬਾਦ ਕੀਤਾ ਜਾ ਰਿਹਾ ਜੰਗਲ਼ੀ ਇਲਾਕਾ ਤੇ ਸੰਨ 1955
ਅੰਗਰੇਜ਼ਾਂ ਵੱਲੋਂ ਜੰਗਲ਼ੀ ਜਾਨਵਰਾਂ ਦੀ ਰੱਖ ਖਾਤਰ ਮਖਸੂਸ ਰੱਖੇ ਗਏ ਤਰਾਈ ਦੇ ਜੰਗਲ਼ਾਂ ਨੂੰ ਖੇਤੀ ਲਾਇਕ ਬਨਾਉਣ ਦੀ ਵਿਉਂਤ ਤੇ ਅੰਗਰੇਜ਼ਾਂ ਦੇ ਇੱਥੋਂ ਰੁਖ਼ਸਤ ਹੋਣ ਤੋਂ ਫ਼ੌਰਨ ਬਾਅਦ ਅਮਲ ਸ਼ੁਰੂ ਹੋ ਗਿਆ ਸੀ।
ਇੱਥੇ 99 ਸਾਲਾ ਪਟਾਨਮੇ ਵਾਲੀ ਅਲਾਟਮੈਂਟ ਸਭ ਵਾਸਤੇ ਖੋਲੀ ਗਈ ਪਰ ਪੰਜਾਬੀਆਂ ਤੋਂ ਇਲਾਵਾ ਹੋਰ ਕਿਸੇ ਨੇ ਇਹ ਸਕੀਮ 'ਚ ਕੋਈ ਦਿਲਚਸਪੀ ਨਾ ਦਿਖਾਈ। ਅਸਲ ਮਾਇਨਿਆਂ 'ਚ ਹੌਸਲਾ ਨਾ ਕੀਤਾ। ਸੋ ਮੁਢਲੇ 10 ਸਾਲਾਂ ਦੌਰਨ ਖੇਤੀ ਖ਼ਾਤਰ ਪੈਲ਼ੀ ਦੀ ਅਲਾਟਮੈਂਟ ਲੈਣ ਵਾਲੇ ਸੌ ਫੀਸਦ ਪੰਜਾਬੀ ਸੀ ਤੇ ਉਹ ਵੀ ਸੌ ਫੀਸਦ ਸਿੱਖ। ਇਹਨਾਂ ਚੋਂ ਬਹੁ ਫੀਸਦੀ ਜੱਟ ਸੀ ਕੁਝ ਰਾਏ ਸਿੱਖ ਤੇ ਕੰਬੋ ਸਿੱਖ ਵੀ ਸੀਗੇ। ਭਾਵੇਂ ਜੰਗਲ਼ 'ਚ ਜਾ ਵਸਣ ਦਾ ਫੈਸਲਾ ਲੈਣਾ ਹੀ ਦਲੇਰੀ ਵਾਲਾ ਕਦਮ ਸੀ ਪਰ ਇਹਨਾਂ ਚੋਂ ਵੱਡੀ ਗਿਣਤੀ ਚ ਲੋਕ ਇੱਥੇ ਦਰਪੇਸ਼ ਔਕੁੜਾਂ ਤੋਂ ਤੰਗ ਆ ਕੇ ਅਲਾਟਮੈਂਟ ਛੱਡ ਪੰਜਾਬ ਵਾਪਸ ਪਰਤ ਗਏ।ਬਹੁਤ ਸਾਰੇ ਇੱਥੇ ਕੁਝ ਦਿਨ ਹੀ ਰਹੇ। ਅਲਾਟਮੈਂਟ ਕਰਾ ਕੇ ਪੰਜਾਬ ਗਏ ਕਈ ਬੰਦਿਆਂ ਦੇ ਪਰਿਵਾਰਾਂ ਨੇ ਜੰਗਲ਼ ਦੇ ਖ਼ੌਫ਼ਨਾਕ ਹਾਲਾਤ ਸੁਣ ਕੇ ਪਰਿਵਾਰ ਮੁਖੀਆਂ ਨੂੰ ਯੂ ਪੀ ਵਾਪਸ ਮੁੜਨ ਹੀ ਨਹੀਂ ਦਿੱਤਾ।
ਅਪ੍ਰੈਲ 1993 ਪੰਜਾਬੀ ਟ੍ਰਿਬਿਊਨ ਅਖਬਾਰ 'ਚ ਤਰਾਈ ਚ ਵਸੇ ਇੱਕ ਪੰਜਾਬੀ ਤਿਰਲੋਕ ਮਨਸੂਰ ਵੱਲੋਂ ਲਿਖੀ ਇੱਕ ਲੇਖ ਲੜੀ 'ਚ ਉਹਨਾਂ ਦੱਸਿਆ ਕਿ ਸਾਡੇ ਪਿੰਡ ਦੇ ਚਾਰ ਪਰਿਵਾਰ ਨੈਨੀਤਾਲ ਜਿਲੇ ਦੀ ਕਿੱਛਾ ਤਹਿਸੀਲ 'ਚ ਅਲਾਟਮੈਂਟ ਹੋਈ ਪੈਲ਼ੀ ਤੇ ਪਹੁੰਚਣ ਖ਼ਾਤਰ ਰਾਹ ਚ ਪੈਂਦੀ ਇੱਕ ਨਦੀ ਪਾਰ ਕਰਨ ਲੱਗੇ ਤਾਂ ਸਾਡੇ ਪਰਿਵਾਰ ਤੋਂ ਇਲਾਵਾ ਬਾਕੀ ਤਿੰਨ ਪਰਿਵਾਰ ਗਲ਼-ਗਲ਼ ਡੂੰਘੇ ਪਾਣੀ ਵਾਲ਼ੀ ਨਦੀ ਦੇ ਅੱਧ ਵਿਚਕਾਰੋਂ ਹੀ ਪਿੱਛੇ ਮੁੜ ਗਏ। ਤਿਰਲੋਕ ਮਨਸੂਰ ਲਿਖਦੇ ਹਨ ਕਿ ਮੇਰੇ ਬਾਪੂ ਨੇ ਉਹਨਾ ਨੂੰ ਨਦੀ ਪਾਰ ਕਰਨ ਖ਼ਾਤਰ ਇਹ ਕਹਿੰਦਿਆਂ ਬਥੇਰਾ ਜ਼ੋਰ ਲਾਇਆ ਕਿ ਤੁਸੀਂ ਇੱਕ ਵਰ ਪੈਲ਼ੀ ਤਾਂ ਦੇਖ ਆਓ ।ਪਰ ਉਹ ਪਰਿਵਾਰ ਕਹਿੰਦੇ ਕਿ ਅਜੇ ਤਾਂ ਇੱਕ ਨਦੀ ਹੀ ਦੇਖੀ ਹੈ ਰਾਹ ਚ ਇਹੋ ਜਹੀਆਂ ਨਦੀਆਂ ਹੋਰ ਪਤਾ ਨਹੀਂ ਕਿੰਨੀਆਂ ਹੋਣਗੀਆਂ ,” ਖਸਮਾ ਨੂੰ ਖਾਵੇ ਪੈਲ਼ੀ ਅਸੀਂ ਆਪ ਡੁੱਬ ਮਰਨ ਨਾਲ਼ੋਂ ਪੈਲ਼ੀ ਡੁੱਬੀ ਹੀ ਚੰਗੀ ਹੈ” ਆਖ ਕੇ ਉਹਨੀ ਪੈਰੀਂ ਹੀ ਪੈਲ਼ੀ ਛੱਡ ਮੁੜ ਪੰਜਾਬ ਦੇ ਰਾਹ ਪੈ ਗਏ।ਅਲਾਟਮੈਂਟ ਹੋਈ ਪੈਲ਼ੀ ਛੱਡ ਕੇ ਪੰਜਾਬ ਪਰਤਣ ਵਾਲੇ ਇਹਦੇ ਨਾਲ ਮਿਲਦੇ ਜੁਲ਼ਦੇ ਹੋਰ ਵਾਕਿਆਤ ਉਸ ਲੇਖ ਲੜੀ ਚ ਵੀ ਮਿਲ਼ਦੇ ਨੇ ਤੇ ਮੈਂ ਆਪਦੇ ਨਾਨੇ ਤੋਂ ਵੀ ਸੁਣੇ ਹੋਏ ਨੇ।ਮੋਟੇ ਅੰਦਾਜ਼ੇ ਮੁਤਾਬਿਕ ਲਗਭਗ ਅੱਧੇ ਲੋਕ ਔਖਿਆਈਆਂ ਨਾ ਸਕਣ ਕਾਰਨ ਹੀ ਪੰਜਾਬ ਵਾਪਸ ਆ ਗਏ ਸੀ ਪਹਿਲੇ ਸਾਲ ਚ ਹੀ।
ਚਲੋ ਹੁਣ ਗੱਲ ਕਰੀਏ ਓਹਨਾ ਸਿਰੜੀਆਂ ਦੀ ਜੇਹੜੇ ਰੱਬ ਤੇ ਭਰੋਸਾ ਕਰਕੇ ‘ਜੋ ਹੋਊ ਦੇਖੀ ਜਾਊ’ ਕਹਿ ਕੇ ਜੰਗਲ਼ ਚ ਬੈਠੇ ਰਹੇ।ਬਿਨਾ ਕਿਸੇ ਟਰੈਕਟਰ , ਬਿਨਾ ਕਿਸੇ ਅਸਲੇ ਤੇ ਬਿਨਾ ਛੱਤ ਤੋਂ ਸ਼ੇਰਾਂ ਵਾਲ਼ੇ ਜੰਗਲ਼ਾਂ ਚ ਜਾ ਬੈਠਣਾ ਪਹਾੜ ਜਿੱਡੇ ਜਿਗਰੇ ਤੋਂ ਬਿਨਾ ਮੁਮਕਿਨ ਨਹੀਂ ਸੀ।ਜ਼ਮੀਨਾਂ ਦੇ ਕਬਜ਼ੇ ਲੈਣ ਮਗਰੋਂ ਖੇਤੀ ਵਾਸਤੇ ਟਰੈਕਟਰ ਤੇ ਸ਼ੇਰਾਂ ਤੇ ਹੋਰ ਜਨਵਰਾਂ ਤੋਂ ਬਚਾਅ ਵਾਸਤੇ ਅਸਲਾ ਮੁਢਲੀ ਲੋੜ ਸੀ , ਜਿਸ ਵਾਸਤੇ ਪੈਸਾ ਚਾਹੀਦਾ ਸੀ ਇਹਦੇ ਖ਼ਾਤਰ ਕਿਸੇ ਨੇ ਪੰਜਾਬ ਵਿਚਲੀ ਪੈਲ਼ੀ ਗਹਿਣੇ ਧਰੀ , ਕਿਸੇ ਨੇ ਘਰੇਲੂ ਟੂਮ-ਛੱਲਾ ਵੇਚਿਆ , ਮਾਲ-ਡੰਗਰ ਵੇਚੇ ਸੋ ਲੋਕਾਂ ਕਿਮੇ ਨਾ ਕਿਮੇ ਇਹਦਾ ਇੰਤਜਾਮ ਵੀ ਕੀਤਾ, ਜਿਹੜਾ ਖ਼ੁਦ ਨਹੀਂ ਕਰ ਸਕਿਆ ਉਹਨੇ ਕਿਸੇ ਨਾਲ ਹਿੱਸੇਦਾਰੀ ਕੀਤੀ ।ਇੱਕ ਦੋ ਸਾਲਾਂ ਵਿੱਚ ਜਦੋਂ ਇਨਾ ਲੋਕਾਂ ਨੇ ਕੱਚੀਆਂ ਕੰਧਾਂ ਵਾਲੇ ਬਾਂਸ-ਫੂਸ ਦੀਆਂ ਛੱਤਾਂ ਵਾਲ਼ੇ ਆਸਰੇ ਖੜੇ ਕਰ ਲਏ ਤਾਂ ਹੀ ਜਾ ਕੇ ਪੰਜਾਬ ਤੋਂ ਆਪਦੇ ਟੱਬਰ ਟੀਹਰ ਤਰਾਈ ਚ ਲੈ ਕੇ ਗਏ। ਮੇਰੇ ਨਾਨਾ ਜੀ 1948 ਚ ਆਪ ਗਏ ਤੇ ਟੱਬਰ ਨੂੰ 1950 ਚ ਲੈ ਕੇ ਗਏ ।ਤਰਾਈ ਪਹਾੜ ਦੀਆਂ ਜੜਾਂ ਚ ਪੈਂਦੇ ਨਦੀਆਂ ਨਾਲਿਆਂ ਵਾਲੇ ਮੈਦਾਨੀ ਜੰਗਲ਼ ਨੂੰ ਕਿਹਾ ਜਾਂਦਾ ਹੈ।ਉਸ ਵੇਲੇ ਤਰਾਈ ਦੀ ਲੰਬਾਈ ਲਗਭਗ 200 ਅਤੇ ਔਸਤ ਚੌੜਾਈ ਲਗਭਗ 60 ਕਿੱਲੋਮੀਟਰ ਸੀ।
ਮੁਸ਼ਕਿਲਾਂ ਬਿਆਨੋ ਬਾਹਰੀਆਂ ਸੀ।ਸ਼ੇਰਾਂ, ਚੀਤਿਆਂ ਸਮੇਤ ਕੋਈ ਅਜਿਹਾ ਜੰਗਲੀ ਜਾਨਵਰ ਨਹੀਂ ਸੀ ਜੋ ਉੱਥੇ ਨਾ ਹੋਵੇ ਮਨੁੱਖਾਂ ਨੂੰ ਮਾਰਨ ਵਾਲ਼ੇ ਵੀ ਤੇ ਫਸਲਾਂ ਉਜਾੜਨ ਵਾਲੇ ਜਾਨਵਰ ਵੀ।ਸੱਪਾਂ-ਸਰਾਲ਼ਾਂ ,ਮੱਛਰਾਂ ਤੇ ਲਹੂ ਪੀਣੀਆਂ ਜੋਕਾਂ ਦਾ ਕੋਈ ਅੰਤ ਨਹੀਂ ਸੀ। ਜੂਨ-ਜੁਲਾਈ-ਅਗਸਤ ਤਿੰਨ ਮਹੀਨੇ ਲਗਾਤਾਰ ਮੀਂਹ ਪੈਣ ਕਾਰਨ ਨਦੀਆਂ ਦਾ ਪਾਣੀ ਚੜਿਆ ਰਹਿੰਦਾ ਸੀ ਜੀਹਦੀ ਵਜਾਹ ਕਰਕੇ ਸ਼ਹਿਰ ਨਹੀਂ ਸੀ ਜਾਇਆ ਜਾ ਸਕਦਾ।ਨਾ ਬੱਚਿਆਂ ਦੀ ਪੜਾਈ ਦਾ ਕੋਈ ਇੰਤਜਾਮ ਸੀ ਤੇ ਨਾ ਹੀ ਇਲਾਜ ਦਾ ਇੱਥੋਂ ਤੱਕ ਕਿ ਮਲੇਰੀਏ ਦਾ ਇਲਾਜ ਵੀ ਦੂਰ ਸੀ। ਦਸ ਪੰਦਰਾਂ ਸਾਲਾਂ ਦੀ ਜੱਦੋ ਜਹਿਦ ਤੋਂ ਬਾਅਦ ਜਦੋਂ ਜ਼ਿੰਦਗੀ ਦੀ ਗੱਡੀ ਪਟੜੀ ਤੇ ਚੜਨ ਲੱਗੀ , ਜੰਗਲ਼ਾਂ ਦੇ ਮੰਗਲ਼ ਬਣ ਗਏ ਵੱਡੇ-ਵੱਡੇ ਟਰੈਕਟਰ ਆ ਗਏ ਛੱਪਰਾਂ ਦੀ ਥਾਂ ਪੱਕੇ ਮਕਾਨ ਉਸਰ ਗਏ ਤਾਂ ਬੱਸ ਉਦੋਂ ਤੋਂ ਹੀ ਇੰਨਾ ਦੇ ਸਿਰ ਤੇ ਉਜਾੜੇ ਦੀ ਆਹਟ ਦਸਤਕ ਦੇਣ ਲੱਗੀ।ਕੋਈ ਨਾ ਕੋਈ ਕਾਨੂੰਨੀ ਢੁੱਚਰਾਂ ਖੜੀਆਂ ਕਰਕੇ ਇਨਾਂ ਦੇ ਜ਼ਮੀਨੀ ਕਬਜ਼ਿਆਂ ਨੂੰ ਗ਼ੈਰ ਕਨੂੰਨੀ ਕਰਾਰ ਦਿੱਤਾ ਜਾਣਾ ਸ਼ੁਰੂ ਹੋ ਗਿਆ ।
ਉਜਾੜੇ ਦੀ ਪਹਿਲੀ ਦਸਤਕ ਨੈਨੀਤਾਲ (ਹੁਣ ਊਧਮ ਸਿੰਘ ਨਗਰ) ਜਿਲੇ ਦੀ ਤਹਿਸੀਲ ਬਾਜਪੁਰ , ਬੇਰੀਆਂ ਦੌਲਤ ਤੇ ਬਰੈਹਣੀ ਦੇ ਵਿਚਕਾਰ ਪੈਂਦੇ ਰਾਏ ਸਿੱਖਾਂ ਦੇ ਫ਼ਾਰਮ ਥਾਪਾ ਨਗਲ਼ਾ ਵਿੱਚ ਦੇਖਣ ਨੂੰ ਮਿਲ਼ੀ।ਪੱਕਾ ਸੰਨ ਤਾਂ ਪਤਾ ਨਹੀਂ ਅੰਦਾਜ਼ੇ ਮੁਤਾਬਕ 1963 ਦੀ ਗੱਲ ਹੈ ,ਖੇਤੀ ਕਰ ਰਹੇ ਰਾਏ ਸਿੱਖ ਕਿਸਾਨਾਂ ਦੇ ਫ਼ਾਰਮ ਥਾਪਾ ਨਗਲ਼ਾ ਨੂੰ ਕਾਗ਼ਜ਼ਾਂ ਚ ਬੰਜਰ ਲਿਖ ਕੇ ਇਹਦੀ ਅਲਾਟਮੈਂਟ ਪਹਾੜੀਆ ਦੇ ਨਾਂਅ ਚਾੜ ਦਿੱਤੀ, ਇਸੇ ਬਹਾਨੇ ਸਰਕਾਰੀ ਅਫਸਰ ਰਾਏ ਸਿੱਖ ਕਿਸਾਨਾਂ ਤੋਂ ਕਬਜ਼ਾ ਪਹਾੜੀਆਂ ਨੂੰ ਦਿਵਾਉਣ ਖ਼ਾਤਰ ਪੁੱਜੇ ਪਰ ਕਿਸਾਨ ਇਹ ਆਖ ਕੇ ਕਬਜ਼ਾ ਛੱਡਣਾ ਇਨਕਾਰੀ ਸਨ ਕਿ ਖੇਤੀ ਪੈਦਾਵਾਰ ਦੇ ਰਹੀ ਜ਼ਮੀਨ ਨੂੰ ਰਿਕਾਰਡ ਚ ਬੰਜਰ ਲਿਖਣਾ ਕਾਨੂੰਨੀ ਹੇਰਾ ਫੇਰੀ ਹੈ ।