ਦਰਿਆ ਰਾਵੀ ਦੇ ਕਿਨਾਰੇ ਵੱਸਦਾ ‘ਇੱਕ ਸ਼ਹਿਰ ਲਾਹੌਰ’ ਜਿਹੜਾ ਪੰਜਾਬੀ ਤਹਿਜ਼ੀਬ ਦਾ ਕੇਂਦਰ ਮੰਨਿਆਂ ਜਾਂਦਾ ਹੈ, ਅੱਜ ਪਾਕਿਸਤਾਨੀ ਪੰਜਾਬ ਦੀ ਰਾਜਧਾਨੀ ਇਹ ਸ਼ਹਿਰ ਲਾਹੌਰ ਕਦੇ ਸਾਂਝੇ ਪੰਜਾਬ ਅਤੇ ਭਾਰਤ ਦੀ ਜਾਨ ਹੋਇਆ ਕਰਦਾ ਸੀ। ਯੂਰਪੀਅਨਾਂ ਨੇ ਇੱਥੇ ਆ ਕੇ ਇਸ ਨੂੰ ਇੱਕ ਹੋਰ ਨਾਮ ਦਿੱਤਾ’ਪੂਰਬ ਦਾ ਪੈਰਿਸ’।ਪੰਜਾਬੀਆਂ ਵਿੱਚ ਤਾਂ ਲਾਹੌਰ ਬਾਰੇ ਇਹ ਕਿਹਾ ਜਾਂਦਾ ਸੀ ‘ਜੀਹਨੇ ਲਹੌਰ ਨਹੀਂ ਦੇਖਿਆ, ਉਹ ਜੰਮਿਆ ਹੀ ਨਹੀਂ,।
ਮਿਥਿਹਾਸ ਮੁਤਾਬਕ ਕਹਿੰਦੇ ਨੇ ਕਿ ਇਸ ਸ਼ਹਿਰ ਦਾ ਨਾਮ ਰਾਮ ਚੰਦਰ ਜੀ ਦੇ ਪੁੱਤਰ ਲਵ ਤੋਂ ਪਿਆ,ਜੋ ਕਿ ਪਹਿਲਾਂ ‘ਲਵਪੁਰ’ ਤੇ ਬਾਅਦ ਵਿੱਚ ਲਾਹੌਰ ਬਣ ਗਿਆ। ਬੋਲਣ ਵਿੱਚ ਇਸਨੂੰ ‘ਲੌਰ’ ਜਾਂ ‘ਲਹੌਰ’ ਹੀ ਬੋਲਦੇ ਨੇ। ਪੁਰਾਣਾ ਸ਼ਹਿਰ ਲਾਹੌਰ ਇੱਕ ਦੀਵਾਰ ਦੇ ਅੰਦਰ ਵੱਸਿਆ ਹੋਇਆ ਸੀ ਜਿਸਦੇ ਤੇਰਾਂ ਦਰਵਾਜ਼ੇ ਸੀ, ਇਨ੍ਹਾਂ ਵਿੱਚੋਂ ਬਹੁਤੇ ਦਰਵਾਜ਼ੇ ਤਾਂ ਹੁਣ ਢਹਿ ਚੁੱਕੇ ਨੇ। ਮੁਸਲਮਾਨਾਂ ਦੇ ਰਾਜ ਤੋਂ ਪਹਿਲਾਂ ਇਹ ਸ਼ਹਿਰ ਤੇ ਸੋਲੰਕੀ,ਭੱਟੀ,ਚੌਹਾਨ ਤੇ ਹਿੰਦੂਸ਼ਾਹੀਆਂ ਦਾ ਕਬਜ਼ਾ ਰਿਹਾ। ਈਸਵੀ ਸੰਨ 1001 ਵਿੱਚ ਮਹਿਮੂਦ ਗਜਨਵੀ ਨੇ ਇਸ ਉੱਪਰ ਹਮਲਾ ਕਰਕੇ ਇੱਥੋਂ ਦੇ ਸ਼ਾਸ਼ਕ ਜੈਪਾਲ ਨੂੰ ਹਰਾ ਦਿੱਤਾ। ਡਾ. ਰਤਨ ਸਿੰਘ ਜੱਗੀ ਮੁਤਾਬਕ ਜੈਪਾਲ ਨੇ ਮਹਿਮੂਦ ਗਜਨਵੀ ਨੂੰ ਢਾਈ ਲੱਖ ਦੀਨਾਰ ਤੇ ਪੱਚੀ ਹਾਥੀ ਨਜ਼ਰਾਨੇ ਵਜੋਂ ਦੇ ਕੇ ਉਸ ਨਾਲ ਸਮਝੌਤਾ ਕਰ ਲਿਆ,ਤੇ ਨਮੋਸ਼ੀ ਤੋਂ ਬਚਦਾ ਆਪਣੇ ਪੁੱਤਰ ਅਨੰਦਪਾਲ ਨੂੰ ਰਾਜ ਅਧਿਕਾਰ ਸੌਂਪ ਕੇ ਮੱਚਦੀ ਹੋਈ ਚਿਤਾ ਵਿੱਚ ਸੜ ਮਰਿਆ। ਫੇਰ ਲਾਹੌਰ ਨੇ ਕਦੇ ਸੌਖੇ ਦਿਨ ਨਾ ਦੇਖੇ ਹਮਲੇ ਤੇ ਲੁੱਟਾਂ ਮਾਰਾ ਆਮ ਗੱਲਾਂ ਹੋ ਗਈਆਂ। ਤੈਮੂਰ ਤੇ ਲੋਧੀਆਂ ਤੋਂ ਬਾਅਦ 1524 ਈਸਵੀ ਵਿੱਚ ਮੁਗਲ ਬਾਦਸ਼ਾਹ ਬਾਬਰ ਨੇ ਇਸ ਤੇ ਹਮਲਾ ਕੀਤਾ, ਹਮਲੇ ਵੇਲੇ ਉਸ ਦੀ ਫੌਜ ਨੇ ਇੱਥੇ ਹਜ਼ਾਰਾਂ ਨਿਰਦੋਸ਼ਾਂ ਦਾ ਕਤਲ ਕੀਤਾ, ਰੱਜ ਕੇ ਜ਼ੁਲਮ ਕੀਤੇ। ਮੁਗਲ ਕਾਲ ਵੇਲੇ ਲਾਹੌਰ ਵਿੱਚ ਬਹੁਤ ਸੁੰਦਰ ਇਮਾਰਤਾਂ ਦਾ ਨਿਰਮਾਣ ਮੁਗਲ ਸਮਰਾਟਾਂ ਨੇ ਕਰਵਾਇਆਂ। ਸਿੱਖਾਂ ਦੇ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਵੀ ਇਸੇ ਸ਼ਹਿਰ ਵਿੱਚ ਹੋਇਆ, ਤੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਵੀ ਇਸੇ ਸ਼ਹਿਰ ਵਿੱਚ ਹੀ ਤਸੀਹੇ ਦੇਕੇ ਸ਼ਹੀਦ ਕੀਤੇ ਗਏ। ਔਰੇਗਜੇਬ ਤੋਂ ਬਾਅਦ ਵਿਦੇਸ਼ੀ ਹਮਲਾਵਰਾਂ ਨੇ ਫਿਰ ਹਿੰਦੁਸਤਾਨ ਵੱਲ ਰੁੱਖ ਕੀਤਾ,ਰਾਸਤੇ ਵਿੱਚ ਪੈਂਦਾ ਸ਼ਹਿਰ ਲਾਹੌਰ ਫੇਰ ਰੋਲਿਆ ਗਿਆ। ਸਿੱਖਾਂ ਦੇ ਸਿਰਾਂ ਦੇ ਮੁੱਲ ਇੱਥੇ ਪੈਂਦੇ ਰਹੇ,ਸਿੱਖ ਬੀਬੀਆਂ ਦੇ ਗਲਾਂ ਵਿੱਚ ਉਨ੍ਹਾਂ ਦੇ ਬੱਚਿਆਂ ਦੇ ਟੋਟੇ ਵੀ ਇੱਥੇ ਹੀ ਪਏ।
