ਪੰਜਾਬ ਵਿੱਚ ਕਿਸੇ ਸਮੇਂ ਸਿਆਲਾਂ ਮੌਕੇ ਪੱਛਮੀ ਦੇਸ਼ਾਂ ਦੀ ਕੈਂਪ ਫਾਇਰ ਵਾਂਗ ਅੱਗ ਸੇਕਣ ਲਈ ਧੂਣੀਆਂ ਬਾਲਣ ਦਾ ਬਹੁਤ ਰਿਵਾਜ ਹੁੰਦਾ ਸੀ, ਜੋ ਅਜੋਕੇ ਤੇਜ਼ ਰਫ਼ਤਾਰ ਜ਼ਮਾਨੇ ਦੀ ਭੇਂਟ ਚੜ੍ਹ ਗਿਆ ਹੈ। ਅੱਜ ਤੋਂ 30-40 ਸਾਲ ਪਹਿਲਾਂ ਸਵੇਰੇ ਤੇ ਤਰਕਾਲ਼ਾਂ ਵੇਲੇ ਧੂਣੀ ਖ਼ਾਸ ਤੌਰ 'ਤੇ ਬਜ਼ੁਰਗਾਂ ਵਾਸਤੇ ਸਰੀਰ ਗਰਮ ਕਰਨ ਤੇ ਟਾਈਮ ਪਾਸ ਕਰਨ ਦਾ ਵਧੀਆ ਸਾਧਨ ਹੁੰਦਾ ਸੀ। ਘਰ ਦੇ ਬਾਹਰ, ਸੱਥ ਜਾਂ ਗੁਰਦਵਾਰੇ ਦੇ ਵਿਹੜੇ ਵਿੱਚ ਸਿਆਲ ਦੀ ਸੰਘਣੀ ਧੁੰਦ ਸਮੇਂ ਅੱਗ ਸੇਕਣ ਨਾਲ ਆਪਣਾ ਹੀ ਇੱਕ ਅਲੱਗ ਮਜ਼ਾ ਆਉਂਦਾ ਸੀ। ਅੱਠ ਦਸ ਬੰਦੇ ਇੱਕ ਧੂਣੀ ਦੁਆਲੇ ਚੱਕਰ ਬਣਾ ਕੇ ਬੈਠ ਜਾਂਦੇ ਤੇ ਵਾਰੀ ਵਾਰੀ ਪਰਾਲੀ ਜਾਂ ਲੱਕੜ ਦੇ ਟੁਕੜੇ ਅੱਗ ਵਿੱਚ ਸੁੱਟਦੇ ਰਹਿੰਦੇ। ਲੋਕਾਂ ਨੂੰ ਪਿੰਡ ਸਮੇਤ ਸਾਰੇ ਇਲਾਕੇ ਦੀਆਂ ਖ਼ਬਰਾਂ ਉੱਥੇ ਬੈਠੇ ਬਿਠਾਏ ਹੀ ਪ੍ਰਾਪਤ ਹੋ ਜਾਂਦੀਆਂ ਸਨ।
ਸਰਦੀਆਂ ਪਿੰਡਾਂ ਵਿੱਚ ਵਿਹਲ ਦਾ ਸਮਾਂ ਹੁੰਦਾ ਹੈ। ਧੂਣੀ 'ਤੇ ਬੈਠਿਆਂ ਨਾਲੇ ਤਾਂ ਲੋਕਾਂ ਨੇ ਗੱਪਾਂ ਮਾਰੀ ਜਾਣੀਆਂ ਤੇ ਨਾਲੇ ਸਣ ਕੱਢੀ ਜਾਣੀ, ਪਸ਼ੂਆਂ ਵਾਸਤੇ ਛਿੱਕੇ ਬੁਣੀ ਜਾਣੇ ਜਾਂ ਤੂਤ ਦੀਆਂ ਛਿਟੀਆਂ ਦੀਆਂ ਟੋਕਰੀਆਂ ਬਣਾਈ ਜਾਣੀਆਂ। ਰਾਤ ਵੇਲੇ ਕਣਕ ਨੂੰ ਪਾਣੀ ਲਗਾਉਣ ਜਾਂ ਤੜਕੇ ਤਰੇਲ ਨਾਲ ਗੜੁੱਚ ਬਰਸੀਮ ਵੱਢਣ ਕਾਰਨ ਭਿੱਜੇ ਹੋਏ ਕਿਸਾਨਾਂ ਲਈ ਤਾਂ ਧੂਣੀ ਸੰਜੀਵਨੀ ਬੂਟੀ ਤੋਂ ਘੱਟ ਨਹੀਂ ਸੀ ਹੁੰਦੀ। ਠੰਢ ਨਾਲ ਜੱਖ ਹੋਏ ਹੱਥਾਂ ਪੈਰਾਂ ਨੂੰ ਗਰਮ ਕਰਨ ਦਾ ਸਭ ਤੋਂ ਵਧੀਆ ਤਰੀਕਾ ਅੱਗ ਦਾ ਨਿੱਘਾ ਸੇਕ ਹੀ ਹੁੰਦਾ ਸੀ। ਨਾਲੇ ਹੱਡ ਨਿੱਘੇ ਕਰ ਲੈਣੇ ਤੇ ਨਾਲੇ ਕੱਪੜੇ ਤੇ ਜੁੱਤੀਆਂ ਸੁਕਾ ਲੈਣੀਆਂ। ਇੱਕ ਤਾਂ ਘਰ ਦੀਆਂ ਬੇਕਾਰ ਪਈਆਂ ਲੱਕੜਾਂ-ਸੱਕ ਕੰਮ ਆ ਜਾਣੇ ਤੇ ਦੂਸਰਾ ਸਰੀਰ ਵੀ ਨਿੱਘਾ ਹੋ ਜਾਣਾ। ਸ਼ਾਮ ਨੂੰ ਸੁਆਣੀਆਂ ਤੇ ਬੱਚਿਆਂ ਨੇ ਚੁੱਲ੍ਹੇ ਦੀ ਅੱਗ ਦੁਆਲੇ 'ਕੱਠੇ ਹੋ ਕੇ ਬੈਠ ਜਾਣਾ। ਰੋਟੀ ਖਾਣ ਤੋਂ ਬਾਅਦ ਕਈ ਕਈ ਘੰਟੇ ਬਾਅਦ ਵੀ ਅੱਗ ਮਘਾਈ ਰੱਖਣੀ। ਦਾਦੀਆਂ ਨੇ ਬਾਤਾਂ ਪਾਈ ਜਾਣੀਆਂ ਤੇ ਬੱਚਿਆਂ ਨੇ ਹੁੰਗਾਰਾ ਭਰੀ ਜਾਣਾ। ਬਿਸਤਰਿਆਂ 'ਤੇ ਉਦੋਂ ਹੀ ਡਿਗਣਾ, ਜਦੋਂ ਨੀਂਦ ਨਾਲ ਬੱਸ ਹੋ ਜਾਣੀ। ਕਈ ਅਮੀਰ ਲੋਕ ਸਿਆਲ ਵਿੱਚ ਧੂਣੀਆਂ ਲਈ ਲੱਕੜਾਂ ਦਾਨ ਕਰਦੇ ਹੁੰਦੇ ਸਨ। ਮੈਂ ਛੋਟੇ ਹੁੰਦਿਆਂ ਖ਼ੁਦ ਵੇਖਿਆ ਹੈ ਕਿ ਅੰਮ੍ਰਿਤਸਰ ਸ਼ਹਿਰ ਦੇ ਕਈ ਚੌਂਕਾਂ ਵਿੱਚ ਸੇਠਾਂ ਨੇ ਲੱਕੜਾਂ ਦੇ ਵੱਡੇ ਵੱਡੇ ਮੁੱਢ ਅੱਗ ਧੁਖਾ ਕੇ ਰੱਖੇ ਹੁੰਦੇ ਸਨ। ਗ਼ਰੀਬ ਜਨਤਾ ਦੇਰ ਰਾਤ ਤੱਕ ਅੱਗ ਸੇਕ ਕੇ ਸੇਠਾਂ ਨੂੰ ਅਸੀਸਾਂ ਦਿੰਦੀ ਹੁੰਦੀ ਸੀ।
ਬਿਜਲੀ ਦੀ ਆਮਦ ਤੋਂ ਬਾਅਦ ਧੂਣੀਆਂ ਬਾਲਣ ਦਾ ਰਿਵਾਜ ਘਟ ਗਿਆ ਤੇ ਹੁਣ ਹੀਟਰਾਂ ਅਤੇ ਬਲੋਅਰਾਂ ਕਾਰਨ ਤਾਂ ਬਿਲਕੁਲ ਖ਼ਤਮ ਹੀ ਹੋ ਗਿਆ ਹੈ। ਹੁਣ ਕਿਸੇ ਨੂੰ ਕੀ ਜ਼ਰੂਰਤ ਕਿ ਠੰਢ ਵਿੱਚ ਬਾਹਰ ਜਾ ਕੇ ਲੱਕੜਾਂ ਨਾਲ ਮੱਥਾ ਮਾਰਦਾ ਫਿਰੇ। ਲੋਕਾਂ ਵਿੱਚ ਹੁਣ ਵੈਸੇ ਹੀ 'ਕੱਠੇ ਬੈਠਣ ਦਾ ਰਿਵਾਜ ਨਹੀਂ ਰਿਹਾ। ਮੋਬਾਈਲਾਂ ਕਾਰਨ ਘਰ ਦੇ ਮੈਂਬਰ ਹੀ ਆਪਸ ਵਿੱਚ ਨਹੀਂ ਬੋਲਦੇ, ਧੂਣੀ ਦੁਆਲੇ ਕਿਸ ਨੇ ਬੈਠਣਾ ਹੈ? ਇਹ ਵੀ ਪੰਜਾਬ ਦੀਆਂ ਅਨੇਕਾਂ ਹੋਰ ਰਵਾਇਤਾਂ ਵਾਂਗ ਖ਼ਤਮ ਹੋਣ ਕਿਨਾਰੇ ਹੈ। ਕੋਈ ਟਾਂਵਾਂ ਟਾਂਵਾਂ ਬਜ਼ੁਰਗ ਜਿਸ ਦੇ ਘਰ ਹੀਟਰ ਨਹੀਂ ਭਾਵੇਂ ਧੂਣੀ ਬਾਲ ਲਵੇ, ਸਰਦਾ ਪੁੱਜਦਾ ਕੋਈ ਵਿਅਕਤੀ ਹੁਣ ਝੰਜਟ ਸਮਝ ਕੇ ਧੂਣੀ ਦੇ ਚੱਕਰ ਵਿੱਚ ਨਹੀਂ ਪੈਂਦਾ।
-
ਬਲਰਾਜ ਸਿੰਘ ਸਿੱਧੂ ਐੱਸ.ਪੀ, ਐਸ.ਪੀ. ਪੰਜਾਬ ਪੁਲਿਸ
bssidhupps@gmail.com
9501100062
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.