ਜਦੋਂ ਥੋੜ੍ਹੀ ਪੁਲਿਸ ਫੋਰਸ ਦੀ ਪੇਸ਼ ਨਾ ਗਈ ਤਾਂ ਪੀ ਏ ਸੀ ਪੁਲਿਸ ਨੇ ਆ ਕੇ ਕਿਸਾਨਾਂ ਤੇ ਗੋਲ਼ੀ ਚਲਾਈ ਜੀਹਦੇ ਇੱਕ ਰਾਏ ਸਿੱਖ ਸ੍ਰ ਸੁੰਦਰ ਸਿੰਘ ਮਾਰਿਆ ਗਿਆ ਤੇ ਕਈ ਫੱਟੜ ਹੋਏ ।ਇਹਦੇ ਰੋਸ ਵਜੋਂ ਬਾਜਪੁਰ ਨੇੜੇ ਕਾਲ਼ਾਢੂੰਗੀ ਰੋਡ ਪੈਂਦੇ ਰਣਜੀਤ ਨਗਰ ਫ਼ਾਰਮ ਤੇ ਤਰਾਈ ਦੇ ਸਿੱਖਾਂ ਦਾ ਇੱਕ ਵੱਡਾ ਇਕੱਠ ਹੋਇਆ ਸੀ । ਇਹ ਫ਼ਾਰਮ ਫਰੀਦਕੋਟ ਜਿਲੇ ਦੇ ਸ੍ਰ ਹਰਚੰਦ ਸਿੰਘ ਬਰਾੜ ਦਾ ਸੀ ਜੋ ਕਿ ਲੰਮਾ ਸਮਾਂ ਪੰਜਾਬ ਤੋਂ ਬਾਹਰਲੇ ਸਿੱਖਾਂ ਵਾਲੇ ਕੋਟੇ ਚੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਪਟਡ ਮੈਂਬਰ ਵੀ ਰਹੇ।ਸਿੱਖਾਂ ਦੇ ਇਸ ਇਕੱਠ ਚ ਪੰਜਾਬ ਦੀ ਅਕਾਲੀ ਲੀਡਰਸ਼ਿਪ ਵੀ ਪਹੁੰਚੀ ਸੀ।ਇਸ ਇਕੱਠ ਹੋਣ , ਇੱਕ ਸ਼ਹੀਦੀ ਤੇ ਅਕਾਲੀ ਲੀਡਰਸ਼ਿਪ ਵੱਲੋੰ ਸਿੱਖਾਂ ਦੀ ਪਿੱਠ ਤੇ ਆ ਖਲੋਣ ਦੇ ਸਿੱਟੇ ਵਜੋਂ ਥਾਪਾ ਨਗਲ਼ਾ ਦੇ ਕਿਸਾਨਾਂ ਤੋਂ ਕਬਜ਼ਾ ਖੋਹਣ ਦੇ ਅਮਲ ਨੂੰ ਠੱਲ ਪੈ ਗਈ ਸੀ ਜੋ ਅੱਜ ਤੱਕ ਜਾਰੀ ਹੈ।
ਜਿਓਂ ਜਿਓਂ ਤਰਾਈ ਦੇ ਜੰਗਲ਼ਾਂ ਦੀ ਥਾਂ ਤੇ ਸੋਹਣੀਆਂ ਫਸਲਾਂ ਵਾਲੇ ਫ਼ਾਰਮ ਬਣਦੇ ਗਏ ਤਿਓਂ ਤਿਓਂ ਹੀ ਇਸ ਖ਼ੁਸ਼ਹਾਲੀ ਨੂੰ ਦੇਖ ਕੇ ਪਹਾੜੀ ਲੋਕਾਂ ਦੀ ਅੱਖ ਮੈਲ਼ੀ ਹੁੰਦੀ ਗਈ ‘ਤਰਾਈ ਤੋ ਹਮਾਰੀ ਹੈ, ਯੇਹ ਤੋ ਹਮਾਰਾ (ਪਹਾੜ ਦਾ) ਆਂਗਨ ਹੈ’ ਵਰਗੀਆਂ ਗੱਲਾਂ ਪਹਾੜੀਆਂ ਦੇ ਮੁੰਹੋਂ ਸੁਣੀਆਂ ਜਾਣ ਲੱਗੀਆਂ।ਐਚ ਐਨ ਬਹੁਗੁਣਾ ,ਨਰਾਇਣ ਦੱਤ ਤਿਵਾੜੀ ਵਰਗੇ ਜਦੋਂ ਜਦੋਂ ਵੀ ਯੂ ਪੀ ਦੇ ਮੁੱਖ ਮੰਤਰੀ ਬਣੇ ਉਦੋਂ ਉਦੋਂ ਹੀ ਤਰਾਈ ਦੇ ਕਿਸਾਨਾਂ ਤੇ ਨਵੇਂ ਕਾਨੂੰਨ , ਰੂਲਾਂ ਦੀ ਆੜ ਲੈ ਕੇ ਸ਼ਿਕੰਜਾ ਵੱਧ ਕਸਿਆ ਜਾਂਦਾ ਰਿਹਾ।ਇਕੱਲੇ ਇਕੱਲੇ ਕਿਸਾਨ ਨਿੱਜੀ ਤੌਰ ਤੇ ਕੋਰਟ ਕਚੈਹਰੀਆਂ ਦਾ ਸਹਾਰਾ ਲੈ ਕੇ ਵਕਤ ਟਪਾਈ ਕਰਦੇ ਰਹੇ । ਤਰਾਈ ਦਾ ਇੱਕ ਵੀ ਕਿਸਾਨ ਅਜਿਹਾ ਨਹੀਂ ਹੋਣਾ ਜੀਹਨੂੰ ਅਪਦੀ ਜ਼ਮੀਨ ਬਚਾਉਣ ਖ਼ਾਤਰ ਘੱਟੋ ਘੱਟ ਹਾਈ ਕੋਰਟ ਤੱਕ ਨਾ ਜਾਣਾ ਪਿਆ ਹੋਵੇ।ਵਕੀਲ ਆਪਣੀ ਫ਼ੀਸ ਤੋਂ ਇਲਾਵਾ ਹੁਕਮ ਸੁਨਉਣ ਵਾਲੇ ਅਫਸਰਾਂ ਨੂੰ ਦੇਣ ਖ਼ਾਤਰ ਵੀ ਪੈਸੇ ਲੈਂਦੇ ਰਹਿੰਦੇ ਸੀ ,ਪਟਵਾਰੀਆਂ , ਤਹਿਸੀਲਦਾਰਾਂ ਦੀਆਂ ਰਿਸ਼ਵਤਾਂ ਇਹਤੋਂ ਇਲਾਵਾ ਹੁੰਦੀਆਂ ਸੀ।
1996 ਚ ਫ਼ੌਤ ਹੋਏ ਮੇਰੇ ਨਾਨਾ ਜੀ ਮੈਨੂੰ ਦਸਦੇ ਹੰਦੇ ਸੀ ਜਿੰਨੇ ਭਾਅ ਦੀਆਂ ਸਾਡੀਆਂ ਜ਼ਮੀਨਾਂ ਨੇ ਓਨਾਂ ਹੀ ਖ਼ਰਚਾ ਇਹਨਾ ਨੂੰ ਬਚਾਉਣ ਤੇ ਹੋ ਗਿਆ ਹੈ ਸਾਡਾ ! ਮੁਕੱਦਮੇਬਾਜੀਆਂ ਅਤੇ ਰਿਸ਼ਵਤਾਂ ਦੇ ਰਾਹ।ਨੈਨੀਤਾਲ ਜਿਲਾਂ ਕਚੈਹਰੀਆਂ ਚ ਮੈਂ ਖ਼ੁਦ ਦੇਖੀਆਂ ਨੇ ਜਿੱਥੇ 80 ਫੀਸਦੀ ਪੱਗਾਂ ਵਾਲੇ ਹੁੰਦੇ ਸੀ ਜਿੰਨਾ ਚ ਕੋਈ ਫ਼ੌਜਦਾਰੀ ਮੁਕੱਦਮੇ ਵਾਲਾ ਨਾ ਹੋ ਕੇ ਜ਼ਮੀਨੀ ਝਗੜਿਆਂ ਦੀਆਂ ਤਰੀਕਾਂ ਤੇ ਆਏ ਹੁੰਦੇ ਸੀ । ਡੀ ਸੀ ਤੇ ਕਮਿਸ਼ਨਰ ਦੀ ਮਾਲ ਅਦਾਲਤ ਵੀ ਇੱਥੇ ਹੀ ਹੁੰਦੀ ਸੀ।ਨੈਨੀਤਾਲ ਤਰੀਕ ਭੁਗਤਣ ਵਾਸਤੇ ਇੱਕ ਦਿਨ ਪਹਿਲਾਂ ਘਰੋਂ ਤੁਰਨਾ ਪੈਂਦਾ ਸੀ ਤੇ ਇੱਕ ਦਿਨ ਬਾਅਦ ਹੀ ਮੁੜਿਆ ਜਾ ਸਕਦਾ ਸੀ। ਰੇਲ ਗੱਡੀ ਰਾਹੀਂ ਪਹਿਲਾਂ ਕਾਠਗੋਦਾਮ ਤੱਕ ਤੇ ਇੱਥੋਂ ਨੈਨੀਤਾਲ ਦਾ 35 ਕਿੱਲੋਮੀਟਰ ਪਹਾੜੀ ਸਫਰ ਬੱਸ ਜਾਂ ਟੈਕਸੀ ਰਾਹੀਂ ਕਰਨਾ ਪੈਂਦਾ ਸੀ , ਬੱਸ ਸਰਵਿਸ ਤਾਂ ਅੱਜ ਵੀ ਬਹੁਤ ਘੱਟ ਹੈ।ਦੋ ਰਾਤਾਂ ਹੋਟਲ ਚ ਕੱਟਣੀਆਂ ਪੈਂਦੀਆਂ ਸੀ ਸਿਰਫ ਇੱਕ ਤਰੀਕ ਭੁਗਤਣ ਖ਼ਾਤਰ । ਇਹੀ ਹਾਲ ਹਾਈ ਕੋਰਟ ਚ ਜਾਣ ਵੇਲੇ ਹੁੰਦਾ ਸੀ, ਯੂ ਪੀ ਦਾ ਸੂਬਾਈ ਹੈੱਡ ਕੁਆਟਰ ਲਖਨਊ ,ਨੈਨੀਤਾਲ ਤੋਂ 400 ਕਿੱਲੋਮੀਟਰ ਸੀ ਪਰ ਹਾਈ ਕੋਰਟ ਉਹਤੋਂ ਵੀ 200 ਕਿੱਲੋਮੀਟਰ ਅਗਾਂਹ ਇਲਾਹਾਬਾਦ ਚ ਸੀ , ਸੋ ਤੁਸੀਂ ਖ਼ੁਦ ਅੰਦਾਜ਼ਾ ਲਾ ਸਕਦੇ ਹੋਂ ਕਿ ਅਦਾਲਤੀ ਗੇੜੇ ਕਿੰਨੇ ਮਹਿੰਗੇ ਪੈਂਦੇ ਹੋਣਗੇ।ਜਮੀਨੀ ਮੁਕੱਦਮਿਆਂ ਚ ਦੂਜੀ ਧਿਰ ਸੂਬਾ ਸਰਕਾਰ ਹੀ ਹੁੰਦੀ ਸੀ।ਅਕਤੂਬਰ 1985 ਚ ਬੀਬੀ ਮਾਇਆਵਤੀ ਦੀ ਸੂਬਾ ਸਰਕਾਰ ਨੇ ਨੈਨੀਤਾਲ ਜਿਲੇ ਚ ਪੈਂਦੇ ਤਰਾਈ ਵਾਲੇ ਇਲਾਕੇ ਦਾ ਊਧਮ ਸਿੰਘ ਨਗਰ ਵੱਖਰਾ ਜਿਲਾ ਬਣਾ ਦਿੱਤਾ ਜੀਹਦੇ ਨਾਲ ਮੈਦਾਨੀ ਇਲਾਕੇ ਵਾਲਿਆਂ ਨੂੰ ਕੁਸ਼ ਸੁਖ ਦਾ ਸਾਹ ਆਇਆ।ਪਰ ਪੰਜਾਬੀਆਂ ਦੀ ਇਹ ਖ਼ੁਸ਼ੀ ਬਹੁਤਾ ਚਿਰ ਨਾ ਰਹਿ ਸਕੀ।1997 ਚ ਅਟੱਲ ਬਿਹਾਰੀ ਦੀ ਕੇਂਦਰ ਸਰਕਾਰ ਨੇ ਯੂ ਪੀ ਦੇ ਪਹਾੜੀ ਇਲਾਕੇ ਨੂੰ ਅੱਡ ਕਰਕੇ ਵੱਖਰਾ ਉੱਤਰਾਖੰਡ ਸੂਬਾ ਬਨਾਉਣ ਦੀ ਸਕੀਮ ਨਸ਼ਰ ਕਰਦਿਆਂ ਸੌ ਫੀਸਦੀ ਮੈਦਾਨੀ ਜਿਲੇ ਊਧਮ ਸਿੰਘ ਨਗਰ ਨੂੰ ਵੀ ਪਹਾੜੀ ਸੂਬੇ ਉੱਤਰਾਖੰਡ ਚ ਧੱਕਣ ਦਾ ਐਲਾਨ ਕਰ ਦਿੱਤਾ ।
ਬੱਸ ! ਪਹਾੜ ਚ ਧੱਕੇ ਜਾਣ ਦੀ ਗੱਲ ਸੁਣਦਿਆਂ ਊਧਮ ਸਿੰਘ ਨਗਰ ਦੇ ਸਿੱਖਾਂ ਦੇ ਸਿਰ ਫਿਕਰਾਂ ਦਾ ਪਹਾੜ ਟੁੱਟ ਪਿਆ।ਉਹ ਜਾਣਦੇ ਸੀ ਕਿ ਪਹਾੜੀ ਸਾਡੇ ਨਾਲ ਖਾਰ ਰੱਖਦੇ ਨੇ , ਜਦੋਂ-ਜਦੋਂ ਵੀ ਮੁੱਖ ਮੰਤਰੀ ਪਹਾੜੀ ਬਣਦੇ ਰਹੇ ਨੇ ਉਦੋਂ ਉਦੋਂ ਹੀ ਸਰਕਾਰਾਂ ਨੇ ਉਹਨਾਂ ਨੂੰ ਹੋਰ ਤੰਗ ਕੀਤਾ ਹੈ , ਪਹਾੜੀ ਸੂਬਾ ਕਾਇਮ ਹੋਣ ਮਗਰੋਂ ਤਾਂ ਸ਼ੁੱਧ ਪਹਾੜੀਆਂ ਦਾ ਹੀ ਰਾਜ ਹੋ ਜਾਣਾ ਹੈ।ਇਹ ਉਹਨਾ ਦੇ ਫਿਕਰ ਦੀ ਵਜਾਹ ਸੀ । 1998 ਚ ਕੇਂਦਰ ਸਰਕਾਰ ਨੇ ਉੱਤਰਾਖੰਡ ਸੂਬਾ ਕਾਇਮ ਕਰਨ ਵਾਲਾ ਬਿੱਲ ਲੋਕ ਸਭਾ ਚ ਪੇਸ਼ ਕੀਤਾ ਪਰ ਪਾਸ ਹੋਣ ਤੋਂ ਪਹਿਲਾਂ ਹੀ ਸਰਕਾਰ ਟੁੱਟ ਗਈ ਤੇ ਲੋਕ ਸਭਾ ਵੀ ਨਾਲ ਹੀ ਭੰਗ ਹੋ ਗਈ।ਨਵੀਂ ਇਲੈਕਸ਼ਨ ਮਗਰੋਂ ਫੇਰ ਭਾਰਤੀ ਜਨਤਾ ਵਾਲੀ ਅਟੱਲ ਬਿਹਾਰੀ ਵਾਜਪਾਈ ਸਰਕਾਰ ਮੁੜ ਬਣ ਗਈ।ਨਵੰਬਰ 2000 ਚ ਉੱਤਰਾਖੰਡ ਸੂਬਾ ਬਣ ਗਿਆ ਤੇ ਸਿੱਖਾਂ ਦੇ ਤਿੱਖੀ ਮੁਖ਼ਾਲਫ਼ਤ ਦੇ ਬਾਵਜੂਦ ਊਧਮ ਸਿੰਘ ਨਗਰ ਜਿਲਾ ਵੀ ਉੱਤਰਾਖੰਡ ਚ ਸ਼ਾਮਲ ਕਰ ਦਿੱਤਾ ਗਿਆ ।
1997 ਚ ਊਧਮ ਸਿੰਘ ਜਿਲੇ ਨੂੰ ਉੱਤਰਾਖੰਡ ਚ ਸ਼ਾਮਲ ਕਰਨ ਦੇ ਐਲਾਨ ਤੋਂ ਲੈ ਕੇ ਨਵੰਬਰ 2000 ਚ ਇਹਦੇ ਤੇ ਅਮਲ ਹੋਣ ਤੱਕ ਦੇ ਤਿੰਨ ਸਾਲਾਂ ਚ ਇੱਥੋਂ ਦੇ ਸਿੱਖ ਲਗਾਤਾਰ ਹਾਲ ਪਾਰਿਆ ਕਰਦੇ ਰਹੇ ਤੇ ਉਹਨਾ ਦੇ ਕਈ ਵਫ਼ਦ , ਦੁਨੀਆ ਭਰ ਦੇ ਸਿੱਖਾਂ ਦੀ ਨੁਮਾਇੰਦਾ ਜਮਾਤ ਅਖਵਾਉਂਦੇ ਤੇ ਦਿੱਲੀ ਵਾਲੀ ਵਾਜਪਾਈ ਸਰਕਾਰ ਚ ਹਿੱਸੇਦਾਰ ਸ਼ਰੋਮਣੀ ਅਕਾਲੀ ਦਲ ਦੇ ਭਰਦਾਨ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਮਿਲੇ।ਇਹਨੂ ਤਰਾਈ ਦੇ ਸਿੱਖਾਂ ਨਾਲ ਧੱਕਾ ਮੰਨ ਕੇ ਤਿੰਨ ਸਾਲ ਇਹ ਮਾਮਲਾ ਭਖਿਆ ਰਿਹਾ।ਬਾਦਲ ਸਾਹਿਬ ਅਤੇ ਅਕਾਲੀ ਦਲ ਦੇ ਵੱਡੇ ਲੀਡਰਾਂ ਵੱਲੋਂ ਦਿੱਤੇ ਗਏ ਭਰੋਸੇ ਵੀ ਤਿੰਨ ਸਾਲ ਲਗਾਤਾਰ ਅਖ਼ਬਾਰਾਂ ਵਿੱਚ ਛਪਦੇ ਰਹੇ ਕਿ ਊਧਮ ਸਿੰਘ ਨਗਰ ਨੂੰ ਉੱਤਰਾਖੰਡ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ।ਪੰਜਾਬ ਚ ਬਾਦਲ ਸਾਹਿਬ ਦੇ ਸਿਆਸੀ ਵਿਰੋਧੀਆਂ ਵੱਲੋਂ ਵੀ ਇਸ ਮਾਮਲੇ ਤੇ ਬਾਦਲ ਸਾਹਿਬ ਤੇ ਗ਼ੈਰ ਗੰਭੀਰ ਹੋਣ ਦੇ ਇਲਜਾਮ ਵੀ ਲਗਾਤਾਰ ਤਿੰਨ ਸਾਲ ਅਖ਼ਬਾਰਾਂ ਦੀਆਂ ਖਬਰਾਂ ਬਣਦੇ ਰਹੇ।ਪੰਜਾਬ ਚ ਕੋਈ ਵੀ ਛੋਟਾ ਵੱਡਾ ਸਿਆਸੀ ਇਕੱਠ ਅਜਿਹਾ ਨਹੀਂ ਸੀ ਹੁੰਦਾ ਜੀਹਦੇ ਚ ਇਹ ਮਾਮਲਾ ਪੂਰੀ ਸ਼ਿੱਦਤ ਨਾਲ ਨਾ ਉਭਾਰਿਆ ਜਾਂਦਾ ਹੋਵੇ।ਸੈਂਟਰ ਸਰਕਾਰ ਵੱਲੋਂ ਇਸ ਮਾਮਲੇ ਤੇ ਕੇਂਦਰੀ ਵਜ਼ੀਰ ਮਿਸਟਰ ਕਾਰਜ ਫਰਨਾਂਡੇਸ ਦੀ ਭਰਦਾਨਗੀ ਹੇਠ ਇੱਕ ਕਮੇਟੀ ਬਣਾਈ ਜੀਹਦੇ ਮੈਂਬਰ ਸ੍ਰ ਪ੍ਰਕਾਸ਼ ਸਿੰਘ ਬਾਦਲ ਅਤੇ ਯੂ ਪੀ ਦੇ ਮੁੱਖ ਮੰਤਰੀ ਸ਼੍ਰੀ ਕਲਿਆਣ ਸਿੰਘ ਸਨ।ਜਦੋਂ ਇੱਕ ਸ਼ਾਮ ਮੈਨੂੰ ਪਤਾ ਲੱਗਿਆ ਕਿ ਇਹ ਕਮੇਟੀ ਜਾਇਜਾ ਲੈਣ ਲਈ ਭਲ਼ਕੇ ਸਵੇਰੇ ਸਵੇਰੇ ਪੰਤਨਗਰ ਯੂਨੀਵਰਸਿਟੀ ਚ ਪਹੁੰਚ ਰਹੀ ਹੈ ਤਾਂ ਕੁਝ ਘੰਟਿਆਂ ਦੇ ਨੋਟਿਸ ਤੇ ਹੀ ਲਗਭਗ 50 ਹਜ਼ਾਰ ਊਧਮ ਸਿੰਘ ਨਗਰ ਜਿਲੇ ਦੇ ਸਿੱਖ ਉੱਥੇ ਇਹ ਦੱਸਣ ਵਾਸਤੇ ਇਕੱਠੇ ਹੋ ਗਏ ਕਿ ਅਸੀਂ ਉੱਤਰਾਖੰਡ ਚ ਨਹੀਂ ਜਾਣਾ ਚਾਹੁੰਦੇ ।ਹੈਲੀਕਾਪਟਰ ਰਾਹੀਂ ਪੁੱਜੀ ਇਹ ਕਮੇਟੀ ਕਿਸੇ ਦੀ ਗੱਲ ਸੁਣੇ ਤੋਂ ਬਿਨਾ ਹੀ ਵਾਪਸ ਮੁੜ ਆਈ ਸੀ, ਹਾਲਾਂਕਿ ਇਹ ਲੋਕ ਆਪਦੀ ਮੰਗ ਦੇ ਹੱਕ ਊਧਮ ਸਿੰਘ ਨਗਰ ਜਿਲੇ ਦੀਆਂ 93 ਫੀਸਦ ਪੰਚਾਇਤਾਂ ਵੱਲੋਂ ਪਾਸ ਕੀਤੇ ਗਏ ਮਤੇ ਕਮੇਟੀ ਨੂੰ ਦਿਖਾਉਣ ਖ਼ਾਤਰ ਨਾਲ਼ ਲੈ ਕੇ ਗਏ ਸੀ ।
ਇਹ ਗੱਲਾਂ ਦਾ ਜ਼ਿਕਰ ਕਰਨ ਦਾ ਮਤਲਬ ਇਹ ਦੱਸਣਾ ਹੈ ਤਰਾਈ ਦੇ ਸਿੱਖਾਂ ਨੇ ਆਪਦੀਆਂ ਜਮੀਨਾ ਵਾਲੇ ਇਲਾਕੇ ਨੂੰ ਉੱਤਰਾਖੰਡ ਵਿੱਚ ਜਾਣੋ ਰੋਕਣ ਲਈ ਕਿੰਨੀ ਵਾਹ ਲਾਈ ਸੀ।ਇਹ ਕੰਮ ਸੈਂਟਰ ਦੀ ਅਟੱਲ ਬਿਹਾਰੀ ਸਰਕਾਰ ਦੇ ਹੱਥ ਵੱਸ ਸੀ ਜੀਹਦੇ ਵਿੱਚ ਸ਼ਰੋਮਣੀ ਅਕਾਲੀ ਦਲ ਹਿੱਸੇਦਾਰ ਸੀ ਤੇ ਵਾਜਪਾਈ ਵਾਲੀ ਪਾਰਟੀ ਬੀ ਜੇ ਪੀ ਪੰਜਾਬ ਵਾਲੀ ਬਾਦਲ ਸਰਕਾਰ ਚ ਭਾਈਵਾਲ ਸੀ।ਉਸ ਵੇਲੇ ਦੀਆਂ ਸਿਆਸੀ ਲੋੜਾਂ ਮੁਤਾਬਕ ਬੀ ਜੇ ਪੀ ਵੱਲੋਂ ਅਕਾਲੀ ਦਲ ਨੂੰ ਨਰਾਜ਼ ਕਰਨਾ ਵਾਰਾ ਨਹੀਂ ਸੀ ਖਾਂਦਾ।ਸੋ ਤਰਾਈ ਦੇ ਸਿੱਖਾਂ ਦੀ ਸਾਰੀ ਟੇਕ ਬਾਦਲ ਸਾਹਿਬ ਤੇ ਹੀ ਸੀ । ਬਾਦਲ ਸਾਹਿਬ ਕੋਲ ਉਨਾਂ ਨੇ ਕਿਸ ਕਦਰ ਹਾਲ ਪਾਹਰਿਆ ਕੀਤੀ ਜੀਹਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਜਦੋਂ 1997 ਚ ਤਰਾਈ ਦੇ ਸਿੱਖਾਂ ਦਾ ਇੱਕ ਵਫ਼ਦ ਬਾਦਲ ਸਾਹਿਬ ਨੂੰ ਮਿਲਣ ਚੰਡੀਗੜ ਆਇਆ ਤਾਂ ਉੱਥੇ ਇੱਕ ਮਨ ਗੁੰਨੇ ਜਾਣ ਵਾਲੀ ਘਟਨਾ ਸਾਹਮਣੇ ਆਈ ।ਵਫ਼ਦ ਚ ਸ਼ਾਮਲ ਬਾਜਪੁਰ ਤਹਿਸੀਲ ਵਿਚਲੇ ਛੇਤਰੀ ਫ਼ਾਰਮ ਦੇ ਕਿਸਾਨ ਸ੍ਰ ਹਰਨੇਕ ਸਿੰਘ ਰੰਧਾਵਾ ਸਨ ਆਫ ਸ੍ਰ ਕੁੰਦਨ ਸਿੰਘ ਰੰਧਾਵਾ ਨੇ ਅਪਦੀ ਪੱਗ ਲਾਹ ਬਾਦਲ ਸਾਹਿਬ ਮੂਹਰੇ ਪਏ ਮੇਜ਼ ਤੇ ਰੱਖ ਕੇ ਬਾਦਲ ਸਾਹਿਬ ਨੂੰ ਮੁਖਾਤਿਬ ਹੁੰਦਿਆਂ ਕਿਹਾ “ਸਰਦਾਰਾ ! ਰੱਬ ਦੇ ਵਾਸਤੇ ਸਾਨੂੰ ਬਚਾ ਲੈ !! ਸਾਡੀ ਪੱਗ ਦੀ ਸਲਾਮਤੀ ਹੁਣ ਤੇਰੇ ਹੱਥ-ਵੱਸ ਹੈ। ਸਾਡੀਆਂ ਆਉਂਦੀਆਂ ਨਸਲਾਂ ਤੇਰਾ ਅਹਿਸਾਨ ਚੇਤੇ ਰੱਖਣਗੀਆਂ “ .....