1947 ਤੋਂ ਪਹਿਲਾਂ ਲਾਹੌਰ ਰੇਲਵੇ ਸਟੇਸ਼ਨ ਦਾ ਇੱਕ ਦ੍ਰਿਸ਼
ਭੰਗੀ ਮਿਸਲ ਦੇ ਸਰਦਾਰਾਂ ਨੇ ਅਹਿਮਦ ਸ਼ਾਹ ਦੁਰਾਨੀ ਦੇ ਹਮਲਿਆਂ ਤੋਂ ਬਾਅਦ 1767 ਈ: ਤੋਂ 1799ਈ: ਤੱਕ ਲਾਹੌਰ ਆਪਣੇ ਅਧਿਕਾਰ ਹੇਠ ਰੱਖਿਆ। ਸਾਲ 1799 ਵਿੱਚ ਮਾਹਾਰਾਜਾ ਰਣਜੀਤ ਸਿੰਘ ਨੇ ਇਸ ਸ਼ਹਿਰ ਤੇ ਕਬਜ਼ਾ ਕਰ ਲਿਆ, ਤੇ ਇਸੇ ਨਾਲ ਹੀ ਪੰਜਾਬ ਦਾ ਮਾਹਾਰਾਜਾ ਵੀ ਬਣ ਗਿਆ,ਤੇ ਲਾਹੌਰ ਨੂੰ ਆਪਣੀ ਸਿਆਸੀ ਰਾਜਧਾਨੀ ਬਣਾਇਆ। ਮਾਹਾਰਾਜਾ ਰਣਜੀਤ ਸਿੰਘ ਨੇ ਇੱਥੇ ਲਾਹੌਰ ਦਰਬਾਰ ਕਾਇਮ ਕੀਤਾ, ਗੁਰੂ ਦੇ ਨਾਮ ਦਾ ਸਿੱਕਾ ਚਲਾਇਆ। ਮਾਹਾਰਾਜਾ ਲਾਹੌਰ ਵਿੱਚ ਆਪਣੀ ਸ਼ਾਹੀ ਸਵਾਰੀ ਤੇ ਜਾਂਦਾ ਤਾਂ ਲਾਹੌਰੀਏ ਖੜ ਖੜ ਵੇਖਦੇ,ਸਲਾਮਾਂ ਕਰਦੇ ਤੇ ਸ਼ੁਕਰ ਮਨਾਉਂਦੇ ਕਿ ਲਾਹੌਰ ਨੂੰ ਇੱਕ ਚੰਗਾ ਤੇ ਸਿੱਖ ਪੰਜਾਬੀ ਰਾਜਾ ਮਿਲਿਆ। ਪਰ ਅਫ਼ਸੋਸ ਕਿ ਉਸਦੀ ਮੌਤ ਤੋਂ ਬਾਅਦ ਕੋਈ ਯੋਗ ਵਾਰਸ ਨਾ ਹੋਣ ਕਾਰਨ 1849 ਈ: ਵਿੱਚ ਅੰਗਰੇਜ਼ਾਂ ਨੇ ਲਾਹੌਰ ਤੇ ਕਬਜ਼ਾ ਕਰ ਲਿਆ।
ਅੰਗਰੇਜ਼ਾਂ ਨੇ ਲਾਹੌਰ ਨੂੰ ਇੱਕ ਵੱਖਰੀ ਨੁਹਾਰ ਦਿੱਤੀ,ਲਾਹੌਰ ਅੰਦਰੂਨੀ ਸ਼ਹਿਰ ਤੋਂ ਬਾਹਰ ਵਧਿਆ,ਅੰਗਰੇਜ਼ਾਂ ਨੇ ਲਾਹੌਰ ਨੂੰ ਸਿੱਖਿਆ ਦਾ ਕੇਂਦਰ ਬਣਾਇਆ। ਬਰਤਾਨਵੀ ਰਾਜ ਵੇਲੇ ਲਾਹੌਰ ਸ਼ਹਿਰ ਦਾ ਸੰਬੰਧ ਅਜ਼ਾਦੀ ਦੀ ਲੜਾਈ ਲੜਨ ਵਾਲੇ ਅਜ਼ਾਦੀ ਘੁਲਾਟੀਆਂ,ਕ੍ਰਾਂਤੀਕਾਰੀਆਂ ਨਾਲ ਵੀ ਕਾਫ਼ੀ ਗੂੜ੍ਹਾ ਹੀ ਰਿਹਾ, ਉਸ ਵੇਲੇ ਦੀਆਂ ਕਈ ਇਤਿਹਾਸਿਕ ਘਟਨਾਵਾਂ ਸ਼ਹਿਰ ਲਾਹੌਰ ਵਿੱਚ ਵਾਪਰੀਆਂ। ਸ਼ਹੀਦ ਏ ਆਜਮ ਭਗਤ ਸਿੰਘ ਲਾਹੌਰ ਦੇ ਨੈਸ਼ਨਲ ਕਾਲਜ ਵਿੱਚ ਹੀ ਪੜਦਾ ਸੀ। ਜਿੱਥੇ ਉਸਦਾ ਮੇਲ ਹੋਰ ਕ੍ਰਾਂਤੀਕਾਰੀ ਸਾਥੀਆਂ ਨਾਲ ਹੋਇਆ। ਇੱਥੇ ਹੀ ਉਸਨੇ ਤੇ ਉਸਦੇ ਸਾਥੀਆਂ ਨੇ ਅੰਗਰੇਜ਼ ਅਫਸਰ ਸਾਂਡਰਸ ਦਾ ਕਤਲ ਕੀਤਾ,ਇੱਥੇ ਹੀ ਉਸ ਦੇ ਨਾਲ ਉਸਦੇ ਸਾਥੀਆਂ ਉੱਪਰ ਲਾਹੌਰ ਸ਼ਾਜਸ਼ ਕੇਸ ਚੱਲਿਆ,ਤੇ ਲਾਹੌਰ ਜੇਲ ਵਿੱਚ 23 ਸਾਲ ਦੇ ਭਗਤ ਸਿੰਘ ਨੂੰ ਉਸ ਦੇ ਸਾਥੀਆਂ ਸੁਖਦੇਵ ਥਾਪਰ ਤੇ ਰਾਜਗੁਰੂ ਸਮੇਤ ਫਾਂਸੀ ਦਿੱਤੀ ਗਈ। 1941 ਦੀ ਮਰਦਮਸ਼ੁਮਾਰੀ ਵਿੱਚ ਲਾਹੌਰ ਸ਼ਹਿਰ ਦੀ ਅਬਾਦੀ 6,71,659 ਰਿਕਾਰਡ ਕੀਤੀ ਗਈ,ਜਿਸ ਵਿਚੋਂ 64.5% ਮੁਸਲਮਾਨ ਸਨ, ਬਾਕੀ 35% ਹਿੰਦੂ ਅਤੇ ਸਿੱਖ, ਦੇ ਨਾਲ-ਨਾਲ ਕੁਝ ਇਸਾਈ ਤੇ ਪਾਰਸੀ ਆਬਾਦੀ ਸੀ।
ਮਹਾਨਕੋਸ਼ ਵਿੱਚ ਨਕਸ਼ਾ ਸ਼ਹਿਰ ‘ਲਾਹੌਰ’
ਸਾਲ 1947 ਚੜ ਆਇਆ ਤਾਂ ਵੰਡ ਦੇ ਸੁਰ ਤੇਜ਼ ਹੋ ਗਏ, ਲਾਹੌਰ ਦੇ ਸ਼ਹਿਰੀ ਹਿੰਦੂ ਤੇ ਸਿੱਖਾਂ ਨੂੰ ਇਹ ਉਮੀਦ ਸੀ ਲਾਹੌਰ ਭਾਰਤ ਦਾ ਹਿੱਸਾ ਹੀ ਰਹੇਗਾ। ਉਨ੍ਹਾਂ ਦੀ ਦਲੀਲ ਇਹ ਸੀ ਕਿ ਬੇਸ਼ੱਕ ਇੱਥੇ ਜਿਆਦਾ ਮੁਸਲਮਾਨ ਆਬਾਦੀ ਸੀ,ਪਰ ਸ਼ਹਿਰ ਦੀ ਅਰਥ ਵਿਵਸਥਾ ਵਿਚ ਹਿੰਦੂਆਂ ਅਤੇ ਸਿੱਖਾ ਦਾ ਦਬਦਬਾ ਸੀ। ਦੋ ਤਿਹਾਈ ਦੁਕਾਨਾਂ ਅਤੇ ਲਾਹੌਰ ਦੀਆਂ 80% ਫੈਕਟਰੀਆਂ ਹਿੰਦੂ ਅਤੇ ਸਿੱਖ ਭਾਈਚਾਰੇ ਦੀਆਂ ਸਨ ਤੇ ਅੱਧੀ ਤੋਂ ਜਿਆਦਾ ਲਾਹੌਰ ਦੀ ਨਿੱਜੀ ਜਾਇਦਾਦ ਦੇ ਮਾਲਿਕ ਹਿੰਦੂ ਤੇ ਸਿੱਖ ਸਨ। ਪਰ ਜਦੋਂ ਸ਼ਹਿਰ ਦੀ ਕਿਸਮਤ ਦਾ ਹਾਲੇ ਕੋਈ ਫੈਸਲਾ ਨਾ ਹੋਇਆ ਤਾਂ ਤਣਾਅ ਵਧਦਾ ਗਿਆ, ਲਾਹੌਰ ਨੇ ਪੰਜਾਬ ਦੀ ਵੰਡ ਵੇਲੇ ਦੇ ਸਭ ਤੋਂ ਵੱਡੇ ਦੰਗਿਆਂ ਦਾ ਸਾਹਮਣਾ ਕੀਤਾ। ਕਤਲੇਆਮ ਹੋਇਆ ਜਿਸ ਵਿਚ ਮੁਸਲਮਾਨਾਂ ਦੀ ਧਿਰ ਅਲੱਗ ਅਤੇ ਹਿੰਦੂ-ਸਿੱਖਾਂ ਦੀ ਧਿਰ ਅਲੱਗ ਸੀ ਤੇ ਦੋਨੇ ਧਿਰਾਂ ਹੀ ਦੋਸ਼ੀ ਵੀ ਸਨ ਤੇ ਪੀੜਤ ਵੀ। ਮਾਰਚ ਅਤੇ ਅਪ੍ਰੈਲ 1947 ਦੇ ਦੰਗਿਆਂ ਵਿੱਚ ਲਾਹੌਰ ਦੇ 82,000 ਘਰਾਂ ਵਿੱਚੋਂ ਲਗ-ਪਗ 6000 ਘਰ ਤਬਾਹ ਹੋ ਗਏ। ਬਖਤਰਬੰਦ ਬ੍ਰਿਟਿਸ਼ ਕਰਮਚਾਰੀਆਂ ਦੀ ਮੌਜੂਦਗੀ ਦੇ ਬਾਵਜੂਦ, ਗਰਮੀਆਂ ਦੌਰਾਨ ਹਿੰਸਾ ਲਗਾਤਾਰ ਵੱਧਦੀ ਰਹੀ ਹਿੰਦੂਆਂ ਅਤੇ ਸਿੱਖਾਂ ਨੇ ਇਸ ਉਮੀਦ ਵਜੋਂ ਸ਼ਹਿਰ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਸੀ ਕਿ ਇਹ ਸ਼ਹਿਰ ਨੂੰ ਭਾਰਤ ਨੂੰ ਦੇਣ ਲਈ ਬਾਉਂਡਰੀ ਕਮਿਸ਼ਨ ਸ਼ਾਇਦ ਮੰਨ ਜਾਵੇਗਾ। ਅਗਸਤ 1947 ਦੇ ਅਖੀਰ ਤਕ 66% ਹਿੰਦੂ ਅਤੇ ਸਿੱਖ ਸ਼ਹਿਰ ਛੱਡ ਗਏ ਸਨ। ਸ਼ਾਹ ਆਲਮੀ ਬਾਜ਼ਾਰ, ਸ਼ਹਿਰ ਦਾ ਇਕ ਬਹੁਤ ਵੱਡਾ ਹਿੰਦੂ ਤਿਮਾਹੀ ਇਲਾਕਾ ਸੀ, ਜੋ ਅਗਸਤ ਵਿੱਚ ਹੋਏ ਦੰਗਿਆਂ ਦੌਰਾਨ ਪੂਰੀ ਤਰ੍ਹਾਂ ਸੜ ਗਿਆ। ਜਦੋਂ 14 ਅਗਸਤ 1947 ਨੂੰ ਪਾਕਿਸਤਾਨ ਦੀ ਆਜ਼ਾਦੀ ਦੀ ਘੋਸ਼ਣਾ ਕੀਤੀ ਗਈ ਸੀ, ਰੈਡਕਲਿਫ ਲਾਈਨ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਸੀ, ਤਾਂ ਪਾਕਿਸਤਾਨ ਜ਼ਿੰਦਾਬਾਦ ਤੇ ਹਿੰਦੁਸਤਾਨ ਜ਼ਿੰਦਾਬਾਦ ਦੇ ਰਲਵੇਂ ਨਾਅਰੇ ਲੱਗਦੇ ਰਹੇ। 17 ਅਗਸਤ 1947 ਨੂੰ, ਲਾਹੌਰ ਨੂੰ 1941 ਦੀ ਮਰਦਮਸ਼ੁਮਾਰੀ ਵਿੱਚ ਮੁਸਲਮਾਨਾਂ ਦੀ ਬਹੁਗਿਣਤੀ ਦੇ ਅਧਾਰ ਤੇ ਪਾਕਿਸਤਾਨ ਨੂੰ ਦੇ ਦਿੱਤਾ ਗਿਆ,ਤਾਂ ਉਸਤੋਂ ਬਾਅਦ ਬਾਕੀ ਬਚੇ ਹਿੰਦੂ ਸਿੱਖਾਂ ਨੇ ਵੀ ਆਪਣੇ ਘਰ ਬਾਰ,ਕਾਰੋਬਾਰ ਛੱਡ ਦਿੱਤੇ ਤੇ ਭਾਰਤ ਆ ਗਏ। ਭਾਰਤ ਸਰਕਾਰ ਵੱਲੋਂ ਇਹ ਲਾਹੌਰ ਦੇ ਪੰਜਾਬੀ ਸ਼ਾਰਨਾਰਥੀ ਇੱਕ ਜਗ੍ਹਾ ਤੇ ਨਾ ਵਸਾਏ ਜਾ ਸਕੇ ਜਿਸ ਕਾਰਨ ਲਾਹੌਰੀਏ ਪੂਰੇ ਭਾਰਤ ਵਿੱਚ ਖਿੰਡ ਪੁੰਡ ਗਏ, ਲਾਹੌਰੀ ਸੱਭਿਆਚਾਰ ਖਿੰਡ ਪੁੰਡ ਗਿਆ।
ਇਹਨਾਂ ਲਾਹੌਰੀਆਂ ਦੀਆਂ ਅਗਲੀਆਂ ਪੀੜ੍ਹੀਆਂ ਵੀ ਵਿਕਸਿਤ, ਅਮੀਰ ਤੇ ਸੁਧਰੀ ਹੋਈ ਲਾਹੌਰੀ ਸ਼ਹਿਰੀ ਸੱਭਿਅਤਾ ਨੂੰ ਬਚਾ ਨਾ ਸਕੀਆਂ ।