ਹੁਣ ਗੱਲ ਕਰੀਏ ਮੁੱਢ ਚ ਛੇੜੇ ਗਈ ਸ਼ੇਰ ਮਾਰਨ ਵਾਲੇ ਵਾਅਕੇ ਦੀ ।ਇਹ ਘਟਨਾ ਤਾਂ ਥੋੜੇ ਲਫ਼ਜ਼ਾਂ ਵਿੱਚ ਹੀ ਲਿਖੀ ਜਾ ਸਕਦੀ ਸੀ ਪਰ ਇਹਦੀ ਅਹਿਮੀਅਤ ਦੱਸਣ ਲਈ ਇਹਦੀ ਬੈਕ-ਗਰਾਉਂਡ ਦੇਣੀ ਜ਼ਰੂਰੀ ਸੀ।ਇਹ ਦੱਸਣਾ ਜ਼ਰੂਰੀ ਸੀ ਕਿ ਊਧਮ ਸਿੰਘ ਨਗਰ ਜਿਲੇ ਦੇ ਸਿੱਖ ਉਤਰਾਖੰਡ ਵੱਲ ਤਾਂ ਨਹੀਂ ਸੀ ਜਾਣਾ ਚਾਹੁੰਦੇ ਕਿ ਉੱਥੇ ਉਹਨਾ ਨੂੰ ਆਪਦੀਆਂ ਜ਼ਮੀਨਾਂ ਖੁੱਸਣ ਦਾ ਡਰ ਸਤਾ ਰਿਹਾ ਸੀ।ਜਦੋਂ ਉਹਨਾ ਦੇ ਹੱਕ ਚ ਬਿਆਨਬਾਜੀ ਹੁੰਦੀ ਸੀ ਤਾਂ ਜ਼ਮੀਨਾਂ ਖੁੱਸਣ ਵਾਲੇ ਨਜ਼ਰੀਏ ਤੋਂ ਹੀ ਹੁੰਦੀ ਸੀ।ਜ਼ਮੀਨਾਂ ਤੇ ਸਿੱਖਾਂ ਦਾ ਹੱਕ ਹੋਣ ਦੀ ਵਜ਼ਾਹਤ ਇਹ ਕਹਿ ਕੇ ਕੀਤੀ ਜਾਂਦੀ ਸੀ ਕਿ ਸਿੱਖਾਂ ਨੇ ਸ਼ੇਰਾਂ ਨਾਲ਼ ਲੜ ਕੇ ਇਹ ਜ਼ਮੀਨਾਂ ਅਬਾਦ ਕੀਤੀਆਂ ਨੇ ।ਸੋ ਊਧਮ ਸਿੰਘ ਨਗਰ ਜਿਲੇ ਬਾਬਤ 1997 ਤੋਂ 2000 ਤੱਕ ਲਗਾਤਾਰ ਤਿੰਨ ਸਾਲ ਲਗਾਤਾਰ ਛਪੀਆਂ ਖ਼ਬਰਾਂ ਚ ਕੋਈ ਖ਼ਬਰ ਅੱਜ ਅਜਿਹੀ ਨਹੀਂ ਸੀ ਜੀਹਦੇ ਚ ਸਿੱਖਾਂ ਵੱਲੋਂ ਸ਼ੇਰਾਂ ਮੂਹਰੇ ਹਿੱਕਾਂ ਡਾਹੁਣ ਜਾਂ ਸ਼ੇਰਾਂ ਮੁਕਾਬਲਿਆਂ ਦਾ ਜ਼ਿਕਰ ਨਾ ਹੋਵੇ।ਹੁਣ ਵੀ ਜਦੋਂ ਉੱਤਰਾਖੰਡ ਸੂਬੇ ਚ ਸਿੱਖਾਂ ਨੂੰ ਜ਼ਮੀਨਾਂ ਚੋਂ ਬੇਦਖ਼ਲ ਕਰਨ ਦੀ ਖ਼ਬਰ ਆਉਂਦੀ ਹੈ ਤਾਂ ਇਹਦੀ ਨਿਖੇਧੀ ਕਰਨ ਵਾਲੇ ਬਿਆਨਾਂ ਵਿੱਚ ਸ਼ੇਰਾਂ ਨਾਲ ਮੁਕਾਬਲੇ ਦਾ ਜ਼ਿਕਰ ਲਾਜ਼ਮੀ ਹੁੰਦਾ ਹੈ।ਹੋ ਸਕਦਾ ਹੈ ਕਿ ਬਹੁਤ ਸਾਰੇ ਲੋਕਾਂ ਦੇ ਮਨ ਨੂੰ ਇਹ ਗੱਲ ਨਾ ਜਚੇ ਕਿ ਲੋਕ ਆਪਦੀ ਮਰਜ਼ੀ ਨਾਲ ਅਜਿਹੇ ਜੰਗਲ਼ ਚ ਜਾ ਵਸਣ ਜਿੱਥੇ ਸ਼ੇਰ ਆਮ ਹੀ ਤੁਰੇ ਫਿਰਦੇ ਹੋਣ।ਇਸੇ ਗੱਲ ਦੀ ਤਸਦੀਕ ਕਰਨ ਖ਼ਾਤਰ ਹੀ ਹੈ ਸ਼ੇਰ ਮਾਰਨ ਵਾਲਾ ਇਹ ਵਾਅਕਾ।
ਮੇਰੇ ਨਾਨਾ ਜੀ ਸ੍ਰ ਜਗੀਰ ਸਿੰਘ ਗਰੇਵਾਲ਼ ਦਾ ਜੱਦੀ ਪਿੰਡ ਲੁਦੇਹਾਣੇ ਜਿਲੇ ਚ ਗੁੱਜਰਵਾਲ ਸੀ ਜੋ ਫੌਜ ਵਿੱਚੋਂ 1948 ਚ ਜਮਾਂਦਾਰ ਰੈਂਕ ਦੀ ਪੈਨਸ਼ਨ ਆਏ ਸਨ ਤੇ ਉਨਾਂ ਤੋ ਇੱਕ ਸਾਲ ਪਹਿਲਾਂ ਉਹਨਾ ਦੀ ਹੀ ਫ਼ੌਜੀ ਯੂਨਿਟ ਵਾਲੇ ਇੱਕ ਦੋਸਤ ਤੇ ਲੁਦੇਹਾਣੇ ਜਿਲੇ ਚ ਪੈਂਦੇ ਪਿੰਡ ਕਣੇਚ ਦੇ ਸ੍ਰ ਬਚਨ ਸਿੰਘ ਭੰਡਾਲ਼ ਵੀ ਜਮਾਂਦਾਰ ਰੈਂਕ ਦੀ ਪੈਨਸ਼ਨ ਆਏ।ਦੋਵਾਂ ਨੇ ਰਲ਼ ਕੇ ਨੈਨੀਤਾਲ ਜਿਲੇ ਦੀ ਤਹਿਸੀਲ ਬਾਜਪੁਰ ਚ ਜ਼ਮੀਨ ਅਲਾਟ ਕਰਵਾ ਲਈ 1948 ਵਿੱਚ ਹੀ ਜਿੱਥੇ ਅੱਜ-ਕੱਲ੍ਹ ਸੰਤੋਸ਼ਪੁਰ ਫਾਰਮ ਹੈ ,ਮੇਰਾ ਜਨਮ ਵੀ 1960 ਨੂੰ ਇੱਥੇ ਹੀ ਹੋਇਆ ।ਛੋਟੇ ਹੁੰਦਿਆਂ ਹੀ ਮਾਤਾ ਤੋਂ ਨਾਨਕੀਂ ਆਮ ਫਿਰਦੇ ਸ਼ੇਰਾਂ ਦੀਆਂ ਗੱਲਾਂ ਸੁਨਣ ਨੂੰ ਮਿਲਦੀਆਂ ਹੁੰਦੀਆਂ ਸੀ।ਇਹ ਵੀ ਸੁਣਦੇ ਹੁੰਦੇ ਸੀ ਓਥੇ ਸ਼ੇਰਾਂ ਨੂੰ ਡਰਾਉਣ ਲਈ ਅੱਗ ਬਾਲ਼ਕੇ ਘਰਾਂ ਨੇੜੇ ਰੱਖਦੇ ਹੁੰਦੇ ਸੀ , ਲਾਲਟੈਣਾਂ ਵੀ ਸਾਰੀ ਸਾਰੀ ਰਾਤ ਜਗਾ ਕੇ ਰੱਖਣੀਆਂ ਪੈਂਦੀਆਂ ਸੀ ਕਿਉਂਕਿ ਸ਼ੇਰ ਅੱਗ ਤੋਂ ਡਰਦਾ ਹੈ।
1955 ਦੀ ਗੱਲ ਹੈ 2 ਕਿੱਲੋਮੀਟਰ ਦੂਰ ਵਸਦਾ ਇੱਕ ਰਾਏ ਸਿੱਖ ਸ੍ਰ ਅਰਜਣ ਸਿੰਘ ਮੇਰੇ ਨਾਨਾ ਜੀ ਕੋਲ ਆਇਆ ਤੇ ਕਹਿਣ ਲੱਗਿਆ ਕਿ ,”ਜਮਾਂਦਾਰ ਸਾਹਿਬ ! ਇੱਕ ਸ਼ੇਰ ਤੋਂ ਅਸੀਂ ਬਹੁਤ ਤੰਗ ਆਏ ਬੈਠੇ ਹਾਂ । ਨਿੱਤ ਸਾਡੇ ਇੱਕ ਡੰਗਰ ਨੂੰ ਖਾ ਜਾਂਦਾ ਹੈ। ਅੱਜ ਇੱਕ ਵੱਛੇ ਨੂੰ ਫੜ ਲਿਆ ਸੀ, ਅਸੀਂ ਮਸਾਂ ਰੌਲ਼ਾ ਗੌਲ਼ਾ ਕਰ ਕੇ ਇੱਕ ਵਾਰ ਵੱਛਾ ਤਾਂ ਛੁਡਾ ਲਿਆ ਸੋ ਤੁਸੀਂ ਮੇਹਰਬਾਨੀ ਕਰਕੇ ਇਹਦਾ ਪੱਕਾ ਹੱਲ ਕਰੋ।