ਜਿਸ ਕਾਰਨ ਭਾਰਤ ਵਿੱਚ ਲਾਹੌਰ ਦੀ ਸ਼ਹਿਰੀ ਸੱਭਿਅਤਾ ਲਗ-ਪਗ ਖਤਮ ਹੀ ਹੋ ਗਈ। ਵੰਡ ਵੇਲੇ ਲਾਹੌਰ ਤੋਂ ਉੱਜੜ ਕੇ ਆਉਣ ਵਾਲਿਆਂ ਵਿੱਚੋਂ ਕਈ ਲੋਕ ਅਜਿਹੇ ਵੀ ਸਨ ਜਿਹੜੇ ਇਧਰ ਆਕੇ ਮਸ਼ਹੂਰ ਗਾਇਕ, ਨਾਇਕ ਤੇ ਲਿਖਾਰੀ ਵੀ ਬਣੇ। ਕੁਲਦੀਪ ਨਈਅਰ ਨੇ ਦੱਸਿਆ ਕਿ 1971 ਵਿੱਚ ਉਹ ਲੰਡਨ ਵਿੱਚ ਸਰ ਰੈਡਕਲਿਫ ਨੂੰ ਮਿਲੇ ਤੇ ਉਸ ਨੇ ਦੱਸਿਆ ਸੀ ਕਿ ਉਸਨੇ ਅਸਲ ਵਿਚ ਲਾਹੌਰ ਨੂੰ ਭਾਰਤ ਦੇ ਨਵੇਂ ਡੋਮੀਨੀਅਨ ਨੂੰ ਦੇਣ ਦੀ ਯੋਜਨਾ ਬਣਾਈ ਸੀ, ਪਰੰਤੂ ਇਸ ਨੂੰ ਪਾਕਿਸਤਾਨ ਦੇ ਡੋਮੀਨੀਅਨ ਦੇ ਅੰਦਰ ਰੱਖਣ ਦਾ ਫੈਸਲਾ ਕੀਤਾ, ਜਿਸਨੂੰ ਉਸਨੇ ਪਾਕਿਸਤਾਨ ਲਈ ਇੱਕ ਵੱਡੇ ਸ਼ਹਿਰ ਦੀ ਘਾਟ ਸਮਝਿਆ,ਕਿਉਂਕਿ ਉਸਨੇ ਪਹਿਲਾਂ ਹੀ ਕਲਕੱਤਾ ਨੂੰ ਭਾਰਤ ਵੱਲ ਕਰ ਦਿੱਤਾ ਸੀ। ਮੈਨੂੰ ਇਹ ਵੀ ਲੱਗਦਾ ਕਿ ਸ਼ਾਇਦ ਇਸ ਕੰਮ ਲਈ ਉਸ ਉੱਪਰ ਕੋਈ ਸਿਆਸੀ ਦਬਾਅ ਵੀ ਹੋ ਸਕਦਾ ਸੀ।
ਲਾਹੌਰ ਦੇ ਕਿੰਨੇ ਹੀ ਜੰਮੇ ਜਾਏ ਇੱਕ ਦਿਨ ਲਾਹੌਰ ਵਾਪਸੀ ਦੀ ਆਸ ਵਿੱਚ ਇਸ ਦੁਨੀਆਂ ਤੋਂ ਚਲੇ ਗਏ ਪਰ ਦੁਬਾਰਾ ਉਨ੍ਹਾਂ ਨੂੰ ਕਦੇ ਲਾਹੌਰ ਦੇਖਣਾ ਨਸੀਬ ਹੀ ਨਾ ਹੋਇਆ,ਤੇ ਸ਼ਾਇਦ ‘ਇੱਕ ਸੋਹਣਾ ਸ਼ਹਿਰ ਲਾਹੌਰ’ ਵੀ ਉਨ੍ਹਾਂ ਨੂੰ ਓਨੀ ਹੀ ਸ਼ਿੱਦਤ ਨਾਲ ਉਡੀਕਦਾ ਰਿਹਾ।
-
ਲਖਵਿੰਦਰ ਸਿੰਘ ਜੌਹਲ, ਲੇਖਕ
johallakwinder@gmail.com
+919815959476
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.