ਤੁਹਾਡੇ ਕੋਲ਼ ਅਸਲਾ ਜੋ ਹੈ।” ਮੇਰੇ ਨਾਨੇ ਨੇ ਆਪਦੇ ਭਾਈਵਾਲ ਜਮਾਂਦਾਰ ਸ੍ਰ ਬਚਨ ਸਿੰਘ ਦੇ 16 ਸਾਲਾ ਅਣਦਾੜ੍ਹੀਏ ਬੇਟੇ ਸ੍ਰ ਭੁਪਿੰਦਰ ਸਿੰਘ ਨੂੰ ਨਾਲ਼ ਲਿਆ ਤੇ ਸ੍ਰ ਅਰਜਣ ਸਿੰਘ ਨਾਲ ਹੋ ਤੁਰੇ। ਦੋਵਾਂ ਕੋਲ਼ 1948 ਚ ਖਰੀਦੀਆਂ ਇੰਡੀਅਨ ਔਰਡੀਨੈਂਸ ਕੰਪਨੀ ਦੀਆਂ 12 ਬੋਰ ਦੋਨਾਲ਼ੀ ਰਫ਼ਲਾਂ ਤੇ ਐਲੀ ਅਲਫਾਮੈਕਸ ਕੰਪਨੀ ਵਾਲੇ ਬਰਤਾਨੀਆ ਚ ਬਣੇ ਹੋਏ ਐਲ ਜੀ ਕਾਰਤੂਸ ਸੀਗੇ।ਅੱਗੇ ਜਾ ਇੱਕ ਕੰਬੋ ਸਿੱਖ ਬਰੈਹਣੀ ਵਾਲੇ ਸ੍ਰ ਅਮਰ ਸਿੰਘ ਨੂੰ ਵੀ ਨਾਲ ਲਿਆ ਉਹਨਾ ਕੋਲ਼ ਵੀ ਦੋ ਨਾਲ਼ੀ ਬਾਰਾਂ ਬੋਰ ਦੀ ਬੰਦੂਕ ਸੀ।
ਜਿੱਥੇ ਸ਼ੇਰ ਨੇ ਵੱਛਾ ਜਖਮੀ ਕੀਤਾ ਸੀ ਉਹਦੇ ਨੇੜੇ ਹੀ ਦੋ ਦਰੱਖਤਾਂ ਤੇ ਬਾਂਸਾਂ ਦਾ ਮਚਾਨ ਬੰਨ ਲਿਆ । ਜਖਮੀ ਵੱਛਾ ਘੜੀਸ ਕੇ ਇਹ ਸੋਚ ਮਚਾਨ ਦੇ ਨੇੜੇ ਕਰ ਲਿਆ ਕੇ ਸ਼ੇਰ ਜਖਮੀ ਸ਼ਿਕਾਰ ਨੂੰ ਖਾਣ ਵਾਸਤੇ ਮੁੜ ਉਸੇ ਜਗਾਹ ਤੇ ਆਊਗਾ ।ਫੇਰ ਤਿੰਨੇ ਜਾਣੇ ਖਾਣ-ਪੀਣ ਦਾ ਰਾਸ਼ਣ ਤੇ ਅਸਲਾ ਚੱਕ ਕੇ ਮਚਾਨ ਉੱਤੇ ਚੜ ਬੈਠੇ।ਇਹ ਜਗਾਹ ਬਾਜਪੁਰ-ਕਾਲ਼ਾਢੂੰਘੀ ਰੋਡ ਤੇ ਬਰੈਹਣੀ ਚੌਂਕ ਨੇੜੇ ਪੈਂਦੀ ਹੈ।ਰਾਤ ਵੇਲੇ ਸ਼ੇਰ ਮੁੜ ਆਇਆ ਤੇ ਜਖਮੀ ਵੱਛੇ ਨੂੰ ਮੂੰਹ ਪਾ ਲਿਆ।ਵੱਛੇ ਨੇ ਵੀ ਕੁਸ਼ ਚੀਕ ਚਿਹਾੜਾ ਪਾਇਆ ਤਾਂ ਮਚਾਨ ਵਾਲੇ ਅਲਰਟ ਹੋਏ। ਟਾਰਚ ਦੀ ਲਾਇਟ ਮਾਰੀ ਤਾਂ ਸ਼ੇਰ ਨਜ਼ਰ ਆਇਆ। ਸ੍ਰ ਅਮਰ ਸਿੰਘ ਨੇ ਫ਼ੌਰਨ ਇੱਕ ਫਾਇਰ ਸ਼ੇਰ ਵੱਲ ਮਾਰਿਆ ਜੋ ਨਿਸ਼ਨਿਓਂ ਖੁੰਜ ਗਿਆ ।ਐਧਰ ਓਧਰ ਲਾਈਟ ਮਾਰ ਕੇ ਦੇਖੀ ਤਾਂ ਸ਼ੇਰ ਕਿਧਰੇ ਨਜ਼ਰ ਨਾ ਆਇਆ।
ਸਵੇਰੇ ਮੁੰਹ-ਹਨੇਰੇ ਮਚਾਨ ਤੋਂ ਪਹਿਲਾਂ ਭੁਪਿੰਦਰ ਸਿੰਘ ਆਪਦੀ ਤੇ ਜਗੀਰ ਸਿੰਘ ਦੀ ਰਫ਼ਲ ਲੈ ਕੇ ਹੇਠਾਂ ਉੱਤਰੇ ਫੇਰ ਅਮਰ ਸਿੰਘ ਉੱਤਰੇ।ਭੁਪਿੰਦਰ ਸਿੰਘ ਨੇ ਅਮਰ ਸਿੰਘ ਨੂੰ ਕਿਹਾ ਆਓ ਆਪਾਂ ਏਧਰ ਓਧਰ ਨਿਗਾ ਮਾਰ ਕੇ ਦੇਖੀਏ , ਹੋ ਸਕਦਾ ਹੈ ਕਿ ਰਾਤ ਵਾਲੇ ਫਾਇਰ ਨਾਲ ਸ਼ੇਰ ਕਿਤੇ ਜਖਮੀ ਹਾਲਤ ਵਿੱਚ ਨਾ ਪਿਆ ਹੋਵੇ ਪਰ ਅਮਰ ਸਿੰਘ ਨੇ ਇਸ ਸੰਭਾਵਨਾ ਨੂੰ ਮਜ਼ਾਕ ਵਜੋਂ ਲਿਆ।ਸ਼ੇਰ ਦੀ ਇਹ ਫ਼ਿਤਰਤ ਹੈ ਕਿ ਉਹ ਘਾਤ ਲਾ ਕੇ ਹਮਲਾ ਕਰਦਾ ਹੈ । ਬਿੱਲੀ ਵਾਂਗੂੰ ਸ਼ਿਕਾਰ ਦੇ ਨੇੜੇ ਵੀ ਦੱਬਵੇਂ ਪੈਰੀਂ ਜਾਂਦਾ ਹੈ ਜੇ ਸ਼ਿਕਾਰ ਖੁਦ ਓਹਦੇ ਵੱਲ ਨੂੰ ਆ ਰਿਹਾ ਹੋਵੇ ਤਾਂ ਓਨਾ ਚਿਰ ਕੋਈ ਹਿਲ-ਜੁਲ ਨਹੀਂ ਕਰਦਾ ਜਿੰਨਾ ਚਿਰ ਓਹਦੀ ਐਨ ਮਾਰ ਹੇਠ ਨਾ ਆ ਜਾਵੇ ।ਅਮਰ ਸਿੰਘ ਨਾਲ ਅਜੇ ਗੱਲ ਹੋ ਹੀ ਰਹੀ ਸੀ ਇਸੇ ਦੌਰਾਨ ਭੁਪਿੰਦਰ ਸਿੰਘ ਨੂੰ ਘਾਹ-ਫੂਸ ਚ ਬੈਠਾ ਸ਼ੇਰ ਨਜ਼ਰ ਪੈ ਗਿਆ ਤੇ ਉਹਨੇ ਜਗੀਰ ਸਿੰਘ ਵਾਲੀ ਰਫ਼ਲ ਇੱਕ ਪਾਸੇ ਸਿੱਟ ਆਪਦੀ ਰਫ਼ਲ ਨਾਲ ਇੱਕ-ਦਮ ਸ਼ੇਰ ਤੇ ਦੋ ਗੋਲ਼ੀਆਂ ਦਾਗ ਦਿੱਤੀਆਂ ਤੇ ਸ਼ੇਰ ਉੱਠ ਖੜਾ ਹੋਇਆ ਇੰਨੇ ਨੂੰ ਅਮਰ ਸਿੰਘ ਨੇ ਵੀ ਸ਼ੇਰ ਤੇ ਦੋ ਫਾਇਰ ਕੀਤੇ ਜੋ ਸ਼ੁਹਦੇ ਵੱਜ ਵੀ ਗਏ ਪਰ ਸ਼ੇਰ ਮਰਿਆ ਨਾ।
ਬੰਦੂਕਾਂ ਚ ਦੁਬਾਰਾ ਕਾਰਤੂਸ ਪਾਉਣ ਦਾ ਟਾਈਮ ਹੀ ਨਹੀਂ ਸੀ ਕਿਉਂਕਿ ਸ਼ੇਰ ਤਾਂ ਉਨਾਂ ਦੇ ਜਮਾਂ ਹੀ ਨੇੜੇ ਆ ਚੁੱਕਿਆ ਸੀ।ਓਸ ਪਲ ਤਾਂ ਦੋਵਾਂ ਨੂੰ ਆਪਦਾ ਕੰਮ ਤਮਾਮ ਹੁੰਦਾ ਜਾਪਿਆ ,ਪਰ ਓਹਨਾ ਦੇ ਕੁਝ ਸਕਿੰਟ ਬਾਅਦ ਜਗੀਰ ਸਿੰਘ ਵੀ ਮਚਾਨ ਤੋਂ ਉੱਤਰ ਚੁੱਕੇ ਸਨ ਪਰ ਉਹ ਖਾਲੀ ਹੱਥ ਸਨ ਕਿਓਂਕਿ ਉਹਨਾ ਦੀ ਰਫ਼ਲ ਤਾਂ ਭੁਪਿੰਦਰ ਸਿੰਘ ਪਹਿਲਾਂ ਹੀ ਨਾਲ ਲੈ ਕੇ ਥੱਲੇ ਉਤਰੇ ਸੀ । ਭੁਪਿੰਦਰ ਸਿੰਘ ਨੇ ਆਪਦੀ ਰਫ਼ਲ ਨਾਲ ਸ਼ੇਰ ਤੇ ਫਾਇਰ ਕਰਨ ਵੇਲੇ ਧਰਤੀ ਤੇ ਸਿੱਟ ਦਿੱਤੀ ਸੀ ਜੋ ਜਗੀਰ ਸਿੰਘ ਨੂੰ ਨਜ਼ਰ ਆਈ ਤੇ ਉਹਨਾ ਨੇ ਚੱਕ ਲਈ।ਸ਼ੇਰ ਜਗੀਰ ਸਿੰਘ ਤੋਂ ਸਿਰਫ 10 (ਦੱਸ) ਫੁੱਟ ਦੂਰੀ ਤੇ ਆ ਚੁੱਕਿਆ ਸੀ ਤੇ ਓਹਨੇ ਜੇਤੂ ਅੰਦਾਜ਼ ਚ ਬੜਕ ਮਾਰਨ ਵਾਸਤੇ ਮੂੰਹ ਅੱਡ ਲਿਆ , ਉਸੇ ਪਲ ਜਗੀਰ ਸਿੰਘ ਵੱਲੋਂ ਕੀਤਾ ਹੋਇਆ ਫਾਇਰ ਸ਼ੇਰ ਦੇ ਸੰਘ ਚ ਵੱਜਿਆ ਤੇ ਉਹ ਥਾਏਂ ਢੇਰੀ ਹੋ ਗਿਆ।ਜੇ ਫਾਇਰ ਹੋਣ ਚ ਇੱਕ ਸਕਿੰਟ ਦੇ ਦਸਵੇਂ ਹਿੱਸੇ ਜਿੰਨੀ ਵੀ ਦੇਰ ਹੋ ਜਾਂਦੀ ਤਾਂ ਜਗੀਰ ਸਿੰਘ ਦਾ ਸ਼ੇਰ ਹੱਥੋਂ ਮਰਨਾ ਤਾਂ ਤੈਅ ਹੈ ਸੀ ਹੋ ਸਕਦਾ ਸ਼ੇਰ ਬਾਕੀ ਦੋਵਾਂ ਜਣਿਆਂ ਨੂੰ ਵੀ ਨਾ ਛੱਡਦਾ।
ਇਹ ਵਾਅਕਾ ਸਭ ਤੋਂ ਪਹਿਲਾਂ ਮੈਂ ਛੋਟੇ ਹੁੰਦੇ ਆਪਦੀ ਮਾਤਾ ਸਰਦਾਰਨੀ ਗੁਰਦਿਆਲ ਕੌਰ ਤੋਂ ਸੁਣਿਆ ਸੀ ,ਵੱਡਾ ਹੋ ਕੇ ਆਪਦੇ ਨਾਨੇ ਸ੍ਰ ਜਗੀਰ ਸਿੰਘ ਤੋਂ ।ਮੇਰੇ ਨਾਨਾ ਜੀ ਨਾਲ ਸ਼ੇਰ ਮਾਰਨ ਵਾਲੇ ਸਾਰੇ ਔਪਰੇਸ਼ਨ ਚ ਖ਼ੁਦ ਸ਼ਾਮਲ ਹੋਏ ਸਾਬਕਾ ਸਰਪੰਚ ਸ੍ਰ ਭੁਪਿੰਦਰ ਸਿੰਘ ਅੱਜ ਕੱਲ ਬਾਜਪੁਰ ਤਹਿਸੀਲ ਦੇ ਸੰਤੋਸ਼ਪੁਰ ਫ਼ਾਰਮ ਚ ਰਹਿ ਰਹੇ ਹਨ ,ਆਪਦੀ ਯਾਦਾਸ਼ਤ ਰੀਫਰੈਸ਼ ਕਰਨ ਵਾਸਤੇ 65 ਸਾਲ ਪੁਰਾਣੀ ਸਾਰੀ ਗੱਲ ਬਾਤ ਇੱਕ ਵਾਰ ਉਹਨਾਂ ਦੀ ਹੀ ਜੁਬਾਨੀ ਹਾਲੀਆ ਦਿਨਾਂ ਦੌਰਾਨ ਹੀ ਸੁਣੀ ਹੈ।
ਜਪੁਰ ਨੇੜੇ ਬਿਰਾਹਾ ਫ਼ਾਰਮ ਵਾਲੇ 70 ਸਾਲਾ ਸ੍ਰ ਬਲਜਿੰਦਰ ਸਿੰਘ ਸੋਹੀ ਦੱਸਦੇ ਹਨ ਕਿ ਇੱਥੇ ਸ਼ੇਰਾਂ ਚੀਤਿਆਂ ਦਾ ਘੁੰਮਣਾ ਫਿਰਨਾ ਤਾਂ ਆਮ ਗੱਲ ਸੀ । ਬਾਜਪੁਰ ਨੇੜੇ ਰਾਣਾ ਫ਼ਾਰਮ ਦੇ ਜੰਮਪਲ ਪੰਜਾਬ ਦੇ ਸਾਬਕਾ ਵਜ਼ੀਰ ਸ੍ਰ ਗੁਰਜੀਤ ਸਿੰਘ ਰਾਣਾ 1953 ਚ ਜਦੋਂ ਬਚਪਨ ਵੇਲੇ ਆਪਣੀ ਮਾਤਾ ਸਰਦਾਰਨੀ ਰਾਣਾ ਰਤਨ ਕੌਰ ਨਾਲ ਰਾਤ ਵੇਲੇ ਮੰਜੇ ਤੇ ਪਏ ਸਨ ਤਾਂ ਇੱਕ ਚੀਤੇ ਨੇ ਆ ਕੇ ਮਾਤਾ ਦੇ ਪੈਰ ਨੂੰ ਬੁਰਕ ਮਾਰਿਆ,ਚੀਕ ਚਿਹਾੜਾ ਸੁਣ ਕੇ ਇਕੱਠੇ ਹੋਏ ਬੰਦਿਆਂ ਕਰਕੇ ਬਚਾ ਹੋ ਗਿਆ।ਬਲਜਿੰਦਰ ਸਿੰਘ ਸੋਹੀ ਨੇ ਦੱਸਿਆ ਕਿ ,”ਸਾਡੇ ਕਈ ਡੰਗਰ ਸ਼ੇਰਾਂ ਨੇ ਖਾ ਲਏ ਸੀ,ਇੱਕ ਵਾਰ 1955 ਚ ਸ਼ਿਕਾਰ ਕਰ ਰਹੇ ਅੰਗਰੇਜ਼ ਇੱਕ ਸ਼ੇਰ ਮਾਰ ਕੇ ਸਾਡੇ ਵੇਹੜੇ ਵਿੱਚ ਘੜੀਸ ਲਿਆਏ ਸੀ ਤੇ ਜੀਹਦੀ ਲੰਬਾਈ ਉਚਾਈ ਦੀ ਬਕਾਇਦਾ ਪੈਮਾਇਸ਼ ਕੀਤੀ ਸੀ ।ਮੈਂ ਤੇ ਹੋਰ ਜੁਆਕਾਂ ਨੇ ਮਰੇ ਪਏ ਸ਼ੇਰ ਦੇ ਸੋਟੀਆਂ ਵੀ ਮਾਰੀਆਂ ਸੀ।” ਸ੍ਰ ਬਲਜਿੰਦਰ ਸਿੰਘ ਦੱਸਦੇ ਹਨ ਕਿ ਉਹਨਾ ਦੇ ਸਹੁਰਾ ਸਾਹਿਬ ਨਮੂਨਾ ਫ਼ਾਰਮ ਵਾਲੇ ਸ੍ਰ ਅਮਰ ਸਿੰਘ ਧਨੋਆ ਨੇ ਆਪਦੇ ਭਰਾਵਾਂ ਸ੍ਰ ਕਰਤਾਰ ਸਿੰਘ ਤੇ ਸ੍ਰ ਚੰਦਾ ਸਿੰਘ ਨਾਲ ਰਲ਼ ਕੇ ਇੱਕ ਸ਼ੇਰ ਮਾਰਿਆ ਸੀ।
ਰਾਹ ਖਹਿੜੇ ਜਾਂਦਿਆਂ ਨੂੰ ਸ਼ੇਰ ਅਕਸਰ ਹੀ ਟੱਕਰ ਜਾਂਦੇ ਹੁੰਦੇ ਸੀ।ਇਹ ਤਾਂ ਬਾਜਪੁਰ ਦੇ 4-5 ਕਿੱਲੋਮੀਟਰ ਦਾਇਰੇ ਦੀਆਂ ਕਹਾਣੀਆਂ ਨੇ ਉਹ ਵੀ ਸਾਰੀਆਂ ਨਹੀਂ ।ਸਮੁੱਚੀ ਤਰਾਈ ਚ ਸ਼ੇਰਾਂ ਵੱਲੋਂ ਮਾਰ ਦੇਣ ਜ਼ਖ਼ਮੀਂ ਕਰਨ ਜਾਂ ਬੰਦਿਆਂ ਵੱਲੋਂ ਸ਼ੇਰਾਂ ਨੂੰ ਮਾਰਨ ਦੀਆਂ ਸੈਂਕੜੇ ਕਹਾਣੀਆਂ ਹੋਰ ਵੀ ਹੋਣਗੀਆਂ । ਸੋ ਸਲਾਮ ਹੈ ! ਸ਼ੇਰਾਂ ਵਰਗੇ ਜਿਗਰਿਆਂ ਵਾਲੇ ਸਾਡੇ ਓਹਨਾਂ ਵਡਾਰੂਆਂ ਨੂੰ ਜਿਨਾਂ ਨੇ ਸ਼ੇਰਾਂ ਮੂਹਰੇ ਹਿੱਕਾਂ ਡਾਹ ਕੇ ਜੰਗਲ਼ ਅਬਾਦ ਕਰ ਦਿਖਾਇਆ ।
-
ਗੁਰਪ੍ਰੀਤ ਸਿੰਘ ਮੰਡਿਆਣੀ, ਲੇਖਕ ਤੇ ਪੱਤਰਕਾਰ
gurpreetmandiani@gmail.com
8872664000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.